ਪੰਜਾਬੀ ਪਰਵਾਜ਼ ਬਿਊਰੋ
ਮਸ਼ਹੂਰ ਸੀਨੀਅਰ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਨਹੀਂ ਰਹੇ। ਉਨ੍ਹਾਂ ਨੂੰ ਬੀਤੇ ਸੋਮਵਾਰ ਆਪਣੇ ਪਿੰਡ ਦੇ ਨੇੜੇ ਹੀ ਜੀ.ਟੀ. ਰੋਡ ਤੋਂ ਪਿੰਡ ਵੱਲ ਸੜਕ ਮੁੜਦਿਆਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਰਾਹਗੀਰਾਂ ਵੱਲੋਂ ਉਨ੍ਹਾਂ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾਅ ਨਾ ਸਕੇ। ਫੌਜਾ ਸਿੰਘ ਦੇ ਬੇਟੇ ਹਰਬਿੰਦਰ ਸਿੰਘ ਅਨੁਸਾਰ ਦੁਖਦਾਈ ਸੜਕ ਹਾਦਸਾ ਸੋਮਵਾਰ ਬਾਅਦ ਦੁਪਹਿਰ 3.30 ਵਜੇ ਵਾਪਰਿਆ। ਸ਼ਾਮ 8 ਵਜੇ ਉਨ੍ਹਾਂ ਆਖਰੀ ਸਾਹ ਲਿਆ। ਇਸ ਹਾਦਸੇ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਉਨ੍ਹਾਂ ਦੀ ਉਮਰ 114 ਸਾਲ ਦੀ ਸੀ ਅਤੇ ਆਪਣੀ ਉਮਰ ਦੇ 101ਵੇਂ ਵਰ੍ਹੇ ਤੱਕ ਉਹ ਮੈਰਾਥਨ ਦੌੜਦੇ ਰਹੇ। ਬਜ਼ੁਰਗ ਦੌੜਾਕ ਦਾ ਜਨਮ ਜਲੰਧਰ ਲਾਗੇ ਪਿੰਡ ਬਿਆਸ ਵਿੱਚ 1 ਅਪ੍ਰੈਲ 1911 ਨੂੰ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਲੱਤਾਂ ਦੀ ਕਮਜ਼ੋਰੀ ਕਾਰਨ ਛੇ ਸਾਲ ਦੀ ਉਮਰ ਤੱਕ ਤੁਰਨ ਵਿੱਚ ਤਕਲੀਫ ਮਹਿਸੂਸ ਕਰਦੇ ਰਹੇ ਸਨ।
ਫੌਜਾ ਸਿੰਘ ਆਪਣੀ ਪਤਨੀ ਗਿਆਨ ਕੌਰ ਦੀ ਮੌਤ ਤੋਂ ਬਾਅਦ ਆਪਣੇ ਇੱਕ ਬੇਟੇ ਕੋਲ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਜਾ ਵੱਸੇ ਸਨ। ਉਨ੍ਹਾਂ ਦੇ ਦੋ ਬੇਟੇ ਪਿੰਡ ਬਿਆਸ ਵਿੱਚ ਹੀ ਰਹਿੰਦੇ ਹਨ। ਬੀਤੇ ਕਈ ਵਰਿ੍ਹਆਂ ਤੋਂ ਉਹ ਆਪਣੇ ਜੱਦੀ ਪਿੰਡ ਬਿਆਸ ਰਹਿਣ ਲੱਗ ਪਏ ਸਨ।
ਫੌਜਾ ਸਿੰਘ ਨੇ 83 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ। ਆਪਣੇ ਸੰਪੂਰਨ ਸਿੱਖੀ ਸਰੂਪ ਕਾਰਨ ਤੇਜ਼ੀ ਨਾਲ ਮਸ਼ਹੂਰ ਹੋ ਗਏ। ਫੌਜਾ ਸਿੰਘ ਨੇ ਆਪਣੀ ਪਹਿਲੀ ਮੈਰਾਥਨ ਸਾਲ 2000 ਵਿੱਚ ਜਿੱਤੀ। ਇਹ ਦੌੜ ਉਨ੍ਹਾਂ 6 ਘੰਟੇ 54 ਮਿੰਟ ਵਿੱਚ ਪੂਰੀ ਕੀਤੀ। 90 ਸਾਲ ਤੋਂ ਉਪਰ ਦੇ ਮੈਰਾਥਨ ਦੌੜਾਕਾਂ ਦੀ ਦੌੜ ਦੇ ਪਹਿਲੇ ਰਿਕਾਰਡ ਨਾਲੋਂ ਇਹ ਸਮਾਂ 58 ਮਿੰਟ ਘੱਟ ਸੀ। ਫੌਜਾ ਸਿੰਘ ਨੇ ਕਈ ਮੁਲਕਾਂ ਵਿੱਚ ਬਹੁਤ ਸਾਰੀਆਂ ਮੈਰਾਥਨ ਦੌੜੀਆਂ, ਪਰ 2003 ਵਿੱਚ ਟੋਰਾਂਟੋ ਵਾਟਰਫਰੰਟ ਮੈਰਾਥਨ ਉਨ੍ਹਾਂ 5 ਘੰਟੇ 40 ਮਿੰਟ ਵਿੱਚ ਦੌੜੀ। ਇਸ ਮੈਰਾਥਨ ਦੌੜ ਵਿੱਚ ਉਨ੍ਹਾਂ ਨਿੱਜੀ ਤੌਰ ‘ਤੇ ਸਭ ਤੋਂ ਘੱਟ ਸਮਾਂ ਲਿਆ।
ਬਰਮਿੰਘਮ ਤੋਂ ਬਰਤਾਨਵੀ ਸੰਸਦ ਮੈਂਬਰ ਪਰੀਤ ਕੌਰ ਗਿੱਲ ਨੇ ਫੌਜਾ ਸਿੰਘ ਦੀ ਮੌਤ ‘ਤੇ ਡੂੰਘਾ ਦੁਖ ਪ੍ਰਗਟ ਕਰਦਿਆਂ ਕਿਹਾ, “ਫੌਜਾ ਸਿੰਘ ਦੀ ਬੇਹੱਦ ਨਿਮਰਤਾ ਵਾਲੀ ਸ਼ਖਸੀਅਤ ਅਤੇ ਹੌਸਲੇ ਨੇ ਮੇਰੇ ਦਿਲ ‘ਤੇ ਅਮਿਟ ਪ੍ਰਭਾਵ ਛੱਡਿਆ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ। ਫੌਜਾ ਸਿੰਘ ਦੀ ਮੌਤ ਨੇ ਮੈਨੂੰ ਬਹੁਤ ਉਦਾਸ ਕੀਤਾ ਹੈ।” ਬਰਤਾਨੀਆ ਦੇ ਇੱਕ ਹੋਰ ਪਾਰਲੀਮੈਂਟ ਮੈਂਬਰ ਜੱਸ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਫੌਜਾ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਇੱਕ ਦੰਦਕਥਾ (ਲੀਜੈਂਡ) ਬਣ ਗਏ ਸਨ। ਉਨ੍ਹਾਂ ਕਿਹਾ, “ਫੌਜਾ ਸਿੰਘ ਕੌਮਾਂਤਰੀ ਪੱਧਰ ‘ਤੇ ਸਿੱਖੀ ਦੇ ਪ੍ਰਤੀਕ (ਆਈਕਨ) ਬਣ ਗਏ ਸਨ। ਉਨ੍ਹਾਂ ਦੀ ਸ਼ਖਸੀਅਤ ਨੇ ਸੰਸਾਰ ਪੱਧਰ ‘ਤੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਚੜ੍ਹਦੀ ਕਲਾ ਵਾਲੀ ਸੂਰਤ ਅਤੇ ਸੀਰਤ ਲੋਕਾਂ ਲਈ ਸਦਾ ਵਾਸਤੇ ਪ੍ਰੇਰਣਾ ਬਣ ਗਈ ਹੈ। ਸਾਨੂੰ ਉਨ੍ਹਾਂ ਦਾ ਘਾਟਾ ਹਮੇਸ਼ਾ ਰੜਕੇਗਾ।” ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫੌਜਾ ਸਿੰਘ ਦੀ ਮੌਤ ‘ਤੇ ਡੂੰਘਾ ਦੁੱਖ ਜਾਹਰ ਕਰਦਿਆਂ ਕਿਹਾ ਕਿ ਫੌਜਾ ਸਿੰਘ ਦੀ ਮੌਤ ਨੇ ਕਈ ਪੀੜ੍ਹੀਆਂ ਨੂੰ ਪ੍ਰਭਾਵਤ ਕੀਤਾ। ਕਟਾਰੀਆ ਨੇ ਕਿਹਾ, “ਫੌਜਾ ਸਿੰਘ ਦੀ ਵਿਰਾਸਤ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਲਈ ਲੜਨ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੌਜਾ ਸਿੰਘ ਦੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਲੰਪੀਅਨ, ਐਮ.ਐਲ.ਏ. ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ, ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਅਕਾਲ ਤਖਤ ਦੇ ਵਿਵਾਦਗ੍ਰਸਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਦੌੜਾਕ ਸਿੱਖ ਬਾਬੇ ਨੂੰ ਅਮਰੀਕਾ ਵਿੱਚ ਨੈਸ਼ਨਲ ਐਥਨਿਕ ਕੁਲੀਸ਼ਨ ਵੱਲੋਂ 2003 ਵਿੱਚ ਐਲਿਸ ਆਈਸਲੈਂਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਸ ਇਨਾਮ ਨੂੰ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਸ ਸਮੇਂ ਇਹ ਇਨਾਮ ਪ੍ਰਾਪਤ ਕਰਨ ਵੱਲੇ ਉਹ ਪਹਿਲੇ ਗੈਰ-ਅਮਰੀਕਨ ਸਨ। 2011 ਵਿੱਚ ਫੌਜਾ ਸਿੰਘ ਨੂੰ ਪਰਾਈਡ ਆਫ ਇੰਡੀਆ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।
ਯਾਦ ਰਹੇ, ਉਮਰ ਦੀ ਸੈਂਚਰੀ ਮਾਰਨ ਵਾਲੇ ਉਹ ਪਹਿਲੇ ਮੈਰਾਥਨ ਦੌੜਾਕ ਸਨ। ਉਹ ਕਾਫੀ ਸਮਾਂ ਇੰਗਲੈਂਡ ਦੇ ਸ਼ਹਿਰ ਲੰਡਨ ਦੇ ਇਲਫੋਰਡ ਖੇਤਰ ਵਿੱਚ ਆਪਣੇ ਇੱਕ ਬੇਟੇ ਕੋਲ ਰਹਿੰਦੇ ਰਹੇ। ਪਿਛਲੇ ਕਈ ਸਾਲਾਂ ਤੋਂ ਉਹ ਆਪਣੇ ਜੱਦੀ ਪਿੰਡ ਬਿਆਸ ਆ ਕੇ ਰਹਿਣ ਲੱਗ ਪਏ ਸਨ। ਉਨ੍ਹਾਂ ਦੀ ਲੰਡਨ ਆਧਾਰਤ ਰਨਿੰਗ ਕਲੱਬ ਅਤੇ ਸਮਾਜ ਭਲਾਈ ਸੰਸਥਾ ‘ਸਿੱਖਸ ਇਨ ਸਿਟੀ’ ਨੇ ਕਿਹਾ ਕਿ ਇਲਫੋਰਡ ਵਿੱਚ ਸੰਸਥਾ ਦਾ ਅਗਲਾ ਪ੍ਰੋਗਰਾਮ ਫੌਜਾ ਸਿੰਘ ਦੀ ਜ਼ਿੰਦਗੀ ਅਤੇ ਪ੍ਰਾਪਤੀਆਂ ‘ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਦੇ ਕੋਚ ਰਹੇ ਹਰਮੰਦਰ ਸਿੰਘ ਨੇ ਫੌਜਾ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਪਣੇ ਇੱਕ ਬਿਆਨ ਵਿੱਚ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਲੰਬੀ ਉਮਰ ਭੋਗਣ ਵਾਲੇ ਮੈਰਾਥਨ ਦੌੜਾਕ ਨੇ ਵੱਖੋ-ਵੱਖ ਉਮਰ ਬਰੈਕਟ ਵਿੱਚ ਕਈ ਰਿਕਾਰਡ ਤੋੜੇ।
ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਪੰਜਾਬ ਦੇ ਸੜਕ ਪ੍ਰਬੰਧਨ ‘ਤੇ ਵੀ ਇੱਕ ਕਾਲੇ ਦਾਗ ਵਾਂਗ ਚਿਪਕ ਗਈ ਹੈ। ਜਿਸ ਬਜ਼ੁਰਗ ਨੂੰ ਬੁਢਾਪਾ ਨਹੀਂ ਮਾਰ ਸਕਿਆ, ਉਹਨੂੰ ਇੱਕ ਸੜਕ ਹਾਦਸਾ ਮਾਰ ਗਿਆ। ਸਾਲ 2021 ਵਿੱਚ ਪੰਜਾਬ ਵਿੱਚ ਕੁੱਲ 5871 ਸੜਕ ਹਾਦਸੇ ਵਾਪਰੇ ਸਨ। 2022 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 6138 ਹੋ ਗਈ ਸੀ।
ਕਈ ਪਾਰਟੀਆਂ ਦੇ ਬਹੁਤ ਸਾਰੇ ਐਲਾਨ ਕਰਨ, ਦਮਗਜ਼ੇ ਮਾਰਨ, ਕਾਨੂੰਨ ਬਣਾਉਣ, ਸੜਕੀ ਨਿਯਮਾਂ ਦੀ ਉਲੰਘਣਾ ‘ਤੇ ਜੁਰਮਾਨੇ ਵਧਾਉਣ, ਨਵੀਂ ਸੜਕ ਸੁਰੱਖਿਆ ਫੋਰਸ ਬਣਾਉਣ ਆਦਿ ਦੇ ਬਾਵਜੂਦ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸੜਕੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਣ ਵਾਲੇ ਜ਼ੁਰਮਾਨਿਆਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਸੀ। ਤਤਕਾਲੀ ਸਰਕਾਰ ਵੱਲੋਂ ਇਹ ਸੜਕ ਹਾਦਸਿਆਂ ‘ਤੇ ਕਾਬੂ ਪਾਉਣ ਦਾ ਇੱਕ ਯਤਨ ਸੀ; ਪਰ ਇਸ ਕਦਮ ਨਾਲ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਪੁਲਿਸ ਦੀ ਰਿਸ਼ਵਤ ਤਾਂ ਵਧ ਗਈ, ਪਰ ਹਾਦਸਿਆਂ ਨੂੰ ਕੋਈ ਫਰਕ ਨਾ ਪਿਆ। ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੜਕ ਹਾਦਸੇ ਰੋਕਣ ਲਈ ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕੀਤਾ ਗਿਆ। ਕਰੋੜਾਂ ਰੁਪਏ ਦੀਆਂ ਨਵੀਆਂ ਗੱਡੀਆਂ ਅਤੇ ਤਕਨੀਕੀ ਸਾਜ਼ੋ ਸਮਾਨ ਇਨ੍ਹਾਂ ਲਈ ਖਰੀਦਿਆ ਗਿਆ; ਪਰ ਹਾਦਸਿਆਂ ਦਾ ਪਰਨਾਲਾ ਉਥੇ ਦਾ ਉਥੇ ਰਿਹਾ। ਇਹ ਸਾਰਾ ਕੁਝ ਸਾਡੀ ਸਮੂਹਿਕ ਮਨੁੱਖੀ ਬਿਰਤੀ ਵਿੱਚ ਪਏ ਚਿੱਬਾਂ ਵੱਲ ਇਸ਼ਾਰਾ ਕਰਦਾ ਹੈ। ਇੱਕ ਜਗਤ ਪ੍ਰਸਿੱਧ ਬਜ਼ੁਰਗ ਨੂੰ ਵਾਹਨ ਨੇ ਟੱਕਰ ਮਾਰੀ ਅਤੇ ਡਰਾਈਵਰ ਨੇ ਗੱਡੀ ਰੋਕੀ ਤੱਕ ਨਹੀਂ। ਪੁਲਿਸ ਨੇ ਵਾਹਨ ਅਣਪਛਾਤਾ ਕਹਿ ਦਿੱਤਾ। ਕਿਹੋ ਜਿਹੇ ਹਨ ਸਾਡੇ ਰਾਜ ਕਰਨ ਵਾਲੇ ਜਾਂ ਸਮਾਜ ਘੜਨ ਵਾਲੇ? ਹੁਣ ਤਾਂ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਬਿਮਾਰੀ ਤੋਂ ਮੁਕਤ ਕਰਨ ਦਾ ਦਾਅਵਾ ਕਾਰਨ ਵਾਲੀ ਪਾਰਟੀ ਪੰਜਾਬ ਵਿੱਚ ਰਾਜ ਕਰ ਰਹੀ ਹੈ!
ਕੁਝ ਸਮਾਂ ਪਹਿਲਾਂ ਪੰਜਾਬੀ ਟ੍ਰਿਬੀਉਨ ਵਿੱਚ ਛਪੇ ਇੱਕ ਲੇਖ ਵਿੱਚ ਖੇਡ ਲੇਖਕ ਸਰਵਣ ਸਿੰਘ ਨੇ ਲਿਖਿਆ ਸੀ ਕਿ ਇੱਕ ਮੁਲਾਕਾਤ ਵੇਲੇ ਜਦੋਂ ਉਨ੍ਹਾਂ ਫੌਜਾ ਸਿੰਘ ਨੂੰ ਵਧਦੀ ਉਮਰ ਬਾਰੇ ਪੁੱਛਿਆ ਤਾਂ ਉਨ੍ਹਾਂ ਮਜ਼ਾਕ ਵਿੱਚ ਜਵਾਬ ਦਿੱਤਾ ਸੀ ਕਿ, “ਆਪਣੇ ਹਿੱਸੇ ਦੀਆਂ ਸਾਰੀਆਂ ਛੱਲੀਆਂ ਚੂੰਡ ਕੇ ਮਰਾਂਗੇ।” ਅਸਲ ਵਿੱਚ ਇਹ ਬਜ਼ੁਰਗ ਦੌੜਾਕ ਇੱਕ ਬੇਹੱਦ ਜ਼ਿੰਦਾਦਿਲ ਇਨਸਾਨ ਵੀ ਸੀ।