ਸੇਵਾ-ਸੂਰਮਗਤੀ ਦਾ ਸਿਖ਼ਰ: ਭਗਤ ਪੂਰਨ ਸਿੰਘ

ਅਧਿਆਤਮਕ ਰੰਗ

ਜੀਅਹੁ ਨਿਰਮਲ ਬਾਹਰਹੁ ਨਿਰਮਲ, ਸੇਵਾ-ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖਸੀਅਤ ਭਗਤ ਪੂਰਨ ਸਿੰਘ ਬਾਰੇ ਜੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਭਗਤ ਜੀ ਨੇ ਆਪਣਾ ਆਪਾ ਦੁਖੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਸੀ, ਅਜਿਹੀ ਅਵਸਥਾ ਨੂੰ ਪਹੁੰਚਿਆ ਹੋਇਆ ਵਿਅਕਤੀ ਹੀ ਉਨ੍ਹਾਂ ਦੀ ਰਹੱਸਮਈ ਜੀਵਨ-ਕਹਾਣੀ ਨੂੰ ਵਿਅਕਤ ਕਰ ਸਕਦਾ ਹੈ।

ਖ਼ੈਰ! ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਰਹਿਣ ਦਾ ਸਾਡਾ ਮਨੋਰਥ ਉਨ੍ਹਾਂ ਦੀਆਂ ਘਾਲਣਾਵਾਂ ਨੂੰ ਚੇਤਿਆਂ ਵਿੱਚ ਵਸਾ ਕੇ ਸਜਦਾ ਕਰਨਾ ਤਾਂ ਹੈ ਹੀ, ਸਗੋਂ ਉਨ੍ਹਾਂ ਦੇ ਪਾਏ ਪੂਰਨਿਆਂ `ਤੇ ਆਪ ਚੱਲਣ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਵੀ ਹੈ। ਹਾਲਾਂਕਿ ਭਗਤ ਜੀ ਦੇ ਜੀਵਨ ਬਾਰੇ ਬੜਾ ਕੁਝ ਲਿਖਿਆ-ਪੜ੍ਹਿਆ ਜਾ ਚੁਕਾ ਹੈ, ਪਰ ਇਸ ਲੇਖ ਵਿੱਚ ਉਨ੍ਹਾਂ ਦੇ ਜੀਵਨ ਦੀਆਂ ਕੁਝ ਇੱਕ ਘਟਨਾਵਾਂ ਨੂੰ ਯਾਦ ਕਰਨ ਦਾ ਯਤਨ ਕੀਤਾ ਗਿਆ ਹੈ। –ਪ੍ਰਬੰਧਕੀ ਸੰਪਾਦਕ

ਡਾ. ਰੂਪ ਸਿੰਘ
(ਸਾਬਕਾ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

4 ਜੂਨ 1904 ਈ: ਨੂੰ ਪਿੰਡ ਰਾਜੇਵਾਲ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੇ ਇੱਕ ਹਿੰਦੂ ਪਰਿਵਾਰ ਪਿਤਾ ਛਿੱਬੂ ਮੱਲ ਤੇ ਮਾਤਾ ਮਹਿਤਾਬ ਕੌਰ ਦੇ ਘਰ ਪੈਦਾ ਹੋਏ ‘ਰਾਮ ਜੀ ਦਾਸ’ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਪੂਰਨ ਸਿੰਘ ਬਣ ਗਏ। ਇਨ੍ਹਾਂ ਨੂੰ ਸਿੱਖੀ ਸੇਵਾ-ਸਿਮਰਨ ਦੀ ਚਿਣਗ ਬਚਪਨ ਵਿੱਚ ਹੀ ਆਪਣੀ ਮਾਂ ਤੋਂ ਪ੍ਰਾਪਤ ਹੋਈ, ਜਿਨ੍ਹਾਂ ਦਾ ਨਿਤਕਰਮ ਪਿਆਸੇ ਰਾਹਗੀਰਾਂ, ਬੇਜੁਬਾਨ ਅਵਾਰਾ ਜਾਨਵਰਾਂ ਲਈ ਖੂਹੀ ਤੋਂ ਪਾਣੀ ਕੱਢ ਕੇ ਪਿਆਸ ਬਝਾਉਣਾ ਸੀ। ਆਪਣੀ ਮਾਂ ਬਾਰੇ ਭਗਤ ਜੀ ਲਿਖਦੇ ਹਨ, “ਮੇਰੀ ਮਾਂ ਇੱਕ ਕਲਾਕਾਰ ਸੀ, ਜਿਸਨੇ ਮੇਰੀ ਸ਼ਖਸ਼ੀਅਤ ਨੂੰ ਬੜੇ ਪਿਆਰ ਵਸ ਘੜਿਆ। ਉਸਨੇ ਆਪਣਾ ਸਮੁੱਚਾ ਪਿਆਰ ਅਤੇ ਰੀਝਾਂ ਮੇਰੇ ਉਤੇ ਕੁਰਬਾਨ ਕਰ ਦਿੱਤੀਆਂ। ਉਹ ਕੜਕਦੀ ਧੁੱਪ ਵਿੱਚ ਪਸ਼ੂਆਂ ਦੇ ਚੌਣੇ ਨੂੰ ਪਾਣੀ ਪਿਆਉਣ ਲੱਗ ਜਾਂਦੀ। ਹੱਥੀ ਡੂੰਘੀ ਖੂਹੀ ਵਿੱਚੋਂ ਪਾਣੀ ਖਿੱਚਦੀ, ਰਾਹਗੀਰਾਂ ਤੇ ਪਸ਼ੂਆਂ ਨੂੰ ਪਿਆਉਂਦੀ।”
ਦਸਵੀਂ ਜਮਾਤ ਤੀਕ ਦੀ ਪੜ੍ਹਾਈ ਲੁਧਿਆਣਾ ਜਿਲ੍ਹੇ ਦੇ ਕਸਬਾ ਖੰਨਾ ਵਿੱਚੋਂ ਪ੍ਰਾਪਤ ਕੀਤੀ। ਦਸਵੀਂ ਵਿੱਚੋਂ ਫੇਲ੍ਹ ਤਾਂ ਹੋ ਗਏ, ਪਰ ਇਨ੍ਹਾਂ ਨੂੰ ਪੜ੍ਹਨ ਦੀ ਲਗਨ ਲੱਗ ਗਈ ਜੋ ਆਖਰੀ ਸਾਹਾਂ ਤੀਕ ਬਰਕਰਾਰ ਰਹੀ। ਸ਼ਾਹੂਕਾਰ ਘਰਾਣੇ ਤੋਂ ਕੰਗਾਲ ਹੋਣ ਕਾਰਨ ਇਨ੍ਹਾਂ ਦੀ ਮਾਤਾ ਨੂੰ ਭਾਂਡੇ ਮਾਂਜਣ ਦੀ ਨੌਕਰੀ ਪਹਿਲਾਂ ਮਿੰਟਗੁਮਰੀ ਤੇ ਫਿਰ ਲਾਹੌਰ ਕਿਸੇ ਸ਼ਾਹੂਕਾਰ ਦੇ ਘਰ ਕਰਨੀ ਪਈ। ਆਪਣੇ ਪਿੰਡ ਤੋਂ ਮਿੰਟਗੁਮਰੀ ਤੇ ਲਾਹੌਰ ਜਾਂਦੇ ਇੱਕ ਵਾਰ ਰਾਮ ਜੀ ਦਾਸ ਨੂੰ ਰਾਤ ਕੱਟਣ ਵਾਸਤੇ ਸ਼ਿਵਮੰਦਰ ਲੁਧਿਆਣਾ ਤੇ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਰੁਕਣਾ ਪਿਆ। ਅਰਾਮ ਕੀਤਾ, ਪ੍ਰਸ਼ਾਦ–ਪਾਣੀ ਛਕਿਆ, ਸੇਵਾ-ਸਿਮਰਨ ਦੇ ਸਿਧਾਂਤ ਤੇ ਅਮਲ ਨੂੰ ਨੇੜਿਓ ਤੱਕਿਆ ਅਤੇ ਅੰਤਰ ਨੂੰ ਸਮਝਿਆ। ਉਸ ਨੇ ਗੁਰਦੁਆਰੇ ਵਿੱਚ ਸਰਬੱਤ ਦੇ ਭਲੇ ਲਈ ਹੁੰਦੀ ਅਰਦਾਸ ਨੂੰ ਸੁਣਿਆ, ਖੁਦ ਅਨੁਭਵ ਕੀਤਾ ਤੇ ਮਾਣਿਆ। ਕੋਈ ਮੇਰ–ਤੇਰ ਨਹੀਂ, ਸਾਰੇ ਸਭ ਥਾਂ ਬਰਾਬਰ। ਮਨ ਹੀ ਮਨ ਉਸਨੇ ਪਿੱਤਰੀ ਧਰਮ ਦੀ ਥਾਂ ਸਰਬ-ਸਾਂਝੇ ਧਰਮ ਨੂੰ ਅਪਣਾਉਣ ਦਾ ਮਨ ਬਣਾ ਲਿਆ। 1923 ਈ. ਵਿੱਚ ਖਾਲਸਾ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਸਕੂਲ ਦੀ ਪੜ੍ਹਾਈ ਸਮੇਂ ਅਕਸਰ ਪੂਰਨ ਸਿੰਘ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ-ਦੀਦਰ ਕਰਨ ਜਾਂਦੇ। ਗ੍ਰੰਥੀ ਸਿੰਘ ਦੀ ਰਸ ਭਿੰਨੀ ਆਵਾਜ਼ ਵਿੱਚ ਸਰਬ ਹਿਤਕਾਰੀ-ਕਲਿਆਣਕਾਰੀ, ਅਲਾਹੀ ਗੁਰਬਾਣੀ ਦਾ ਪਾਠ ਸੁਣਦਿਆਂ ਅਕਸਰ ਉਹ ਮਸਤ, ਮੰਤਰ-ਮੁੰਗਧ ਹੋ ਜਾਂਦੇ। ਇੱਕ ਦਿਨ ਉਸਨੇ ਆਪਣੀ ਮਾਤਾ ਨਾਲ ਗ੍ਰੰਥੀ ਸਿੰਘ ਨੂੰ ਮਿਲ ਕੇ ‘ਅੰਮ੍ਰਿਤ ਛਕਣ’ ਦੀ ਇੱਛਾ ਜ਼ਾਹਰ ਕੀਤੀ। ਗ੍ਰੰਥੀ ਸਿੰਘ ਨੇ ਬੜੇ ਪਿਆਰ ਨਾਲ ਸਮਝਾਇਆ ਕਿ ‘ਸਿੱਖ ਧਰਮ ਹੋਰਸ ਸਭ ਕੁਝ ਤੋਂ ਪਹਿਲਾ ਜੀਵਨ-ਜਾਂਚ ਹੈ, ਜਿਸਨੂੰ ਤੁਸੀਂ ਪਹਿਲਾ ਅਪਣਾਉਣ ਲਈ ਯਤਨਸ਼ੀਲ ਹੋਵੋ, ਫਿਰ ਅੰਮ੍ਰਿਤ ਛੱਕ ਲੈਣਾ।’ ਇਹ ਗ੍ਰੰਥੀ ਸਿੰਘ ਸਨ ਗਿਆਨੀ ਅੱਛਰ ਸਿੰਘ, ਜੋ ਗੁਰੂ ਬਖਸ਼ਿਸ਼ ਸਦਕਾ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ।
ਇਹ ਗੱਲ 1932 ਦੀ ਹੈ, ਜਦ ਪੂਰਨ ਸਿੰਘ ਆਪਣੇ ਜੀਵਨ-ਆਦਰਸ਼ ਦੀ ਪ੍ਰਾਪਤੀ ਸਬੰਧੀ ਗੁਰਦੁਆਰਾ ਸਾਹਿਬ ਦੇ ਮਹੰਤ ਗੋਪਾਲ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਸਥਾਨਕ ਪ੍ਰਬੰਧਕਾਂ ਪਾਸ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਇਹ ਨੌਜੁਆਨ ਆਪਣਾ ਜੀਵਨ ਬੇ-ਸਹਾਰਾ, ਪਾਗਲਾਂ, ਲੂਲਿ੍ਹਆਂ-ਲੰਗੜਿਆਂ, ਪਿੰਗਲਿਆਂ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦਾ ਹੈ। ਪ੍ਰਬੰਧਕਾਂ ਦੇ ਇਹ ਪੁੱਛਣ ‘ਤੇ ਕਿ ਇਹ ਵਿਚਾਰ ਤੁਹਾਡੇ ਮਨ ਵਿੱਚ ਕਿਵੇਂ ਆਇਆ? ਪੂਰਨ ਸਿੰਘ ਨੇ ਕਿਹਾ, “ਉਹ ਇੱਕ ਹਿੰਦੂ ਪਰਿਵਾਰ ਵਿੱਚੋਂ ਹਨ, ਮੇਰੀ ਮਾਤਾ ਜੀ ਧਾਰਮਿਕ ਬਿਰਤੀ ਰੱਖਦੇ ਹੋਏ ਹਮੇਸ਼ਾ ਰਾਹਗੀਰਾਂ, ਲੋੜਵੰਦਾਂ ਦੀ ਜਲ-ਪਾਣੀ ਨਾਲ ਸੇਵਾ ਕਰਿਆ ਕਰਦੀ ਹੈ ਅਤੇ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਹੈ, ਜਿਸ ‘ਤੇ ਮੈਂ ਵੀ ਕਾਲਜ ਦੀ ਪੜ੍ਹਾਈ ਕਰਨ ਦੀ ਥਾਂ ‘ਇਹ ਪੜ੍ਹਾਈ’ ਕਰਨ ਦਾ ਮਨ ਬਣਾ ਲਿਆ। ਮੈਂ ਆਪਣਾ ਜੀਵਨ ਲੋੜਵੰਦ ਦੁਖੀਆਂ ਦੀ ਮਦਦ ਕਰਨ ਲਈ ਸਮਰਪਣ ਕਰਨਾ ਚਾਹੁੰਦਾ ਹਾਂ। ਇਸ ਆਦਰਸ਼ ਦੀ ਪ੍ਰਾਪਤੀ ਲਈ ਮੈਂ ਆਪਾ ਤਿਆਗ, ਗੁਰਦੁਆਰਾ ਸਾਹਿਬ ਠਹਿਰ ਸੇਵਾ, ਸਿਮਰਨ, ਪਰਉਪਕਾਰ ਦੀ ਸਿਖਿਆ ਲੈਣੀ ਚਾਹੁੰਦਾ ਹਾਂ।” ਇਹ ਉੱਚ ਵਿਚਾਰ ਸੁਣਦਿਆਂ ਹੀ ਪ੍ਰਬੰਧਕਾਂ ਨੇ ਪੂਰਨ ਸਿੰਘ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਦਿੱਤਾ। ਥੋ੍ਹੜੇ ਸਮੇਂ ਬਾਅਦ ਹੀ ਰਾਮ ਜੀ ਦਾਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਿੰਘ ਸੱਜ ਗਏ ਤੇ ਨਾਂ ਪੂਰਨ ਸਿੰਘ ਰਖਵਾ, ਪੂਰਨ ਹੋ ਗਏ। ਇਨ੍ਹਾਂ ਦੀ ਭੈ–ਭਾਵਨੀ, ਨਿਤਾ ਪ੍ਰਤੀ ਦੀ ਜੀਵਨ ਜਾਚ ਨੂੰ ਤੱਕ ਗਿਆਨੀ ਕਰਤਾਰ ਸਿੰਘ ਨੇ ‘ਭਗਤ’ ਤਖੱਲਸ ਦਿੱਤਾ, ਜਿਸ ਸਦਕਾ, ਭਗਤ ਪੂਰਨ ਸਿੰਘ ਦੇ ਨਾਂ ਨਾਲ ਜਗਤ ਪ੍ਰਸਿੱਧ ਹੋਏ। ਸੰਸਾਰਿਕ ਸਕੂਲੀ ਸਿਖਿਆ ‘ਚ ਤਾਂ ਉਹ ਸਫਲ ਨਾ ਹੋ ਸਕੇ ਪਰ ਸਿੱਖੀ ਸਮਝ, ਸੂਝ-ਸਿਆਣਪ ਸਦਕਾ ਸੇਵਾ-ਸਿਮਰਨ ‘ਚ ਸਫਲਤਾ ਪ੍ਰਾਪਤ ਕਰ ਇਹ ਸਾਬਤ ਕਰ ਦਿੱਤਾ ਕਿ ‘ਸੰਸਕਾਰੀ ਸਮਝ ਤੇ ਸੰਸਾਰਿਕ-ਸਿਖਿਆ’ ਅਲੱਗ ਹੈ।
ਇਹ ਅਰੰਭ ਸੀ ਉਸ ਆਦਰਸ਼ ਦਾ, ਜਿਸ ਦੀ ਪ੍ਰਾਪਤੀ ਲਈ ਪੂਰਨ ਸਿੰਘ ਘਰੋਂ ਤੁਰਿਆ ਸੀ। ਉਹ ਲਿਖਦੇ ਹਨ, “ਬਚਪਨ ਵਿੱਚ ਜਦ ਮੈਂ ਆਪਣੀ ਮਾਂ ਨਾਲ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਤਾਂ ਮੇਰੀ ਮਾਂ ਰਸਤੇ ਵਿੱਚੋਂ ਠੀਕਰਾਂ, ਰੋੜੇ, ਪੱਥਰ, ਕਿਲ-ਕਾਂਟੇ ਆਦਿ ਚੁਕਦੀ ਤਾਂ ਕਿ ਰਾਹਗੀਰਾਂ ਨੂੰ ਤਕਲੀਫ ਨਾ ਹੋਵੇ। ਮੇਰੀ ਮਾਂ ਮੈਨੂੰ ਪੰਛੀਆਂ ਨੂੰ ਦਾਣਾ ਪਾਉਣ ਲਈ ਦਿੰਦੀ।” ਅਸਲ ਵਿੱਚ ਰਾਮ ਜੀ ਦਾਸ ਦਾ ਬਚਪਨ ਸ਼ਾਹੂਕਾਰ ਪਰਿਵਾਰ ਹੋਣ ਕਾਰਨ ਸੁਖ-ਸਹੂਲਤਾਂ ਸਦਕਾ ਬਹੁਤ ਸੁਖੀ ਸੀ, ਪਰ ਬਾਅਦ ਵਿੱਚ ਆਰਥਿਕ ਮੰਦਹਾਲੀ ਆਉਣ ਕਾਰਨ ਗੁਰਬਤ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਇਨ੍ਹਾਂ ਦੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ। ਗੁਰੂ ਅਰਜਨ ਦੇਵ ਜੀ ਸ਼ਹੀਦੀ ਅਸਥਾਨ, ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ-ਪਾਣੀ, ਲੰਗਰ, ਸਫਾਈ, ਬਰਤਨਾਂ ਆਦਿ ਦੀ ਨਿਤ-ਪ੍ਰਤੀ ਸੇਵਾ ਕਰ, ਪੂਰਨ ਸਿੰਘ ਬਜ਼ਾਰ ਵਿੱਚ ਘੁੰਮਣ ਨਿਕਲ ਤੁਰਦਾ। ਮੁੱਖ ਨਿਸ਼ਾਨਾ ਸੜਕਾਂ ਤੋਂ ਸ਼ੀਸ਼ੇ-ਪੱਥਰ, ਰੋੜੇ, ਕਿਲ-ਕਾਂਟੇ ਆਦਿ ਲਾਂਭੇ ਕਰਨਾ ਸੀ ਤਾਂ ਕਿ ਰਾਹੀਆਂ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਪਹੁੰਚੇ। ਫਿਰ ਦਿਆਲ ਸਿੰਘ ਲਾਇਬਰੇਰੀ ਬੈਠ ਉੱਚ ਖਿਆਲਾਂ ਨੂੰ ਪੜ੍ਹਨਾ-ਲਿਖਣਾ ਤੇ ਪ੍ਰਚਾਰ ਹਿਤ ਵੰਡਣਾ, ਪੂਰਨ ਸਿੰਘ ਦਾ ਨਿਤ ਦਾ ਕਰਮ ਸੀ। ਕੁਝ ਅਲਪ ਬੁੱਧੀ ਵਾਲੇ ਪਾਗਲ ਵੀ ਕਹਿੰਦੇ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਨੇ ਤਾਂ ‘ਸੇਵਾ ਦੇ ਸਿੱਖ ਸੰਕਲਪ’ ਦੇ ਨਵੇਂ ਕੀਰਤੀਮਾਨ ਸਥਾਪਤ ਕਰ, ਸਿੱਖੀ ਦੀ ਸਦੀਵੀ ਖੁਸ਼ਬੋਈ ਨੂੰ ਵਿਸ਼ਵ ਭਰ ਵਿੱਚ ਅਤੁਟ ਵੰਡਣਾ ਹੈ। 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਦਰਸ਼ਨੀ ਡਿਊੜੀ ‘ਤੇ ਕੋਈ ਨਿਰਦਈ ਦਿਲ ਚਾਰ ਕੁ ਸਾਲ ਦਾ ਇੱਕ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਉਹ ਬੱਚਾ ਮੁਕੰਮਲ ਰੂਪ ਵਿੱਚ ਅਪਾਹਜ ਸੀ, ਜੋ ਆਪਣੀ ਕੋਈ ਕਿਰਿਆ ਨਹੀਂ ਸੀ ਕਰ ਸਕਦਾ। ਭਗਤ ਜੀ ਹਰ ਪਲ ਉਸ ਬੇਵੱਸ ਪਿੰਗਲੇ ਬੱਚੇ ਦੀ ਦੇਖ-ਭਾਲ ਵਿੱਚ ਗੁਜਾਰਦੇ। ਉਸ ਨੂੰ ਓੜਕਾਂ ਦਾ ਪਿਆਰ ਕਰਨ ਕਰਕੇ ਉਸ ਦਾ ਨਾਂ ‘ਪਿਆਰਾ ਸਿੰਘ’ ਪ੍ਰਚਲਿਤ ਹੋ ਗਿਆ। ਭਗਤ ਜੀ ਲਾਹੌਰ ਵਿੱਚ ਲੱਗਭਗ 14 ਸਾਲ ਉਸ ਬੱਚੇ ਦੀ ਸੇਵਾ-ਸੰਭਾਲ ਕਰਦੇ ਰਹੇ ਅਤੇ 1947 ਵਿੱਚ ਦੇਸ਼ ਪੰਜਾਬ-ਵੰਡ ਸਮੇਂ ‘ਪਿੰਗਲੇ’ ਨੂੰ ਵਿਰਾਸਤੀ ਪੂੰਜੀ ਵਜੋਂ ਨਾਲ ਲੈ ਅੰਮ੍ਰਿਤਸਰ ਆ ਗਏ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸ਼ਰਨਾਰਥੀ ਕੈਂਪ ਲੱਗਾ ਹੋਇਆ ਸੀ, ਜਿੱਥੇ ਭਗਤ ਜੀ ਨੇ ਤਨ-ਮਨ ਨਾਲ ਲੋੜਵੰਦਾਂ ਦੀ ਸੇਵਾ ਕੀਤੀ।
ਭਗਤ ਜੀ ਦਾ ਇਸ ਪਿੰਗਲੇ-ਲੂਲ੍ਹੇ ਬੱਚੇ ਨਾਲ ਕਿਤਨਾ ਪਿਆਰ ਸੀ, ਉਨ੍ਹਾਂ ਦੀ ਜ਼ੁਬਾਨੀ, “ਜਿਗਰ ਦਾ ਟੁਕੜਾ ਲੂਲ੍ਹਾ ਬੱਚਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਰਿਹਾ ਹੈ, ਉਹ ਜੇ ਮੈਨੂੰ ਨਾ ਮਿਲਦਾ ਤਾਂ ਮੈਂ ਉਹ ਕੁਝ ਨਾ ਕਰ ਸਕਦਾ, ਜੋ ਮੈਂ ਪਿੰਗਲਵਾੜੇ ਦੇ ਰੂਪ ਵਿੱਚ ਕੀਤਾ ਹੈ।” ਇਹ ਪਿੰਗਲਾ, ਪਿਆਰਾ ਸਿੰਘ ਹੀ ਭਗਤ ਪੂਰਨ ਸਿੰਘ ਦੀ ਪਹਿਲੀ ਪੂੰਜੀ ਸੀ, ਜਿਸ ਦੀ ਅਣਥਕ ਸੇਵਾ-ਸੰਭਾਲ ਸਦਕਾ ਪਿੰਗਲਵਾੜਾ ਸੰਸਥਾ ਦੀ ਸਿਰਜਣਾ ਹੋਈ, ਇਸ ਦੀ ਭਗਤ ਜੀ ਅੰਤਮ ਸੁਆਸਾਂ ਤਕ ਆਪਣੀ ਹੱਥੀਂ ਸੇਵਾ-ਸੰਭਾਲ ਕਰਦੇ ਰਹੇ।
ਸ਼ਰਨਾਰਥੀ ਕੈਂਪ ਖਤਮ ਹੋ ਜਾਣ ‘ਤੇ ਭਗਤ ਪੂਰਨ ਸਿੰਘ ਨੇ ਰੇਲਵੇ ਸਟੇਸ਼ਨ ‘ਤੇ ਕੁਝ ਸਮੇਂ ਲਈ ਨਿਵਾਸ ਕੀਤਾ ਤੇ ਫਿਰ ਕੁਝ ਸਮਾਂ ਬੋਹੜ ਦੇ ਦਰਖੱਤਾਂ ਦੀ ਛਾਂ (ਛੱਤ) ਹੇਠ ਗੁਜ਼ਾਰਿਆ। ਸਹਿਜੇ-ਸਹਿਜੇ ਭਗਤ ਪੂਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਧਦੀ ਗਈ, ਜਿਸ ਲਈ ਕਿਸੇ ਪੱਕੇ ਟਿਕਾਣੇ ਦੀ ਜ਼ਰੂਰਤ ਸੀ, ਜਿੱਥੇ ਟਿਕ ਕਿ ਇਨ੍ਹਾਂ ਲਵਾਰਸਾਂ-ਅਪਾਹਜਾਂ ਦੀ ਸੇਵਾ-ਸੰਭਾਲ ਤੇ ਇਲਾਜ ਦਾ ਪ੍ਰਬੰਧ ਹੋ ਸਕੇ। ਇਸ ਸਮੇਂ ਇਨ੍ਹਾਂ ਦਾ ਨਿਵਾਸ ਇੱਕ ਬੰਦ ਪਏ ਸਿਨੇਮੇ, ਇੰਦਰ-ਪੈਲਸ ਦੀ ਇਮਾਰਤ ਵਿੱਚ ਸੀ। ਕੁਦਰਤ ਦੇ ਰੰਗ ਦੇਖੋ, ਉਸ ਸਿਨੇਮੇ ਦੀ ਬੋਲੀ 35000 ਰੁਪਏ ‘ਚ ਹੋ ਗਈ। ਭਗਤ ਜੀ ਪਾਸ, ਜਮ੍ਹਾਂ-ਪੂੰਜੀ ਤਾਂ ਕੋਈ ਹੈ ਨਹੀਂ ਸੀ, ਜਿਸ ਨਾਲ ਇਮਾਰਤ ਖਰੀਦੀ ਜਾਂਦੀ। ਸਹਿਯੋਗ ਵੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਮੀਟਿੰਗ ਚੱਲ ਰਹੀ ਸੀ, ਭਗਤ ਜੀ ਨੇ ਕਮੇਟੀ ਮੈਂਬਰਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਵਿੱਚੋਂ ਇਹ ਮਾਇਆ ਦੇਣ ਦਾ ਬਹੁ-ਪਰਉਪਕਾਰੀ ਫ਼ੈਸਲਾ ਕਰ ਦਿੱਤਾ, ਜਿਸ ਨਾਲ ਪਿੰਗਲਵਾੜੇ ਦੀ ਵਿਸ਼ਾਲ ਇਮਾਰਤ ਦਾ ਅਰੰਭ ਹੋਇਆ।
ਪਿੰਗਲਵਾੜੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਰੋਜ਼ਾਨਾ ਵਧਦੀ ਗਈ, ਜਿਸ ਨਾਲ ਰੋਜ਼ਮਰਾ ਦੇ ਖਰਚੇ ਵੀ ਵਧਣੇ ਸੁਭਾਵਿਕ ਸਨ। ਸਿੱਖ ਸੰਗਤਾਂ ਵਿੱਚ ਇਸ ਬਹੁ–ਪਰਉਪਕਾਰੀ ਸੰਸਥਾ ਦੇ ਪ੍ਰਚਾਰ ਦੀ ਬਹੁਤ ਜਰੂਰਤ ਸੀ। ਇਸ ਕਾਰਜ ਲਈ ਭਗਤ ਪੂਰਨ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਮਿਲੇ ਤਾਂ ਕਿ ਸਰਬੱਤ ਦੇ ਭਲੇ ਲਈ ਕੁਝ ਸਾਰਥਕ ਯਤਨ ਕੀਤੇ ਜਾ ਸਕਣ। ਵਿਚਾਰ ਚਰਚਾ ਤੋਂ ਬਾਅਦ ਸਾਰੇ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਪਿੰਗਲਵਾੜੇ ਲਈ ਦਾਨ ਪਾਤਰ (ਗੋਲਕਾਂ) ਲਗਾਏ ਗਏ। ਇਸ ਨਾਲ ਪਿੰਗਲਵਾੜੇ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ, ਜੋ ਨਿਰੰਤਰ ਜਾਰੀ ਹੈ। ਪਿੰਗਲਵਾੜੇ ਨੂੰ ਦੇਸ਼-ਵਿਦੇਸ਼ ਤੋਂ ਕਾਫੀ ਸਹਾਇਤਾ ਮਿਲਦੀ ਸੀ, ਪਰ ਜੂਨ 1984 `ਚ ਵਾਪਰੇ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤ ਸਰਕਾਰ ਨੇ ਪਿੰਗਲਵਾੜੇ ਨੂੰ ਵਿਦੇਸ਼ੀ ਸ਼ਰਧਾਲੂਆਂ ਤੋਂ ਮਿਲਦੀ ਸਹਾਇਤਾ ‘ਤੇ ਪਾਬੰਦੀ ਲਗਾ ਦਿੱਤੀ। ਉਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪਿੰਗਲਵਾੜੇ ਵੱਲੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ‘ਜੀਵਨ ਲਹਿਰ’ ਦੀ ਪ੍ਰਕਾਸ਼ਨਾ ਵੀ ਬੰਦ ਕਰਵਾ ਦਿੱਤੀ।
ਸੇਵਾ ਦੇ ਸਿੱਖ ਸੰਕਲਪ ਨੂੰ ਅਮਲੀ ਰੂਪ ‘ਚ ਪ੍ਰਗਟ ਕਰਦਿਆਂ ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਸੰਸਥਾ ਨੂੰ ਸਰਵ–ਹਿਤਕਾਰੀ, ਪਰਉਪਕਾਰੀ, ਸਰਬ-ਸਾਂਝੀ ਸੰਸਥਾ ਵਜੋਂ ਵਿਕਸਤ ਕੀਤਾ। ਸੇਵਾ ਬਾਰੇ ਬੋਲਣਾ-ਲਿਖਣਾ ਬਹੁਤ ਸੁਖੈਨ ਹੈ, ਪਰ ਸੇਵਾ ਕਰਨੀ ਬਹੁਤ ਬਿਖਮ ਤੇ ਕਠਿਨ ਹੈ। ਨਿਸ਼ਕਾਮ ਸੇਵਾ ਨੂੰ ਅਮਲੀ ਰੂਪ ‘ਚ ਜਿਵੇਂ ਭਗਤ ਪੂਰਨ ਸਿੰਘ ਨੇ ਕੀਤਾ, ਉਹ ਸੇਵਾ ਦਾ ਸਿਖਰ ਹੈ। ਅਸੀਂ ਹਸਪਤਾਲਾਂ, ਕੋਹੜੀ ਘਰਾਂ ਤੇ ਪਿੰਗਲਵਾੜਿਆਂ ‘ਚ ਪ੍ਰਵੇਸ਼ ਕਰਨ ਸਮੇਂ ਮੂੰਹ ਢਕ ਲੈਂਦੇ ਹਾਂ। ਇਨ੍ਹਾਂ ਥਾਵਾਂ ਦੀ ਹਬਕ ਨੂੰ ਸਹਾਰ ਨਹੀਂ ਸਕਦੇ, ਨਾ ਹੀ ਜਖ਼ਮੀ-ਕੁਰਲਾਉਂਦੇ ਮਰੀਜ਼ਾਂ ਦੀ ਦਰਦਮਈ ਕੁਰਲਾਹਟ ਸੁਣ ਸਕਦੇ ਹਾਂ, ਪਰ ਧੰਨ ਸਨ ਭਗਤ ਜੀ ਤੇ ਧੰਨ ਸੀ ਉਨ੍ਹਾਂ ਦਾ ਜੀਵਨ ਅਮਲ!
1989 ਵਿੱਚ ਜਦ ਮੈਨੂੰ ਸ਼੍ਰੋਮਣੀ ਕਮੇਟੀ ਵਿੱਚ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਵਜੋ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਭਗਤ ਜੀ ਦੇ ਸ਼ਾਖਸ਼ਾਤ ਦਰਸ਼ਨ ਕਰਨ ਦਾ ਅਕਸਰ ਸੁਭਾਗ ਪ੍ਰਾਪਤ ਹੋ ਜਾਂਦਾ। ਉਹ ਸਾਈਕਲ ਰੇੜੀ ‘ਤੇ ‘ਪਿਆਰਾ ਸਿੰਘ’ ਨੂੰ ਬਿਠਾ ਲੈ ਆਉਂਦੇ। ਜੋੜਾ ਘਰ ਦੇ ਸਾਹਮਣੇ ਜ਼ਮੀਨ ‘ਤੇ ਢੋਹ ਲਾਈ ਬੈਠੇ ਜਾਂ ਤਾਂ ਸ਼ਰਧਾਲੂਆਂ, ਪ੍ਰੇਮੀਆਂ ਨਾਲ ਵਿਚਾਰ–ਚਰਚਾ ਕਰਦੇ ਹੁੰਦੇ ਜਾਂ ਫਿਰ ਕੁਝ ਪੜ੍ਹ-ਲਿਖ ਰਹੇ ਹੁੰਦੇ। ਉਨ੍ਹਾਂ ਦਾ ਸਧਾਰਨ ਖੱਦਰ ਦਾ ਚੌਲਾ, ਖੱਦਰ ਦੀ ਸਿਧੀ ਦਸਤਾਰ ‘ਅਸਧਾਰਣ ਸਿੱਖ ਸ਼ਖਸੀਅਤ’ ਦੀ ਸ਼ਾਹਦੀ ਭਰਦੀ। ਦਰਖਤਾਂ ਦੀ ਅਣਚਾਹੀ ਕਟਾਈ, ਹਵਾ-ਪਾਣੀ ਦੇ ਪਲੀਤ ਹੋਣ ਤੇ ਧਰਤੀ ਮਾਂ ‘ਤੇ ਹਰ ਤਰ੍ਹਾਂ ਵਧ ਰਹੇ ਪ੍ਰਦੂਸ਼ਨ ਤੋਂ ਉਹ ਸਿੱਖ ਚਿੰਤਕ ਵਜੋ ਡਾਹਢੇ ਚਿੰਤਤ ਸਨ। ਉਨ੍ਹਾਂ ਨੇ ਸੰਸਾਰ ਵਿੱਚ ਵਿਚਰਦਿਆਂ ਬਹੁਤ ਸਧਾਰਨ, ਸਾਦ–ਮੁਰਾਦਾ ਜੀਵਨ ਜੀਵਿਆ ਪਰ ਸਮਾਜ ਸੇਵਾ ਦੇ ਖੇਤਰ ਵਿੱਚ ਅਸਧਾਰਣ ਕੀਰਤੀਮਾਨ ਸਥਾਪਤ ਕੀਤੇ। ਹਰ ਸਮੇਂ ਸਮਾਜ ਸੇਵਾ ਤੇ ਕੁਦਰਤ ਨਾਲ ਪਿਆਰ ਅਤੇ ਨਸ਼ੇ, ਨਕਲ, ਨੰਗੇਜ਼ ਤੋਂ ਬਚਣ ਲਈ ਜਾਗ੍ਰਤਿ ਕਰਦੇ, ਸਿੱਖੀ ਦੀ ਖੁਸ਼ਬੋਈ ਬਖੇਰਦੇ ਰਹੇ। ਉਹ ਉਚ ਕੋਟੀ ਦੇ ਵਿਦਵਾਨ-ਲਿਖਾਰੀ ਵੀ ਸਨ। ਅਤਿ ਸੂਖਮ ਵਿਚਾਰਾਂ ਨੂੰ ਲੋਕ-ਭਾਸ਼ਾ ਵਿੱਚ ਲਿਖ ਆਮ ਲੋਕਾਂ ਤਕ ਪਹੁੰਚਾਉਣਾ ਭਗਤ ਜੀ ਵੱਲੋਂ ਕੀਤਾ ਜਾਂਦਾ ਪਰਉਪਕਾਰ ਦਾ ਦੂਸਰਾ ਵੱਡਾ ਕਾਰਜ ਸੀ। ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਅਣਗਿਣਤ ਟ੍ਰੈਕਟ, ਸੰਦੇਸ਼, ਪੁਸਤਕਾਂ ਪ੍ਰਕਾਸ਼ਤ ਕਰਨਾ ਕੋਈ ਅਸਾਨ ਕੰਮ ਨਹੀਂ। ਇਨ੍ਹਾਂ ਲਿਖਤਾਂ ਦਾ ਮੁੱਖ ਵਿਸ਼ਾ ਗੁਰਮੁਖ ਜੀਵਨ, ਗੁਰਬਾਣੀ ਦੇ ਰਹੱਸਮਈ ਭੇਦ ਦੱਸਣਾ ਅਤੇ ਐਟਮੀ ਵਿਨਾਸ਼, ਪ੍ਰਦੂਸ਼ਣ ਦੀ ਨਾਮੁਰਾਦ ਬਿਮਾਰੀ, ਕੁਦਰਤ ਨਾਲ ਖਿਲਵਾੜ, ਸਿਗਰਟਨੋਸ਼ੀ ਦੇ ਬੁਰੇ ਪ੍ਰਭਾਵਾਂ ਆਦਿ ਤੋਂ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ/ਹੈ।
ਭਗਤ ਪੂਰਨ ਸਿੰਘ ਦੇ ਸੇਵਾ-ਕਾਰਜਾਂ ਨੂੰ ਤੱਕ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ, ਪਰ ਪਦਮ ਸ੍ਰੀ ਸਨਮਾਨ ਵਾਪਸ ਕਰਨ ਬਾਰੇ ਭਗਤ ਜੀ ਦੇ ਸ਼ਬਦ ਬਹੁਤ ਭਾਵਪੂਰਤ ਸਨ, “ਮੈਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਕਰਮਣ ਹੋਣ ਅਤੇ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੇ ਰੋਸ ਵਜੋਂ ਇਹ ਉਪਾਧੀ ਵਾਪਸ ਕੀਤੀ ਹੈ। ਮੈਨੂੰ ਸਿੱਖ ਸੰਗਤਾਂ ਵਲੋਂ ਮਿਲਿਆ ਪਿਆਰ-ਸਤਿਕਾਰ ਇਨ੍ਹਾਂ ਉਪਾਧੀਆਂ ਤੋਂ ਉਪਰ ਹੈ। ਸੰਸਾਰ ਦੀਆਂ ਉਪਾਧੀਆਂ ਸਤਿਗੁਰੂ ਦੀ ਮਿਹਰ ਦਾ ਟਾਕਰਾ ਨਹੀਂ ਕਰ ਸਕਦੀਆਂ।”
ਭਗਤ ਜੀ ‘ਗੁਰੂ ਗ੍ਰੰਥ, ਗੁਰੂ ਪੰਥ’ ਨੂੰ ਸਮਰਪਿਤ ਸਿਰਮੌਰ, ਸਚਿਆਰ ਸਿੱਖ ਸ਼ਖਸ਼ੀਅਤ ਸਨ, ਜੋ ਸੇਵਾ–ਸਿਮਰਨ ਕਰਦਿਆਂ ਸਫਲ ਸਿੱਖ ਸੇਵਕ, ਸਰੋਤੇ, ਵਿਦਵਾਨ ਲੇਖਕ-ਬੁਲਾਰੇ ਵਜੋਂ ਅਨੇਕਾਂ ਦਾ ਪਾਰਉਤਾਰਾ ਕਰ ਗਏ। ਅਜਿਹੀ ਬਿਖਮ-ਕਾਰ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਸਾਰੇ ਗੁਣ ਵਿਦਮਾਨ ਹੁੰਦੇ ਹਨ। ਬਹੁਤ ਸਾਰੀਆਂ ਲੋਕ ਪ੍ਰਤਿਨਿਧ ਸੰਸਥਾਵਾਂ ਵੱਲੋਂ ਸਮੇਂ-ਸਮੇਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੇ ਉਹ ਪੂਰਨ ਰੂਪ ਵਿੱਚ ਹੱਕਦਾਰ ਸਨ।
ਮੇਹਦੇ ਵਿੱਚ ਖਰਾਬੀ ਹੋਣ ਕਾਰਨ 20 ਜੂਨ 1992 ਨੂੰ ਭਗਤ ਜੀ ਨੂੰ ਹਿਚਕੀ ਆਉਣੀ ਸ਼ੁਰੂ ਹੋ ਗਈ, ਜੋ ਨਿਰੰਤਰ ਜਾਰੀ ਰਹੀ। ਇਸ ਦਾ ਕਾਰਨ ਸਰੀਰਕ ਪ੍ਰਣਾਲੀ ਦੀ ਕੋਈ ਗੜਬੜ-ਤਖਲੀਫ ਸੀ। ਡਾਕਟਰਾਂ ਵੱਲੋਂ ਇਨ੍ਹਾਂ ਦੇ ਪੇਟ ਦਾ ਸਫਲ ਅਪਰੇਸ਼ਨ ਕੀਤਾ ਗਿਆ। ਅਚਾਨਕ ਕੁਝ ਦਿਨ੍ਹਾਂ ਬਾਅਦ ਜ਼ਖਮਾਂ ‘ਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ। ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੇ ਅੰਮ੍ਰਿਤਸਰ ਹਸਪਤਾਲ ਪਹੁੰਚ ਭਗਤ ਜੀ ਦੀ ਸਿਹਤ ਦਾ ਨਿਰੀਖਣ ਕੀਤਾ ਤੇ ਪੀ.ਜੀ.ਆਈ. ਲਿਜਾਣ ਦੀ ਸਿਫਾਰਸ਼ ਕੀਤੀ। ਉਨ੍ਹਾਂ ਨੂੰ ਹਵਾਈ-ਐਂਬੂਲੈਂਸ ਰਾਹੀਂ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਪੇਟ ਦਾ ਦੋਬਾਰਾ ਅਪਰੇਸ਼ਨ ਕੀਤਾ ਗਿਆ। ਫੇਫੜੇ ਤੇ ਗਲੇ ਦੀ ਖਰਾਬੀ ਕਾਰਨ ਸਾਹ ਲੈਣ ਵਿੱਚ ਬਹੁਤ ਦਿਕਤ ਸ਼ੁਰੂ ਹੋ ਗਈ। ਤਖਲੀਫ ਵਧਣ ਕਾਰਨ ਇਨ੍ਹਾਂ ਨੂੰ ਆਰਜ਼ੀ-ਸਾਹ ਪ੍ਰਣਾਲੀ ‘ਤੇ ਰੱਖਣਾ ਪਿਆ, ਜੋ ਕਾਰਗਰ ਨਾ ਹੋ ਸਕੀ। ਭਗਤ ਜੀ 5 ਅਗਸਤ 1992 ਨੂੰ ਸਦੀਵੀ ਫਤਹਿ ਬੁਲਾ ਗਏ। ਭਗਤ ਪੂਰਨ ਸਿੰਘ ਜੀ ਨੇ ਨਾਸ਼ਮਾਨ ਸੰਸਾਰ ‘ਤੇ ਸਰੀਰਿਕ ਰੂਪ ਵਿੱਚ ਵਿਚਰਦਿਆਂ ਜ਼ਿੰਦਗੀ ਭਰ ਸਮਾਜਿਕ, ਸਰੀਰਿਕ ਸਮੱਸਿਆਵਾਂ ਨਾਲ ਨਿਰੰਤਰ ਸੰਘਰਸ਼ ਕਰ, ਸੇਵਾ–ਸਿਮਰਨ ਕਰਦਿਆਂ ਜੀਵਨ ਸਫਲਾ ਕੀਤਾ। ਉਨ੍ਹਾਂ ਵੱਲੋਂ ਕੀਤੇ ਜਾਂਦੇ ਲੋਕ-ਕਲਿਆਣਕਾਰੀ ਕਾਰਜਾਂ ਨੂੰ ਸਭ ਨੇ ਸਮਰਥਨ ਦਿੱਤਾ, ਸਲਾਹਿਆ, ਸਵੀਕਾਰਿਆ ਤੇ ਸਨਮਾਨਿਆ।
ਇਸ ਵੇਲੇ ਪਿੰਗਲਵਾੜੇ ਵਿੱਚ ਪਾਗਲ ਮਰਦ, ਇਸਤਰੀਆਂ, ਬੱਚਿਆਂ ਤੋਂ ਇਲਾਵਾ ਬੇਸਹਾਰਾ ਅਪਾਹਜ ਬੱਚਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ, ਜਿਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਤੇ ਦਵਾ-ਦਾਰੂ ਦੀ ਲੋੜ ਹੈ। ਇਸ ਸੰਸਥਾ ਦਾ ਇਸ ਸਮੇਂ ਖਰਚ ਰੋਜ਼ਾਨਾ ਲੱਖਾਂ ਵਿੱਚ ਹੈ। ਸਰਕਾਰ ਵੱਲੋਂ ਲੋਕ ਕਲਿਆਣ ਹਿੱਤ ਚੱਲ ਰਹੀ ਇਸ ਸੰਸਥਾ ਨੂੰ ਨਾ-ਮਾਤਰ ਦੀ ਸਹਾਇਤਾ ਮਿਲਦੀ ਹੈ। ਉਹ ਵੀ ਪਤਾ ਨਹੀਂ ਕਿਸ ਸਮੇਂ ਬੰਦ ਹੋ ਜਾਵੇ!
14 ਅਗਸਤ 1992 ਨੂੰ ਗੁਰਦੁਆਰਾ ਮੰਜੀ ਸਾਹਿਬ, ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ ਹੋਇਆ। ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਤਿੰਨ ਐਲਾਨ ਕੀਤੇ ਗਏ, ਜੋ ਪ੍ਰਸ਼ੰਸਾਯੋਗ ਹਨ। ਪਹਿਲਾ ਕਿ ਇਸ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਾਲਾਨਾ ਸਹਾਇਤਾ ਜੋ ਪਹਿਲਾਂ ਸਵਾ ਲੱਖ ਸੀ, ਤਿੰਨ ਲੱਖ ਕੀਤੀ ਜਾਂਦੀ ਹੈ। ਦੂਸਰਾ, ਭਗਤ ਪੂਰਨ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣੀ ਅਤੇ ਤੀਸਰਾ, ਭਗਤ ਪੂਰਨ ਸਿੰਘ ਦੇ ਨਾਮ ‘ਤੇ ਪੰਜ ਲੱਖ ਰੁਪਏ ਦਾ ‘ਸ਼੍ਰੋਮਣੀ ਸੇਵਾ ਸਨਮਾਨ’ ਸ਼ੁਰੂ ਕੀਤਾ ਜਾਵੇਗਾ। ਪਹਿਲਾ ‘ਭਗਤ ਪੂਰਨ ਸਿੰਘ ਸ਼ੋ੍ਰਮਣੀ ਸੇਵਾ ਅਵਾਰਡ’ ਡਾ. ਬੀਬੀ ਇੰਦਰਜੀਤ ਕੌਰ ਨੂੰ ਦਿੱਤਾ ਗਿਆ।
ਬੀਬੀ ਇੰਦਰਜੀਤ ਕੌਰ ਸੰਸਥਾ ਦੀ ਦੇਖ-ਰੇਖ ਤੇ ਸੰਭਾਲ ਕਰ ਰਹੇ ਹਨ। ਉਹ 1969 ਵਿੱਚ ਇਸ ਸੰਸਥਾ ਨਾਲ ਜੁੜ ਗਏ ਸਨ। 1985 ਵਿੱਚ ਇਨ੍ਹਾਂ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਦੇ ਟਰੱਸਟੀ ਨਾਮਜ਼ਦ ਕੀਤਾ ਗਿਆ। 1986 ਵਿੱਚ ਹੀ ਭਗਤ ਜੀ ਨੇ ਵਸੀਹਤ ਕਰ ਦਿੱਤੀ, ‘ਉਨ੍ਹਾਂ ਦੀ ਮੌਤ ਉਪਰੰਤ ਡਾ. ਇੰਦਰਜੀਤ ਕੌਰ ਜੀਵਨ ਭਰ ਲਈ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਹੋਣਗੇ।’
ਭਗਤ ਪੂਰਨ ਸਿੰਘ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸੰਸਥਾ ਦੀਆਂ ਇਸ ਸਮੇਂ ਸੱਤ ਬ੍ਰਾਚਾਂ ਹਨ, ਜਿਨ੍ਹਾਂ ਵਿੱਚ ਮਾਨਸਿਕ, ਅਧਰੰਗ, ਮੰਧਬੁੱਧੀ, ਟੀ.ਬੀ., ਨੇਤਰਹੀਨ, ਗੂਗੇ-ਬੋਲੇ, ਲੂਲ੍ਹੇ-ਲੰਗੜੇ, ਸ਼ੂਗਰ, ਏਡਜ਼, ਮਿਰਗੀ, ਕੈਂਸਰ ਆਦਿ ਨਾਮੁਰਾਦ ਬਿਮਾਰੀਆਂ ਨਾਲ ਪੀੜਤ ਬੱਚੇ, ਬਜ਼ੁਰਗ, ਮਰਦ-ਔਰਤਾਂ ਲਗਭਗ 1756 ਮਰੀਜ਼ਾਂ ਦੀ ਸੇਵਾ-ਸੰਭਾਲ ਹੋ ਰਹੀ ਹੈ। ਇਸ ਸੰਸਥਾ ਦਾ ਹੁਣ ਰੋਜ਼ਾਨਾ ਖਰਚ ਸਾਢੇ ਸੱਤ ਲੱਖ ਰੁਪਏ ਦੇ ਕਰੀਬ ਹੈ। ਇਸ ਸੰਸਥਾ ਦਾ 2021-2022 ਦਾ ਸਾਲਾਨਾ ਬਜਟ 43 ਕਰੋੜ ਦੇ ਕਰੀਬ ਸੀ, ਜੋ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਦੇ ਵਿਸ਼ਾਲ ਤੇ ਵਿਗਾਸ ਸਰੂਪ ਨੂੰ ਰੂਪਮਾਨ ਕਰਦਾ ਹੈ। ਭਗਤ ਪੂਰਨ ਸਿੰਘ ਭਾਵੇਂ ਸਰੀਰਿਕ ਰੂਪ ਵਿੱਚ ਇਸ ਸੰਸਾਰ ਵਿੱਚ ਨਹੀਂ ਹਨ, ਪਰ ਉਨ੍ਹਾਂ ਦੇ ਅਰੰਭੇ ਕਾਰਜ ਉਨ੍ਹਾਂ ਨੂੰ ਹਮੇਸ਼ਾ ਜੀਵਤ ਰੱਖਣਗੇ। ਲੋੜ ਹੈ, ਇਸ ਸੰਸਥਾ ਨੂੰ ਲੋਕਾਂ ਦੇ ਸਹਿਯੋਗ ਦੀ ਤਾਂ ਜੋ ਮਾਨਵ-ਸੇਵਾ ਦੇ ਰਣ ਖੇਤਰ ਵਿੱਚ ਨਿਰਮਲ ਕਾਰਜ ਨਿਰੰਤਰ ਜਾਰੀ ਰਹਿ ਸਕਣ।

Leave a Reply

Your email address will not be published. Required fields are marked *