ਸਮਾਜ ਲਈ ਪ੍ਰੇਰਨਾ-ਸਰੋਤ ਬਣਿਆ ਨੋਲੈਂਡ ਅਰਬਾਘ
ਅਸ਼ਵਨੀ ਚਤਰਥ
ਫੋਨ: +91-6284220595
ਕਈ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਕੁਝ ਸ਼ਖ਼ਸੀਅਤਾਂ ਵੇਖਣ–ਸੁਣਨ ਨੂੰ ਮਿਲਦੀਆਂ ਹਨ, ਜੋ ਸਮੁੱਚੀ ਦੁਨੀਆ ਲਈ ਪ੍ਰੇਰਨਾ-ਸਰੋਤ ਹੋ ਨਿਬੜਦੀਆਂ ਹਨ। ਨਿਕ ਵੂਜੀਸਿਕ ਅਜਿਹੀ ਹੀ ਇੱਕ ਸ਼ਖ਼ਸੀਅਤ ਹੈ, ਜੋ ਦੁਨੀਆ ਦੇ ਕਰੋੜਾਂ ਲੋਕਾਂ, ਖ਼ਾਸ ਕਰਕੇ ਅਪਾਹਜਾਂ ਲਈ ਪ੍ਰੇਰਨਾ-ਸਰੋਤ ਬਣਿਆ ਹੋਇਆ ਹੈ। ਉਹ ਜਨਮ ਤੋਂ ਹੀ ਇੱਕ ਅਜਿਹੀ ਬਿਮਾਰੀ ਨਾਲ ਪੀੜਤ ਹੈ, ਜਿਸ ਕਰਕੇ ਉਸ ਦੀਆਂ ਲੱਤਾਂ ਅਤੇ ਬਾਹਾਂ ਨਹੀਂ ਹਨ- ਭਾਵ ਉਸ ਦਾ ਜਨਮ ਹੀ ਲੱਤਾਂ–ਬਾਹਾਂ ਤੋਂ ਬਗੈਰ ਹੋਇਆ ਸੀ।
ਸਰੀਰਕ ਤੌਰ `ਤੇ ਇੰਨੀ ਵੱਡੀ ਘਾਟ (ਅਪਾਹਜਤਾ) ਹੋਣ ਦੇ ਬਾਵਜੂਦ ਉਹ ਇੱਕ ਜ਼ਬਰਦਸਤ ‘ਪ੍ਰੇਰਨਾਮਈ ਬੁਲਾਰਾ’ ਹੈ, ਜਿਸ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ। ਦੁਨੀਆ ਦੇ ਕਰੋੜਾਂ ਲੋਕ ਉਸ ਦੇ ‘ਫੈਨ’ ਭਾਵ ਪ੍ਰਸ਼ੰਸਕ ਹਨ। ਇਸੇ ਤਰ੍ਹਾਂ ਸਟੀਫ਼ਨ ਹਾਕਿੰਗ ਇੰਗਲੈਂਡ ਦਾ ਇੱਕ ਮਸ਼ਹੂਰ ਵਿਗਿਆਨੀ ਸੀ, ਜਿਸ ਵੱਲੋਂ ਕੀਤੀਆਂ ਗਈਆਂ ਖੋਜਾਂ ਆਉਣ ਵਾਲੇ ਵਿਗਿਆਨੀਆਂ ਲਈ ਰਾਹ ਦਸੇਰਾ ਬਣੀਆਂ ਰਹਿਣਗੀਆਂ। ਉਸ ਦੀ ‘ਸਰੀਰਕ ਅਪਾਹਜਤਾ’ ਦੇ ਹੁੰਦਿਆਂ ਵੀ ਉਸ ਨੇ ਇਸ ਨੂੰ ਕਦੇ ਆਪਣੀਆਂ ਵਿਗਿਆਨਕ ਖੋਜਾਂ ਦੇ ਰਸਤੇ ਵਿੱਚ ਰੋੜਾ ਨਹੀਂ ਸੀ ਬਣਨ ਦਿੱਤਾ। ਇਸੇ ਤਰ੍ਹਾਂ ਜੌਹਨ ਨੈਸ਼ ਅਮਰੀਕਾ ਦਾ ਅਰਥਸ਼ਾਸਤਰ ਅਤੇ ਹਿਸਾਬ ਦੇ ਵਿਸ਼ਿਆਂ ਦਾ ਇੱਕ ਉਘਾ ਪ੍ਰੋਫ਼ੈਸਰ ਤੇ ਖੋਜੀ ਸੀ। ਪੈਰਾਨੋਇਆ ਨਾਂ ਦੀ ‘ਮਾਨਸਿਕ ਪ੍ਰੇਸ਼ਾਨੀ’ ਤੋਂ ਪੀੜਤ ਹੋਣ ਦੇ ਬਾਵਜੂਦ ਉਸ ਨੇ ਅਨੇਕਾਂ ਖੋਜਾਂ ਕੀਤੀਆਂ ਸਨ, ਜਿਸ ਦੇ ਸਿੱਟੇ ਵਜੋਂ ਉਸ ਨੂੰ 1994 ਦੇ ਅਰਥਸ਼ਾਸਤਰ ਵਿਸ਼ੇ ਦੇ ‘ਨੋਬਲ ਪੁਰਸਕਾਰ’ ਨਾਲ ਸਤਿਕਾਰਿਆ ਗਿਆ ਸੀ।
ਸਰੀਰਕ ਅਪਾਹਜਤਾ ਦੀ ਅਜਿਹੀ ਹੀ ਇੱਕ ਉਦਾਹਰਨ ਅਮਰੀਕਾ ਦੇ ਐਰੀਜ਼ੋਨਾ ਰਾਜ ਦੇ 29 ਸਾਲਾ ਨੌਜਵਾਨ ਨੋਲੈਂਡ ਅਰਬਾਘ ਦੀ ਹੈ। ਉਹ ਇੱਕ ਵਧੀਆ ਤੈਰਾਕ ਸੀ। ਸਾਲ 2016 ਵਿੱਚ ਤੈਰਾਕੀ ਦੌਰਾਨ ਇੱਕ ਦੁਰਘਟਨਾ ਵਿੱਚ ਉਸ ਨੂੰ ਸੱਟ ਲਗ ਗਈ ਸੀ। ਹੁਣ ਮੋਢਿਆਂ ਤੋਂ ਥੱਲੇ ਉਸ ਦਾ ਕੋਈ ਵੀ ਅੰਗ ਕੰਮ ਨਹੀਂ ਕਰਦਾ ਹੈ। ਅਮਰੀਕਾ ਦੇ ਉੱਘੇ ਉਦਯੋਗਪਤੀ ਐਲਨ ਮਸਕ ਦੀ ਕੰਪਨੀ ‘ਨਿਊਰਾਲਿੰਕ’ ਵੱਲੋਂ ਅਰਬਾਘ ਦੇ ਦਿਮਾਗ ਵਿੱਚ ਇੱਕ ‘ਕੰਪਿਊਟਰ ਚਿੱਪ’ ਫ਼ਿੱਟ ਕਰ ਦਿੱਤੀ ਗਈ ਹੈ। ਇਸ ਚਿੱਪ ਨੂੰ ‘ਟੈਲੀਪੈਥੀ’ ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਤਰ੍ਹਾਂ ਦਾ ਛੋਟਾ ਕੰਪਿਊਟਰ ਹੀ ਹੈ, ਜਿਸ ਵਿੱਚ ਅਤੀ ਸੰਵੇਦਨਸ਼ੀਲ ਸੈਂਸਰ ਲੱਗੇ ਹੋਏ ਹਨ। ਕੰਪਨੀ ਦਾ ਮੰਨਣਾ ਹੈ ਕਿ ਇਹ ਚਿੱਪ ਬਾਜ਼ਾਰ ਵਿਚ ਅੱਜ ਕੱਲ੍ਹ ਮਿਲਦੇ ਕੰਪਿਊਟਰਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਕੰਮ ਕਰਦੀ ਹੈ। ਇਸ ਨੂੰ ਕੰਨ ਦੇ ਪਿੱਛੇ ਲਗਾਇਆ ਜਾਂਦਾ ਹੈ। ਇਹ ਚਿੱਪ ਬਿਨਾ ਕਿਸੇ ਤਾਰ ਦੇ ਕੰਮ ਕਰਦੀ ਹੈ। ਨਿਊਰਾਲਿੰਕ ਨੇ ਇਹ ਚਿੱਪ ਲਗਾ ਕੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਇਸ ਤਰ੍ਹਾਂ ਦਾ ਕਾਰਨਾਮਾ ਕਿਸੇ ਵੀ ਕੰਪਨੀ ਵੱਲੋਂ ਪਹਿਲੀ ਵਾਰ ਕੀਤਾ ਗਿਆ ਹੈ। ਵਿਸ਼ੇਸ਼ਤਾ ਇਹ ਹੈ ਕਿ ਜਿਸ ਆਦਮੀ ਦੇ ਦਿਮਾਗ ਵਿੱਚ ਇਹ ਚਿੱਪ ਲੱਗੀ ਹੋਈ ਹੈ, ਉਹ ਆਦਮੀ ਜੋ ਕੁਝ ਵੀ ਸੋਚਦਾ ਹੈ, ਚਿੱਪ ਉਸ ਨੂੰ ਅਮਲ ਵਿੱਚ ਲਿਆਉਂਦੀ ਹੈ ਅਤੇ ਉਹ ਵੀ ਆਦਮੀ ਦੇ ਹੱਥਾਂ–ਪੈਰਾਂ ਦੇ ਹਿਲਜੁਲ ਕਰਨ ਤੋਂ ਬਗੈਰ। ਬਿਨਾਂ ਹੱਥ ਹਿਲਾਉਣ ਭਾਵ ਮਹਿਜ਼ ਸੋਚ ਕੇ ਹੀ ਕੰਮ ਕੀਤੇ ਜਾ ਸਕਦੇ ਹਨ, ਜਿਵੇਂ ਕਿ ਕੋਈ ਆਦਮੀ, ਜਿਸ ਦੇ ਦਿਮਾਗ ਵਿੱਚ ਚਿੱਪ ਫਿੱਟ ਕੀਤੀ ਜਾ ਚੁੱਕੀ ਹੋਵੇ, ਬਿਨਾ ਹੱਥ ਲਗਾਇਆਂ ਕੇਵਲ ਸੋਚ ਕੇ ਹੀ ਆਪਣੇ ਮੋਬਾਇਲ, ਕੰਪਿਊਟਰ ਅਤੇ ਲੈਪਟਾਪ ਨੂੰ ਚਲਾ ਸਕਦਾ ਹੈ। ਭਵਿੱਖ ਵਿੱਚ ਇਸ ਕਾਢ ਦੀ ਸਾਡੇ ਜੀਵਨ ਦੇ ਅਨੇਕਾਂ ਖੇਤਰਾਂ ਵਿੱਚ ਇਸਤੇਮਾਲ ਕੀਤੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਵਿਗਿਆਨੀਆਂ ਵੱਲੋਂ ਇਸ ਖੋਜ ਨੂੰ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਇੱਕ ਅਹਿਮ ਨੀਂਹ ਦਾ ਪੱਥਰ ਦੱਸਿਆ ਜਾ ਰਿਹਾ ਹੈ।
‘ਨਿਊਰਾਲਿੰਕ’ ਦੇ ਵਿਗਿਆਨੀਆਂ ਨੇ ਸਪਸ਼ਟ ਕੀਤਾ ਹੈ ਕਿ ਰੋਗੀ ਅਰਬਾਘ ਡਾਕਟਰਾਂ ਦੀਆਂ ਆਸਾਂ–ਉਮੀਦਾਂ ਮੁਤਾਬਕ ਆਪਣੀਆਂ ਪ੍ਰਤਿਕ੍ਰਿਆਵਾਂ ਠੀਕ–ਠਾਕ ਦੇ ਰਿਹਾ ਹੈ। ਇਸ ਆਧੁਨਿਕ ਕਾਢ ਨਾਲ ਜੁੜੇ ਵਿਗਿਆਨੀਆਂ ਵੱਲੋਂ ਦੱਸਿਆ ਗਿਆ ਹੈ ਕਿ ਰੋਗੀ ਦਾ ਆਪ੍ਰੇਸ਼ਨ ਰੋਬੋਟ ਮਸ਼ੀਨਾਂ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਰੋਗੀ ਦੇ ਦਿਮਾਗ ਅੰਦਰ ਲਗਾਈ ਗਈ ਚਿੱਪ ਦਿਮਾਗ ਦੀਆਂ ਸੋਚਾਂ ਨੂੰ ਰਿਕਾਰਡ ਕਰਦੀ ਹੈ ਅਤੇ ਇੱਕ ਐਪ ਦੁਆਰਾ ਸਾਹਮਣੇ ਪਏ ਕੰਪਿਊਟਰ ਨੂੰ ਚਲਾਉਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਤਿਆਰ ਕੀਤੀ ਗਈ ਚਿੱਪ ਉਨ੍ਹਾਂ ਮਰੀਜਾਂ ਲਈ ਵਿਸ਼ੇਸ਼ ਤੌਰ `ਤੇ ਲਾਹੇਵੰਦ ਹੋਏਗੀ, ਜਿਨ੍ਹਾਂ ਦੀਆਂ ਲੱਤਾਂ–ਬਾਹਾਂ ਕਿਸੇ ਬਿਮਾਰੀ ਕਾਰਨ ਅਪੰਗ ਹੋ ਗਈਆਂ ਹਨ। ਮਾਨਸਿਕ ਬਿਮਾਰੀਆਂ ਦੇ ਡਾਕਟਰਾਂ ਵੱਲੋਂ ਇਸ ਖੋਜ ਉੱਤੇ ਬੜੀਆਂ ਉਮੀਦਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਨਵੀਂ ਕਾਢ ਨਾਲ ਉਹ ਮਿਰਗੀ, ਪਾਰਕਿਨਸਨ ਰੋਗ (ਅਜਿਹਾ ਰੋਗ ਜਿਸ ਵਿੱਚ ਰੋਗੀ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਕਾਰਨ ਮਾਸਪੇਸ਼ੀਆਂ ਵਿੱਚ ਅਕੜਨ ਆਉਣਾ, ਲਿਖਣ ’ਚ ਮੁਸ਼ਕਲ ਆਉਣਾ, ਅੱਖਾਂ ਦਾ ਘੱਟ ਝਪਕਣਾ, ਖਾਣਾ ਨਿਗਲਨ ’ਚ ਪ੍ਰੇਸ਼ਾਨੀ, ਕੁੱਬਾ ਹੋਣਾ, ਸਰੀਰ ਦੇ ਅੰਗਾਂ ਦਾ ਕੰਬਣਾ ਆਦਿ ਜਿਹੇ ਲੱਛਣ ਵੇਖਣ ਨੂੰ ਮਿਲਦੇ ਹਨ); ਡਿਸਟਾਨੀਆ ਰੋਗ (ਜਿਸ ਵਿੱਚ ਗਰਦਨ ਦਾ ਇੱਕ ਪਾਸੇ ਟੇਢਾ ਹੋਣਾ, ਅੱਖਾਂ ਦਾ ਵਾਰ–ਵਾਰ ਝਪਕਣਾ, ਆਵਾਜ਼ ਦਾ ਮੱਧਮ ਪੈਣਾ ਅਤੇ ਖਾਣਾ ਨਿਗਲਨ ’ਚ ਸਮੱਸਿਆ ਆਦਿ) ਅਤੇ ਓ.ਸੀ.ਡੀ. ਰੋਗ (ਜਿਸ ਵਿੱਚ ਗੁੱਸਾ ਆਉਣਾ, ਚਿੰਤਾ ਕਰਨਾ ਅਤੇ ਕਿਸੇ ਇੱਕ ਕੰਮ ਨੂੰ ਵਾਰ–ਵਾਰ ਦੁਹਰਾਉਣਾ ਆਦਿ) ਜਿਹੀਆਂ ਬਿਮਾਰੀਆਂ ਦਾ ਇਲਾਜ ਆਸਾਨੀ ਨਾਲ ਕਰ ਸਕਣਗੇ।
ਰੋਗੀ ਦੇ ਦਿਮਾਗ ਵਿਚ ਚਿੱਪ ਫਿੱਟ ਕਰਨ ਤੋਂ ਬਾਅਦ ਐਲਨ ਮਸਕ ਨੇ ਇੱਕ ਸਿੱਧੇ ਪ੍ਰਸਾਰਨ ਰਾਹੀਂ ਚਿੱਪ ਲੱਗੇ ਰੋਗੀ ਨੂੰ ਸ਼ਤਰੰਜ ਦੀ ਖੇਡ ਖੇਡਦਿਆਂ ਵਿਖਾਇਆ ਸੀ, ਜਿਸ ਵਿਚ ਰੋਗੀ ਬਿਨਾ ਹੱਥ ਹਿਲਾਇਆਂ ਅਤੇ ਕੇਵਲ ਦਿਮਾਗ ਨਾਲ ਸੋਚ ਕੇ ਹੀ ਸ਼ਤਰੰਜ ਦੇ ਮੋਹਰੇ ਚਲਾ ਰਿਹਾ ਸੀ। ਚਿੱਪ ਲੱਗਣ ਤੋਂ ਬਾਅਦ ਰੋਗੀ ਨੋਲੈਂਡ ਅਰਬਾਘ ਨੇ ਖੁਦ ਆਪਣੀ ਬਿਮਾਰੀ ਦੇ ਠੀਕ ਹੋਣ ਬਾਰੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਇਹ ਪੋਸਟ ਮਹਿਜ਼ ਸੋਚ ਕੇ ਹੀ ਅਤੇ ਬਿਨਾ ਹੱਥ–ਪੈਰ ਹਿਲਾਉਣ ਤੋਂ ਸਾਂਝੀ ਕੀਤੀ ਸੀ। ਅਰਬਾਘ ਨੇ ਆਪਣੇ ਦਿਮਾਗ ਵਿੱਚ ਲੱਗੀ ਚਿੱਪ ਨੂੰ ‘ਈਵ’ ਦਾ ਨਾਂ ਦਿੱਤਾ ਹੈ। ਉਹ ਰੋਜ਼ਾਨਾ ਚਾਰ ਘੰਟੇ ਨਿਊਰਾਲਿੰਕ ਦੇ ਕੰਪਿਊਟਰਾਂ `ਤੇ ਕੰਮ ਕਰਦਾ ਹੈ। ਉਹ ਮਹਿਜ਼ ਸੋਚ ਕੇ ਹੀ ਕੰਪਿਉਟਰ ਦੇ ਅੱਖਰਾਂ ਨੂੰ ਚਲਾਉਂਦਾ ਹੈ ਅਤੇ ਸ਼ਬਦ ਟਾਈਪ ਕਰਦਾ ਹੈ। ਸਿਰਫ਼ ਦਿਮਾਗ ਦੀ ਸੋਚ ਨਾਲ ਹੀ ਪੈਨਸਿਲ ਫੜ ਕੇ ਉਹ ਕੰਪਿਊਟਰ ਦੀ ਸਕਰੀਨ `ਤੇ ਲਿਖਣ ਦਾ ਕੰਮ ਕਰਦਾ ਹੈ।
ਦਿਲਚਸਪੀ ਦੀ ਗੱਲ ਇਹ ਹੈ ਕਿ ਸਰੀਰਕ ਤੌਰ `ਤੇ ਅਪੰਗ ਹੋਣ ਦੇ ਬਾਵਜੂਦ ਉਹ ਦੂਜੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਰਿਹਾ ਹੈ। ਉਹ ਵਿਸ਼ਵ ਦੇ ਚੋਟੀ ਦੇ ਲੇਖਕਾਂ ਜਿਵੇਂ ਬਰੈਂਡਨ ਐਂਡਰਸਨ, ਸਟੀਗ ਲਾਰਸਨ, ਟਾਲਕਿਨ ਤੇ ਵਿਕਟਰ ਹੂਗੋ ਆਦਿ ਦੀਆਂ ਰਚਨਾਵਾਂ ਪੜ੍ਹ ਰਿਹਾ ਹੈ ਅਤੇ ਭਵਿੱਖ ਵਿੱਚ ਉਹ ਆਪਣੀ ਕਿਤਾਬ ਲਿਖਣ ਬਾਰੇ ਵੀ ਸੋਚ ਰਿਹਾ ਹੈ। ਉਹ ਬਾਈਬਲ ਦਾ ਅਧਿਐਨ ਵੀ ਕਰ ਰਿਹਾ ਹੈ। ਆਮ ਲੋਕਾਂ ਨੂੰ ਉਸ ਕੋਲੋਂ ਸਿੱਖਣ ਦੀ ਲੋੜ ਹੈ, ਕਿਉਂਕਿ ਸਰੀਰਕ ਤੌਰ `ਤੇ ਅਸਮਰੱਥ ਹੋਣ ਦੇ ਬਾਵਜੂਦ ਆਉਣ ਵਾਲੇ ਸਮੇਂ ਵਿੱਚ ਉਸ ਨੇ ਸਮਾਜ ਭਲਾਈ ਦੇ ਕੰਮ ਕਰਨ ਦਾ ਮਨ ਬਣਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਰਬਾਘ ਆਪਣੀ ਪੜ੍ਹਾਈ ਇੱਕ ਵਾਰ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਉਸ ਨੇ ‘ਨਿਊਰੋਸਾਇੰਸ’ ਭਾਵ ਦਿਮਾਗੀ ਬਿਮਾਰੀਆਂ ਨਾਲ ਸਬੰਧਿਤ ਵਿਗਿਆਨ ਨੂੰ ਆਪਣਾ ਪਸੰਦੀਦਾ ਵਿਸ਼ਾ ਵੀ ਚੁਣ ਲਿਆ ਹੈ। ਸਰੀਰਕ ਤੌਰ `ਤੇ ਅਸਮਰੱਥ ਹੋਣ ਦੇ ਬਾਵਜੂਦ ਅਰਬਾਘ ਵਿੱਚ ਐਨੇ ਜ਼ਿਆਦਾ ਕੰਮ ਕਰਨ ਦੀ ਭਾਵਨਾ ਅਤੇ ਸਮਾਜ ਲਈ ਕੰਮ ਕਰਨ ਦਾ ਜਜ਼ਬਾ ਸਮਾਜ ਦੇ ਸਰੀਰਕ ਤੌਰ `ਤੇ ਸਮਰੱਥ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।
ਐਲਨ ਮਸਕ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਕੰਪਨੀ ਰੀੜ੍ਹ ਦੀ ਹੱਡੀ ਦੇ ਟੁੱਟੇ ਹੋਏ ਰੋਗੀਆਂ ਦੇ ਇਲਾਜ ਲਈ ਯਤਨਸ਼ੀਲ ਹੈ, ਜਿਸ ਨਾਲ ਪਾਸਾ ਮਾਰੇ ਰੋਗੀਆਂ ਨੂੰ ਚੱਲਣ ਫਿਰਨ ਯੋਗ ਬਣਾਇਆ ਜਾ ਸਕੇਗਾ। ‘ਨਿਊਰਾਲਿੰਕ’ ਕੰਪਨੀ ਦਾ ਅਨੁਮਾਨ ਹੈ ਕਿ ਜੇਕਰ ਤੈਅ ਯੋਜਨਾ ਅਨੁਸਾਰ ਕੰਮ ਚੱਲਦਾ ਰਿਹਾ ਤਾਂ ਮੈਡੀਕਲ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਵੇਖਣ ਨੂੰ ਮਿਲ ਸਕਦੀ ਹੈ। ਜਿਵੇਂ ਕਿ ਬਾਜ਼ਾਰ ਵਿਚ ਮਿਲਦੀ ‘ਫਿੱਟਨੈੱਸ ਘੜੀ’ ਆਦਮੀ ਦੇ ਦਿਲ ਦੀ ਧੜਕਣ ਬਾਰੇ, ਉਸ ਦੇ ਸ਼ੂਗਰ ਦੇ ਪੱਧਰ ਬਾਰੇ, ਆਦਮੀ ਦੇ ਸਰੀਰ ਵੱਲੋਂ ਖਪਤ ਕੀਤੀ ਗਈ ਊਰਜਾ ਬਾਰੇ ਦੱਸਦੀ ਹੈ; ਉਸੇ ਤਰ੍ਹਾਂ ਦਿਮਾਗੀ ਚਿੱਪਾਂ ਮਨੁੱਖ ਦੇ ਵੱਖ–ਵੱਖ ਅੰਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਡਾਟਾ ਪ੍ਰਦਾਨ ਕਰਿਆ ਕਰਨਗੀਆਂ।
‘ਨਿਊਰਾਲਿੰਕ’ ਅਮਰੀਕਾ ਦੇ ਅਰਬਪਤੀ ਐਲਨ ਮਸਕ ਦੀ ਇੱਕ ਪ੍ਰਾਈਵੇਟ ਕੰਪਨੀ ਹੈ, ਜਿਸ ਦਾ ਮੁੱਖ ਕੰਮ ਹੈ- ਕੰਪਿਊਟਰ ਨੂੰ ਰੋਗੀ ਦੇ ਦਿਮਾਗ ਨਾਲ ਜੋੜਨਾ ਅਤੇ ਮਰੀਜ਼ ਦੀਆਂ ਅਜਿਹੀਆਂ ਸਰੀਰਕ ਅੰਗਾਂ ਦੀਆਂ ਬਿਮਾਰੀਆਂ ਦੇ ਹਲ ਲੱਭਣਾ, ਜਿਨ੍ਹਾਂ ਅੰਗਾਂ ਦਾ ਕੰਟਰੋਲ ਦਿਮਾਗ ਤੋਂ ਹੁੰਦਾ ਹੋਵੇ। ਇਸ ਕੰਪਨੀ ਦਾ ਮੁੱਖ ਦਫ਼ਤਰ ਫਰੀਮਾਂਟ (ਕੈਲੀਫੋਰਨੀਆ) ਵਿੱਚ ਸਥਿਤ ਹੈ। ਕੰਪਨੀ ਵੱਲੋਂ ਤਿਆਰ ਕੀਤੇ ਗਏ ਉਪਕਰਨਾਂ ਨੂੰ ਮਨੁੱਖਾਂ ਵਿੱਚ ਲਗਾਉਣ ਤੋਂ ਪਹਿਲਾਂ ਬਾਂਦਰਾਂ ਅਤੇ ਸੂਰਾਂ ਵਿੱਚ ਅਜ਼ਮਾਇਆ ਜਾਂਦਾ ਹੈ। ਕੰਪਨੀ ਦੀ ਦਿਮਾਗੀ ਚਿੱਪ ਤੋਂ ਬਾਅਦ ਹੁਣ ਇਹ ਕੰਪਨੀ ਨੇਤਰਹੀਣ ਲੋਕਾਂ ਲਈ ‘ਬਲਾਂਈਡਸਾਈਟ’ ਨਾਂ ਦੀ ਚਿੱਪ ਬਣਾਉਣ ਦੀ ਤਿਆਰੀ ਵਿੱਚ ਲੱਗੀ ਹੋਈ ਹੈ।