ਗਲੋਬਲ ਪੰਜਾਬੀ ਮਿਲਾਪ ਦੌਰਾਨ ਪੰਜਾਬੀ ਬੋਲੀ ਦੀ ਉਸਤਤ

ਸਾਹਿਤਕ ਤੰਦਾਂ ਖਬਰਾਂ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕੁਝ ਸਥਾਨਕ ਅਦੀਬਾਂ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ 22ਵੇਂ ਗਲੋਬਲ ਪੰਜਾਬੀ ਮਿਲਾਪ ਦੌਰਾਨ ਸਾਂਝੀਵਾਲਤਾ ਦੀਆਂ ਤੰਦਾਂ ਫੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵੰਡੇ ਗਏ ‘ਪੰਜਾਬਾਂ’ ਨਾਲ ਸਬੰਧਤ ਸਿੱਖ-ਮੁਸਲਿਮ ਭਾਈਚਾਰਿਆਂ ਵੱਲੋਂ ਕੀਤੇ ਉਪਰਾਲੇ ਸਦਕਾ ਪੰਜਾਬੀ ਬੋਲੀ ਦੀ ਉਸਤਤ ਨਾਲ ਲਬਰੇਜ ਇਹ ਸਮਾਗਮ ਏਕਤਾ ਅਤੇ ਪਿਆਰ ਦੀ ਮਿਸਾਲ ਬਣ ਗਿਆ।

ਅਸਲ ਵਿੱਚ ਪੰਜਾਬੀ ਜ਼ਬਾਨ ਬੋਲਣ ਵਾਲਾ ਭਾਵੇਂ ਕਿਸੇ ਵੀ ਅਕੀਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ, ਸਬੱਬੀਂ ਆਪਸੀ ਇਤਫਾਕ ਜ਼ਰੂਰ ਬਣ ਜਾਂਦਾ ਹੈ। ਖਾਸੀਅਤ ਇਹ ਸੀ ਕਿ ਇਸ ਸਾਲਾਨਾ ਸਮਾਗਮ ਵਿੱਚ ‘ਚੜ੍ਹਦੇ ਪੰਜਾਬ’ ਅਤੇ ‘ਲਹਿੰਦੇ ਪੰਜਾਬ’ ਦੇ ਦੋ ਵੱਖਰੇ ਸੰਕਲਪ ਉਭਾਰਨ ਦੀ ਥਾਂ ਬੋਲੀ ਅਤੇ ਸਾਹਿਤਕ ਰੂਪ ਵਿੱਚ ਸਾਂਝੇ ਪੰਜਾਬ ਦਾ ਸੰਕਲਪ ਸਿਰਜਣ ਨੂੰ ਤਰਜੀਹ ਦਿੱਤੀ ਗਈ।
ਇਹ ਵੀ ਵਿਚਾਰ ਗੋਚਰੇ ਹੈ ਕਿ ਇਸ ਮੌਕੇ ਚਾਰ ਦੇਸ਼ਾਂ- ਅਮਰੀਕਾ, ਭਾਰਤ, ਕੈਨੇਡਾ ਤੇ ਪਾਕਿਸਤਾਨ ਦੇ ਬਾਸ਼ਿੰਦੇ ਪੰਜਾਬੀ ਬੋਲੀ ਦੇ ਕਵੀਆਂ ਨੇ ਇਸਨੂੰ ਯਾਦਗਾਰੀ ਬਣਾ ਦਿੱਤਾ। ਇੱਕ ਸ਼ਾਇਰ ਦੇ ਸ਼ਬਦਾਂ ਵਿੱਚ “ਪੰਜਾਬੀ ਵਾਕੰਸ਼ਾਂ ‘ਤੇ ਆਧਾਰਿਤ ਇਹ ਕਵੀ ਦਰਬਾਰ ਸ਼ਬਾਬ ‘ਤੇ ਰਿਹਾ…।” ਉਂਜ ਸਾਰੇ ਕਵੀ ਜਨਾਂ ਤੇ ਬੁਲਾਰਿਆਂ ਨੇ ਭਾਵਪੂਰਤ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਬਟਵਾਰੇ ਦੀ ਚੀਸ ਵੀ ਸੀ ਅਤੇ ਬੋਲੀ ਤੇ ਸਾਹਿਤਕ ਸਾਂਝ ਦਾ ਹੇਜ ਵੀ ਸੀ; ਕਿਤੇ ਕਿਤੇ ਵਿਅੰਗ ਵੀ ਸੀ, ਤੇ ਕਿਤੇ ਕਿਤੇ ਵਿਚਾਰਕ ਸੁਨੇਹਾ ਵੀ ਸੀ। ਇਹ ਉਪਰਾਲਾ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਆਪਸੀ ਇਤਫਾਕ ਬਰਕਰਾਰ ਰੱਖਣ ਲਈ ਇੱਕ ਸਾਂਝਾ ਤੇ ਸ਼ਲਾਘਾਯੋਗ ਯਤਨ ਸੀ। ਤਕਰੀਰ ਦੌਰਾਨ ਇਹ ਵੀ ਕਿਹਾ ਗਿਆ ਕਿ ਵੰਡ ਸਮੇਂ ਜੋ ਫੱਟ ਲੱਗੇ, ਵਿਦੇਸ਼ ਵਿੱਚ ਰਹਿੰਦਿਆਂ ਗਲੋਬਲ ਮਿਲਾਪ ਜ਼ਰੀਏ ਉਨ੍ਹਾਂ `ਤੇ ਫਹੇ ਲਾਉਣ ਦਾ ਯਤਨ ਕੀਤਾ ਗਿਆ ਹੈ।
ਇੱਕ ਗੱਲ ਜੋ ਰੜਕੀ, ਉਹ ਇਹ ਸੀ ਕਿ ਪ੍ਰਬੰਧਕ ਲੋਕ-ਇਕੱਤਰਤਾ ਜੁਟਾਉਣ ਵਿੱਚ ਥੋੜ੍ਹਾ ਪਿੱਛੇ ਰਹਿ ਗਏ, ਹਾਲਾਂਕਿ ਇਸ ਸਮਾਗਮ ਦੀ ਮੂਲ ਭਾਵਨਾ ਕਾਬਿਲ-ਏ-ਤਾਰੀਫ ਕਹੀ ਜਾ ਸਕਦੀ ਹੈ। ਦੂਜਾ, ਜਦੋਂ ਕੁਝ ਬੁਲਾਰੇ ਆਪਣੀ ਤਕਰੀਰ ਜਾਂ ਕਾਵਿ-ਪੇਸ਼ਕਾਰੀ ਦੌਰਾਨ ਪੂਣੀ ਲੰਮੀ ਖਿੱਚਣ ਨੂੰ ਤਰਜੀਹ ਦੇਣ ਲੱਗਦੇ ਹਨ, ਤਾਂ ਸਰੋਤਿਆਂ ਵਿੱਚ ਉਕੇਵਾਂ ਪੈਦਾ ਹੋ ਜਾਂਦਾ ਹੈ। ਤਸੱਲੀਬਖ਼ਸ਼ ਇਹ ਸੀ ਕਿ ਸਮਾਗਮ ਵਿੱਚ ਹਾਜ਼ਰ ਕਰੀਬ ਕਰੀਬ ਸਾਰੇ ਲੋਕ ਪੰਜਾਬ (ਭਾਵੇਂ ਭਾਰਤੀ ਪੰਜਾਬ ਹੋਵੇ ਜਾਂ ਪਾਕਿਸਤਾਨੀ ਪੰਜਾਬ ਹੋਵੇ), ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਨ; ਖਾਸ ਕਰ ਪੰਜਾਬੀ ਸ਼ਾਇਰੀ ਤੇ ਪੰਜਾਬੀ ਕਾਵਿਤਾ ਦੇ ਰੰਗ ਵਿੱਚ ਭਿੱਜੇ-ਭਿੱਜੇ। ਸਿਆਣੇ ਵੀ ਕਹਿੰਦੇ ਹਨ ਕਿ ਗੱਲ ਉੱਥੇ ਹੀ ਬਣਦੀ ਹੈ, ਜਿੱਥੇ ਕਰੂਰਾ ਮਿਲਦਾ ਹੋਵੇ।
ਇਸ ਸਮਾਗਮ ਦਾ ਬੰਨ੍ਹ-ਸੁੱਬ ਕਰਨ ਵਿੱਚ ਠਾਕਰ ਸਿੰਘ ਬਸਤੀ ਅਤੇ ਸਾਜਿਦ ਚੌਧਰੀ ਦਾ ਵਿਸ਼ੇਸ਼ ਯੋਗਦਾਨ ਸੀ। ਇਹ ਜੋੜੀ ਭਾਈਚਾਰੇ ਦੇ ਹੋਰਨਾਂ ਸੱਜਣਾਂ ਦੇ ਸਹਿਯੋਗ ਨਾਲ ਲੰਮੇ ਸਮੇਂ ਤੋਂ ਗਲੋਬਲ ਮਿਲਾਪ ਲਈ ਤਰੱਦਦ ਕਰਦੀ ਆ ਰਹੀ ਹੈ, ਜਿਸ ਵਿੱਚ ਦੋਹਾਂ ਭਾਈਚਾਰਿਆਂ ਦੇ ਪੰਜਾਬੀ ਬਕਤਿਆਂ ਨੂੰ ਆਪਣੀ ਗੱਲ ਕਹਿਣ-ਸੁਨਣ ਦਾ ਮੌਕਾ ਜੁੜਦਾ ਹੈ। ਇਸ ਸਮਾਗਮ ਵਿੱਚ ਕੈਨੇਡਾ ਤੋਂ ਨਾਮੀ ਲੇਖਕ ਸੁਰਜੀਤ ਸਿੰਘ ਮਾਧੋਪੁਰੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ, ਜਦਕਿ ਮੁੱਖ ਬੁਲਾਰਿਆਂ ਵਿੱਚ ਸਿੱਖ ਚਿੰਤਕ ਡਾ. ਸੁਰਿੰਦਰ ਸਿੰਘ ਗਿੱਲ, ਲੇਖਕ ਤੇ ਸ਼ਾਇਰ ਰਵਿੰਦਰ ਸਿੰਘ ਸਹਿਰਾਅ, ਮੈਰੀਲੈਂਡ ਤੋਂ ਮਾਸਟਰ ਧਰਮਪਾਲ ਸਿੰਘ ਉੱਗੀ, ਸ਼ਾਇਰ ਗੁਲਾਮ ਮੁਸਤਫਾ ਅੰਜੁਮ, ਡਾ. ਜਾਵੇਦ ਭੱਟੀ ਤੇ ਰਿਆਜ਼ ਬਾਬਰ ਸ਼ਾਮਲ ਸਨ।
ਇਸ ਵਾਰ ਦੇ ਸਮਾਗਮ ਦਾ ਮੁੱਖ ਵਿਸ਼ਾ ‘ਪੰਜਾਬੀ ਅਖਾਣਾਂ’ ਸਨ। ਇਸ ਮੌਕੇ ਬੀਬੀ ਕਿਰਪਾਲ ਕੌਰ, ਗੁਲਾਮ ਮੁਸਤਫਾ ਅੰਜੁਮ ਤੇ ਕੁਝ ਹੋਰਨਾਂ ਨੇ ਵੱਖ ਵੱਖ ਅਖਾਣਾਂ ਦੀ ਵਿਆਖਿਆ ਕੀਤੀ ਅਤੇ ਕੁਝ ਅਜੀਬ ਕਿਸਮ ਦੀਆਂ ਅਖਾਣਾਂ ਬਾਰੇ ਵੀ ਚਰਚਾ ਛੋਹੀ। ਦੱਸਿਆ ਗਿਆ ਕਿ ਪੀੜ੍ਹੀ-ਦਰ-ਪੀੜ੍ਹੀ ਬਜ਼ੁਰਗਾਂ ਦੇ ਤਜਰਬਿਆਂ ਵਿੱਚੋਂ ਨਿਕਲੀਆਂ ਗੱਲਾਂ ਅਖਾਣ ਬਣ ਗਏ।
ਡਾ. ਸੁਰਿੰਦਰ ਸਿੰਘ ਗਿੱਲ ਨੇ ਦੋਹਾਂ ਪੰਜਾਬਾਂ ਦੇ ਸਾਂਝੇ ਵਿਰਸੇ `ਤੇ ਰੋਸ਼ਨੀ ਪਾਈ ਅਤੇ ਸੁਨੇਹਾ ਦਿੱਤਾ ਕਿ ਘਰਾਂ ਵਿੱਚ ਪਰਿਵਾਰ ਹੀ ਪੰਜਾਬੀ ਨੂੰ ਮਜਬੂਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਕਸ਼ੀਦਗੀ ਦੇ ਚੱਲਦਿਆਂ ਆਰਜੀ ਤੌਰ `ਤੇ ਬੰਦਾ ਕੀਤਾ ਗਿਆ ਕਰਤਾਰਪੁਰ ਲਾਂਘਾ ਮੁੜ ਖੁਲ੍ਹਵਾਉਣ ਲਈ ਇੱਕ ਅਪੀਲ ਵ੍ਹਾਈਟ ਹਾਊਸ ਵਿੱਚ ਪਾਈ ਗਈ ਹੈ।
ਇਸ ਮੌਕੇ ਕਸ਼ਿਸ਼ ਹੁਸ਼ਿਆਰਪੁਰੀ, ਰਾਕਿੰਦ ਕੌਰ, ਆਬਿਦ ਰਸ਼ੀਦ, ਤਾਹਿਰਾ ਰਿਦਾ, ਅੰਮ੍ਰਿਤਪਾਲ ਕੌਰ, ਡਾ. ਅਫਜ਼ਲ ਰਹਿਮਾਨ, ਸੁਰਿੰਦਰ ਕੌਰ ਸੰਘਾ ਆਦਿ ਨੇ ਕਵਿਤਾਵਾਂ/ਰਚਨਾਵਾਂ ਸੁਣਾਈਆਂ। ਕੁਝ ਸ਼ੇਅਰ ਬੜੇ ਦਿਲਚਸਪ ਤੇ ਡੂੰਘੇ ਅਰਥਾਂ ਵਾਲੇ ਸਨ, ਜਿਨ੍ਹਾਂ ਨੂੰ ‘ਵਾਹ ਵਾਹ’ ਦੀ ਤਾਈਦ ਨਾਲ ਨਿਵਾਜਿਆ ਗਿਆ, ਜਦਕਿ ਕੁਝ ਕਵਿਤਾਵਾਂ ਦਾ ਧੁਰਾ ਅਖਾਣ ਸਨ। ਨਵਰੀਤ ਤੇ ਨਵਰਾਜ ਦੀਆਂ ਪੇਸ਼ਕਾਰੀਆਂ ਵੀ ਖੂਬ ਸਨ, ਖਾਸ ਕਰ ਬੋਲੀ ਨਾਲ ਸਬੰਧਤ ਇਹ ਗੱਲ ਕਿ ਜੇ ਅਸੀਂ ਪੰਛੀਆਂ ਨਾਲ ਉਨ੍ਹਾਂ ਦੀ ਬੋਲੀ ਵਿੱਚ ਗੱਲ ਕਰੀਏ ਤਾਂ ਉਹ ਸਾਨੂੰ ਆਪਣਾ ਆਪਣਾ ਸਮਝਣ ਲੱਗ ਜਾਂਦੇ ਹਨ। ਹੈ ਵੀ ਸੱਚ! ਜਦੋਂ ਕੋਈ ਸਾਡੇ ਸਾਹਮਣੇ ਕੋਈ ਉਹ ਬੋਲੀ ਬੋਲਣ ਲੱਗ ਜਾਵੇ, ਜਿਸ ਦੀ ਸਾਨੂੰ ਸਮਝ ਨਹੀਂ ਤਾਂ ਅਸੀਂ ਉਹਨੂੰ ਓਪਰਾ-ਓਪਰਾ ਹੀ ਝਾਕਾਂਗੇ!
ਇਸ ਮੌਕੇ ਰਵਿੰਦਰ ਸਹਿਰਾਅ ਦੀ ਪੁਸਤਕ ‘ਲਾਹੌਰ ਨਾਲ ਗੱਲਾਂ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਸਬੰਧੀ ਮਾਸਟਰ ਧਰਮਪਾਲ ਸਿੰਘ ਉੱਗੀ ਨੇ ਚਰਚਾ ਕੀਤੀ ਕਿ ਇਹ ਕਿਤਾਬ ਬਹੁਤ ਦਿਲਚਸਪ ਹੈ ਅਤੇ ਲੇਖਕ ਦਾ ਲਾਹੌਰ ਦਾ ਸਫ਼ਰਨਾਮਾ ਹੈ। ਇਸ ਪੁਸਤਕ ਸਬੰਧੀ ਨਾਮੀ ਨਾਟਕਕਾਰ ਡਾ. ਆਤਮਜੀਤ ਤੇ ਤਾਹਿਰ ਸੰਧੂ ਦੇ ਵਿਸਥਾਰਿਤ ਵੀਡੀਓ ਸੰਦੇਸ਼ ਵੀ ਸੁਣਾਏ ਗਏ। ਦੋਹਾਂ ਸ਼ਖਸੀਅਤਾਂ ਨੇ ਰਵਿੰਦਰ ਸਹਿਰਾਅ ਦੇ ਸਾਹਿਤਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਖਾਸਕਰ ਪੁਸਤਕ ‘ਲਾਹੌਰ ਨਾਲ ਗੱਲਾਂ’ ਨੂੰ ਦੋਹਾਂ ਪੰਜਾਬਾਂ ਵਿਚਾਲੇ ਸੱਭਿਆਚਾਰਕ ਪੁਲ ਵਜੋਂ ਸਲਾਹਿਆ ਗਿਆ। ਇਸ ਮੌਕੇ ਰਵਿੰਦਰ ਸਹਿਰਾਅ ਨੇ ਧੰਨਵਾਦੀ ਸ਼ਬਦਾਂ ਦੇ ਨਾਲ ਨਾਲ ‘ਲਾਹੌਰ ਵਸੇਂਦੀਓ ਕੁੜੀਓ, ਕਦੀ ਅੰਬਰਸਰ ਵੀ ਆਇਓ’ ਕਵਿਤਾ ਸੁਣਾਈ।
ਪ੍ਰਬੰਧਕਾਂ ਵੱਲੋਂ ਸੁਰਜੀਤ ਸਿੰਘ ਮਾਧੋਪੁਰੀ, ਡਾ. ਸੁਰਿੰਦਰ ਸਿੰਘ ਗਿੱਲ, ਗੁਲਾਮ ਮੁਸਤਫਾ ਅੰਜੁਮ, ਮਾਸਟਰ ਧਰਮਪਾਲ ਸਿੰਘ ਉੱਗੀ, ਡਾ. ਜਾਵੇਦ ਭੱਟੀ ਦਾ ਗੁਰਮੁਖੀ ਅੱਖਰਾਂ ਦੇ ਛਾਪੇ ਵਾਲੀ ਸ਼ਾਲ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਕਵਿਤਰੀ ਰਾਕਿੰਦ ਕੌਰ ਤੇ ਪ੍ਰਬੰਧਕਾਂ ਨੇ ਰਲ-ਮਿਲ ਕੇ ਕੀਤਾ। ਸਮਾਗਮ ਕੇ.ਕੇ. ਪੰਮਾ ਦੇ ‘ਟੱਚ ਆਫ ਸਪਾਈਸ’ ਰੈਸਟੋਰੈਂਟ ਵਿੱਚ ਸੀ ਅਤੇ ਖਾਣਾ ਸਥਾਨਕ ਕਾਰੋਬਾਰੀ ਗੁਲਜ਼ਾਰ ਸਿੰਘ ਮੁਲਤਾਨੀ ਨੇ ਸਪਾਂਸਰ ਕੀਤਾ ਸੀ।
——————————–
ਲਾਹੌਰ ਨਾਲ ਗੱਲਾਂ: ਡਾ. ਆਤਮਜੀਤ ਦੇ ਸ਼ਬਦਾਂ ਵਿੱਚ…
ਰਵਿੰਦਰ ਸਹਿਰਾਅ ਜਾਣਿਆ-ਪਛਾਣਿਆ ਸ਼ਾਇਰ ਹੈ। ਪਿਛਲੇ ਕਾਫੀ ਸਮੇਂ ਤੋਂ ਉਸ ਨੇ ਵਾਰਤਕ ਵਿੱਚ ਵੀ ਹੱਥ ਅਜ਼ਮਾਈ ਕੀਤੀ ਹੈ। ਪਾਕਿਸਤਾਨ ਬਾਰੇ ਬਹੁਤ ਕਿਤਾਬਾਂ ਲਿਖਿਆਂ ਗਈਆਂ। ਭਾਵੁਕ ਤੌਰ `ਤੇ ਦੋ ਪੰਜਾਬ ਨਹੀਂ ਹੋਏ, ਹਜੇ ਵੀ ਇੱਕ ਹੀ ਪੰਜਾਬ ਹੈ, ਖਾਸ ਕਰ ਕੇ ਉਨ੍ਹਾਂ ਹਸਾਸ ਲੋਕਾਂ ਵਾਸਤੇ, ਉਨ੍ਹਾਂ ਦਰਦਮੰਦ ਲੋਕਾਂ ਲਈ ਪੰਜਾਬ ਇੱਕ ਹੀ ਹੈ। ਪਾਕਿਸਤਾਨ ਬਾਰੇ ਲਿਖੇ ਗਏ 12-15 ਸਫਰਨਾਮਿਆਂ ਵਿੱਚੋਂ ਬਲਰਾਜ ਸਾਹਨੀ ਦਾ ਲਿਖਿਆ ਸਫਰਨਾਮਾ ਇੱਕ ਮੀਲ ਪੱਥਰ ਹੈ, ਪਰ ਉਸ ਦੀ ਖਾਸੀਅਤ ਤੇ ਸੀਮਾ ਇਹ ਸੀ ਕਿ ਉਹ ਆਜ਼ਾਦੀ ਤੋਂ ਥੋੜ੍ਹੇ ਹੀ ਸਮੇਂ ਬਾਅਦ ਲਿਖਿਆ ਗਿਆ ਸੀ, ਭਾਵੁਕਤਾ ਬਹੁਤ ਜ਼ਿਆਦਾ ਸੀ। ਪਰ ਹੁਣ ਚੀਜ਼ਾਂ ਕਾਫੀ ਬਦਲ ਗਈਆਂ ਹਨ, ਇੱਥੋਂ ਤੱਕ ਕਿ ਪਾਕਿਸਤਾਨ ਤੇ ਹਿੰਦੋਸਤਾਨ ਕਾਫੀ ਬਦਲ ਗਿਆ ਹੈ; ਹੁਣ ਹੇਰਵਾ ਘੱਟ ਹੈ। ਭਾਵਾਂ/ਜਜ਼ਬਿਆਂ ਵਿੱਚ ਰਵਿੰਦਰ ਸਹਿਰਾਅ ਵੀ ਭਿੱਜਦਾ ਹੈ, ਉਹ ਇਨ੍ਹਾਂ ਭਾਵਾਂ ਦੇ ਵਹਿਣ ਵਿੱਚ ਰੁੜ੍ਹਦਾ ਨਹੀਂ ਹੈ। ਉਹ ਆਪਣੀ ਤਰਕ ਦੀ ਅੱਖ ਨੂੰ ਖੁੱਲ੍ਹਾ ਰੱਖਦਾ ਹੈ, ਜਿਸ ਕਰਕੇ ਉਹਦਾ ਸਫਰਨਾਮਾ ਕੁਝ ਉਨ੍ਹਾਂ ਗੱਲਾਂ ਨੂੰ ਵੀ ਅੰਕਿਤ ਕਰਦਾ ਹੈ, ਜਿਨ੍ਹਾਂ ਕਰ ਕੇ ਪਾਕਿਸਤਾਨ ਵਿੱਚ ਹਾਲੇ ਸਾਡੇ (ਹਿੰਦੋਸਤਾਨ) ਨਾਲੋਂ ਬਹੁਤ ਜ਼ਿਆਦਾ ਪਿੱਛੇ ਨੇ; ਪਰ ਪਾਕਿਸਤਾਨ ਦੇ ਲੋਕ/ਸਾਹਿਤਕਾਰ/ਚਿੰਤਕ ਬਹੁਤ ਪਿਆਰੇ ਨੇ। ਉਹ ਉਸੇ ਤਰ੍ਹਾਂ ਸੋਚਦੇ ਨੇ, ਜਿਸ ਤਰ੍ਹਾਂ ਹਿੰਦੋਸਤਾਨ ਦਾ ਚਿੰਤਕ ਸੋਚਦਾ ਹੈ। ਇਹ ਸਭ ਰਵਿੰਦਰ ਸਹਿਰਾਅ ਨੇ ‘ਲਾਹੌਰ ਨਾਲ ਗੱਲਾਂ’ ਵਿੱਚ ਬੜੀ ਖੂਬਸੂਰਤੀ ਨਾਲ ਅੰਕਿਤ ਕੀਤਾ ਹੈ। ਇਸ ਸਫਰਨਾਮੇ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਬਹੁਤਾ ਖਲਾਰਾ ਨਹੀਂ ਹੈ। ਇਹ ਸਫਰਨਾਮਾ ਪੜ੍ਹ ਕੇ ਪਾਕਿਸਤਾਨ ਇੱਕ ਐਸੀ ਜਗ੍ਹਾ ਲੱਗਣ ਲੱਗ ਜਾਵੇਗੀ, ਜਿੱਧਰ ਜਾਣਾ ਜਰੂਰੀ ਹੈ। ਇਹ ਲਾਹੌਰ ਨਾਲ ਆਪਣੀ ਸਾਂਝ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *