ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇਸੇ ਤਰ੍ਹਾਂ ਅਰਜਨਟੀਨਾ ਵਿੱਚ ਵੱਸਦੇ ਪੰਜਾਬੀਆਂ ਨੇ ਦੋ ਸੱਭਿਆਚਾਰਾਂ ਦੀ ਸਾਂਝ ਪ੍ਰਗਟਾਉਂਦਿਆਂ ਆਪਣੀ ਥਾਂ ਬਣਾਈ ਹੈ। ਇਹ ਵੀ ਮਾਣ ਵਾਲੀ ਗੱਲ ਹੈ ਕਿ ਕਿਸੇ ਵੇਲੇ ਇੱਥੋਂ ਦੇ ‘ਸਾਲਟਾ’ ਨਾਂ ਦੇ ਨਗਰ ਵਿੱਚ ਪੰਜਾਬੀ ਕਿਸਾਨ ਅਤੇ ਵਪਾਰੀ ਵੱਡੀ ਗਿਣਤੀ ਵਿੱਚ ਵੱਸਦੇ ਹੁੰਦੇ ਸਨ। ਉਨ੍ਹਾਂ ਵੇਲਿਆਂ ਵਿੱਚ ਅਰਜਨਟੀਨਾ ਦਾ ਸਬੰਧ ਭਾਰਤ ਅਤੇ ਵਿਦੇਸ਼ਾਂ ਵਿੱਚ ਕੰਮ ਕਰਦੇ ‘ਗ਼ਦਰ ਪਾਰਟੀ’ ਦੇ ਕਾਰਕੁਨਾਂ ਨਾਲ ਵੀ ਜੁੜਦਾ ਹੈ। ਵੀਹਵੀਂ ਸਦੀ ਦੇ ਪਹਿਲੇ ਤੋਂ ਤੀਜੇ ਦਹਾਕੇ ਦਰਮਿਆਨ ਇੱਥੇ ਗ਼ਦਰ ਪਾਰਟੀ ਨਾਲ ਸਬੰਧਿਤ ਕਈ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ। ਪੇਸ਼ ਹੈ, ਪੰਜਾਬੀਆਂ ਦੀ ਅਰਜਨਟੀਨਾ ਨਾਲ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਦੱਖਣੀ ਅਮਰੀਕਾ ਵਿਚਲੇ ਖਿੱਤੇ ਵਿੱਚ ਸਥਿਤ ਅਰਜਨਟੀਨਾ ਦਰਅਸਲ ਬ੍ਰਾਜ਼ੀਲ ਤੋਂ ਬਾਅਦ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇਸ਼ ਦੇ ਘੇਰੇ ਅੰਦਰ ਇੱਕ ਖ਼ੁਦਮੁਖ਼ਤਿਆਰ ਸ਼ਹਿਰ ਅਤੇ 23 ਰਾਜ ਸ਼ਾਮਿਲ ਹਨ। ਸਾਲ 2022 ਦੀ ਜਨਗਣਨਾ ਅਨੁਸਾਰ ਇਸ ਮੁਲਕ ਦੀ ਵੱਸੋਂ 4,60,44,703 ਸੀ ਅਤੇ ਵੱਸੋਂ ਘਣਤਾ 16.6 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਇੱਥੋਂ ਦਾ ਖੇਤਰਫ਼ਲ 27,80,085 ਵਰਗ ਕਿਲੋਮੀਟਰ ਹੈ ਤੇ ਇਸ ਦੇਸ਼ ਨੂੰ ਦੁਨੀਆਂ ਦਾ ਅੱਠਵਾਂ ਵੱਡਾ ਦੇਸ਼ ਵੀ ਮੰਨਿਆ ਜਾਂਦਾ ਹੈ। ਇੱਥੋਂ ਦੀ ਕਰੰਸੀ ਅਰਜਨਟੀਨੀ ਪੀਸੋ ਹੈ ਅਤੇ ਸਾਲ 2025 ਲਈ ਇੱਥੋਂ ਦਾ ਅਨੁਮਾਨਿਤ ਜੀ.ਡੀ.ਪੀ. 6,83,533 ਬਿਲੀਅਨ ਦੱਸਿਆ ਗਿਆ ਹੈ। ਇਸ ਦੇਸ਼ ਦਾ ਇਤਿਹਾਸ ਦੱਸਦਾ ਹੈ ਕਿ ਇਸਨੂੰ ਸਪੇਨ ਕੋਲੋਂ 9 ਜੁਲਾਈ 1816 ਨੂੰ ਆਜ਼ਾਦੀ ਹਾਸਿਲ ਹੋਈ ਸੀ ਤੇ ਪਹਿਲੀ ਮਈ 1853 ਨੂੰ ਇਸ ਮੁਲਕ ਦਾ ਸੰਵਿਧਾਨ ਲਾਗੂ ਹੋਇਆ ਸੀ।
ਜੇਕਰ ਸਾਲ 2025 ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਲਗਪਗ ਇੱਕ ਲੱਖ ਦੇ ਕਰੀਬ ਭਾਰਤੀ ਲੋਕ ਇਸ ਮੁਲਕ ਅੰਦਰ ਵੱਸਦੇ ਹਨ ਤੇ ਇਹ ਸੰਖਿਆ ਇੱਥੋਂ ਦੀ ਕੁੱਲ ਆਬਾਦੀ ਦਾ 0.01 ਫ਼ੀਸਦੀ ਬਣਦੀ ਹੈ। ਪ੍ਰਾਪਤ ਇਤਿਹਾਸਕ ਹਵਾਲੇ ਦੱਸਦੇ ਹਨ ਕਿ ਇੱਥੇ ਆਉਣ ਵਾਲਾ ਸਭ ਤੋਂ ਪਹਿਲਾ ਭਾਰਤੀ ਵਿਅਕਤੀ ਇੱਕ ਸਿੱਖ ਸੀ, ਜੋ ਵੀਹਵੀਂ ਸਦੀ ਦੇ ਅਰੰਭ ਵਿੱਚ ਪੰਜਾਬ ਦੀ ਧਰਤੀ ਤੋਂ ਚੱਲ ਕੇ ਇੱਥੇ ਪੁੱਜਾ ਸੀ। ਉਹ ਤੇ ਉਸਦੇ ਕੁਝ ਹੋਰ ਸਾਥੀ ਬਰਤਾਨਵੀਆਂ ਵੱਲੋਂ ਇੱਥੇ ਵਿਛਾਈ ਜਾ ਰਹੀ ਰੇਲਵੇ ਲਾਈਨ ਸਬੰਧੀ ਕੰਮ ਲਈ ਇੱਥੇ ਪੁੱਜੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਸ਼ੁਰੂ-ਸ਼ੁਰੂ ਵਿੱਚ ਇੱਥੇ ਆਉਣ ਵਾਲੇ ਵਧੇਰੇ ਪੰਜਾਬੀ ਲੋਕ ਪਹਿਲਾਂ ਬ੍ਰਾਜ਼ੀਲ ਗਏ ਸਨ ਤੇ ਫਿਰ ਉਥੋਂ ਅਰਜਨਟੀਨਾ ਵੱਲ ਨੂੰ ਆ ਗਏ ਸਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਜਦੋਂ ਭਾਰਤੀਆਂ ਦੇ ਕੈਨੇਡਾ ਅਤੇ ਉਤਰੀ ਅਮਰੀਕਾ ਵੱਲ ਜਾਣ ’ਤੇ ਪਾਬੰਦੀ ਐਲਾਨੀ ਗਈ ਸੀ ਤਾਂ ਭਾਰਤੀਆਂ ਨੇ ਅਰਜਨਟੀਨਾ ਵੱਲ ਨੂੰ ਮੁਹਾਰਾਂ ਮੋੜ ਲਈਆਂ ਸਨ। ਇੱਥੇ ਅੱਜ ਵੀ ਜ਼ਿਆਦਾਤਰ ਭਾਰਤੀ ਲੋਕ ਅਰਜਨਟੀਨਾ ਦੀ ਰਾਜਧਾਨੀ ਆਖੇ ਜਾਂਦੇ ਇੱਥੋਂ ਦੇ ਸਭ ਤੋਂ ਵੱਡੇ ਸ਼ਹਿਰ ‘ਬਿਊਨਸ ਆਇਰਸ’ ਵਿਖੇ ਡਾਕਟਰ, ਇੰਜੀਨੀਅਰ, ਵਪਾਰੀ, ਵਿੱਤੀ ਕਾਰੋਬਾਰੀ ਅਤੇ ਬਹੁਕੌਮੀ ਕੰਪਨੀਆਂ ਦੇ ਮੁਲਾਜ਼ਮਾਂ ਵਜੋਂ ਕੰਮ ਕਰਦੇ ਹਨ ਤੇ ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਅਜੇ ਵੀ ਭਾਰਤੀ ਨਾਗਰਿਕਤਾ ਹੈ।
ਅਰਜਨਟੀਨਾ ਵਿਖੇ ਵੱਸਣ ਵਾਲੇ ਪੰਜਾਬੀਆਂ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਮਿਲਦੀ ਹੈ ਕਿ ਇੱਥੇ ਪੰਜਾਬੀ ਗਿਣਤੀ ਪੱਖੋਂ ਬੇਸ਼ੱਕ ਘੱਟ ਹਨ, ਪਰ ਜਿੰਨੇ ਵੀ ਹਨ, ਉਹ ਪੂਰੀ ਤਰ੍ਹਾਂ ਸਥਾਪਿਤ ਸ਼ਖ਼ਸੀਅਤਾਂ ਹਨ ਤੇ ਜ਼ਿਆਦਾਤਰ ਤਾਂ ਅਰਜਨਟੀਨਾ ਦੇ ਉਤਰੀ ਹਿੱਸੇ ਵਿੱਚ ਹੀ ਵੱਸਦੇ ਹਨ। ਉਨ੍ਹਾਂ ਦਾ ਮੁੱਖ ਕਿੱਤਾ ਸੁਪਰ ਮਾਰਕੀਟ ਅਤੇ ਕਾਰੋਬਾਰ ਚਲਾਉਣਾ ਆਦਿ ਹਨ। ਇਨ੍ਹਾਂ ਪੰਜਾਬੀਆਂ ਦੀ ਸੰਖਿਆ ਤਿੰਨ ਸੌ ਦੇ ਕਰੀਬ ਦੱਸੀ ਜਾਂਦੀ ਹੈ। ਸ. ਸਿਮਰਪਾਲ ਸਿੰਘ ਦਾ ਅਰਜਨਟੀਨਾ ਦੇ ਸਫ਼ਲ ਕਾਰੋਬਾਰੀਆਂ ਵਿੱਚ ਸ਼ੁਮਾਰ ਹੁੰਦਾ ਹੈ। ਉਨ੍ਹਾਂ ਨੂੰ ‘ਪੀਨੱਟ ਪ੍ਰਿੰਸ ਆਫ਼ ਅਰਜਨਟੀਨਾ’ ਦੇ ਲਕਬ ਨਾਲ ਇਲਾਕੇ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕੰਪਨੀ ‘ਓਲਮ ਇੰਟਰਨੈਸ਼ਨਲ’ ਦੀ ਸੰਨ 2012 ਵਿੱਚ ਸਾਲਾਨਾ ਆਮਦਨੀ 17 ਬਿਲੀਅਨ ਡਾਲਰ ਸੀ।
ਇੱਕ ਬੜਾ ਹੀ ਦਿਲਚਸਪ ਤੱਥ ਹੈ ਕਿ ਅਰਜਨਟੀਨਾ ਵਿਖੇ ਸੰਨ 1912 ਦੇ ਆਸ-ਪਾਸ ਆਣ ਵੱਸੇ ਪੰਜਾਬੀਆਂ ਦੇ ਨਾਲ-ਨਾਲ ਕਾਫੀ ਸਾਰੇ ਚੀਨੀ ਅਤੇ ਜਪਾਨੀ ਲੋਕ ਵੀ ਇੱਥੇ ਆ ਗਏ ਸਨ। ਇਨ੍ਹਾਂ ਸਭ ਦੀ ਆਮਦ ਨੂੰ ਸਥਾਨਕ ਨਿਵਾਸੀਆਂ ਨੇ ਕੋਈ ਬਹੁਤਾ ‘ਖ਼ੁਸ਼ਆਮਦੀਦ’ ਨਹੀਂ ਕਿਹਾ ਸੀ। ਲੰਘਦੇ ਵਰਿ੍ਹਆਂ ਨਾਲ ਇੱਥੇ ਪੰਜਾਬੀਆਂ ਅਤੇ ਹੋਰ ਵਿਦੇਸ਼ੀ ਮੂਲ ਦੇ ਵਿਅਕਤੀਆਂ ਦੀ ਸੰਖਿਆ ਵਧਦੀ ਗਈ, ਜਿਸਦਾ ਕਿ ਬਾਅਦ ਵਿੱਚ ਇੱਥੋਂ ਦੇ ਸਿਆਸੀ ਆਗੂਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੌਲ਼ੀ-ਹੌਲ਼ੀ ਪੰਜਾਬੀਆਂ ਨੂੰ ਇੱਥੋਂ ਦੀ ‘ਲੇਬਰ ਮਾਰਕੀਟ’ ਵਿੱਚੋਂ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ।
ਉਨ੍ਹਾਂ ਵੇਲਿਆਂ ਵਿੱਚ ਅਰਜਨਟੀਨਾ ਦਾ ਸਬੰਧ ਭਾਰਤ ਅਤੇ ਵਿਦੇਸ਼ਾਂ ਵਿੱਚ ਕੰਮ ਕਰਦੇ ‘ਗ਼ਦਰ ਪਾਰਟੀ’ ਦੇ ਕਾਰਕੁਨਾਂ ਨਾਲ ਵੀ ਜੁੜਦਾ ਹੈ। ਪ੍ਰਾਪਤ ਪੁਖ਼ਤਾ ਜਾਣਕਾਰੀ ਅਨੁਸਾਰ ਵੀਹਵੀਂ ਸਦੀ ਦੇ ਪਹਿਲੇ ਤੋਂ ਤੀਜੇ ਦਹਾਕੇ ਦਰਮਿਆਨ ਇੱਥੇ ਗ਼ਦਰ ਪਾਰਟੀ ਨਾਲ ਸਬੰਧਿਤ ਕਈ ਆਗੂਆਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿੱਚ ਪ੍ਰਸਿੱਧ ਦੇਸ਼ ਭਗਤ ਸ. ਅਜੀਤ ਸਿੰਘ ਵੀ ਸ਼ਾਮਿਲ ਸਨ, ਜੋ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਮਾਣਯੋਗ ਚਾਚਾ ਜੀ ਸਨ। ਪੰਜਾਬੀ ਵਿਦਵਾਨ ਸ. ਸਵਰਨ ਸਿੰਘ ਨੇ ਆਪਣੀ ਪੁਸਤਕ ‘ਸਿੱਖਸ ਇਨ ਲੈਟਿਨ ਅਮੈਰਿਕਾ’ ਵਿੱਚ ਇੱਥੇ ਵੱਸਦੇ ਸਿੱਖਾਂ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਵਿਸਥਾਰਤ ਜਾਣਕਾਰੀ ਦਰਜ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਸੰਨ 1983 ਵਿੱਚ ਉਸ ਵੇਲੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਅਰਜਨਟੀਨਾ ਦਾ ਦੌਰਾ ਕੀਤਾ ਸੀ ਤੇ ਇੱਥੇ ਵੱਸਦੇ ਉਨ੍ਹਾਂ ਸੌ ਦੇ ਕਰੀਬ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਦੇ ਪੁਰਖੇ ਸੰਨ 1930 ਜਾਂ ਉਸ ਤੋਂ ਪਹਿਲਾਂ ਅਰਜਨਟੀਨਾ ਵਿਖੇ ਆਣ ਵੱਸੇ ਸਨ।
ਸੰਨ 2018 ਵਿੱਚ ਜਦੋਂ ਕਿ ਸਿੱਖਾਂ ਨੂੰ ਇੱਥੇ ਆਇਆਂ ਨੂੰ ਲਗਪਗ ਸੌ ਸਾਲ ਦਾ ਸਮਾਂ ਬੀਤ ਗਿਆ ਸੀ, ਸਿੱਖ ਧਰਮ ਨੂੰ ਅਰਜਨਟੀਨਾ ਵਿਖੇ ਮਾਨਤਾ ਪ੍ਰਦਾਨ ਕੀਤੀ ਗਈ ਸੀ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਆਉਣ ਵਾਲੇ ਕਾਫ਼ੀ ਸਾਰੇ ਪੰਜਾਬੀਆਂ ਜਾਂ ਪੰਜਾਬੀ ਸਿੱਖਾਂ ਨੇ ਸਥਾਨਕ ਮੁਟਿਆਰਾਂ ਨਾਲ ਵਿਆਹ ਕਰਵਾ ਲਿਆ ਸੀ, ਜਿਸ ਕਰਕੇ ਉਨ੍ਹਾਂ ਦੇ ਘਰਾਂ ਤੇ ਪਰਿਵਾਰਾਂ ਵਿੱਚ ਪੰਜਾਬੀ ਅਤੇ ਅਰਜਨਟੀਨੀ ਸੱਭਿਆਚਾਰਾਂ ਦਾ ਮਿਸ਼ਰਣ ਬਣ ਗਿਆ ਸੀ, ਜੋ ਅੱਜ ਵੀ ਇੱਥੇ ਵੱਸਦੇ ਪੰਜਾਬੀ ਪਰਿਵਾਰਾਂ ਅੰਦਰ ਸਾਖਿਆਤ ਵੇਖਿਆ ਜਾ ਸਕਦਾ ਹੈ। ਭਾਵੇਂ ਕਿ ਇੱਥੇ ਜੰਮੇ-ਪਲੇ ਅਤੇ ਵੱਸਦੇ ਨਵੀਂ ਪੀੜ੍ਹੀ ਦੇ ਕੁਝ ਇੱਕ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੇ ਸਥਾਨਕ ਸੱਭਿਆਚਾਰ ਦੇ ਪ੍ਰਭਾਵ ਹੇਠ ਗਾਂ ਦਾ ਮਾਸ ਖਾਣਾ ਸ਼ੁਰੂ ਕਰ ਦਿੱਤਾ ਹੈ, ਪਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇੱਥੇ ਰਹਿੰਦਿਆਂ ਇੱਕ ਸਦੀ ਬੀਤ ਜਾਣ ਦੇ ਬਾਵਜੂਦ ਲਗਪਗ ਸਮੂਹ ਪੰਜਾਬੀਆਂ ਨੇ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਵਿਸਾਰਿਆ ਬਿਲਕੁਲ ਨਹੀਂ ਹੈ। ਜ਼ਿਆਦਾਤਰ ਪੰਜਾਬੀ ਪਰਿਵਾਰਾਂ ਵਿੱਚ ਪੰਜਾਬੀ ਬੋਲਣ, ਗੁਰਬਾਣੀ ਪਾਠ ਕਰਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਦੱਸਣ ਦਾ ਪ੍ਰਚਲਨ ਅੱਜ ਵੀ ਜਾਰੀ ਹੈ। ਦੱਸਦੇ ਹਨ ਕਿ ਕਿਸੇ ਵੇਲੇ ਇੱਥੋਂ ਦੇ ‘ਸਾਲਟਾ’ ਨਾਂ ਦੇ ਨਗਰ ਵਿੱਚ ਪੰਜਾਬੀ ਕਿਸਾਨ ਅਤੇ ਵਪਾਰੀ ਵੱਡੀ ਗਿਣਤੀ ਵਿੱਚ ਵੱਸਦੇ ਹੁੰਦੇ ਸਨ। ਪੰਜਾਬੀਆਂ ਵੱਲੋਂ ਅਰਜਨਟੀਨਾ ਵਿਖੇ ਉਸਾਰੇ ਗਏ ਗੁਰਦੁਆਰਾ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ‘ਰੋਜ਼ਰੀਓ ਡੀ ਲਾ ਫ਼ਰੰਟੇਰਾ’ ਵਿਖੇ ਸਥਿਤ ਗੁਰਦੁਆਰਾ ਕੇਵਲ ਇੱਥੋਂ ਦਾ ਹੀ ਨਹੀਂ, ਸਗੋਂ ਸਮੁੱਚੇ ਦੱਖਣੀ ਅਮਰੀਕਾ ਦਾ ਇਕਲੌਤਾ ਗੁਰਦੁਆਰਾ ਹੈ। ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿੱਚ ਯੋਗਦਾਨ ਪਾਉਣ ਵਾਲੇ ਸ. ਕੰਵਲਜੀਤ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਕਿਹਾ ਸੀ: “ਇੱਥੇ ਆਉਣ ਵਾਲੇ ਸਮੂਹ ਪੰਜਾਬੀ ਹੀ ਨਹੀਂ, ਸਗੋਂ ਸਥਾਨਕ ਨਿਵਾਸੀ ਵੀ ਇਹ ਗੱਲ ਜਾਣਦੇ ਹਨ ਕਿ ਇਹ ਗੁਰਦੁਆਰਾ ਕੇਵਲ ਸਿੱਖ ਕੌਮ ਜਾਂ ਪੰਜਾਬੀਆਂ ਲਈ ਹੀ ਚੰਗਾ ਤੇ ਮਹੱਤਵਪੂਰਨ ਨਹੀਂ ਹੈ, ਸਗੋਂ ਇਹ ਤਾਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਹੀ ਮਹੱਤਵਪੂਰਨ ਹੈ। ਸਿੱਖ ਤਾਂ ਮੰਗਦੇ ਅਤੇ ਕਰਦੇ ਹੀ ਸਰਬੱਤ ਦਾ ਭਲਾ ਹਨ ਤੇ ਇਹ ਗੱਲ ਇੱਥੋਂ ਦੇ ਸਥਾਨਕ ਵਸਨੀਕਾਂ ਨੂੰ ਬੜੀ ਭਾਉਂਦੀ ਹੈ।”
—–
ਅਰਜਨਟੀਨਾ ਦੀ ਰਾਜਧਾਨੀ ‘ਬਿਊਨਸ ਆਇਰਸ’ ਪਲਾਜ਼ਾ ਡੀ ਮਾਇਓ ਤੋਂ ਲੈ ਕੇ ਟਾਈਗਰ ਡੈਲਟਾ ਤੱਕ ਇੱਕ ਵੱਡੀ ਤੇ ਵਿਸ਼ਵਵਿਆਪੀ ਰਾਜਧਾਨੀ ਹੈ, ਜਿਸਨੂੰ ਅਕਸਰ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਡਾ ਯੂਰਪੀਅਨ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸਦਾ ਕੇਂਦਰ ਪਲਾਜ਼ਾ ਡੀ ਮਾਇਓ ਹੈ, ਜੋ ਕਿ 19ਵੀਂ ਸਦੀ ਦੀਆਂ ਸ਼ਾਨਦਾਰ ਇਮਾਰਤਾਂ ਨਾਲ ਘਿਰਿਆ ਹੋਇਆ ਹੈ, ਜਿਸ ਵਿੱਚ ਕਾਸਾ ਰੋਸਾਡਾ, ਪ੍ਰਤੀਕ, ਬਾਲਕੋਨੀ ਵਾਲਾ ਰਾਸ਼ਟਰਪਤੀ ਮਹਿਲ ਸ਼ਾਮਲ ਹੈ। ਹੋਰ ਪ੍ਰਮੁੱਖ ਆਕਰਸ਼ਣਾਂ ਵਿੱਚ ਟੀਏਟਰੋ ਕੋਲੋਨ, ਲਗਭਗ 2,500 ਸੀਟਾਂ ਵਾਲਾ ਇੱਕ ਸ਼ਾਨਦਾਰ 1908 ਓਪੇਰਾ ਹਾਊਸ ਅਤੇ ਆਧੁਨਿਕ ਮਾਲਬਾ ਅਜਾਇਬ ਘਰ ਸ਼ਾਮਲ ਹਨ, ਜੋ ਲਾਤੀਨੀ ਅਮਰੀਕੀ ਕਲਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਗੈਰ-ਮੁਨਾਫ਼ਾ ਕਲਾ ਅਜਾਇਬ ਘਰ ਅਤੇ ਸੱਭਿਆਚਾਰਕ ਕੇਂਦਰ ਨੇ ਪਹਿਲੀ ਵਾਰ 2001 ਵਿੱਚ ਸਮਕਾਲੀ ਲਾਤੀਨੀ ਅਮਰੀਕੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਨਾਲ ਆਪਣੇ ਦਰਵਾਜ਼ੇ ਖੋਲ੍ਹੇ ਸਨ।
ਪਲਾਜ਼ਾ ਡੀ ਮਾਇਓ ਟੈਂਗੋ, ਫੁੱਟਬਾਲ ਅਤੇ ਇੱਕ ਖਾਸ ਪਕਵਾਨ ਦੀ ਤਾਲ ਵਿੱਚ ਧੜਕਦਾ ਹੈ, ਜੋ ਇਤਾਲਵੀ, ਸਪੈਨਿਸ਼ ਅਤੇ ਕ੍ਰੀਓਲ ਵਿਰਾਸਤ ਨੂੰ ਮਿਲਾਉਂਦਾ ਹੈ। ਇਸਦੇ ਆਂਢ-ਗੁਆਂਢ ਵਿੱਚ ਸੈਰ ਕਰਨ ਨਾਲ ਤੁਹਾਨੂੰ ਪੰਜ ਸਦੀਆਂ ਦੇ ਇਤਿਹਾਸ ਵਿੱਚੋਂ ਲੰਘਣਾ ਪਵੇਗਾ, ਜਦੋਂ ਤੁਸੀਂ ਪੈਰਿਸ ਦੇ ਬੁਲੇਵਾਰਡ ਜਿੰਨੇ ਚੌੜੇ ਐਵੇਨਿਊ ਦੇ ਕੋਨੇ ‘ਤੇ ਕੋਰਟਾਡੋ (ਹੇਜ਼ਲਨਟ ਕੌਫੀ) ਪੀਂਦੇ ਹੋ।