*ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਦਾ ਸਿਆਸੀ ਦ੍ਰਿਸ਼*
ਪੰਜਾਬੀ ਪਰਵਾਜ਼ ਬਿਊਰੋ
ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਨੇ ਪੰਜਾਬ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਸ਼ੀਸ਼ੇ ਵਾਂਗ ਸਾਫ ਕਰ ਦਿੱਤੀ ਹੈ। ਜਿੱਥੋਂ ਤੱਕ ਰਾਜ ਕਰ ਰਹੀ ਪਾਰਟੀ ਵੱਲੋਂ ਸੱਤਾ ਦੀ ਦੁਰਵਰਤੋਂ ਦਾ ਸਵਾਲ ਹੈ, ਅਜਿਹਾ ਤਾਕਤ `ਚ ਹੋਣ ਵੇਲੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਕਰਦੀਆਂ ਹਨ। ਜੇ ਪੰਜਾਬ ਵਿੱਚ ਵਿਚਰ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਸਥਿਤੀ ਹੁਣ ਵਾਂਗ ਹੀ ਰਹਿੰਦੀ ਹੈ,
ਭਾਵ ਅਕਾਲੀਆਂ ਦੀ ਸਿੱਖ ਵੋਟਰਾਂ ਵਿੱਚ ਵਿਸ਼ਵਾਸਯੋਗਤਾ ਨਹੀਂ ਸੁਧਰਦੀ, ਕਾਂਗਰਸ ਦੀ ਮੌਜੂਦਾ ਪਾਟੋਧਾੜ ਜਾਰੀ ਰਹਿੰਦੀ ਹੈ ਅਤੇ ਕਿਸੇ ਨਵੇਂ ਅਕਾਲੀ ਦਲ ਦੀ ਤਕੜੀ ਹੋਂਦ ਨਹੀਂ ਬਣਦੀ, ਤਾਂ ਲਗਦਾ ਹੈ ਕਿ 2027 ਦੀਆਂ ਚੋਣਾਂ ਵਿੱਚ ਵੀ ਨਤੀਜੇ ਇਸੇ ਕਿਸਮ ਦੇ ਹੋ ਸਕਦੇ ਹਨ, ਜਿਹੋ ਜਿਹੇ ਲੁਧਿਆਣਾ ਪੱਛਮੀ ਦੀ ਚੋਣ ਵਿੱਚ ਆਏ ਹਨ।
ਆਮ ਆਦਮੀ ਪਾਰਟੀ ਦੀਆਂ ਸੀਟਾਂ ਘਟ ਭਾਵੇਂ ਜਾਣ, ਪਰ ਕਿਸੇ ਮਜਬੂਤ ਬਦਲ ਦੀ ਅਣਹੋਂਦ ਵਿੱਚ ਸੱਤਾ ‘ਆਪ’ ਦੇ ਹੀ ਹੱਥ ਰਹਿ ਸਕਦੀ ਹੈ। ਉਂਝ ਹਾਲੇ ਪੰਜਾਬ ਵਿੱਚ ਦੋ ਹੋਰ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ। ਇੱਕ ਤੇ ਤਰਨਤਾਰਨ ਤੋਂ ‘ਆਪ’ ਦੇ ਵਿਧਾਇਕ ਕਸ਼ਮੀਰ ਸਿੰਘ ਬੀਤੇ ਦਿਨੀਂ ਚਲਾਣਾ ਕਰ ਗਏ ਹਨ ਅਤੇ ਦੂਜੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੋਹਾਂ ਸੀਟਾਂ ਵਿੱਚੋਂ ਜਲੰਧਰ ਵਾਲੀ ਸੀਟ ਮੁਕੰਮਲ ਰੂਪ ਵਿੱਚ ਸ਼ਹਿਰੀ, ਜਦਕਿ ਮਾਝੇ ਦੇ ਹਲਕਾ ਤਰਨਤਾਰਨ ਵਾਲੀ ਗੂੜ੍ਹ ਪੇਂਡੂ ਖੇਤਰ ਵਾਲੀ ਸੀਟ ਹੈ। ਇਨ੍ਹਾਂ ਦੋ ਸੀਟਾਂ `ਤੇ ਜੇ ਜ਼ਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਵਾ ਲਈ ਜਾਂਦੀ ਹੈ ਤਾਂ ਇਹ ਦੋਨੋਂ ਸੀਟਾਂ ਆਉਣ ਵਾਲੀ ਸਿਆਸੀ ਹਕੀਕਤ ਦੇ ਨੇੜਲੇ ਸੰਕੇਤ ਦੇ ਦੇਣਗੀਆਂ। ਲੰਘੀ 23 ਜੂਨ ਨੂੰ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਚੋਣ ਦਾ ਜਿਹੜਾ ਨਤੀਜਾ ਸਾਹਮਣੇ ਆਇਆ ਹੈ, ਉਸ ਨਾਲ ਸੱਤਾਧਾਰੀ ਪਾਰਟੀ ਵਾਹਵਾ ਹੌਸਲੇ ਵਿੱਚ ਹੈ। ਸੱਤਾਧਾਰੀਆਂ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਆਸ ਨਾਲੋਂ ਵਧ ਕੇ ਵੋਟਾਂ ਮਿਲੀਆਂ ਹਨ। ਇਸ ਨਾਲ ਕਿਸੇ ਵੀ ਸਿਆਸੀ ਧਿਰ ਨੂੰ ਇਕ ਉਤਸ਼ਾਹ ਮਿਲਣਾ ਕਦਰਤੀ ਹੈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 35,179 ਵੋਟਾਂ ਹਾਸਲ ਕੀਤੀਆਂ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ 24542, ਭਾਜਪਾ ਦੇ ਜੀਵਨ ਗੁਪਤਾ ਨੂੰ 20323 ਅਤੇ ਅਕਾਲੀ ਦਲ (ਬਾਦਲ) ਦਾ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਨੂੰ ਸਿਰਫ 8,203 ਵੋਟਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। 900 ਤੋਂ ਵੱਧ ਵੋਟਾਂ ਨੋਟਾ ਵੀ ਲੈ ਗਿਆ ਹੈ।
ਅਕਾਲੀ ਦਲ (ਬਾਦਲ) ਲਈ ਇਹ ਚੋਣ ਇੱਕ ਵਾਰ ਫਿਰ ਨਾਂਹ ਮੁਖੀ ਸੰਕੇਤ ਦੇ ਗਈ ਹੈ। ਬਾਦਲ ਦਲ ਦੇ ਆਗੂ ਆਪਣੇ ਆਪ ਨੂੰ ਇਹ ਆਖ ਦਿਲਾਸਾ ਦੇ ਰਹੇ ਹਨ ਕਿ ਜੇ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗੱਠਜੋੜ ਹੋ ਜਾਵੇ ਤਾਂ ਉਹ ਬਾਕੀ ਪਾਰਟੀਆਂ ਨਾਲ ਮੁਕਾਬਲੇ ਵਿੱਚ ਆ ਜਾਣਗੇ। ਇਸ ਕਿਸਮ ਦੀਆਂ ਗੱਲਾਂ ਬੀਤੀਆਂ ਲੋਕ ਸਭਾ ਚੋਣਾਂ ਵੇਲੇ ਵੀ ਚੱਲੀਆਂ ਸਨ, ਜਦੋਂ ਇਸ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਦਸ ਹਜ਼ਾਰ ਤੋਂ ਕੁਝ ਕੁ ਹੀ ਵੱਧ ਵੋਟਾਂ ਪਈਆਂ ਸਨ। ਇਸ ਵਾਰ ਪਹਿਲਾਂ ਨਾਲੋਂ ਵੀ ਘਟ ਗਈਆਂ ਹਨ। ਇਸ ਤੋਂ ਸਾਫ ਹੈ ਕਿ ਸਿੱਖ ਵੋਟਰਾਂ ਨੇ ਹਾਲੇ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵੱਲ ਮੂੰਹ ਨਹੀਂ ਮੋੜਿਆ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਨੂੰ ਮੁਆਫੀ ਦੁਆਉਣ ਬਦਲੇ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਸਿਆਸੀ ਸੇਵਾ ਪੂਰੀ ਨਹੀਂ ਕੀਤੀ। ਉਂਝ ਵੀ ਲੰਮਾ ਸਮਾਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਅਕਾਲੀ ਦਲ ਨੇ ਪੰਜਾਬ ਦੀਆਂ ਮੂਲ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਨ੍ਹਾਂ ਲਈ ਉਹ ਸੱਤਾ ਤੋਂ ਬਾਹਰ ਹੋਣ ਸਮੇਂ ਲੜਦਾ ਆਇਆ ਸੀ। ਹੁਣ ਹਾਲ ਇਹ ਹੈ ਕਿ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਅਕਾਲੀ ਦਲ (ਬਾਦਲ) ਚੰਡੀਗੜ੍ਹ ਤੋਂ ਲੈ ਕੇ ਪਾਣੀ ਦੇ ਮੁੱਦਿਆਂ ਤੱਕ ਨੂੰ ਉਠਾਉਣ ਵਿੱਚ ਵਾਹਵਾ ਝਿਜਕ ਵਿਖਾ ਰਿਹਾ ਹੈ। ਅਕਾਲੀ ਦਲ (ਬਾਦਲ) ਕਹਾਉਂਦਾ ਆਪਣੇ ਆਪ ਨੂੰ ਖੇਤਰੀ ਪਾਰਟੀ ਹੈ, ਪਰ ਸਿਆਸੀ ਖੇਤਰ ਵਿੱਚ ਵਿਚਰਦਾ ਕੇਂਦਰੀ ਪਾਰਟੀਆਂ ਵਾਂਗ ਹੈ। ਆਪਣੀ ਨੌਜਵਾਨ ਜਥੇਬੰਦੀ ਦਾ ਨਾਂ ਵੀ ਅਕਾਲੀ ਦਲ (ਬਾਦਲ) ਨੇ ਕੇਂਦਰੀ ਪਾਰਟੀਆਂ ਵਾਲੀ ਤਰਜ਼ ‘ਤੇ ਰੱਖਿਆ ਹੋਇਆ ਹੈ। ਅਕਾਲੀ ਦਲ ਦੀ ਭਰਤੀ ਲਈ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਾਇਮ ਕੀਤੀ ਗਈ ਪੰਜ ਮੈਂਬਰੀ ਕਮੇਟੀ ਵੀ ਹੁਣ ਆਪਣੀ ਭਰਤੀ ਦਾ ਕੰਮ ਮੁਕਾ ਚੁੱਕੀ ਹੈ। ਇਸ ਗਰੁੱਪ ਨੇ ਬੀਤੇ ਦਿਨੀਂ ਤਰਨਤਾਰਨ ਲੋਕ ਸਭਾ ਸੀਟ ਤੋਂ ਆਜ਼ਾਦ ਰੂਪ ਵਿੱਚ ਮੈਂਬਰ ਪਾਰਲੀਮੈਂਟ ਬਣੇ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਵਿਖੇ ਉਨ੍ਹਾਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ। ਉਂਝ ਹਾਲੇ ਵੀ ਪੰਜ ਮੈਂਬਰੀ ਕਮੇਟੀ ਸਾਹਮਣੇ ਆਪਣਾ ਡੈਲੀਗੇਟ ਇਜਲਾਸ ਬੁਲਾ ਕੇ ਆਪਣੀ ਲੀਡਰਸ਼ਿੱਪ ਚੁਣਨ ਦਾ ਮਸਲਾ ਸਾਹਮਣੇ ਖੜ੍ਹਾ ਹੈ। ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਡਫਲੀ ਪਹਿਲਾਂ ਹੀ ਅਲੱਗ-ਥਲੱਗ ਰੂਪ ਵਿੱਚ ਵਜਾਉਣ ਲੱਗ ਪਏ ਹਨ ਤਾਂ ਪੰਜ ਮੈਂਬਰੀ ਗਰੁੱਪ ਕੋਲ ਇਹੋ ਰਾਹ ਬਚਦਾ ਹੈ ਕਿ ਉਹ ਆਪਣੀ ਵੱਖਰੀ ਲੀਡਰਸ਼ਿੱਪ ਦੀ ਚੋਣ ਕਰੇ ਅਤੇ ਪੰਜਾਬ ਦੇ ਲੋਕਾਂ ਦੀਆਂ ਤਤਕਾਲੀ ਸਮੱਸਿਆਵਾਂ ਅਤੇ ਸਿੱਖ ਮਸਲਿਆਂ ਨੂੰ ਸੰਬੋਧਨ ਹੋਵੇ। ਉਨ੍ਹਾਂ ਨੂੰ ਪੰਜਾਬ ਦੇ ਸਿਆਸੀ ਪਿੜ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ; ਇਹਦੇ ਵਿੱਚ ਆਪਣੀ ਮੌਜੂਦਗੀ ਕਾਇਮ ਰੱਖਣ ਦੀ ਲੋੜ ਹੈ। ਜੇ ਤਰਨਤਾਰਨ ਤੋਂ ਮੈਂਬਰ ਪਾਰਲੀੰਮੈਂਟ ਬਣੇ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਐਮ.ਪੀ. ਬਣੇ ਸਰਬਜੀਤ ਸਿੰਘ ਨਾਲ ਏਕਤਾ ਹੋ ਜਾਂਦੀ ਹੈ, ਤਦ ਵੀ; ਜੇ ਨਹੀਂ ਹੁੰਦੀ, ਤਦ ਵੀ। ਉਂਝ ਇਹ ਬਿਹਤਰ ਹੋਣਾ ਸੀ ਜੇ ਉਹ ਆਪਣੀ ਵੱਖਰੀ ਲੀਡਰਸ਼ਿੱਪ ਦੀ ਚੋਣ ਕਰਦੇ ਅਤੇ ਬਾਅਦ ਵਿੱਚ ਅੰਮ੍ਰਿਤਪਾਲ ਸਿੰਘ ਵਾਲੇ ਧੜੇ ਨਾਲ ਏਕਤਾ ਦੇ ਅਮਲ ਵਿੱਚ ਪੈਂਦੇ। ਇਸ ਨਾਲ ਦੋਵੇਂ ਗਰੁੱਪਾਂ ਨੂੰ ਆਪੋ ਆਪਣੀਆਂ ਸਿਆਸੀ ਤਰਜੀਹਾਂ ਬਾਰੇ ਸਪਸ਼ਟ ਸਮਝ ਬਣਾਉਣ ਦਾ ਮੌਕਾ ਮਿਲਦਾ, ਜਿਸ ਦੇ ਆਧਾਰ ‘ਤੇ ਦੋਨੋ ਗਰੁੱਪਾਂ ਦੀ ਲੀਡਰਸ਼ਿਪ ਵਿਚਕਾਰ ਸੰਭਾਵਤ ਏਕਤਾ ਦਾ ਅਮਲ ਸਿਰੇ ਚੜ੍ਹਦਾ; ਜਾਂ ਫਿਰ ਦੋਨੋ ਗਰੁੱਪਾਂ ਨੇ ਰਲ-ਮਿਲ ਕੇ ਮੈਂਬਰਸ਼ਿੱਪ ਕੀਤੀ ਹੁੰਦੀ।
‘ਆਪ’ ਨੂੰ ਛੱਡ ਕੇ ਪੰਜਾਬ ਦੀ ਸਿਆਸੀ ਸਥਿਤੀ ਅੱਜ ਬਹੁਤ ਤਰਲ ਹੈ। ਆਉਂਦੇ ਸਵਾ ਕੁ ਸਾਲ ਵਿੱਚ ਜਿਹੜੀ ਵੀ ਪਾਰਟੀ ਆਪਣੇ ਆਪ ਨੂੰ ਇਕਮੁੱਠ ਕਰਨ ਅਤੇ ਪੰਜਾਬ ਦੇ ਤਤਕਾਲੀ ਤੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ `ਤੇ ਸੰਘਰਸ਼ ਵਿੱਢਣ ਵਿੱਚ ਕਾਮਯਾਬ ਰਹੇਗੀ, ਉਸੇ ਲਈ ਪੰਜਾਬ ਦਾ ਚੋਣ ਪਿੜ ਸੁਖਾਵਾਂ ਹੋਵੇਗਾ। ਮੌਜੂਦਾ ਹਾਲਾਤ ਵਿੱਚ ਅਕਾਲੀ ਧੜਿਆਂ ਵਿਚਕਾਰ ਅਤੇ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਫੁੱਟ ਸਥਿਤੀ ਨੂੰ ਅਨਿਸ਼ਚਿਤ ਬਣਾ ਰਹੀ ਹੈ। ਤਰਨਤਾਰਨ ਤੋਂ ਮੈਂਬਰ ਪਾਰਲੀਮੈਂਟ ਬਣੇ ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਵੀ ਬੀਤੇ ਮਾਘੀ ਮੇਲੇ `ਤੇ ਆਪਣੇ ਵੱਖਰੇ ਅਕਾਲੀ ਦਲ (ਵਾਰਸ ਪੰਜਾਬ ਦੇ) ਦਾ ਐਲਾਨ ਕੀਤਾ ਸੀ। ਇਸ ਪਾਰਟੀ ਦੇ ਆਗੂਆਂ ਵੱਲੋਂ ਆਪਣੀ ਭਰਤੀ ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕਰਨ ਦੀ ਗੱਲ ਕਹੀ ਤੇ ਗਈ ਸੀ, ਪਰ ਵਿਸਾਖੀ ਤੋਂ ਬਾਅਦ ਪਾਰਟੀ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਈ ਅਤੇ ਨਾ ਹੀ ਇਸ ਧੜੇ ਵੱਲੋਂ ਆਪਣੀ ਲੀਡਰਸ਼ਿੱਪ ਦੀ ਹਾਲੇ ਬਾਕਾਇਦਾ ਚੋਣ ਕੀਤੀ ਗਈ ਹੈ।
ਅਜਿਹੀਆਂ ਹਾਲਤਾਂ ਵਿੱਚ ਅਕਾਲੀ ਦਲ (ਬਾਦਲ) ਦੇ ਹਾਲੇ ਪੈਰ ਨਹੀਂ ਲੱਗ ਰਹੇ, ਪਰ ਜੇ ਨਵੇਂ ਅਕਾਲੀ ਗਰੁੱਪ ਪਾਰਟੀ ਬਣਾਉਣ ਅਤੇ ਸਿਆਸੀ ਮੈਦਾਨ ਵਿੱਚ ਉੱਤਰਨ ਵਿੱਚ ਦੇਰੀ ਕਰਦੇ ਹਨ ਤਾਂ ਅਕਾਲੀ ਦਲ (ਬਾਦਲ) ਆਪਣੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਸਿੱਖ ਸਿਆਸਤ ਦੀ ਸਪੇਸ ਨੂੰ ਮੁੜ ਹਥਿਆ ਸਕਦਾ ਹੈ; ਕਿਉਂਕਿ ਬਾਦਲ ਗੁੱਟ ਪੰਜਾਬ ਦੇ ਸਿਆਸੀ ਪਿੜ ਵਿੱਚ ਲਗਾਤਾਰ ਆਪਣੀ ਹਾਜ਼ਰੀ ਲੁਆ ਰਿਹਾ ਹੈ। ਭਾਵੇਂ ਕਿ ਪੰਜਾਬ ਦੇ ਵੱਡੇ ਅਤੇ ਲਟਕਦੇ ਮਸਲਿਆਂ `ਤੇ ਬਾਦਲ ਧੜਾ ਕੰਨੀ ਕਤਰਾਉਣ ਦੇ ਯਤਨ ਵਿੱਚ ਹੈ, ਫਿਰ ਵੀ ਪੰਜਾਬ ਦੇ ਸਿਆਸੀ ਸਪੇਸ ਵਿੱਚ ਉਠਦੇ ਮਸਲਿਆਂ/ਮੁੱਦਿਆਂ `ਤੇ ਉਸ ਦੀ ਲੀਡਰਸ਼ਿਪ ਲਗਾਤਾਰ ਦਖਲਅੰਦਾਜ਼ ਹੋ ਰਹੀ ਹੈ। ਸਿਆਸਤ ਸਿਰ ਖੜ੍ਹੇ ਦਾ ਖਾਲਸਾ ਹੈ। ਇਹ ਆਪਣੇ ਲੀਡਰਾਂ ਤੋਂ 24 ਘੰਟੇ ਚੌਕਸ ਰਹਿਣ ਅਤੇ ਨਿੱਗਰ ਪਹਿਰੇਦਾਰੀ ਦੀ ਮੰਗ ਕਰਦੀ ਹੈ। ਅਜਿਹੀ ਲੀਡਰਸ਼ਿੱਪ ਦੀ ਅਣਹੋਂਦ ਵਿੱਚ ਬੜੀਆਂ ਰਾਜਨੀਤਿਕ ਪਾਰਟੀਆਂ ਦੇ ਐਲਾਨ ਹੋਏ, ਪਰ ਬਿਨਾ ਕਿਸੇ ਨੋਟਿਸ ਦੇ ਖਤਮ ਹੋ ਗਏ। ਸਿੱਖ ਲੀਡਰਸ਼ਿਪ ਲਈ ਇਹ ਪੱਖ ਵਧੇਰੇ ਧਿਆਨ ਨਾਲ ਵਿਚਾਰਨ ਵਾਲੇ ਹਨ; ਕਿਉਂਕਿ ਅਸਲ ਸਿੱਖ ਪ੍ਰਤੀਨਿਧਤਾ ਦੇ ਉਭਾਰ ਨੂੰ ਰੋਕਣ ਲਈ ਕੇਂਦਰ ਵੱਲੋਂ ਵੀ ਅਤੇ ਪੰਜਾਬ ਵਿੱਚ ਵੀ, ਬੜੇ ਯਤਨ ਹੋਣੇ ਹਨ। ਇੱਕ ਸਿਰੜੀ, ਧੀਰਜਵਾਨ ਅਤੇ ਦੂਰ-ਦ੍ਰਿਸ਼ਟ ਲੀਡਰਸ਼ਿੱਪ ਹੀ ਅਜਿਹੇ ਇਮਤਿਹਾਨ ਪਾਸ ਕਰ ਸਕਦੀ ਹੈ!