ਡਾ. ਆਸਾ ਸਿੰਘ ਘੁੰਮਣ (ਨਡਾਲਾ)
ਫੋਨ: +91-9779853245
ਸਿੱਖ-ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਰੁਝਾਨ ਪਿਛਲੇ ਕਾਫੀ ਸਮੇਂ ਤੋਂ ਏਨਾ ਜ਼ੋਰ ਫੜ ਗਿਆ ਹੈ ਕਿ ਇਸ ਬਾਰੇ ਚਿੰਤਨ ਕਰਨ ਦੀ ਵੱਡੀ ਲੋੜ ਹੈ। ਪਹਿਲੀ ਗੱਲ ਤਾਂ ਇਹ ਕਿ ਸ਼ਤਾਬਦੀਆਂ ਮਨਾਈਆਂ ਹੀ ਕਿਉਂ ਜਾਣ? ਜੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਸੀਂ 550 ਸਾਲਾਂ ਵਿੱਚ ਨਹੀਂ ਦੇ ਸਕੇ ਤਾਂ ਸਾਢੇ ਪੰਜਾਂ ਦਿਨਾਂ ਵਿੱਚ ਦੇਣ ਵਿੱਚ ਕਿਵੇਂ ਕਾਮਯਾਬ ਹੋਣ ਦੀ ਉਮੀਦ ਕਰ ਸਕਦੇ ਹਾਂ? ਪਰ ਜੇ ਮਨਾਉਣੀਆਂ ਹੀ ਹਨ ਤਾਂ ਫਿਰ ਉਨ੍ਹਾਂ ਦੇ ਮਨਾਉਣ ਦਾ ਮਕਸਦ-ਮੰਤਵ ਕੀ ਹੈ ਅਤੇ ਉਸ ਮਕਸਦ-ਮੰਤਵ ਦੀ ਪ੍ਰਾਪਤੀ ਕਿੱਦਾਂ ਹੋਵੇ? ਸਾਡੇ ਕੋਲ ਸਪਸ਼ਟ ਨਿਸ਼ਾਨੇ ਹੋਣੇ ਚਾਹੀਦੇ ਹਨ।
‘ਕਿਵੇਂ ਮਨਾਈਏ?’ ਦਾ ਉੱਤਰ ਹੁਣ ਤੱਕ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਵਿਸ਼ਲੇਸ਼ਣ ਵਿੱਚੋਂ ਸਹਿਜੇ ਹੀ ਮਿਲ ਸਕਦਾ ਹੈ। ਸਾਡੇ ਜੀਵਨ ਕਾਲ ਵਿੱਚ ਸਭ ਤੋਂ ਪਹਿਲੀ ਵੱਡੀ ਜਨਮ-ਸ਼ਤਾਬਦੀ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਮਨਾਈ ਗਈ। ਉਸ ਤੋਂ ਬਾਅਦ ਸ਼ਤਾਬਦੀਆਂ ਮਨਾਉਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ ਗਿਆ- ਕਿਤੇ ਸਾਢੇ ਲਾ ਕੇ, ਕਿਤੇ ਪੌਣੇ ਲਾ ਕੇ ਅਤੇ ਕਿਤੇ ਸਵਾਏ ਲਾ ਕੇ। ਕਿਉਂਕਿ ਦਸ ਪਾਤਸ਼ਾਹੀਆਂ ਦੇ ਜਨਮ-ਉਤਸਵ, ਗੁਰਗੱਦੀ ਦਿਵਸ ਅਤੇ ਸ਼ਹੀਦੀ ਅਥਵਾ ਪਰਲੋਕ ਗਮਨ ਦਿਵਸ ਆਦਿ ਅਤੇ ਗੁਰ-ਪਰਿਵਾਰਾਂ ਨਾਲ ਸੰਬੰਧਿਤ ਘਟਨਾਵਾਂ ਨੂੰ ਅਜਿਹੇ ਮੌਕੇ ਸਿਰਜਣ ਲਈ ਸਹਿਜੇ ਹੀ ਵਰਤਿਆ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਤੋਂ ਬਾਅਦ 1999 ਵਿੱਚ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੀ ਤੀਸਰੀ ਸ਼ਤਾਬਦੀ ਬਹੁਤ ਵੱਡੇ ਪੱਧਰ ‘ਤੇ ਮਨਾਈ ਗਈ। ਭਾਵੇਂ ਕਿ ਪੰਜਾਬੋਂ ਬਾਹਰ ਵੀ ਮੌਕਾ-ਬ-ਮੌਕਾ ਸ਼ਤਾਬਦੀਆਂ ਦਾ ਅਯੋਜਨ ਵੱਡ-ਵਡੇਰੇ ਪੱਧਰ ‘ਤੇ ਹੁੰਦਾ ਰਿਹਾ, ਪਰ ਅੱਜ ਆਪਾਂ ਇਸ ਵਿਸ਼ੇ ਨੂੰ ਪੰਜਾਬ ਤੱਕ ਹੀ ਸੀਮਤ ਰੱਖਦੇ ਹਾਂ।
1999 ਤੋਂ ਬਾਅਦ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਯਾਦਗਾਰੀ ਢੰਗ ਨਾਲ ਮਨਾਇਆ ਗਿਆ। ਹਾਲਾਂ ਕਿ 1969 ਵਿਚਲੇ 500 ਸਾਲਾ ਅਤੇ 2019 ਵਿੱਚ ਮਨਾਏ 550 ਸਾਲਾ ਪ੍ਰਕਾਸ਼ ਪੁਰਬ ਦਾ ਮਿਲਾਨ ਹੀ ਸਿੱਧ ਕਰ ਦਿੰਦਾ ਹੈ ਕਿ 50 ਸਾਲਾਂ ਵਿੱਚ ਧਾਰਮਿਕ, ਰਾਜਨੀਤਕ, ਸਮਾਜਿਕ ਸੰਸਥਾਵਾਂ ਦੇ ਕਿਰਦਾਰ ਵਿੱਚ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਅਤੇ ਕਾਰਜ-ਸ਼ੈਲੀ ਵਿੱਚ ਕਿੱਡਾ ਵੱਡਾ ਨਿਘਾਰ ਆ ਚੁੱਕਾ ਹੈ। ਇਹ ਤੁਲਨਾ ਇਹ ਵੀ ਸਾਬਤ ਕਰ ਦਿੰਦੀ ਹੈ ਕਿ ਜਨਮ-ਸ਼ਤਾਬਦੀਆਂ ਮਨਾਉਣ ਦਾ ਅਸਲ ਮੰਤਵ ਕੀ ਰਹਿ ਗਿਆ ਹੈ!
ਇਹ ਸ਼ਤਾਬਦੀਆਂ ਮਨਾਉਣ ਵਿੱਚ ਮੁੱਖ ਤੌਰ ‘ਤੇ ਤਿੰਨ ਧਿਰਾਂ ਸ਼ਾਮਲ ਹੁੰਦੀਆਂ ਹਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ। ਉਪਰ ਦਿੱਤੀਆਂ ਸ਼ਤਾਬਦੀਆਂ ਦੇ ਪਹਿਲੇ ਦੋ ਮੌਕਿਆਂ ‘ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੂਰਨ ਤਾਲ-ਮੇਲ ਸੀ, ਜਦੋਂ ਕਿ ਤੀਸਰੇ ਮੌਕੇ `ਤੇ ਇਸਦੀ ਬਿਲਕੁਲ ਅਣਹੋਂਦ ਸੀ। ਹੁਣ ਤੱਕ ਦੀਆਂ ਮਨਾਈਆਂ ਗਈਆਂ ਜਨਮ ਸ਼ਤਾਬਦੀਆਂ ਵਿੱਚ 1969 ਵਿੱਚ ਕੁਝ ਅਜਿਹੇ ਉੱਦਮ ਕੀਤੇ ਗਏ, ਜੋ ਅੱਜ ਵੀ ਸਾਡੇ ਸਮਾਜਿਕ, ਆਰਥਿਕ, ਅਕਾਦਮਿਕ ਤੇ ਸੱਭਿਆਚਾਰਕ ਜੀਵਨ ਨੂੰ ਪ੍ਰਭਾਵਤ ਕਰ ਰਹੇ ਹਨ। ਉਸ ਮੌਕੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਇਸ ਮੌਕੇ ‘ਤੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ 38 ਕਾਲਜ ਖੋਲ੍ਹੇ ਗਏ, ਜਿਸ ਨਾਲ ਪੰਜਾਬ ਵਿੱਚ ਵੱਡਾ ਵਿਦਿਅਕ ਉਭਾਰ ਆਇਆ। ਲੋਕਾਂ ਵਿੱਚ ਗੁਰੂ ਜੀ ਬਾਰੇ ਏਨਾ ਉਤਸ਼ਾਹ ਸੀ ਕਿ ਬਹੁਤ ਸਾਰੇ ਸ਼ਰਧਾਲੂਆਂ ਅਤੇ ਪੰਚਾਇਤਾਂ ਨੇ ਦਿਲ ਖੋਲ਼੍ਹ ਕੇ ਪੈਸੇ ਵੀ ਦਿੱਤੇ ਅਤੇ ਜ਼ਮੀਨਾਂ ਵੀ ਦਾਨ ਕੀਤੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ, ਪਿੰਡ ਪਿੰਡ ਵਿੱਚ ਬਿਜਲੀ ਪਹੁੰਚਾਈ ਗਈ ਅਤੇ ਹੋਰ ਕਈ ਦੂਰ-ਪ੍ਰਭਾਵੀ ਫੈਸਲੇ ਲਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ ਅਤੇ ਯੂਨੀਵਰਸਿਟੀਆਂ ਵੱਲੋਂ ਮਾਇਨੇ-ਖ਼ੇਜ਼ ਖੋਜ-ਪੁਸਤਕਾਂ ਲਿਖਵਾਈਆਂ ਗਈ। ਇਸ ਮੌਕੇ ‘ਤੇ ਸਾਰੇ ਹਿੰਦੁਸਤਾਨ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਪਹਿਲਾ ਮੌਕਾ ਸੀ, ਜਦੋਂ ਸਾਰੇ ਦੇਸ਼ ਵਿੱਚ ਇਸ ਗੁਰਪੁਰਬ ਦੀ ਗਜ਼ਟਿਡ ਛੁੱਟੀ ਕੀਤੀ ਗਈ।
1999 ਵਿੱਚ ਮਨਾਏ ਗਏ ਖਾਲਸਾ ਸਾਜਨਾ ਦਿਵਸ ਨੇ ਵੀ ਇੱਕ ਵਾਰੀ ਫੇਰ ਕੌਮੀ-ਝੁਣਝੁਣੀ ਲਗਾ ਦਿੱਤੀ। ਕੇਂਦਰ ਵਿੱਚ ਅਕਾਲੀ ਦਲ ਦੀ ਸਾਂਝ ਸੀ ਅਤੇ ਪੰਜਾਬ-ਸਿਆਸਤ ‘ਤੇ ਭਾਰੂ ਬਾਦਲ ਪਰਿਵਾਰ ਮੌਕੇ ਦੀ ਨਬਜ਼ ਭਾਂਪਦੇ ਹੋਏ ਪਰਵਾਸੀ ਗਰਮ ਧਾਰਾ ਨੂੰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਧੁਰੋਂ ਸਿੱਖ ਹਨ (ਇਸ ਮੌਕੇ ‘ਤੇ ਉਹ ਅੰਮ੍ਰਿਤਧਾਰੀ ਵੀ ਬਣੇ)। ਮੈਗਾ ਪ੍ਰੋਜੈਕਟ ਵਕਤ ਸਿਰ ਅਰੰਭੇ ਗਏ ਅਤੇ ਨੇਪਰੇ ਚਾੜ੍ਹੇ ਗਏ। ਅਨੰਦਪੁਰ ਸਾਹਿਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ‘ਵਾਈਟ ਸਿਟੀ’ ਵਜੋਂ ਚਮਕਣ ਦੀ ਖੁਸ਼-ਨਸੀਬੀ ਹਾਸਲ ਹੋਈ। ‘ਵਿਰਾਸਤੇ-ਖਾਲਸਾ’, ਅੱਠਵਾਂ ਅਜੂਬਾ (?) ਵਰਗੇ ਬਹੁ-ਕਰੋੜੀ ਪ੍ਰੋਜੈਕਟ ਇਨ੍ਹਾਂ ਸਮਾਗਮਾਂ ਦਾ ਵੱਡਾ ਹਾਸਲ ਬਣੇ। ਸੰਸਾਰ-ਭਰ ਦੀਆਂ ਮਹੱਤਵਪੂਰਨ ਸਿੱਖ-ਸ਼ਖਸੀਅਤਾਂ ਨੂੰ ਉਨ੍ਹਾਂ ਦੇ ਆਪੋ-ਆਪਣੇ ਖੇਤਰਾਂ ਵਿੱਚ ਸਾਰਥਿਕ ਯੋਗਦਾਨ ਪਾਉਣ ਵਾਸਤੇ ‘ਨਿਸ਼ਾਨ-ਏ-ਖਾਲਸਾ’ ਅਵਾਰਡ ਪ੍ਰਦਾਨ ਕੀਤੇ ਗਏ।
ਇਸ ਸਾਰੇ ਦੇ ਉਲਟ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਤਾਲ-ਮੇਲ ਦੀ ਅਣਹੋਂਦ ਕਰਕੇ ਬਹੁਤ ਕੁਝ ਐਸਾ ਵਾਪਰਿਆ, ਜੋ ਨਹੀਂ ਸੀ ਵਾਪਰਨਾ ਚਾਹੀਦਾ। ਉਸ ਮੌਕੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਸੀ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ। ਧਾਰਮਿਕ ਤੌਰ ‘ਤੇ ਅਕਾਲੀ ਦਲ ਭਾਰੂ ਸ਼੍ਰੋਮਣੀ ਕਮੇਟੀ ਵਿਚ, ਬਿਨਾਂ ਸ਼ੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਚੱਲਦੀ ਸੀ। ਤਾਲ-ਮੇਲ ਨਾ ਹੋਣ ਕਾਰਨ ਕੋਈ ਵੀ ਪ੍ਰੋਜੈਕਟ ਵਕਤ ਸਿਰ ਨਾ ਸ਼ੁਰੂ ਹੋ ਸਕਿਆ। ਤਿੰਨੇ ਧਿਰਾਂ ਆਪਣੀ ਆਪਣੀ ਪੀਪਣੀ ਵੱਖ-ਵੱਖ ਵਜਾਉਂਦੀਆਂ ਰਹੀਆਂ।
ਖ਼ੈਰ! ਫਿਰ ਵੀ ਇਸ ਪਿਛਾਂਹ-ਹੱਟਵੇਂ ਸ਼ਹਿਰ ਨੂੰ ਕੇਂਦਰ ਸਰਕਾਰ ਵੱਲੋਂ ਰੇਲਵੇ ਸਟੇਸ਼ਨ, ਪੰਜਾਬ ਸਰਕਾਰ ਵੱਲੋਂ ਬੱਸ ਅੱਡਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੇਬੇ ਨਾਨਕੀ ਨਿਵਾਸ ਵਰਗੀ ਸਰ੍ਹਾਂ ਨਸੀਬ ਹੋ ਗਈ। ਕੇਂਦਰ ਸਰਕਾਰ ਵੱਲੋਂ ਇਸ ਨੂੰ ਸਮਾਰਟ ਸਿਟੀ ਐਲਾਨੇ ਜਾਣ ਕਰਕੇ ਅੱਜ ਵੀ ਕੁਝ ਨਾ ਕੁਝ ਵਿਕਾਸ ਦਾ ਕੰਮ ਚੱਲਦਾ ਰਹਿੰਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਮੌਕੇ ‘ਤੇ ਐਲਾਨੇ ਗਏ ਮੈਡੀਕਲ ਕਾਲਜ ਦਾ ਕੰਮ ਵੀ ਕਪੂਰਥਲਾ ਵਿਖੇ ਚੱਲ ਰਿਹਾ ਹੈ। ਸੁਲਤਾਨਪੁਰ ਲੋਧੀ ਵਰਗਾ, ਪਿਛਾਂਹ ਹਟਵਾਂ, ਸੁੱਤ-ਉਨੀਂਦਾ ਸ਼ਹਿਰ ਕੁਝ ਸਮੇਂ ਲਈ ਜਾਗ ਉੱਠਿਆ। ਲੰਗਰ ਵਾਲੇ ਬਾਬਿਆਂ ਨੇ 550 ਪਕਵਾਨਾਂ ਵਾਲਾ ‘ਗੁਰੂ ਕਾ ਲੰਗਰ’ ਲਾਈ ਰੱਖਿਆ। ਪ੍ਰੰਤੂ ਅਫਸੋਸ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਲੱਖਾਂ ਹੀ ਰੁਪਏ ਆਪਣੇ ਆਪਣੇ ਸਮਾਗਮ ਸਥਾਨਾਂ ‘ਤੇ ਬਰਬਾਦ ਕੀਤੇ। ਸਮਾਗਮ ਸਥਾਨ ਭਾਵੇਂ ਮੁੱਖ ਤੌਰ ‘ਤੇ ਸੁਲਤਾਨਪੁਰ ਲੋਧੀ ਵਿਖੇ ਰਿਹਾ, ਪਰ ਕੋਰੀਡੋਰ ਦਾ ਉਦਘਾਟਨੀ ਸਮਾਰੋਹ ਕਰਤਾਰਪੁਰ ਵਿਖੇ ਅਯੋਜਿਤ ਕੀਤਾ ਗਿਆ। ਇਸ ਸ਼ੁਭ ਮੌਕੇ ਦਾ ਸਭ ਤੋਂ ਵੱਡਾ ਹਾਸਲ ਇਹੀ ਰਿਹਾ ਕਿ ਸਿੱਖਾਂ ਦੀ ਚਿਰੋਕਣੀ ਅਰਦਾਸ ਨੂੰ ਬੂਰ ਪਿਆ ਅਤੇ ਕਰਤਾਰਪੁਰ ਕੋਰੀਡੋਰ ਖੁਲ੍ਹ ਗਿਆ। ਪੰਜਾਬ ਸਰਕਾਰ ਵੱਲੋਂ 550 ‘ਨਾਮਵਰ’ ਵਿਅਕਤੀਆਂ ਨੂੰ ਪੀ.ਟੀ.ਯੂ. ਕਪੂਰਥਲਾ-ਜਲੰਧਰ ਵਿਖੇ ਰਾਤ ਨੂੰ ਡਿਨਰ ਸਮੇਤ ਸਨਮਾਨਿਤ ਕੀਤਾ ਗਿਆ। ਕਿਸੇ ਨੂੰ ਅੱਜ ਤੱਕ ਨਹੀਂ ਪਤਾ ਕਿ ਕਿਸ ਕਿਸ ਨੂੰ ਸਨਮਾਨਤ ਕੀਤਾ ਗਿਆ ਅਤੇ ਕਿਸ ਯੋਗਦਾਨ ਲਈ ਕੀਤਾ ਗਿਆ। ਫਰਿਸਤ ਵਿੱਚ ਸ਼ਾਮਲ ਬਹੁਤ ਸਾਰੇ ਵਿਅਕਤੀ ਇਸ ਮੌਕੇ ‘ਤੇ ਗੈਰ-ਹਾਜ਼ਰ ਰਹੇ। ਅਕਾਦਮਿਕ ਪੱਖੋਂ ਵੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦਾ ਕਾਫੀ ਮਾੜਾ ਹਾਲ ਰਿਹਾ: ਗੁਰੂ ਜੀ ਦੇ ਜੀਵਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਦੋਵੇਂ ਕਿਤਾਬਚੇ ਚੈiਲ਼ੰਜ ਹੋਣ ਕਰਕੇ ਰਿਲੀਜ਼ ਹੋਣ ਤੋਂ ਅਗਲੇ ਹੀ ਦਿਨ ਵਾਪਸ ਲੈਣੇ ਪਏ। ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਬਹੁ-ਮੁੱਲੀ ਪੁਸਤਕਾਂ ਅਨਪੜ੍ਹ ਸਿਆਸਤਦਾਨਾਂ ਤੱਕ ਹੀ ਸੀਮਤ ਰੱਖੀਆਂ ਗਈਆਂ। ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਵੱਖਰੀ ਵਿਚਾਰਧਾਰਾ ਅਤੇ ਸਥਾਨਕ ਸੰਪਰਦਾ ਮੁਖੀਆਂ ਅਤੇ ਵਿਦਵਾਨਾਂ ਨੂੰ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ। ਸਮਾਗਮਾਂ ਮੌਕੇ ਹਉਮੈ ਦੀ ਐਸੀ ਧੂਣੀ ਧੁਖੀ ਕਿ ਮੌਜੂਦਾ ਅਕਾਲੀ-ਦੁਫੇੜ ਵਿੱਚ ਉਹ ਪ੍ਰਭਾਵ ਅੱਜ ਵੀ ਅਸਰ-ਦੇਹ ਹਨ।
ਦੱਸਣ ਵਾਲੇ ਦੱਸਦੇ ਹਨ ਤੇ ਬੋਲਣ ਵਾਲੇ ਬੋਲਦੇ ਹਨ ਕਿ ਸ਼ਤਾਬਦੀਆਂ ਖੂਬ ਕਮਾਈ ਕਰਨ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਕਰੋੜਾਂ ਦੇ ਬਜਟ ਵਿੱਚੋਂ ਸਹੀ ਅਰਥਾਂ ਵਿੱਚ ਕਿੰਨੇ ਲੱਗਦੇ ਹਨ, ਇਹ ਤਾਂ ਰੱਬ ਹੀ ਜਾਣੇ! ਨਗਰ ਕੀਰਤਨਾਂ ਵਿੱਚ ਚੜ੍ਹਾਵੇ ਦੇ ਪੈਸਿਆਂ ਦਾ ਕੀ ਬਣਦਾ ਹੈ, ਪਬਲਿਕ ਕੀ ਜਾਣੇ? ਪੰਜਾਬੋਂ ਬਾਹਰ, ਘੱਟ ਗਿਣਤੀ ਖੇਤਰਾਂ ਵਿੱਚ ਦੂਜਿਆਂ ਨੂੰ ਵਿਦਵਤ ਕਰਨ ਲਈ ਤਾਂ ਨਗਰ ਕੀਰਤਨਾਂ ਦੀ ਸਮਝ ਲੱਗਦੀ ਹੈ, ਪਰ ਪੰਜਾਬ ਵਿੱਚ ਇੱਕ ਪਿੰਡ ਤੋਂ ਦੂਜੇ-ਚੌਥੇ ਪਿੰਡ ਤੱਕ ਅਯੋਜਿਤ ਕੀਤੇ ਜਾਂਦੇ ਨਗਰ ਕੀਰਤਨਾਂ ਵਿੱਚ ਲੱਖਾਂ-ਕਰੋੜਾਂ ਦਾ ਡੀਜ਼ਲ ਬਾਲਣ ਪਿੱਛੇ ਮੰਤਵ ਕੀ ਹੈ, ਸਮਝ ਨਹੀਂ ਪੈਂਦੀ। ਉੱਪਰ ਤੋਂ ਲੈ ਕੇ ਥੱਲੇ ਤੱਕ ਸਿਆਸੀ ਲਾਹਾ ਲੈਣ ਲਈ ਦੀ ਪਰਵਿਰਤੀ ਹਾਸੋ-ਹੀਣੀ ਹੱਦ ਤੱਕ ਨਜ਼ਰ ਆਉਂਦੀ ਹੈ। ਗੁਰੂ-ਆਸ਼ੇ ਦੇ ਉਲਟ, ਹਉਮੈ ਦਾ ਨੰਗਾ ਨਾਚ ਪ੍ਰਤੱਖ ਨਜ਼ਰ ਆਉਂਦਾ ਹੈ।
ਹਾਂ, ਇਹ ਵੀ ਮੰਨਣਾ ਪਵੇਗਾ ਕਿ ਇਨ੍ਹਾਂ ਮੌਕਿਆਂ ‘ਤੇ ਬਹੁਤ ਸ਼ਰਧਾ ਅਤੇ ਸਦ-ਭਾਵਨਾ ਨਾਲ ਕੰਮ ਕਰਨ ਵਾਲੇ ਕੁਝ ਇੱਕ ਅਫਸਰ ਮਨ-ਮਸਤਕ ਦੀ ਅਲਾਹੀ ਸ਼ਾਂਤੀ ਦੇ ਹਿੱਸੇਦਾਰ ਜ਼ਰੂਰ ਬਣ ਜਾਂਦੇ ਹਨ ਅਤੇ ਲੋਕ-ਮਨਾਂ ਵਿੱਚ ਵੀ ਵੱਸ ਜਾਂਦੇ ਹਨ। ਸ਼ਰਧਾਲੂ-ਜਨ ਸਦਾ ਵਾਂਗ ਗੁਰੂ ਤੋਂ ਆਪਾ ਵਾਰਨ ਨੂੰ ਤਿਆਰ ਨਜ਼ਰ ਪੈਂਦੇ ਹਨ।
ਮੌਜੂਦਾ ਜ਼ਿੰਮੇਵਾਰ ਧਿਰਾਂ ਲਈ ਇੱਕ ਬਹੁਤ ਮਹੱਤਵਪੂਰਨ ਤਾੜਨਾ: ਅੱਜ ਸ਼ਤਾਬਦੀਆਂ ਮਨਾਉਣ ਵਾਲੇ ਰਾਜਨੀਤਕ ਸਤਾਧਾਰੀਆਂ ਨੂੰ ਇਹ ਸਾਫ-ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਜੇ ਕੋਈ ਵੀ ਰਾਜਨੀਤਕ ਜਾਂ ਅਖੌਤੀ ਧਾਰਮਿਕ ਵਿਅਕਤੀ ਸ਼ਤਾਬਦੀਆਂ ਮਨਾਉਣ ਦਾ ਮਨੋਰਥ ਇਹ ਸਮਝੇ ਕਿ ਸ਼ਾਇਦ ਅਜਿਹਾ ਕਰਨ ਨਾਲ ਉਸਦੀ ‘ਸਰਦਾਰੀ’ ਸਥਾਈ ਤੇ ਸਦੀਵੀ ਹੋ ਨਿਬੜੇਗੀ ਅਤੇ ਉਸਦੀ ਪਾਰਟੀ ਨੂੰ ਬਹੁਤ ਵੱਡਾ ਸਿਆਸੀ ਲਾਹਾ ਮਿਲੇਗਾ, ਤਾਂ ਉਹ ਪਿਛਾਂਹ ਨੂੰ ਧਿਆਨ ਮਾਰ ਕੇ ਵੇਖੇ ਕਿ ਕਿੱਥੇ ਹਨ ਉਹ ਸਿਆਸੀ ਹਸਤੀਆਂ ਜੋ ਫਲੈਕਸਾਂ `ਤੇ ਗੁਰੂ ਜੀ ਦੇ ਬਰਾਬਰ ਆਪਣੀਆਂ ਸੂਰਤਾਂ ਸਜਾਉਂਦੀਆਂ ਹੁੰਦੀਆਂ ਸਨ?
ਇਹ ਸ਼ਤਾਬਦੀਆਂ ‘ਸੇਵਾ ਬਿਨ ਮੇਵਾ’ ਦੀ ਭਾਵਨਾ ਨਾਲ ਹੀ ਮਨਾਉਣੀਆਂ ਸੋਭਦੀਆਂ ਹਨ।