*ਵਿਰੋਧੀ ਪਾਰਟੀਆਂ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਏ ਜਾਣ ਦੀ ਮੰਗ
*ਨੇਵੀ ਦੇ ਕੈਪਟਨ ਅਨੁਸਾਰ ‘ਕੁਝ’ ਭਾਰਤੀ ਜਹਾਜ਼ ਨੁਕਸਨੇ ਗਏ
ਪੰਜਾਬੀ ਪਰਵਾਜ਼ ਬਿਊਰੋ
ਭਾਰਤ ਵੱਲੋਂ ਬੀਤੇ ਮਹੀਨੇ ਪਾਕਿਸਤਾਨ ਵਿੱਚ ਮੌਜੂਦ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਕੀਤੇ ਗਏ ਉਪਰੇਸ਼ਨ ਸਿੰਧੂਰ `ਤੇ ਵਿਵਾਦ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਹਾਲ ਹੀ ਵਿੱਚ ਇੰਡੋਨੇਸ਼ੀਆ ਦੀ ਇੱਕ ਯੂਨੀਵਰਸਿਟੀ ਦੇ ਸੈਮੀਨਾਰ ਵਿੱਚ ਇੱਕ ਭਾਰਤੀ ਨੇਵੀ ਕੈਪਟਨ ਨੇ ਕਿਹਾ ਹੈ ਕਿ ਉਪਰੇਸ਼ਨ ਸਿੰਧੂਰ ਦੌਰਾਨ ‘ਕੁਝ’ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੁਕਸਾਨੇ ਗਏ ਸਨ। ਯਾਦ ਰਹੇ, ਇਸ ਤੋਂ ਪਹਿਲਾਂ ਭਾਰਤੀ ਚੀਫ ਆਫ ਡਿਫੈਂਸ ਸਟਾਫ ਅਨਿਲ ਚੌਹਾਨ ਨੇ ਸਿੰਗਾਪੁਰ ਵਿੱਚ ਵਿਦੇਸ਼ੀ ਮੀਡੀਆ ਨਾਲ ਇੱਕ ਗੱਲਬਾਤ ਵਿੱਚ ਸਵੀਕਾਰ ਕੀਤਾ ਸੀ ਕਿ ਉਪਰੇਸ਼ਨ ਸਿੰਧੂਰ ਦੇ ਪਹਿਲੇ ਪੜਾਅ ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਨੂੰ ਨੁਕਸਾਨ ਪੁੱਜਾ ਸੀ। ਦੂਜੇ ਪਾਸੇ, ਭਾਰਤ ਸਰਕਾਰ ਵੱਲੋਂ ਇਸ ਮਾਮਲੇ `ਤੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ।
ਇੰਡੋਨੇਸ਼ੀਆ ਦੀ ਇੱਕ ਯੂਨੀਵਰਸਿਟੀ ਵਿੱਚ ਹੋਏ ਸੈਮੀਨਰ ਵਿੱਚ ਸੁਮੰਦਰੀ ਸੈਨਾ ਦੇ ਇੱਕ ਕੈਪਟਨ ਸ਼ਿਵ ਕੁਮਾਰ ਨੇ ਬੋਲਦਿਆਂ ਕਿਹਾ ਕਿ ਉਪਰੇਸ਼ਨ ਸਿੰਧੂਰ ਦੌਰਾਨ ਕੁਝ ਹਵਾਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ। ਯਾਦ ਰਹੇ, ਉਨ੍ਹਾਂ ਤੋਂ ਪਹਿਲਾਂ ਬੋਲਦਿਆਂ ਕਿਸੇ ਹੋਰ ਦੇਸ਼ ਦੇ ਬੁਲਾਰੇ ਨੇ ਇਸੇ ਸੈਮੀਨਾਰ ਵਿੱਚ ਕਿਹਾ ਸੀ ਕਿ ਉਪਰੇਸ਼ਨ ਸਿੰਧੂਰ ਦੌਰਾਨ ਪਕਿਸਤਾਨ ਨੇ ਭਾਰਤ ਦੇ ‘ਬਹੁਤ ਸਾਰੇ’ (ਲੌਟ ਆਫ) ਜਹਾਜ਼ ਗਿਰਾ ਲਏ ਸਨ। ਉਸ ਬੁਲਾਰੇ ਦੀ ਉਕਾਈ ਨੂੰ ਦੂਰ ਕਰਦਿਆਂ ਕੈਪਟਨ ਸ਼ਿਵ ਕੁਮਾਰ ਨੇ ਕਿਹਾ ਉਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੇ ‘ਬਹੁਤ ਸਾਰੇ’ ਨਹੀਂ ਸਗੋਂ ‘ਕੁਝ’ ਜਹਾਜ਼ ਗਿਰਾਏ ਗਏ ਸਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਝੜਪਾਂ ਵਿੱਚ ਭਾਰਤੀ ਹਵਾਈ ਸੈਨਾ ਦੇ ਇੱਕ ਤੋਂ ਵੱਧ ਜਹਾਜ਼ ਗਿਰਾ ਦਿੱਤੇ ਗਏ ਸਨ।
ਕਾਂਗਰਸ ਪਾਰਟੀ ਸਮੇਤ ਵਿਰੋਧੀ ਧਿਰ ਇਹ ਮੰਗ ਕਰ ਰਹੀ ਹੈ ਕਿ ਸਰਕਾਰ ਸਪਸ਼ਟ ਕਰੇ ਕਿ ਉਪਰੇਸ਼ਨ ਸਿੰਧੂਰ ਦੌਰਾਨ ਸਾਡਾ ਕਿੰਨਾ ਨੁਕਸਾਨ ਹੋਇਆ। ਯਾਦ ਰਹੇ, ਜਮਹੂਰੀ ਮੁਲਕਾਂ ਵਿੱਚ ਅਕਸਰ ਜਦੋਂ ਜੰਗ ਚਲਦੀ ਹੈ ਤਾਂ ਆਪਣਾ ਨੁਕਸਾਨ ਛੁਪਾਉਣ ਦਾ ਯਤਨ ਨਹੀਂ ਕੀਤਾ ਜਾਂਦਾ, ਸਗੋਂ ਨਾਲ ਦੀ ਨਾਲ ਮੀਡੀਆ ਬਰੀਫਿੰਗ ਕਰ ਦਿੱਤੀ ਜਾਂਦੀ ਹੈ। ਹਾਲ ਹੀ ਵਿੱਚ ਰੂਸੀ ਫੌਜ ਨੇ ਯੂਕਰੇਨ ਦੇ ਇੱਕ ਐਫ-16 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ, ਇਸ ਬਾਰੇ ਖ਼ਬਰ ਦੋਹਾਂ ਮੁਲਕਾਂ ਵੱਲੋਂ ਤੁਰੰਤ ਨਸ਼ਰ ਕਰ ਦਿੱਤੀ ਗਈ। ਇਸ ਤੋਂ ਇਲਾਵਾ ਇੱਕ ਦੂਜੇ ਦੇ ਇਲਾਕੇ ਜਿੱਤਣ ਜਾਂ ਹਾਰਨ ਦੀਆਂ ਖਬਰਾਂ ਨਾਲੋ ਨਾਲ ਆਉਂਦੀਆਂ ਰਹਿੰਦੀਆਂ ਹਨ। ਕਾਂਗਰਸ ਪਾਰਟੀ ਦਾ ਆਖਣਾ ਹੈ ਕਿ ਭਾਰਤ ਸਰਕਾਰ ਆਪਣੇ ਲੜਾਕੂ ਹਵਾਈ ਜਹਾਜ਼ਾਂ ਨੂੰ ਹੋਏ ਨੁਕਸਾਨ ਨੂੰ ਲੁਕਾ ਕੇ ਪਤਾ ਨਹੀਂ ਕਿਸ ਦੇਸ਼ ਭਗਤੀ ਦਾ ਪ੍ਰਦਰਸ਼ਨ ਕਰ ਰਹੀ ਹੈ? ਭਾਰਤ ਨੇ ਇਹ ਰੀਤ ਇਜ਼ਰਾਇਲ ਤੋਂ ਸਿੱਖੀ ਲਗਦੀ ਹੈ। ਇਜ਼ਰਾਇਲ ਵੀ ਆਪਣੇ ਹੋਣ ਵਾਲੇ ਫੌਜੀ ਨੁਕਸਾਨ ਅਕਸਰ ਲੁਕਾ ਕੇ ਰੱਖਦਾ ਹੈ।
ਇਸ ਮਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ `ਤੇ ਤੁਰੰਤ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਜੈ ਰਾਮ ਰਮੇਸ਼ ਨੇ ਕਿਹਾ ਕਿ ਇੱਕ ਸਿਆਸੀ ਫੈਸਲੇ ਕਾਰਨ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦਾ ਨੁਕਸਾਨ ਹੋਇਆ ਹੈ। ਇਸ ਬਾਰੇ ਸਰਕਾਰ ਨੇ ਖਾਮੋਸ਼ੀ ਕਿਉਂ ਧਾਰ ਰੱਖੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੀਆਂ ਪਾਰਟੀਆਂ ਦੀ ਇੱਕ ਮੀਟਿੰਗ ਬੁਲਾ ਕੇ ਸਾਰਾ ਕੁਝ ਸਪਸ਼ਟ ਕਰਨਾ ਚਾਹੀਦਾ।
ਜਕਾਰਤਾ ਵਿੱਚ ਮੌਜੂਦ ਭਾਰਤੀ ਅੰਬੈਸੀ ਦੇ ਬੁਲਾਰੇ ਨੇ ਇਸ ਬਾਰੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸਮੁੰਦਰੀ ਸੈਨਾ ਦੇ ਅਧਿਕਾਰੀ ਨੇ ਉਪਰੋਕਤ ਬਿਆਨ ਵਿੱਚ ਸਿਰਫ ਇਸ ਤੱਥ `ਤੇ ਚਾਨਣਾ ਪਾਇਆ ਹੈ ਕਿ ਭਾਰਤੀ ਫੌਜ ਸਿਆਸੀ ਲੀਡਰਸ਼ਿੱਪ ਦੇ ਅਧੀਨ ਕੰਮ ਕਰਦੀ ਹੈ। ਮੀਡੀਆ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਅੰਬੈਸੀ ਦੇ ਬੁਲਾਰੇ ਨੇ ਕਿਹਾ ਕਿ ਕੈਪਟਨ ਸ਼ਿਵ ਕੁਮਾਰ ਦੇ ਬਿਆਨ ਨੂੰ ਸੰਦਰਭ ਨਾਲੋਂ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਿਆਨ ਵਿੱਚ ਇਹ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਉਪਰੇਸ਼ਨ ਸਿੰਧੂਰ ਦਾ ਨਿਸ਼ਾਨਾ ਅਤਿਵਾਦੀਆਂ ਵੱਲੋਂ ਪਾਕਿਸਤਾਨ ਵਿੱਚ ਵਰਤਿਆ ਜਾ ਰਿਹਾ ਆਧਾਰ ਢਾਂਚਾ ਖਤਮ ਕਰਨਾ ਸੀ। ਇਸ ਬਿਆਨ ਵਿੱਚ ਇਹ ਵੀ ਸਵੀਕਾਰ ਕੀਤਾ ਗਿਆ ਕਿ ਹੈ ਕਿ ਪਹਿਲੇ ਨੁਕਸਾਨ ਹੋਣ ਤੋਂ ਬਾਅਦ ਹਵਾਈ ਸੈਨਾ ਨੇ ਆਪਣੀ ਗਲਤੀ ਦਰੁਸਤ ਕਰਦਿਆਂ ਪਹਿਲਾਂ ਪਕਿਸਤਾਨ ਦੇ ਹਵਾਈ ਟਿਕਾਣਿਆਂ `ਤੇ ਹਮਲੇ ਕੀਤੇ ਅਤੇ ਬਾਅਦ ਵਿੱਚ ਅਤਿਵਾਦੀ ਟਿਕਾਣਿਆਂ `ਤੇ ਹਮਲੇ ਕੀਤੇ। ਉਂਝ ਇਹ ਤੱਥ ਇਸ ਤੋਂ ਪਹਿਲਾਂ ਭਾਰਤੀ ਫੌਜਾਂ ਦੇ ਚੀਫ ਆਫ ਡਿਫੈਂਸ ਨੇ ਵੀ ਸਵੀਕਾਰ ਕਰ ਲਿਆ ਸੀ ਕਿ ਭਾਰਤ-ਪਾਕਿ ਵਿਚਕਾਰ ਹੋਈਆਂ ਚਾਰ ਦਿਨਾ ਝੜਪਾਂ ਵਿੱਚ ਭਾਰਤੀ ਜੈਟ ਗਿਰਾਇਆ ਗਿਆ ਸੀ; ਪਰ ਉਨ੍ਹਾਂ ਮਾਰ ਗਿਰਾਏ ਗਏ ਜਹਾਜ਼ਾਂ ਦੀ ਗਿਣਤੀ ਨਹੀਂ ਸੀ ਦੱਸੀ।
ਯਾਦ ਰਹੇ ਕਿ ਭਾਰਤ ਵੱਲੋਂ ਪਹਿਲਗਾਮ ਹਮਲੇ ਦੇ ਬਦਲੇ ਵਜੋਂ ਪਾਕਿਸਤਾਨ ਵਿਚਲੇ ਅਤਿਵਾਦੀ ਟਿਕਾਣਿਆਂ ਨੂੰ ਖਤਮ ਕਰਨ ਲਈ ਉਪਰੇਸ਼ਨ ਸਿੰਧੂਰ 7 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਚਾਰ ਦਿਨ ਚੱਲੇ ਇਸ ਉਪਰੇਸ਼ਨ ਵਿੱਚ ਗੋਲੀਬੰਦੀ ਬਾਰੇ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 10 ਜੂਨ ਨੂੰ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਜੰਗ ਨੂੰ ਰੁਕਵਾਉਣ ਲਈ ਆਪਣੀ ਸਰਗਰਮ ਭੂਮਿਕਾ ਬਾਰੇ ਵਾਰ-ਵਾਰ ਜ਼ਿਕਰ ਕੀਤਾ ਹੈ, ਜਦਕਿ ਭਾਰਤ ਸਰਕਾਰ ਦਾ ਆਖਣਾ ਹੈ ਕਿ ਇਹ ਜੰਗਬਦੀ ਦੋਹਾਂ ਮੁਲਕਾਂ ਦੇ ਚੀਫ ਆਫ ਡਿਫੈਂਸ ਸਟਾਫ ਵੱਲੋਂ ਆਪਸ ਵਿੱਚ ਦੁਵੱਲੀ ਵਾਰਤਾ ਤੋਂ ਬਾਅਦ ਕੀਤੀ ਗਈ ਸੀ। ਇਸ ਹਮਲੇ ਤੋਂ ਬਾਅਦ ਦੋਨਾ ਮੁਲਕਾਂ ਵਿਚਕਾਰ ਜ਼ੋਰਦਾਰ ਲੜਾਈ ਸ਼ੁਰੂ ਹੋ ਗਈ ਸੀ। ਇਸ ਲੜਾਈ ਨੂੰ ਖਤਮ ਕਰਵਾਉਣ ਲਈ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਵਿਦੇਸ਼ ਸਕੱਤਰ ਮਾਰਕੋ ਰੂਬੀਓ ਭਾਰਤ ਗਏ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਅਨੁਸਾਰ ਉਨ੍ਹਾਂ ਦੇ ਹੁਕਮ `ਤੇ ਦੋਹਾਂ ਅਮਰੀਕੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੁਕਵਾਉਣ ਲਈ ਜ਼ੋਰਦਾਰ ਯਤਨ ਕੀਤੇ। ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਦਾ ਇਸ ਜੰਗ ਨੂੰ ਰੁਕਵਾਉਣ ਲਈ ਸਵਾਗਤ ਵੀ ਕੀਤਾ, ਜਦਕਿ ਭਾਰਤ ਨੇ ਇਸ ਨੂੰ ਸਿਰਫ ਦੁਵੱਲੀ ਗੱਲਬਾਤ ਦਾ ਨਤੀਜਾ ਦੱਸਿਆ। ਪਾਕਿਸਤਾਨ ਅਸਲ ਵਿੱਚ ਕਸ਼ਮੀਰ ਮਸਲੇ ਦਾ ਹਰ ਹਾਲ ਅੰਤਰਾਸ਼ਟਰੀਕਰਨ ਕਰਨਾ ਚਾਹੁੰਦਾ ਹੈ। ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਜਾਂਦਾ ਕੁਝ ਦਰਿਆਈ ਪਾਣੀ ਵੀ ਰੋਕ ਰੱਖਿਆ ਹੈ।
ਉਂਝ ਉਪਰੇਸ਼ਨ ਸਿੰਧੂਰ ਵੇਲੇ ਭਾਰਤ ਨੇ ਪਾਕਿਸਤਾਨ ਨੂੰ ਹਮਲਾ ਕਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਕਾਰਵਾਈ ਜੰਗ ਨੂੰ ਭੜਕਾਉਣ ਵਾਲੀ (ਐਸਕੇਲੇਟਰੀ) ਨਹੀਂ ਹੋਏਗੀ, ਅਸੀਂ ਸਿਰਫ ਅਤਿਵਾਦੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਵਾਂਗੇ। ਫਿਰ ਵੀ ਪਾਕਿਸਤਾਨ ਵੱਲੋਂ ਇਸ ਹਮਲੇ ਦਾ ਜ਼ਬਰਦਸਤ ਜਵਾਬ ਦਿੱਤਾ ਗਿਆ ਅਤੇ ਬਾਕਾਇਦਾ ਲੜਾਈ ਸ਼ੁਰੂ ਹੋ ਗਈ ਸੀ।
ਅਸਲ ਵਿੱਚ ਉਪਰੇਸ਼ਨ ਸਿੰਧੂਰ ਦੌਰਾਨ ਗਿਰਾਏ ਗਏ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੀ ਗੱਲ ਉਦੋਂ ਹੀ ਮੁੱਕਣੀ ਹੈ, ਜਦੋਂ ਭਾਰਤ ਸਰਕਾਰ ਵੱਲੋਂ ਇਸ ਬਾਰੇ ਸਪਸ਼ਟ ਕਰ ਦਿੱਤਾ ਜਾਵੇਗਾ ਕਿ ਕਿੰਨੇ ਭਾਰਤੀ ਜਹਾਜ਼ ਗਿਰਾਏ ਗਏ ਸਨ। ਹਵਾਈ ਸੈਨਾ ਦੇ ਪਾਇਲਟਾਂ ਬਾਰੇ ਭਾਰਤੀ ਸੈਨਾ ਭਾਵੇਂ ਆਖ ਚੁੱਕੀ ਹੈ ਕਿ ਸਾਰੇ ਪਾਇਲਟ ਬਚਾ ਲਏ ਗਏ ਸਨ, ਪਰ ਵਿਰੋਧੀ ਧਿਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਾਰੀ ਸਥਿਤੀ ਨੂੰ ਜਨਤਕ ਕੀਤਾ ਜਾਵੇ ਅਤੇ ਜੇ ਕੋਈ ਪਾਇਲਟ ਮਾਰਿਆ ਗਿਆ ਹੈ ਤਾਂ ਉਸ ਨੂੰ ਬਾਕਾਇਦਾ ਸ਼ਹੀਦ ਐਲਾਨ ਕੇ ਉਸ ਦੇ ਪਰਿਵਾਰ ਨੂੰ ਰਾਹਤ ਦਿੱਤੀ ਜਾਵੇ।