ਸ਼ਿਕਾਗੋ: ਸਥਾਨਕ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਬਲਕਾਰ ਸਿੰਘ ਢਿੱਲੋਂ ਨਹੀਂ ਰਹੇ। ਉਹ ਹਾਲ ਹੀ ਵਿੱਚ ਪੰਜਾਬ ਤੋਂ ਮੁੜੇ ਸਨ ਅਤੇ ਇੱਥੇ ਆ ਕੇ ਬਿਮਾਰ ਹੋ ਗਏ। ਉਹ ਹਸਪਤਾਲ ਵਿੱਚ ਜੇਰੇ ਇਲਾਜ ਸਨ, ਪਰ ਲੰਘੀ 16 ਜੂਨ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹ ਕਰੀਬ 79 ਸਾਲਾਂ ਦੇ ਸਨ ਅਤੇ ਵ੍ਹੀਲਿੰਗ ਵਿੱਚ ਰਹਿੰਦੇ ਸਨ। ਸਵਰਗੀ ਢਿੱਲੋਂ ਦਾ ਅੰਤਿਮ ਸਸਕਾਰ 21 ਜੂਨ, ਸਨਿਚਰਵਾਰ ਨੂੰ ਸਵੇਰੇ 10 ਤੋਂ ਇੱਕ ਵਜੇ ਦਰਮਿਆਨ ਕੰਟਰੀਸਾਈਡ ਫਿਊਨਰਲ ਹੋਮ (950 ਸਾਊਥ ਬਾਰਟਲੈਟ ਰੋਡ), ਬਾਰਟਲੈਟ ਵਿਖੇ ਹੋਵੇਗਾ। ਉਪਰੰਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਬਾਅਦ ਦੁਪਹਿਰ 3 ਤੋਂ 5 ਵਜੇ ਤੱਕ ਗੁਰਦੁਆਰਾ ਪੈਲਾਟਾਈਨ ਵਿਖੇ ਹੋਣਗੇ।
ਜ਼ਿਕਰਯੋਗ ਹੈ ਕਿ ਸਰਦਾਰ ਬਲਕਾਰ ਸਿੰਘ ਢਿੱਲੋਂ ਪੰਜਾਬ ਦੇ ਪਿੰਡ ਠੱਠੀ ਖਾਰਾ (ਤਰਨ ਤਾਰਨ) ਤੋਂ ਸਨ ਅਤੇ ਅਮੈਰਿਕਾ ਉਹ ਕਰੀਬ 45 ਸਾਲਾਂ ਤੋਂ ਰਹਿੰਦੇ ਆ ਰਹੇ ਸਨ। ਇਸ ਤੋਂ ਪਹਿਲਾਂ ਉਹ ਹਾਂਗਕਾਂਗ ਵੀ ਰਹੇ। ਇੱਥੇ ਆ ਕੇ ਉਨ੍ਹਾਂ ਨੇ ਕਾਫੀ ਸਮਾਂ ਵਧੀਆ ਜੌਬ ਕੀਤੀ। ਫਿਰ ਕੁਝ ਸਮਾਂ ਉਨ੍ਹਾਂ ਸਕੂਲ ਬੱਸ ਚਲਾਈ ਅਤੇ ਪਿਛਲੇ ਕਾਫੀ ਸਮੇਂ ਤੋਂ ਆਪਣਾ ਲਿਮੋ ਟੈਕਸੀ ਦਾ ਕਾਰੋਬਾਰ ਚਲਾ ਰਹੇ ਸਨ। ਜਦੋਂ ਪਹਿਲ-ਪਲੱਕੜਿਆਂ ਵਿੱਚ ਗੁਰਦੁਆਰਾ ਪੈਲਾਟਾਈਨ ਬਣਿਆ, ਉਦੋਂ ਵੀ ਉਨ੍ਹਾਂ ਆਪਣੀਆਂ ਸੇਵਾਵਾ ਪ੍ਰਦਾਨ ਕੀਤੀਆਂ। ਉਹ ਗੁਰੂ ਘਰ ਦੇ ਬੋਰਡ ਮੈਂਬਰ ਵੀ ਬਣੇ। ਆਪਣੇ ਜੀਵਨ ਵਿੱਚ ਮਿਹਨਤ ਕਰਦਿਆਂ ਉਹ ਪਰਿਵਾਰ ਲਈ ਥੰਮ੍ਹ ਬਣ ਕੇ ਵਿਚਰੇ।
ਉਹ ਇੱਕ ਪਿਆਰੇ ਪਤੀ ਅਤੇ ਜ਼ਿੰਮੇਵਾਰ ਭਰਾ ਤਾਂ ਸਨ ਹੀ, ਇੱਕ ਸਮਰਪਿਤ ਪਿਤਾ ਵੀ ਸਨ, ਜਿਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਇਮਾਨਦਾਰੀ ਅਤੇ ਸਾਰਿਆਂ ਲਈ ਸਤਿਕਾਰ ਦੀਆਂ ਕਦਰਾਂ-ਕੀਮਤਾਂ ਪੈਦਾ ਕੀਤੀਆਂ। ਉਹ ਖੁਸ਼ਮਿਜ਼ਾਜ, ਉਦਾਰ, ਦਿਆਲੂ, ਕਿਫ਼ਾਇਤੀ ਸਨ ਅਤੇ ਆਪਣੇ ਦੋਹਤੇ-ਦੋਹਤੀਆਂ ਲਈ ਮਾਣ ਸਨ। ਇਸ ਤੋਂ ਇਲਾਵਾ ਉਹ ਦਿਲਦਾਰ ਦੋਸਤ ਤੇ ਵਧੀਆ ਇਨਸਾਨ ਸਨ। ਉਹ ਪਿੱਛੇ ਪਤਨੀ ਸੁਰਿੰਦਰ ਕੌਰ, ਦੋ ਧੀਆਂ ਤੇ ਜਵਾਈ ਅਤੇ ਇੱਕ ਪੁੱਤਰ (ਅਮਨ ਢਿੱਲੋਂ, ਟੀਨਾ ਕੌਰ ਅਤੇ ਕੇਵਿਨ ਸਿੰਘ) ਤੋਂ ਇਲਾਵਾ ਦੋਹਤੇ-ਦੋਹਤੀਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ, ਜੋ ਆਪਣੇ ਜੀਵਨ ਵਿੱਚ ਚੰਗੀਆਂ ਜੌਬਾਂ ਅਤੇ ਕਾਰੋਬਾਰ ਕਰ ਰਹੇ ਹਨ। ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਪੜਨਾਨਾ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ।
ਸਵਰਗੀ ਬਲਕਾਰ ਸਿੰਘ ਢਿੱਲੋਂ ਦੇ ਇੱਕ ਕਰੀਬੀ ਮਿੱਤਰ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਗੁਆਂਢੀ ਰਹੇ ਦਰਸ਼ਨ ਸਿੰਘ ਪੰਮਾ ਨੇ ਦੱਸਿਆ ਕਿ ਢਿੱਲੋਂ ਸਾਹਿਬ ਭਾਈਚਾਰੇ ਵਿੱਚ ਅਸਰ-ਰਸੂਖ ਤੇ ਠੰਡੇ ਸੁਭਾਅ ਵਾਲੇ ਇਨਸਾਨ ਸਨ ਅਤੇ ਹਰ ਛੋਟੇ-ਵੱਡੇ ਨੂੰ ਨਿਮਰਤਾ ਨਾਲ ਮਿਲਦੇ। ਬੱਚਿਆਂ ਨਾਲ ਬੱਚੇ ਜਾਂ ਦੋਸਤ ਬਣ ਜਾਣਾ ਅਤੇ ਸਿਆਣਿਆਂ ਨਾਲ ਸਿਆਣੇ ਹੋ ਜਾਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਸੀ। ਉਨ੍ਹਾਂ ਦਾ ਬਾਬਾ ਬੁੱਢਾ ਜੀ ਵਿੱਚ ਪੂਰਨ ਵਿਸ਼ਵਾਸ ਸੀ। ਉਨ੍ਹਾਂ ਨੂੰ ਜਾਨਣ ਵਾਲਿਆਂ ਵਿੱਚੋਂ ਬਹੁਤਿਆਂ ਦਾ ਇਹੋ ਕਹਿਣਾ ਹੈ ਕਿ, ‘ਬਲਕਾਰ ਭਾਅ ਦਿਲਦਾਰ ਬੰਦਾ ਸੀ।…ਉਹ ਯਾਰਾਂ ਦਾ ਯਾਰ ਸੀ।’ ਜਿਨ੍ਹਾਂ ਨਾਲ ਸਵਰਗੀ ਢਿੱਲੋਂ ਦੀ ਉਠਣੀ-ਬਹਿਣੀ ਸੀ, ਉਨ੍ਹਾਂ ਨਾਲ ਉਨ੍ਹਾਂ ਦੀ ਬੁੱਕਲ ਸਾਂਝੀ ਸੀ ਤੇ ਉਹ ਉਨ੍ਹਾਂ ਦੇ ਕੁਝ ਮਾਮਲਿਆਂ ਵਿੱਚ ਹਮਰਾਜ਼ ਵੀ ਸਨ।
ਜਦੋਂ ਮੈਂ ਅਖਬਾਰ ‘ਪੰਜਾਬੀ ਪਰਵਾਜ਼’ ਸ਼ੁਰੂ ਕੀਤਾ ਤਾਂ ਮੇਰੀ ਪਿੱਠ ਥਾਪੜਨ ਵਾਲਿਆਂ ਵਿੱਚੋਂ ਢਿੱਲੋਂ ਅੰਕਲ ਵੀ ਇੱਕ ਸਨ। ਉਹ ਜਦੋਂ ਵੀ ਮੈਨੂੰ ਮਿਲਦੇ, ਹੌਸਲਾ ਦਿੰਦੇ ਕਿ ‘ਮਿਹਨਤ ਕਰੀ ਚੱਲ, ਬਾਬਾ ਭਲੀ ਕਰੂ।’ ਉਨ੍ਹਾਂ ਨੂੰ ਮਿਲਦਿਆਂ ਆਪਣੇਪਨ ਦਾ ਅਹਿਸਾਸ ਹੁੰਦਾ। ਉਹ ਮੇਰੇ ਪਿਤਾ ਤੋਂ ਉਮਰ ਵਿੱਚ ਵੱਡੇ ਹੋਣ ਕਾਰਨ ਮੈਂ ਅਕਸਰ ਉਨ੍ਹਾਂ ਨੂੰ ਸਤਿਕਾਰ ਦੇਣ ਦੇ ਨਜ਼ਰੀਏ ਤੋਂ ਉਨ੍ਹਾਂ ਦੇ ਗੋਡੀਂ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਢਿੱਲੋਂ ਅੰਕਲ ਮੇਰੇ ਹੱਥ ਫੜ੍ਹ ਲੈਂਦੇ ਤੇ ਪੈਰ ਪਿਛਾਂਹ ਨੂੰ ਸਰਕਾਉਂਦਿਆਂ ‘ਵਾਹਿਗੁਰੂ ਵਾਹਿਗੁਰੂ’ ਬੋਲ ਪੈਂਦੇ; ਤੇ ਨਾਲ ਹੀ ਕਹਿੰਦੇ, ‘ਇਹ ਕੰਮ ਨਾ ਕਰਿਆ ਕਰ।’ ਗੱਲੀਂਬਾਤੀ ਉਨ੍ਹਾਂ ਨਾਲ ਸਹਿਜ ਹੋਣ ਕਾਰਨ ਮੈਂ ਮਜ਼ਾਕ ਵਿੱਚ ਕਹਿ ਦੇਣਾ, “ਅੰਕਲ! ਮੈਂ ਤਾਂ ਤੁਹਾਡੇ ਗੋਡੇ ਚੈੱਕ ਕਰਦਾ ਸੀ ਕਿ ਹੁਣ ਠੀਕ ਨੇ!” ਅਸਲ ਵਿੱਚ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਗੋਡਿਆਂ ਵਿੱਚ ਦਰਦ ਦੀ ਸ਼ਿਕਾਇਤ ਹੋ ਗਈ ਸੀ। ਉਨ੍ਹਾਂ ਇਲਾਜ ਲਈ ਇੱਧਰ-ਉਧਰ ਹੱਥ-ਪੱਲੇ ਮਾਰੇ, ਪਰ ਅਖੀਰ ਉਨ੍ਹਾਂ ਨੂੰ ਧਰਵਾਸ ਦੇਸੀ ਨੁਸਖੇ ਨਾਲ ਤਿਆਰ ਕੀਤੀ ‘ਫੱਕੀ’ ਨਾਲ ਮਿਲਦਾ। ਗੋਡਿਆਂ ਨੂੰ ਅਰਾਮ ਮਿਲਣ ਕਾਰਨ ਉਹ ਗੁਰੂਘਰ ਆਏ ਹੋਰ ਗੋਡਿਆਂ ਦੇ ਦਰਦ ਤੋਂ ਪੀੜਤ ਜਾਣਕਾਰਾਂ ਨੂੰ ਨੁਸਖਾ ਦੱਸਦੇ ਤੇ ਨਾਲ ਹੀ ਆਖਦੇ, ‘ਬਾਬਾ ਭਲੀ ਕਰੂ।’
ਇੱਕ ਵਾਰ ਮੈਨੂੰ ਕੁਝ ਕਾਗਜ਼ਾਂ ਨੂੰ ਨੋਟਰੀ ਕਰਵਾਉਣ ਦੀ ਲੋੜ ਪੈ ਗਈ। ਮੈਨੂੰ ਪਤਾ ਸੀ ਕਿ ਢਿੱਲੋਂ ਅੰਕਲ ਸਰਟੀਫਾਈਡ ਨੋਟਰੀ ਪਬਲਿਕ ਹਨ। ਮੈਂ ਫੋਨ ਕੀਤਾ ਤਾਂ ਉਨ੍ਹਾਂ ਮੈਨੂੰ ਵ੍ਹੀਲਿੰਗ ਵਿੱਚ ਡੰਡੀ ਰੋਡ `ਤੇ ਪੈਂਦੇ ਮੈਕਡੌਨਲਡ`ਸ ਆਉਣ ਦਾ ਸਮਾਂ ਦੇ ਦਿੱਤਾ। ਆਪਣੀ ਜਾਚੇ ਮੈਂ ਮਿੱਥੇ ਸਮੇਂ ਤੋਂ 8-10 ਮਿੰਟ ਪਹਿਲਾਂ ਪਹੁੰਚ ਗਿਆ। ਮੈਂ ਪਾਰਕਿੰਗ ਲਾਟ `ਚ ਉਡੀਕ ਕਰਨ ਲੱਗਾ, ਪਰ ਇੰਨੇ ਨੂੰ ਬਲਕਾਰ ਅੰਕਲ ਨੇ ਫੋਨ ਕਰ ਕੇ ਅੰਦਰ ਬੁਲਾ ਲਿਆ। ਪਹਿਲਾਂ ਅਸੀਂ ਕੌਫੀ ਲਈ ਤੇ ਫਿਰ ਬਹਿ ਕੇ ਕੌਫੀ ਦੀਆਂ ਚੁਸਕੀਆਂ ਭਰਦਿਆਂ ਕਰੀਬ ਅੱਧਾ ਘੰਟਾ ਗੱਲਾਂ ਕਰਦੇ ਰਹੇ। ਫਿਰ ਉਨ੍ਹਾਂ ਆਪਣੀ ਜੇਬ ਵਿੱਚੋਂ ਲਾਇਸੈਂਸੀ ਸਟੈਂਪ ਕੱਢ ਕੇ ਮੇਰੇ ਅੱਗੇ ਰੱਖ ਦਿੱਤੀ ਤੇ ਬੋਲੇ, ‘ਪੁੱਤਰਾ ਆਪੇ ਲਾ ਲੈ, ਮੈਂ ਘੁੱਗੀ ਮਾਰੂ ਚੱਲੂੰ।’ ਉਦੋਂ ਉਨ੍ਹਾਂ ਕੁਝ ਨਸੀਹਤਾਂ ਵੀ ਕੀਤੀਆਂ। ਮੇਰੀ ਪਤਨੀ ਦੇ ਪੇਕੇ ਢਿੱਲੋਂ ਪਰਿਵਾਰ ਵਿੱਚੋਂ ਹੋਣ ਕਰ ਕੇ ਬਲਕਾਰ ਅੰਕਲ ਉਸ ਨੂੰ ‘ਗੁੱਡੀ’ ਆਖ ਧੀਆਂ ਵਾਲਾ ਪਿਆਰ ਦਿੰਦੇ ਅਤੇ ਜਦੋਂ ਕਦੇ ਵੀ ਉਸ ਨੂੰ ਮਿਲਦੇ ਤਾਂ ਕਿਸੇ ਕਿਸਮ ਦੀ ਲੋੜ ਸਮੇਂ ਬੇਝਿਜਕ ਕਹਿ ਦੇਣ ਦੀ ਤਾਕੀਦ ਕਰਦੇ।
ਪਿਛਲੇ ਸਾਲ ‘ਪੰਜਾਬੀ ਪਰਵਾਜ਼ ਨਾਈਟ’ ਲਈ ਸੱਦਾ ਭੇਜਣ ਲਈ ਉਨ੍ਹਾਂ ਨੇ ਕਈ ਨਾਂ ਸੁਝਾਏ ਸਨ। ਇਸ ਵਾਰ ਦੇ ਅਖਬਾਰ ਦੇ ਸਮਾਗਮ ਲਈ ਵੀ ਉਨ੍ਹਾਂ ਦੇ ਬੋਲ ਸਨ, “ਖਿੱਚ ਕੇ ਰੱਖ ਕੰਮ ਨੂੰ, ਬਾਬਾ ਭਲੀ ਕਰੂ।” ਪਿੱਛੇ ਜਿਹੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਮੈਂ ਉਨ੍ਹਾਂ ਨੂੰ ਦੋ ਵਾਰ ਫੋਨ ਕੀਤਾ। ਉਨ੍ਹਾਂ ਦੀ ਮੁੜਵੀਂ ਕਾਲ ਨਾ ਆਉਣ `ਤੇ ਮੈਂ ਟੈਕਸਟ ਮੈਸੇਜ ਵੀ ਛੱਡਿਆ, ਪਰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਦੇ ਇੱਕ ਮਿੱਤਰ ਜਸਬੀਰ ਸਿੰਘ ਰੰਧਾਵਾ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ “ਭਾਅ ਤਾਂ ਪਿੰਡ ਗਿਆ ਹੋਇਆ, ਤੂੰ ਏਥੋਂ ਦੇ ਦਿਨ ਵੇਲੇ ਫੋਨ ਕਰਦਾ, ਉਨ੍ਹਾਂ ਕਿੱਥੋਂ ਚੁੱਕ ਲੈਣਾ ਸੀ!” ਢਿੱਲੋਂ ਅੰਕਲ ਨਾਲ ਤਾਂ ਗੱਲ ਨਾ ਹੋ ਸਕੀ, ਪਰ 16 ਜੂਨ ਨੂੰ ਦਰਸ਼ਨ ਪੰਮੇ ਭਾਅ ਜੀ ਦਾ ਫੋਨ ਆ ਗਿਆ, “ਬਾਬੇ! ਬਲਕਾਰ ਢਿੱਲੋਂ ਚੜ੍ਹਾਈ ਕਰ ਗਏ…।”
-ਕੁਲਜੀਤ ਦਿਆਲਪੁਰੀ