ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ:+91-9463062603
ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡੀ ਜਾਂਦੀ ਸਿਆਸਤ ਦੀ ਖੇਡ ਉੱਪਰ ਇੱਕ ਸਰਸਰੀ ਜਿਹੀ ਨਜ਼ਰ ਮਾਰਦਿਆਂ ਇੱਕ ਵਰਤਾਰਾ ਬੜੇ ਹੀ ਸਹਿਜ ਰੂਪ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਸਿਆਸਤ ਦੇ ਗਲਿਆਰਿਆਂ ਵਿੱਚ ਸਰਗਰਮ ਧਿਰਾਂ ਦੀ ਜਿਹੋ ਜਿਹੀ ਬਿਰਤੀ ਹੋਵੇਗੀ, ਉਸ ਬਿਰਤੀ ਵਿੱਚੋਂ ਉਪਜੇ ਉਹੋ ਜਿਹੇ ਮੁੱਦਿਆਂ ਉੱਪਰ ਸਿਆਸੀ ਆਗੂ ਆਪਣੀ ਸਿਆਸੀ ਰਣਨੀਤੀ ਤੈਅ ਕਰਨਗੇ ਅਤੇ ਆਪਣੇ-ਆਪਣੇ ਪੱਖਾਂ ਨੂੰ ਉਭਾਰਨ ਤੇ ਸਹੀ ਸਾਬਤ ਕਰਨ ਲਈ ਸਿਆਸੀ ਆਗੂ ਹਮੇਸ਼ਾ ਮਨਭਾਉਂਦੇ, ਮਨਘੜਤ ਤੇ ਅਸਲੀਅਤ ਤੋਂ ਕੋਹਾਂ ਦੂਰ ਬਿਰਤਾਂਤ ਸਿਰਜ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਖੇੜਿਆਂ ਦੀ ਭੱਠੀ ਵਿੱਚ ਪਲਕ ਝਪਕਦਿਆਂ ਝੋਕ ਦੇਣਗੇ।
ਬੇਸ਼ੱਕ ਲੋਕਤੰਤਰ ਦੇ ਯੁੱਗ ਵਿੱਚ ਜਨਤਾ ਜਨਾਰਦਨ ਹੀ ਸਰਵਉਚ ਮੰਨੀ ਜਾਂਦੀ ਹੈ, ਪਰ ਵਾਸਤਵਿਕ ਰੂਪ ਵਿੱਚ ਸਿਆਸੀ ਲੋਕਾਂ ਵਲੋਂ ਜਨਤਾ ਦੀ ਅਕਲ ਉੱਪਰ ਪਰਦੇ ਪਾ ਕੇ ਆਪਣੇ ਸੌੜੇ ਸਿਆਸੀ ਮੁਫਾਦ ਲਈ ਹਰ ਪੜਾਅ ਉਤੇ ਜਨਤਾ ਨੂੰ ਭੇਡਾਂ ਦੀ ਤਰ੍ਹਾਂ ਇਸਤੇਮਾਲ ਕਰਨਾ ਹਮੇਸ਼ਾ ਤੋਂ ਖੁੰਢ ਸਿਆਸਤਦਾਨਾਂ ਦਾ ਰੋਜ਼ਮੱਰ੍ਹਾ ਦਾ ਪਸੰਦੀਦਾ ਰੁਝੇਵਾਂ ਰਿਹਾ ਹੈ। ਉਨ੍ਹਾਂ ਵਲੋਂ ਜਾਣ-ਬੁੱਝ ਕੇ ਅਜਿਹੇ ਬਿਰਤਾਂਤ ਸਿਰਜੇ ਜਾਂਦੇ ਹਨ, ਜਿਸ ਨਾਲ ਮਸਲੇ ਪਹਿਲਾਂ ਨਾਲੋਂ ਹੋਰ ਵਧੇਰੇ ਉਲਝਣ, ਲੋਕਾਂ ਦੇ ਆਪਸੀ ਵਖਰੇਵੇਂ ਵਧਣ, ਉਨ੍ਹਾਂ ਲਈ ਹੋਰ ਨਵੇਂ ਬਖੇੜੇ ਖੜ੍ਹੇ ਹੋਣ ਅਤੇ ਸਿਆਸਤ ਦੇ ਪਿੜ ਵਿੱਚ ਹਰ ਦੁੱਕੀ-ਤਿੱਕੀ ਇੱਕ ਦਿਨ ਸਿਰਕੱਢਵਾਂ ਸਿਆਸੀ ਆਗੂ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕੇ। ਅਜੋਕੇ ਯੁੱਗ ਵਿੱਚ ਤਾਂ ਸੋਸ਼ਲ ਮੀਡੀਆ ਅਤੇ ਸੋਸ਼ਲ ਨੈੱਟਵਰਕਿੰਗ ਨੇ ਸਥਾਪਿਤ ਤੇ ਨਵੇਂ-ਨਵੇਂ ਉੱਭਰ ਰਹੇ ਰਾਜਨੀਤਿਕ ਆਗੂਆਂ ਅਤੇ ਆਮ ਲੋਕਾਂ ਨੂੰ ਬਿਨਾ ਸੋਚੇ ਸਮਝੇ ਦੂਜਿਆਂ ਦੀ ਕਿਰਦਾਰਕੁਸ਼ੀ ਕਰਨ, ਦੂਸਰਿਆਂ ਉੱਪਰ ਚਿੱਕੜ ਸੁੱਟਣ ਤੇ ਇਲਜ਼ਾਮਤਰਾਸ਼ੀ ਕਰਨ ਅਤੇ ਆਪਣੇ ਵਲੋਂ ਘੜੇ ਹੋਏ ਬਿਰਤਾਂਤਾਂ ਨੂੰ ਜਨਤਾ ਦੀ ਆਵਾਜ਼ ਵਜੋਂ ਪੇਸ਼ ਕਰਨ ਲਈ ਇੱਕ ਅਜਿਹਾ ਕਾਰਗਰ ਪਲੈਟਫਾਰਮ ਪ੍ਰਦਾਨ ਕਰ ਦਿੱਤਾ ਹੈ ਕਿ ਹੁਣ ਹਰ ਕੋਈ ਵੀ ਲੱਲੀ ਛੱਲੀ ਖੁਦ ਨੂੰ ਲੋਕਾਂ ਦਾ ‘ਮਸੀਹਾ’, ‘ਧਾਕੜ’, ‘ਦਲੇਰ’, ‘ਬੇਬਾਕ’, ‘ਜੋਸ਼ੀਲਾ’, ‘ਰੋਸ਼ਨ ਦਿਮਾਗ’ ਅਤੇ ‘ਦੂਰ-ਅੰਦੇਸ਼ ਆਗੂ’ ਸਾਬਿਤ ਕਰਨ ਦਾ ਦਾਅਵਾ ਪੇਸ਼ ਕਰ ਰਿਹਾ ਹੈ।
ਜੇ ਗੱਲ ਕੀਤੀ ਜਾਵੇ ਪੰਜਾਬ ਦੀ ਮੌਜੂਦਾ ਸਿਆਸਤ ਦੀ ਤਾਂ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਹੁਣ ਪੰਜਾਬ ਦੀ ਸਿਆਸਤ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੇ ਦਾਇਰਿਆਂ ਵਿੱਚੋਂ ਨਿਕਲ ਕੇ ਕਾਰਪੋਰੇਟ ਸ਼ੈਲੀ ਦੀ ਸਿਆਸਤ ਦਾ ਰੂਪ ਧਾਰ ਚੁਕੀ ਹੈ। ਧਰਾਤਲ ਨਾਲੋਂ ਸਿਰਿਉਂ ਹੀ ਟੁੱਟ ਕੇ ਪੰਜ ਤਾਰਾ ਹੋਟਲਾਂ ਵਿੱਚ ਰਾਜਨੀਤਕ ਰਣਨੀਤੀ ਘੜਨ ਵਾਲੇ ਸਿਰਕੱਢ ਸਿਆਸੀ ਪਰਿਵਾਰਾਂ ਦੇ ‘ਵਿਗੜੇ ਹੋਏ ਕਾਕਿਆਂ’ ਦੇ ਮਹਿੰਗੇ ਸਿਆਸੀ ਸ਼ੌਕ ਪੁਗਾਉਣ ਲਈ ਪੰਜਾਬ ਦੀ ਸਿਆਸਤ ਹੁਣ ਆਮ ਲੋਕਾਂ ਦੀਆਂ ਭਾਵਨਾਵਾਂ, ਸਰੋਕਾਰਾਂ ਅਤੇ ਦੁਖ-ਤਕਲੀਫਾਂ ਨੂੰ ਦਰਕਿਨਾਰ ਕਰ ਰਹੀ ਹੈ। ਪੰਥ ਦੀ ਦੁਰਗਤਿ ਅਤੇ ਗ੍ਰੰਥ ਦੀ ਬੇਅਦਬੀ ਕਰਵਾਉਣ ਤੋਂ ਵੀ ਗੁਰੇਜ਼ ਨਾ ਕਰਨ ਵਾਲੀਆਂ ਸਿਆਸੀ ਧਿਰਾਂ, ਪੰਜਾਬ ਦੇ ਹਿੱਤਾਂ ਨੂੰ ਇੱਕ ਵਿਸ਼ੇਸ਼ ਧਰਮ ਦੇ ਹਿੱਤਾਂ ਦੇ ਰੂਪ ਵਿੱਚ ਪੇਸ਼ ਕਰਨ ਦੀ ਦੌੜ ਵਿੱਚ ਸ਼ਾਮਿਲ ਧਿਰਾਂ ਅਤੇ ਸਿਆਸੀ ਬਦਲਾਖ਼ੋਰੀ ਤਹਿਤ ਰਿਮੋਟ ਕੰਟਰੋਲ ਨਾਲ ਚਲਣ ਵਾਲੀਆਂ ਸਿਆਸੀ ਧਿਰਾਂ ਨੇ ਹਰ ਹੀਲੇ ਪੰਜਾਬ ਨਾਲ ਕੇਵਲ ਧ੍ਰੋਹ ਹੀ ਕਮਾਇਆ ਹੈ। ਹੱਸਦਾ-ਵੱਸਦਾ, ਤਰੱਕੀ ਪਸੰਦ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵੱਡੀ ਤੋਂ ਵੱਡੀ ਵੰਗਾਰ ਦਾ ਸਾਹਮਣਾ ਕਰਨ ਵਾਲਾ ਪੰਜਾਬ ਸ਼ਾਇਦ ਸਾਡੇ ਸਿਆਸੀ ਆਗੂਆਂ ਦੇ ਰਾਹਾਂ ਦਾ ਇੱਕ ਰੋੜਾ ਹੈ, ਤਾਹਿਉਂ ਤਾਂ ਹਰ ਸਿਆਸੀ ਧਿਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਤਮਾ ਨੂੰ ਵਲੂੰਧਰਨ ਵਿੱਚ ਕਦੇ ਰਾਈ ਮਾਤਰ ਵੀ ਝਿਜਕਦੀ ਤੱਕ ਨਹੀਂ ਹੈ।
ਸਾਨੂੰ ਸਾਡੇ ਆਪਣੇ ਹੀ ਅਖੌਤੀ ‘ਦੂਰ-ਦਰਸ਼ੀ ਸਿਆਸੀ ਨੇਤਾਵਾਂ’ ਨੇ ਆਪੋ-ਆਪਣੀ ਸੰਕਰੀਣ ਬਿਰਤੀ ਤਹਿਤ ਸਿਰਜੇ ਹੋਏ ਅਜਿਹੇ ਬਿਰਤਾਂਤਾਂ ਦੇ ਚੱਕਰਵਿਊ ਵਿੱਚ ਉਲਝਾ ਦਿੱਤਾ ਹੈ ਕਿ ਅੱਜ ਸਾਨੂੰ ਠੀਕ-ਗਲਤ ਅਤੇ ਸੱਚ-ਝੂਠ ਵਿਚਲਾ ਅੰਤਰ ਹੀ ਨਹੀਂ ਦਿੱਖ ਰਿਹਾ ਹੈ। ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਰਬਾਦ ਕਰਨ ਮਗਰੋਂ, ਸਾਡੇ ਸੱਭਿਆਚਾਰ ਨੂੰ ਦੂਸ਼ਿਤ ਕਰਨ ਤੋਂ ਬਾਅਦ ਆਰਥਿਕ ਤੌਰ ਉੱਪਰ ਸਾਡਾ ਲੱਕ ਤੋੜ ਕੇ ਪੰਜਾਬ ਨੂੰ ਸਿਆਸੀ ਤੌਰ ਉੱਪਰ ਹਰ ਪੱਖੋਂ ਅਪ੍ਰਸੰਗਿਕ ਬਣਾਉਣ ਲਈ ਹਰ ਪਾਸਿਉਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਅੱਜ ਵੀ ਸਾਡੇ ਸਿਆਸੀ ਆਗੂ ਡੀਂਗਾਂ ਮਾਰਨ, ਖੋਖਲੇ ਦਾਅਵੇ ਕਰਨ ਅਤੇ ਸਤਹੀ ਪੱਧਰ ਉਤੇ ਦਰਪੇਸ਼ ਵੰਗਾਰਾਂ ਨੂੰ ਅਣਗੌਲਿਆਂ ਕਰਨ ਵਿੱਚ ਬੇਹੱਦ ਮਸ਼ਰੂਫ ਹਨ। ਉਨ੍ਹਾਂ ਦੇ ਨਿੱਜੀ ਹਿੱਤ ਉਨ੍ਹਾਂ ਲਈ ਪੰਜਾਬ ਦੇ ਹਿੱਤਾਂ ਤੋਂ ਵੀ ਕਿਤੇ ਉੱਪਰ ਹਨ, ਮਜ਼ਹਬ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਨਿਸ਼ਚਿਤ ਤੌਰ ਉੱਪਰ ਉਨ੍ਹਾਂ ਦੀ ਸਿਆਸੀ ਰਣਨੀਤੀ ਦਾ ਇੱਕ ਅਟੁੱਟ ਹਿੱਸਾ ਹੈ; ਤੱਤੇ, ਫਿਰਕੂ ਤੇ ਭੜਕਾਊ ਭਾਸ਼ਣ ਦੇਣੇ ਉਨ੍ਹਾਂ ਦੀਆਂ ਸਿਆਸੀ ਖੇਡਾਂ ਦਾ ਇੱਕ ਅਹਿਮ ਅੰਗ ਹੈ ਅਤੇ ਆਮ ਲੋਕਾਂ ਨੂੰ ਰੀਂਗ-ਰੀਂਗ ਕੇ ਤੇ ਬੇਗੈਰਤ ਹੋ ਕੇ ਜਿਉਣ ਲਈ ਮਜ਼ਬੂਰ ਕਰਨਾ ਵੀ ਉਨ੍ਹਾਂ ਦੇ ਸਿਆਸੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਬੇਹੱਦ ਸਹਾਈ ਸਾਬਤ ਹੋ ਰਿਹਾ ਹੈ।
ਸਾਨੂੰ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਇਹ ਸੋਚਣ ਦੀ ਬੇਹੱਦ ਜ਼ਰੂਰਤ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਕਥਨ ‘ਪੰਜਾਬ ਜੀਉਂਦਾ ਗੁਰਾਂ ਦੇ ਨਾਂ ‘ਤੇ’ ਕੇਵਲ ਇੱਕ ਕਥਨ ਮਾਤਰ ਹੀ ਨਹੀਂ ਹੈ, ਸਗੋਂ ਇਹ ਆਪਣੇ ਆਪ ਵਿੱਚ ਇੱਕ ਹਲੂਣਾ, ਪ੍ਰੇਰਣਾ ਅਤੇ ਪੇਸ਼ੀਨਗੋਈ ਵੀ ਹੈ। ਜਦੋਂ ਤੱਕ ਅਸੀਂ ਉਸ ਜੀਵਨ ਸ਼ੈਲੀ ਨੂੰ ਅਪਣਾਉਣ ਵਿੱਚ ਕੁਤਾਹੀ ਕਰਾਂਗੇ, ਜਿਸ ਜੀਵਨ ਜਾਚ ਨੂੰ ਅਪਣਾਉਣ ਦਾ ਹੋਕਾ ਸਾਡੇ ਵੱਡੇ-ਵਡੇਰਿਆਂ ਅਤੇ ਗੁਰੂਆਂ ਨੇ ਦਿੱਤਾ ਸੀ, ਤਦ ਤੱਕ ਅਸੀਂ ਇਉਂ ਹੀ ਜ਼ਲੀਲ ਅਤੇ ਖ਼ੁਆਰ ਹੁੰਦੇ ਰਹਾਂਗੇ। ਪੰਜਾਬੀਆਂ ਨੂੰ ਇਹ ਸਮਝਣ ਦੀ ਬੇਹੱਦ ਜ਼ਰੂਰਤ ਹੈ ਕਿ ਸਾਡੇ ਸਿਆਸੀ ਆਗੂ ਉਹੋ ਜਿਹੇ ਹੀ ਹੋਣਗੇ, ਜਿਹੋ ਜਿਹਾ ਪੰਜਾਬ ਦਾ ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਮੰਜ਼ਰ ਹੋਵੇਗਾ। ਜਦੋਂ ਤੱਕ ਸਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਤ-ਬਰਾਦਰੀਆਂ ਆਧਾਰਿਤ ਵੰਡੀਆਂ, ਧਾਰਮਿਕ ਕੁੜੱਤਣ ਅਤੇ ਆਰਥਿਕ ਨਾਬਰਾਬਰੀ ਸਿਰ ਚੜ੍ਹ ਬੋਲੇਗੀ; ਜਦੋਂ ਤੱਕ ਅਸੀਂ ਆਪਣੇ ਪੌਣ-ਪਾਣੀਆਂ, ਆਪਣੀਆਂ ਫ਼ਸਲਾਂ ਤੇ ਨਸਲਾਂ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰਾਖੇ ਅਤੇ ਗੁਰੂਆਂ ਦੇ ਬਚਨਾਂ ਉੱਪਰ ਪਹਿਰਾ ਦੇਣ ਵਾਲੇ ਨਹੀਂ ਬਣਾਂਗੇ, ਤੱਦ ਤੱਕ ਅਸੀਂ ਲੂੰਬੜ ਚਾਲਾਂ ਘੜ੍ਹਨ ਦੇ ਸਮਰੱਥ, ਰਾਜਨੀਤਕ ਸੂਝ-ਬੂਝ ਤੋਂ ਸੱਖਣੇ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਦੋਖੀਆਂ ਤੇ ਸ਼ਾਤਰ ਦਿਮਾਗ ਰਾਜਨੀਤਕ ਆਗੂਆਂ ਵਲੋਂ ਸਿਰਜੇ ਹੋਏ ਨਕਾਰਾਤਮਕ ਬਿਰਤਾਂਤਾਂ ਤੇ ਆਪਣੀ ਅਧੂਰੀ ਸਮਝ ਅਨੁਸਾਰ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਰਹਾਂਗੇ। ਦਰਅਸਲ ਅੱਜ ਲੋੜ ਹੈ ਕਿ ਅਸੀਂ ਆਪਣੇ ਸਿਆਸੀ ਆਗੂਆਂ ਦੀ ਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਹਰ ਉਸ ਬਿਰਤਾਂਤ ਤੋਂ ਦੂਰ ਰਹਿਣ ਦਾ ਯਤਨ ਕਰੀਏ, ਜੋ ਪੰਜਾਬ ਅੰਦਰ ਨਿੱਤ ਨਵੇਂ ਬਖੇੜੇ ਕਰਨ ਦੇ ਸਮਰੱਥ ਹੈ।