ਖੁਰਾਕ ਖੁਣੋਂ ਸੁੱਕ ਕੇ ਕਰੰਗ ਹੋਏ ਹਜ਼ਾਰਾਂ ਫਲਿਸਤੀਨੀ ਬੱਚੇ
*ਭੱਖਮਰੀ ਵਾਲੇ ਹਾਲਾਤ ਤੋਂ ਮੁੱਕਰੇ ਨੇਤਨਯਾਹੂ
ਪੰਜਾਬੀ ਪਰਵਾਜ਼ ਬਿਊਰੋ
ਕਤਰ ਦੀ ਵਿਚੋਲਗੀ ਨਾਲ ਅਮਰੀਕੀ ਦੂਤ ਵਿਟਕੋਫ ਦੀ ਅਗਵਾਈ ਵਾਲੇ ਵਫਦ ਅਤੇ ਹਮਾਸ ਵਿਚਕਾਰ ਗਾਜ਼ਾ ਵਿੱਚ ਜੰਗਬੰਦੀ ਲਈ ਚੱਲ ਰਹੀ ਗੱਲਬਾਤ ਟੁੱਟ ਚੁੱਕੀ ਹੈ। ਇਸ ਲਈ ਇੱਥੇ ਇਜ਼ਰਾਇਲੀ ਫੌਜ ਅਤੇ ਹਮਾਸ ਵਿਚਕਾਰ ਕਲੇਸ਼ ਜਾਰੀ ਹੈ; ਪਰ ਹਾਲਤ ਦਾ ਸਭ ਤੋਂ ਬਦਸੂਰਤ ਪਹਿਲੂ ਇਹ ਹੈ ਕਿ ਗਾਜ਼ਾ ਵਿੱਚ ਭੁੱਖਮਰੀ ਨੂੰ ਇਜ਼ਰਾਇਲ ਨੇ ਜੰਗ ਦਾ ਹਥਿਆਰ ਬਣਾ ਲਿਆ ਹੈ। ਇਹ ਬਹੁਤ ਭਿਆਨਕ ਸਥਿਤੀ ਹੈ। ਹਾਲਤ ਦੇ ਬਦਤਰ ਹੋਣ ਕਾਰਨ ਅੰਤਰਰਾਸ਼ਟਰੀ ਤੌਰ ‘ਤੇ ਪੈਦਾ ਹੋਏ ਪ੍ਰਤੀਕਰਮ ਨੇ ਇਜ਼ਰਾਇਲ ਨੂੰ ਸੰਯੁਕਤ ਰਾਸ਼ਟਰ ਵੱਲੋਂ ਭੇਜੀ ਜਾ ਰਹੀ ਖੁਰਾਕੀ ਮਦਦ ਨੂੰ ਅੰਸ਼ਕ ਰੂਪ ਵਿੱਚ ਖੋਲ੍ਹਣ ਲਈ ਮਜਬੂਰ ਕੀਤਾ ਹੈ, ਪਰ ਇਹ ਸਹਾਇਤਾ ਹਾਲਤ ਨੂੰ ਠੀਕ ਰੁਖ ਪ੍ਰਭਾਵਤ ਕਰਨ ਜੋਗਰੀ ਨਹੀਂ ਹੈ।
ਇੱਕ ਅੰਦਾਜ਼ੇ ਅਨੁਸਾਰ ਗਾਜ਼ਾ ਵਿੱਚ ਬੈਠੇ 17 ਹਜ਼ਾਰ ਫਲਿਸਤੀਨੀ ਬੱਚੇ ਤੇ ਔਰਤਾਂ, ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਹਰ ਆਏ ਦਿਨ ਇਸ ਨਾਲ ਮੌਤਾਂ ਵੀ ਹੋ ਰਹੀਆਂ ਹਨ। ਗਾਜ਼ਾ ਦੇ ਸਿਹਤ ਮੰਤਰੀ ਅਨੁਸਾਰ ਇੱਕ ਲੱਖ ਦੇ ਕਰੀਬ ਲੋਕ ਭੁੱਖਮਰੀ ਤੋਂ ਪ੍ਰਭਾਵਤ ਹਨ। ਇਜ਼ਰਾਇਲ ਅਤੇ ਅਮਰੀਕਾ ਵੱਲੋਂ ਸਾਂਝੇ ਤੌਰ ‘ਤੇ ਕਾਇਮ ਕੀਤੀ ਖੁਰਾਕ ਵੰਡ ਏਜੰਸੀ ਕੋਲ ਰਾਸ਼ਨ ਲੈਣ ਵਾਲੇ ਫਲਿਸਤੀਨੀਆਂ ‘ਤੇ ਇਜ਼ਰਾਇਲੀ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 1000 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਤਾਜ਼ਾ ਗਾਜ਼ਾ ਜੰਗ ਵਿੱਚ ਤਕਰੀਬਨ 60 ਹਜ਼ਾਰ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇੰਝ ਭੁੱਖ ਨਾਲ ਹੋ ਰਹੀਆਂ ਮੌਤਾਂ ਕਾਰਨ ਮਰ ਰਹੇ ਲੋਕ ਵੀ ਇੱਕ ਤਰ੍ਹਾਂ ਨਾਲ ਜੰਗ ਦੀ ਹੀ ਭੇਟ ਚੜ੍ਹ ਰਹੇ ਹਨ।
ਇਜ਼ਰਾਇਲ ਵਿੱਚ ਛਪਦੇ ਇੱਕ ਅੰਗਰੇਜ਼ੀ ਅਖਬਾਰ ‘ਹਾਰੇਟਜ਼’ ਨੇ ਆਪਣੇ ਇੱਕ ਖ਼ਬਰ ਵਿਸ਼ਲੇਸ਼ਣ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿੱਚ ਭੁੱਖਮਰੀ ਵਰਗੇ ਹਾਲਤ ਪੈਦਾ ਕਰਨ ਲਈ ਇੱਕ ਨਿਕਟ ਸਹਿਯੋਗੀ ਦੀ ਭੂਮਿਕਾ ਨਿਭਾਈ ਹੈ। ਯਾਦ ਰਹੇ, ਕੁਝ ਸਮਾਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਗਾਜ਼ਾ ਪੱਟੀ ਦੇ ਲੋਕਾਂ ਨੂੰ ਨਾਲ ਲਗਦੇ ਮੁਲਕਾਂ ਜਿਵੇਂ ਮਿਸਰ, ਜਾਰਡਨ, ਲੈਬਨਾਨ ਅਤੇ ਸੀਰੀਆ ਵਿੱਚ ਚਲੇ ਜਾਣਾ ਚਾਹੀਦਾ ਹੈ। ਗਾਜ਼ਾ ਪੱਟੀ ਨਾਲ ਲਗਦੇ ਸਮੁੰਦਰੀ ਕੰਢੇ ਨੂੰ ਟਰੰਪ ਵੱਲੋਂ ਖੂਬਸੂਰਤ ਹੋਟਲ ਇੰਡਸਟਰੀ (ਰਵੇਰਾ) ਲਈ ਵਰਤਣ ਦੀ ਸਲਾਹ ਦਿੱਤੀ ਗਈ ਸੀ। ਫਲਿਸਤੀਨੀ ਲੋਕਾਂ ਨੂੰ ਹੁਣ ਜਾਪਣ ਲੱਗ ਪਿਆ ਹੈ ਕਿ ਇਜ਼ਰਾਇਲ ਅਤੇ ਅਮਰੀਕਾ ਗਾਜ਼ਾ ਪੱਟੀ ਵਿੱਚੋਂ ਫਲਿਸਤੀਨੀਆਂ ਨੂੰ ਪੂਰੀ ਤਰ੍ਹਾਂ ਖਦੇੜਨਾ ਚਾਹੁੰਦੇ ਹਨ। ਕਿਸੇ ਖਿੱਤੇ ਵਿੱਚ ਇੱਕ ਕੌਮ ਦੇ ਇਸ ਮੁਕੰਮਲ ਖਾਤਮੇ ਨੂੰ ਨਸਲਕੁਸ਼ੀ ਦਾ ਨਾਂ ਹੀ ਦਿੱਤਾ ਜਾ ਸਕਦਾ ਹੈ।
ਡਾਕਟਰ ਵਿਦਾਊਟ ਬਾਰਡਰ ਵਰਗੀ ਸੰਸਥਾ ਨੇ ਭੁੱਖਮਰੀ ਨੂੰ ਇਜ਼ਰਾਇਲ ਵੱਲੋਂ ਇੱਕ ਪੂਰੀ ਕੌਮ ਦੀ ਨਸਲਕੁਸ਼ੀ ਦਾ ਹਿੱਸਾ ਹੀ ਮੰਨਿਆ ਹੈ। ਗਾਜ਼ਾ ਵਿੱਚ ਫੈਲੀ ਇਸ ਭੁੱਖਮਰੀ ਨਾਲ ਬੀਮਾਰ ਪਏ ਬੱਚਿਆਂ ਤੇ ਲੋਕਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪ ਰਹੀਆਂ ਹਨ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਵਿਖਾਈਆਂ ਜਾ ਰਹੀਆਂ ਹਨ ਤੇ ਸਾਰੀ ਦੁਨੀਆਂ ਇਸ ਦੀ ਚਰਚਾ ਕਰ ਰਹੀ ਹੈ। ਦੁਨੀਆਂ ਭਰ ਵਿੱਚ ਇਸ ਹਾਲਤ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ। ਇੱਥੋਂ ਤੱਕ ਪੱਛਮ ਦੇ ਮੁਲਕਾਂ ਵਿੱਚ ਵੀ ਹਾਲਤ ਇਹ ਹਨ ਕਿ ਸਰਕਾਰਾਂ ਲੋਕਾਂ ਦੇ ਦਬਾਅ ਹੇਠ ਜ਼ਬਾਨੀ ਕਲਾਮੀ ਗਾਜ਼ਾ ਜੰਗ ਵੱਲੋਂ ਪੈਦਾ ਕੀਤੇ ਗਏ ਭੁੱਖਮਰੀ ਵਾਲੇ ਹਾਲਾਤ ‘ਤੇ ਚਿੰਤਾ ਪ੍ਰਗਟ ਕਰ ਰਹੀਆਂ ਹਨ; ਪਰ ਨਾਲ ਹੀ ਇਜ਼ਰਾਇਲ ਨੂੰ ਇਸ ਜੰਗ ਲਈ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਹਨ। ਅਰਬ ਅਤੇ ਹੋਰ ਮੁਸਲਿਮ ਦੇਸ਼ਾਂ ਨਾਲ ਸੰਬੰਧਤ ਹਕੂਮਤਾਂ ਭਾਵੇਂ ਅਮਰੀਕਾ ਰਾਹੀਂ ਇਜ਼ਰਾਇਲ ਦੇ ਹੱਕ ਵਿੱਚ ਭੁਗਤ ਰਹੀਆਂ ਹਨ, ਪਰ ਇਨ੍ਹਾਂ ਦੇਸ਼ਾਂ ਦੇ ਲੋਕ ਇਜ਼ਰਾਇਲ ਵੱਲੋਂ ਫਲਿਸਤੀਨ ਵਿਰੁਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਖਿਲਾਫ ਗੁੱਸੇ ਨਾਲ ਭਰੇ ਪਏ ਹਨ, ਤੇ ਆਪਣੀਆਂ ਤਾਨਾਸ਼ਾਹ ਹਕੂਮਤਾਂ ਨੂੰ ਫਲਿਸਤੀਨੀਆਂ ਦੀ ਨਸਲਕੁਸ਼ੀ ਖਿਲਾਫ ਪ੍ਰਭਾਵੀ ਢੰਗ ਨਾਲ ਖੜ੍ਹੇ ਹੋਣ ਲਈ ਸਹਿਮਤ ਕਰਨ ਤੋਂ ਅਸਮਰੱਥ ਹਨ।
ਇਜ਼ਰਾਇਲ ਵੱਲੋਂ ਹਾਲੇ ਵੀ ਗਾਜ਼ਾ ਵਿੱਚ ਫੈਲੀ ਭੁੱਖਮਰੀ ਵਰਗੀ ਸਥਿਤੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹਾਲਾਤ ਇੱਥੋਂ ਤੱਕ ਬਦਤਰ ਹੋ ਚੁੱਕੇ ਹਨ ਕਿ ਇੱਥੇ ਕੰਮ ਕਰ ਰਹੇ ਡਾਕਟਰ ਅਤੇ ਹੋਰ ਮੈਡੀਕਲ ਅਮਲਾ ਵੀ ਖੁਰਾਕ ਦੀ ਕਮੀ ਦਾ ਸ਼ਿਕਾਰ ਹੋ ਰਿਹਾ ਹੈ। ਖੁਰਾਕ ਦੀ ਕਮੀ ਕਾਰਨ ਡਾਕਟਰ ਵੀ ਬਿਮਾਰ ਅਤੇ ਬੇਹੋਸ਼ ਹੋ ਰਹੇ ਹਨ। ਇੱਥੇ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਕਰਮਚਾਰੀਆਂ ਨੂੰ ਖੁਰਾਕੀ ਥੁੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇਜ਼ਰਾਇਲ ਨਾਲ ਸੰਬਧਤ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਗਾਜ਼ਾ ਵਿੱਚ ਜੋ ਕੁਝ ਹੋ ਰਿਹਾ ਹੈ, ਇਸ ਨੂੰ ਨਸਲਕੁਸ਼ੀ ਤੋਂ ਬਿਨਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਦਰਮਿਆਨ ਇਜ਼ਰਾਇਲ ਦੀ ਰਾਜਧਾਨੀ ਤਲਅਵੀਵ ਵਿੱਚ ਇਜ਼ਰਾਇਲ ਦੇ ਆਮ ਸ਼ਹਿਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਗਾਜ਼ਾ ਵਿੱਚ ਫਲਿਸਤਾਨੀਆ ਦੇ ਕੀਤੇ ਜਾ ਰਹੇ ਨਰਸੰਘਾਰ ਅਤੇ ਜੰਗ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਹਮਾਸ ਕੋਲ ਬੰਧਕ ਬਣਾਏ ਗਏ ਇਜ਼ਰਾਇਲੀਆਂ ਦੀ ਘਰ ਵਾਪਸੀ ਦੀ ਵੀ ਇਹ ਲੋਕ ਮੰਗ ਕਰ ਰਹੇ ਸਨ। ਯੂਰਪੀਅਨ ਮੁਲਕ ਖਾਸ ਕਰਕੇ ਬਰਤਾਨੀਆ, ਫਰਾਂਸ ਤੇ ਇਟਲੀ ਨੇ ਗਾਜ਼ਾ ਵਿੱਚ ਪੈਦਾ ਹੋਈ ਭੁੱਖਮਰੀ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਸੰਯੁਕਤ ਰਾਸ਼ਟਰ ਵੱਲੋਂ ਭੇਜੀ ਜਾ ਰਹੀ ਖੁਰਾਕੀ ਸਹਾਇਤਾ ਨੂੰ ਖੋਲ੍ਹਣ ਦੀ ਅਪੀਲ ਕੀਤੀ ਹੈ। ਯਾਦ ਰਹੇ, ਸੀਰੀਆ ਅਤੇ ਲੈਬਨਾਨ ਨਾਲ ਲਗਦੇ ਬਾਰਡਰ ‘ਤੇ ਸੰਯੁਕਤ ਰਾਸ਼ਟਰ ਏਡ ਏਜੰਸੀ ਨਾਲ ਸੰਬੰਧਤ ਹਜ਼ਾਰਾਂ ਟਰੱਕ ਕਈ ਮਹੀਨਿਆਂ ਤੋਂ ਇਜ਼ਰਾਇਲੀ ਫੌਜ ਨੇ ਰੋਕੇ ਹੋਏ ਹਨ। ਇੱਕ ਅੰਦਾਜ਼ੇ ਅਨੁਸਾਰ ਗਾਜ਼ਾ ਪੱਟੀ ਵਿੱਚ ਵੱਸਦੇ ਫਲਿਸਤੀਨੀ ਲੋਕਾਂ ਦੀ ਖੁਰਾਕ ਪੂਰਤੀ ਲਈ ਇੱਕ ਹਜ਼ਾਰ ਟਰੱਕ ਰੋਜ਼ਾਨਾ ਇੱਥੇ ਪੁੱਜਣੇ ਚਾਹੀਦੇ ਹਨ। ਇਜ਼ਰਾਇਲੀ ਫੌਜ ਲਾਂਘਾ ਖੋਲ੍ਹ ਦੇਵੇ ਤਾਂ ਇਹ ਸਹਾਇਤਾ ਪੁੱਜਣੀ ਅਸੰਭਵ ਨਹੀਂ ਹੈ।
ਇਸ ਦੌਰਾਨ ਇੰਗਲੈਂਡ ਦੇ ਸਕਾਟਲੈਂਡ ਵਿੱਚ ਛੁੱਟੀਆਂ ਬਿਤਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਫਲਿਸਤੀਨ ਵਿੱਚ ਭੁੱਖਮਰੀ ਵਾਲੇ ਹਾਲਤਾਂ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਟੈਲੀਵਿਜ਼ਨ ਮੀਡੀਆ ਰਾਹੀਂ ਫਲਿਸਤੀਨੀ ਬੱਚਿਆਂ ਦੀਆਂ ਜਿਸ ਕਿਸਮ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ, ਉਹ ਭੁੱਖ ਮਰੀ ਨਾਲ ਜੂਝਦੇ ਦਿਸਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਫੈਲੀ ਭੁੱਖਮਰੀ ਦੇ ਮੁੱਦੇ ‘ਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲੋਂ ਸਪਸ਼ਟ ਤੌਰ ‘ਤੇ ਵੱਖਰਾ ਸਟੈਂਡ ਲੈ ਲਿਆ ਹੈ। ਯਾਦ ਰਹੇ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗਾਜ਼ਾ ਵਿੱਚ ਕੋਈ ਭੁੱਖਮਰੀ ਨਹੀਂ ਹੈ। ਦੂਜੇ ਪਾਸੇ ਬੀਤੇ ਸੋਮਵਾਰ ਮੀਡੀਏ ਨਾਲ ਇੱਕ ਰੂਬਰੂ ਵਿੱਚ ਟਰੰਪ ਨੇ ਕਿਹਾ ਕਿ ਯੂਰਪੀਅਨ ਮਿੱਤਰ ਦੇਸ਼ਾਂ ਨਾਲ ਮਿਲ ਕੇ ਉਹ ਗਾਜ਼ਾ ਵਿੱਚ ਖੁਰਕੀ ਵਸਤਾਂ ਸਪਲਾਈ ਕਰਨ ਵਾਲੇ ਕੇਂਦਰ ਸਥਾਪਤ ਕਰਨਗੇ; ਪਰ ਸਿਤਮਜ਼ਰੀਫੀ ਇਹ ਹੈ ਕਿ ਗਾਜ਼ਾ ਜੰਗ ਨੂੰ ਖਤਮ ਕਰਨ ਅਤੇ ਸੰਯੁਕਤ ਰਾਸ਼ਟਰ ਵੱਲੋਂ ਭੇਜੀ ਜਾ ਰਹੀ ਮਦਦ ਨੂੰ ਪੂਰੀ ਤਰ੍ਹਾਂ ਖੋਲ੍ਹਣ ਬਾਰੇ ਉਹ ਕੁਝ ਵੀ ਨਹੀਂ ਆਖ ਰਹੇ ਹਨ।
ਜਦੋਂ ਟਰੰਪ ਵੱਲੋਂ ਉਪਰੋਕਤ ਬਿਆਨ ਦਿੱਤਾ ਗਿਆ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੀ ਉਨ੍ਹਾਂ ਦੇ ਨਾਲ ਸਨ। ਸਟਾਰਮਰ ਪਹਿਲਾਂ ਹੀ ਗਾਜ਼ਾ ਵਿੱਚ ਫੈਲੀ ਭੁੱਖਮਰੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਬਰਤਾਨੀਆ ਵੱਲੋਂ ਹਵਾਈ ਜਹਾਜ਼ਾਂ ਰਾਹੀਂ ਗਾਜ਼ਾ ਖਿੱਤੇ ਵਿੱਚ ਖੁਰਾਕੀ ਪੈਕੇਟ ਸੁੱਟੇ ਜਾ ਰਹੇ ਹਨ, ਪਰ ਫਲਿਸਤੀਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਆਸਮਾਨ ਤੋਂ ਵਰ੍ਹਾਈ ਜਾ ਰਹੀ ਇਹ ਖੁਰਾਕ ਗਾਜ਼ਾ ਵਿੱਚ ਫੈਲੀ ਭੁੱਖਮਰੀ ਲਈ ਬੇਹੱਦ ਨਾਕਾਫੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਤਕਰੀਬਨ ਇੱਕ ਲੱਖ ਲੋਕ ਭੁੱਖਮਰੀ ਤੋਂ ਪ੍ਰਭਾਵਤ ਹਨ। ਇਸ ਦੌਰਾਨ ਜਰਮਨੀ, ਫਰਾਂਸ ਅਤੇ ਇੰਗਲੈਂਡ ਨੇ ਆਪਣੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਫਲਿਸਤੀਨੀ ਸਟੇਟ ਨੂੰ ਮਾਨਤਾ ਦਿੱਤੀ ਜਾਵੇਗੀ। ਇੰਗਲੈਂਡ ਦੇ ਰਾਸ਼ਟਰਪਤੀ ਕੀਰ ਸਟਾਰਮਰ ਨੇ ਕਿਹਾ, ‘ਬਰਤਾਨਵੀ ਲੋਕ ਜੋ ਕੁਝ ਟੈਲੀਵਿਜ਼ਨ ਸਕਰੀਨਾਂ ‘ਤੇ ਵੇਖ ਰਹੇ ਹਨ, ਉਸ ਨਾਲ ਲੋਕਾਂ ਵਿੱਚ ਇੱਕ ਰੋਹ ਪੈਦਾ ਹੋ ਰਿਹਾ ਹੈ।’ ਇਸ ਸਾਰੇ ਕੁਝ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫਲਿਸਤੀਨੀ ਸਟੇਟ ਨੂੰ ਮਾਨਤਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ।
ਹਮਾਸ ਨੇ ਯੂਰਪੀਅਨ ਮੁਲਕਾਂ ਦੇ ਆਗੂਆਂ ਨੂੰ ਦੋਗਲੇ ਕਰਾਰ ਦਿੱਤਾ ਹੈ। ਹਮਾਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਵੱਲੋਂ ਜੰਗਬੰਦੀ ਲਈ ਕੀਤੀ ਜਾ ਰਹੀ ਗੱਲਬਾਤ ਬੰਦ ਕਰਨ ‘ਤੇ ਹੈਰਾਨੀ ਹੋਈ ਹੈ; ਪਰ ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨੀਂ ਕਿਹਾ ਕਿ ਹਮਾਸ ਸਮਝੌਤੇ ਵਾਲੀ ਗੱਲਬਾਤ ‘ਤੇ ਅੱਗੇ ਵਧਣ ਲਈ ਰਾਜ਼ੀ ਨਹੀਂ ਹੈ। ਯਾਦ ਰਹੇ, ਹਮਾਸ ਕੋਲ ਹਾਲੇ ਵੀ ਇਜ਼ਰਾਇਲ `ਤੇ ਹਮਲੇ ਦੌਰਾਨ ਅਗਵਾ ਕੀਤੇ ਗਏ 50 ਬੰਦੀ ਮੌਜੂਦ ਹਨ, ਜਿਨ੍ਹਾਂ ਨੂੰ ਛੱਡਣ ਬਦਲੇ ਹਮਾਸ ਵੱਲੋਂ ਗਾਜ਼ਾ ਜੰਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਅਤੇ ਇਜ਼ਰਾਇਲੀ ਫੌਜ ਨੂੰ ਖਿੱਤੇ ਵਿੱਚੋਂ ਵਾਪਸ ਭੇਜਣ ਅਤੇ ਫਲਿਸਤੀਨੀ ਲੋਕਾਂ ਲਈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ ਭੇਜੀ ਜਾ ਰਹੀ ਸਹਾਇਤਾ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਹਮਾਸ ਨੂੰ ਪੂਰੀ ਤਰ੍ਹਾਂ ਖਤਮ ਕੀਤੇ ਬਿਨਾ ਜੰਗ ਨੂੰ ਖਤਮ ਕਰਨ ਅਤੇ ਆਪਣੀਆਂ ਫੌਜਾਂ ਪਿੱਛੇ ਹਟਾਉਣ ਲਈ ਰਾਜ਼ੀ ਨਹੀਂ ਹਨ। ਉਹ ਸਿਰਫ ਕੁਝ ਸਮੇਂ ਲਈ ਜੰਗਬੰਦੀ ਲਈ ਹੀ ਹਾਮੀ ਭਰ ਰਹੇ ਹਨ।
ਇਸ ਦੌਰਾਨ ਉਂਝ ਇੱਕ ਮਹੱਤਵਪੂਰਨ ਘਟਨਾਕ੍ਰਮ ਇਹ ਸਾਹਮਣੇ ਆਇਆ ਹੈ ਕਿ ਬਰਤਾਨਵੀ ਪਾਰਲੀਮੈਂਟ ਦੇ 200 ਮੈਂਬਰਾਂ ਨੇ ਇੱਕ ਪੱਤਰ ‘ਤੇ ਦਸਤਖਤ ਕਰਕੇ ਫਲਿਸਤੀਨੀ ਸਟੇਟ ਨੂੰ ਤੁਰੰਤ ਮਾਨਤਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੀ ਇਸ ਚਿੱਠੀ ਵਿੱਚ ਲਿਖਿਆ ਕਿ ਫਲਿਸਤੀਨ ਵਿੱਚ ਭੁੱਖਮਰੀ ਵਾਲੇ ਹਾਲਾਤ ਬਿਆਨ ਤੋਂ ਬਾਹਰ ਹਨ। ਫਰਾਂਸ ਦੇ ਪ੍ਰਧਾਨ ਮੰਤਰੀ ਇਮੈਨੂਅਲ ਮੈਕਰੋਨ ਨੇ ਵੀ ਪਿਛਲੇ ਹਫਤੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਫਲਿਸਤੀਨ ਨੂੰ ਇੱਕ ਪ੍ਰਭੂਸੱਤਾ ਸੰਪਨ ਸਟੇਟ ਵਜੋਂ ਮਾਨਤਾ ਦੇਵੇਗਾ। ਟਰੰਪ ਨੇ ਬੀਤੇ ਐਤਵਾਰ ਕਿਹਾ ਕਿ ਉਨ੍ਹਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਸੰਸਾਰ ਵਿੱਚ ਵਿਰੋਧ ਬਹੁਤ ਜ਼ਿਆਦਾ ਵਧ ਗਿਆ ਹੈ, ਇਸ ਲਈ ਉਸ ਨੂੰ ਹਮਾਸ ਨਾਲ ਨਿਪਟਣ ਲਈ ਕੋਈ ਹੋਰ ਤਰੀਕਾ ਅਪਨਾਉਣਾ ਹੋਏਗਾ।