*ਉਤਸ਼ਾਹੀ ਰਿਹਾ ਲੌਂਗੋਵਾਲ ਸਮਾਗਮ ‘ਤੇ ਨਵੇਂ ਦਲ ਦਾ ਇਕੱਠ
*ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਤੋਂ ਲੋਕਾਂ ਨੂੰ ਉਮੀਦ
ਜਸਵੀਰ ਸਿੰਘ ਸ਼ੀਰੀ
ਅਕਾਲੀ ਦਲ (ਬਾਦਲ) ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਇਮ ਹੋਏ ਨਵੇਂ ਅਕਾਲੀ ਦਲ ਵਿਚਕਾਰ ਭੇੜ ਅਤੇ ਬਾਕੀ ਪੰਥਕ ਜਥੇਬੰਦੀਆਂ ਨਾਲ ਸਹਿਯੋਗ ਜਾਂ ਸੁਮੇਲ ਦੇ ਮੌਕੇ, ਭਵਿੱਖ ਦੀਆਂ ਸੰਭਾਵਨਾਵਾਂ ਬਣ ਗਏ ਹਨ। ਇਹ ਅਕਾਲੀ ਦਲ ਵੀ ਭਾਵੇਂ ਸਿੱਖਾਂ ਦੀ ਨਰਮ (ਮੌਡਰੇਟ) ਧਾਰਾ ਦੀ ਹੀ ਨੁਮਾਇੰਦਗੀ ਕਰਦਾ ਹੈ, ਪਰ ਇਸ ਦੀ ਧੁਰੀ ਵਿੱਚ ਸਿੱਖ ਕਨਜ਼ਰਵੇਟਿਵ ਧਿਰਾਂ ਦੀ ਮੌਜੂਦਗੀ ਲਈ ਵੀ ਇੱਕ ਸਪੇਸ ਛੱਡੀ ਗਈ ਹੈ। ਬੀਬੀ ਸਤਵੰਤ ਕੌਰ ਦੀ ਅਗਵਾਈ ਵਿੱਚ ਪੰਥਕ ਕੌਂਸਲ ਇਸ ਦੀ ਅਗਵਾਈ ਕਰਨਗੇ। ਅਕਾਲੀ ਦਲ ਅੰਦਰਲੀ ਇਹ ਧਾਰਾ ਇਸ ਨੂੰ ਅੱਤਿ ਦਾ ਲਿਬਰਲ ਹੋ ਜਾਣ ਤੋਂ ਵਰਜਦੀ ਰਹੇਗੀ। ਜਾਂ ਇਹ ਕਹੋ ਕਿ ਵਰਜਦੇ ਰਹਿਣਾ ਚਾਹੀਦਾ ਹੈ।
ਯਾਦ ਰਹੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ ਸਾਰੀਆਂ ਸਿੱਖ ਸੰਸਥਾਵਾਂ ਦੀ ਅਗਵਾਈ ਅਕਾਲੀ ਦਲ (ਬਾਦਲ) ਕੋਲ ਚਲੇ ਜਾਣ ਨਾਲ ਇਹ ਸੰਸਥਾਵਾਂ ਅਸਿੱਧੇ ਢੰਗ ਨਾਲ ਕੇਂਦਰਵਾਦੀ ਸਿਆਸਤ ਦੇ ਅਧੀਨ ਚਲੀਆਂ ਗਈਆਂ ਸਨ। ਇਸੇ ਦੌਰ ਵਿੱਚ ਅਕਾਲੀ ਦਲ ਨੇ ਪੰਥਕ ਸਿਆਸਤ ਦਾ ਤਿਆਗ ਕਰਕੇ ਪੰਜਾਬੀ ਸਿਆਸਤ ਵੱਲ ਮੋੜਾ ਕੱਟਿਆ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਅਕਾਲੀ ਦਲ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। (ਦੂਜੇ ਧਰਮਾਂ ਦੇ ਲੋਕਾਂ ਦਾ ਕਿਸੇ ਸਿਆਸੀ ਸੰਗਠਨ ਦੇ ਮੈਂਬਰ ਹੋਣਾ ਕੋਈ ਮੇਹਣਾ ਨਹੀਂ, ਪਰ ਸਿੱਖ ਘੱਟਗਿਣਤੀ ਦੀ ਭਾਰਤ ਵਿੱਚ ਵਿਸ਼ੇਸ਼ ਸਥਿਤੀ ਬਣ ਜਾਣ ਕਾਰਨ ਇਸ ਦੀ ਹੋਂਦ ਦੇ ਖ਼ਤਰੇ ਘਾਤਕ ਬਣ ਜਾਂਦੇ ਹਨ।) ਅਕਾਲੀ ਦਲ (ਬਾਦਲ) ਵਿੱਚ ਜਿਹੜੇ ਗੈਰ-ਸਿੱਖ ਭਰਤੀ ਹੋਏ, ਉਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਉੱਚ ਜਾਤੀ ਹਿੰਦੂਆਂ ਨਾਲ ਸੰਬੰਧਤ ਸਨ। ਇਸ ਕਾਰਨ ਅਤੇ ਭਾਜਪਾ ਨਾਲ ਬਿਨਾ ਸ਼ਰਤ ਰਿਸ਼ਤਾ ਹੋਣ ਕਾਰਨ ਅਕਾਲੀ ਦਲ ਲਗਾਤਾਰ ਕੇਂਦਰਵਾਦੀ ਸਿਆਸਤ ਵੱਲ ਝੁਕਦਾ ਗਿਆ ਤੇ ਅੰਤ ਸਥਿਤੀ ਗੁਰੂ ਮਹਾਰਾਜ ਦੀ ਬੇਅਦਬੀ ਤੱਕ ਜਾ ਪਹੁੰਚੀ। ਕੇਂਦਰ ਸਰਕਾਰ ਵੱਲੋਂ ਤਿੰਨ ਕਾਨੂੰਨ ਲਿਆਉਣ ‘ਤੇ ਅਕਾਲੀ ਦਲ ਮੁਢਲਾ ਸਟੈਂਡ ਕਿ ‘ਇਹ ਕਾਨੂੰਨ ਠੀਕ ਹਨ’, ਇਹੀ ਦਰਸਾਉਂਦਾ ਹੈ ਕਿ ਅਕਾਲੀ ਦਲ ਜਿਨ੍ਹਾਂ ਪੰਥਕ ਹਲਕਿਆਂ ਦੀ ਅਗਵਾਈ ਕਰਨ ਲਈ ਸਾਜਿਆ ਗਿਆ ਸੀ, ਉਸ ਦੇ ਬਿਲਕੁਲ ਉਲਟ ਭੁਗਤਣ ਲੱਗ ਪਿਆ ਸੀ।
ਇਸ ਆਤਮ ਸਮਰਪਣ ਵਾਲੀ ਸਿਆਸੀ ਪਹੁੰਚ ਨੇ ਸਿੱਖ ਭਾਈਚਾਰੇ ਨੂੰ ਬੇਹਦ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਂਝ ਵੀ ਵੱਡੇ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਆਪਣੇ ਭਾਰਤੀ ਜਨਤਾ ਪਾਰਟੀ ਨਾਲ ਰਿਸ਼ਤੇ ਨੂੰ ਨਹੁੰ-ਮਾਸ ਦਾ ਰਿਸ਼ਤਾ ਕਹਿੰਦਾ ਰਿਹਾ ਹੈ। 1997 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਬਣੀ, ਪਰ ਹਰ ਵਾਰੀ ਰਾਜ ਵਿੱਚ ਬਣਨ ਵਾਲੀ ਇਹ ਸੱਤਾ ਪਹਿਲਾਂ ਦੇ ਮੁਕਾਬਲੇ ਵਧੇਰੇ ਕੇਂਦਰਵਾਦੀ ਹੁੰਦੀ ਚਲੀ ਗਈ। ਅਕਾਲੀ ਦਲ ਦੇ ਇਸ ਉਲਟੇ ਪਾਸੇ ਵੱਲ ਹੋਏ ਵਹਿਣ ਦਾ ਸਿਖ਼ਰ ਤਾਂ ਭਾਵੇਂ 2015 ਵਿੱਚ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਹੀ ਹੋ ਗਿਆ ਸੀ, ਪਰ ਇਸ ਦੇ ਮੁਕੰਮਲ ਪਤਨ ਨੂੰ ਅਕਾਲੀ ਸੱਤਾ ਦੀ ਇੱਕ ਟਰਮ ਹੋਰ ਲੱਗ ਗਈ। ਉਂਜ ਪਿਛਲੇ ਤਿੰਨ ਚਾਰ ਸਾਲਾਂ ਵਿੱਚ ਅਕਾਲੀ ਦਲ ਦੀ ਵੋਟ ਸਿਆਸਤ ਨੇ ਵੀ ਇਸ ਪਤਨਮੁਖਤਾ ਦਾ ਪ੍ਰਭਾਵ ਦੇਣਾ ਸ਼ੁਰੂ ਕਰ ਦਿੱਤਾ ਸੀ। ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਬਹੁਤੀਆਂ ਵਿੱਚ ਸੀਟਾਂ ‘ਤੇ ਆਪਣੀ ਜ਼ਮਾਨਤਾਂ ਜ਼ਬਤ ਕਰਵਾ ਬੈਠਾ ਅਤੇ ਇਸੇ ਕਾਰਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਇੱਕ ਵੱਡਾ ਹਿੱਸਾ ਆਪਣੇ ਰਾਜ ਭਾਗ ਦੌਰਾਨ ਹੋਈਆਂ ਗਲਤੀਆਂ ਦੇ ਪਸ਼ਚਾਤਾਪ ਲਈ ਅਕਾਲ ਤਖ਼ਤ ਸਾਹਿਬ ਸਨਮੁਖ ਚਲਾ ਗਿਆ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਆਪਣੇ ਰਾਜ ਵਿੱਚ ਹੋਈਆਂ ਕੁਝ ਹੋਰ ਗਲਤੀਆਂ ਲਈ ਅਕਾਲ ਤਖਤ ਤੋਂ ਖ਼ਿਮਾ ਜਾਚਨਾ ਕੀਤੀ। ਇਸ ਨੇ ਅਕਾਲੀ ਦਲ ਦੇ ਬਾਦਲ ਧੜੇ ਨੂੰ ਵੀ ਸਿੱਖਾਂ ਦੀ ਇਸ ਸਰਬਉੱਚ ਸੰਸਥਾ ਦੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕਰ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਉਭਰੀ ਹੁਣ ਤੱਕ ਦੀ ਸਭ ਤੋਂ ਗੰਭੀਰ ਅਤੇ ਵੱਡੀ ਫੁੱਟ ਸੀ।
ਇਸ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਾਲ 2 ਦਸੰਬਰ ਨੂੰ ਜਾਰੀ ਹੋਇਆ ਹੁਕਮਨਾਮਾ ਬੇਹੱਦ ਮਹੱਤਵਪੂਰਨ ਸੀ। ਇਸ ਹੁਕਮਨਾਮੇ ਦੀ ਟੈਕਸਟ, ਭਾਸ਼ਾ, ਇਸ ਸੰਬੰਧ ਵਿੱਚ ਅਕਾਲ ਤਖਤ ਸਾਹਿਬ ਤੋਂ ਉਸ ਸਮੇਂ ਹੋਏ ਜ਼ੁਬਾਨੀ ਆਦੇਸ਼, ਭਾਸ਼ਣ ਆਦਿ ਨੇ ਅਕਾਲੀ ਦਲ ਵਿੱਚ ਪੁਨਰਸੁਰਜੀਤੀ ਦੀ ਸੰਭਾਨਾਵਾਂ ਨੂੰ ਉਜਾਗਰ ਕੀਤਾ। ਇਸ ਸਮੇਂ ਉਜਾਗਰ ਹੋਈਆਂ ਸੰਭਾਵਨਾਵਾਂ ਅਜਿਹੀਆਂ ਸਨ ਕਿ ਜਿੰਨੀ ਨਿਮਰਤਾ ਅਤੇ ਭੈਅ ਭਾਵਨਾ ਵਿੱਚ ਅਕਾਲੀ ਲੀਡਰਸ਼ਿੱਪ ਪੇਸ਼ ਹੋਈ, ਉਸ ਨਾਲ ਬਾਦਲ ਗੁੱਟ ਸਮੇਤ ਸਮੁੱਚੇ ਅਕਾਲੀ ਦਲ ਦੇ ਪੁਨਰਉਥਾਨ ਦੀਆਂ ਸੰਭਾਵਨਾਵਾਂ ਉਜਗਰ ਹੋ ਗਈਆਂ ਸਨ; ਪਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਪ੍ਰਤੀ ਅਪਣਾਏ ਗਏ ਅੜਬ ਰਵੱਈਏ ਨੇ ਅਕਾਲੀ ਦਲ ਦੇ ਟੁੱਟ ਕੇ ਵੱਖ ਹੋਏ ਗਰੁੱਪ ਦੇ ਪ੍ਰਮੁੱਖ ਅਕਾਲੀ ਦਲ ਵਜ਼ੋਂ ਸਥਾਪਤ ਹੋਣ ਦੀਆਂ ਸੰਭਾਵਨਾਵਾਂ ਵਧਾ ਦਿੱਤੀਆਂ। ਪੰਜ ਮੈਂਬਰੀ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਨਵੇਂ ਦਲ ਦੀ ਭਰਤੀ ਲਈ ਦਿੱਤੇ ਗਏ ਹੁਕਮ ਨੂੰ ਜਿਸ ਤਨਦੇਹੀ ਅਤੇ ਅਡੋਲਤਾ ਨਾਲ ਨਿਭਾਇਆ, ਉਸ ਨੇ ਇਸ ਧੜੇ ਦੇ ਉਭਾਰ ਨੂੰ ਪੱਕੇ ਪੈਰੀਂ ਕਰ ਦਿੱਤਾ। ਇਸ ਤੋਂ ਵੀ ਅੱਗੇ ਸਾਰੇ ਲੀਡਰਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਲਈ ਹੋਈ ਸਰਬਸੰਮਤੀ ਨੇ ਸਿੱਖਾਂ ਵਿੱਚ ਇਸ ਧੜੇ ਦੇ ਉਭਾਰ ਨੂੰ ਸੰਗਠਨ ਦੇ ਪੱਖੋਂ ਤੰਦਰੁਸਤੀ ਬਖਸ਼ੀ। ਅਕਾਲੀ ਦਲਾਂ ਦੀ ਬਹੁਲਤਾ ਦੀ ਹਾਲਤ ਵਿੱਚ ਇਸ ਦਾ ਪ੍ਰਭਾਵ ਸਿੱਖ ਭਾਈਚਾਰੇ ਦੀ ਸਮੂਹਿਕ ਮਾਨਸਿਕਤਾ ਵਿੱਚ ਹਾਂਮੁਖੀ ਗਿਆ ਹੈ। ਸੰਤ ਹਰਚੰਦ ਸਿੰਘ ਲੌਂਗਵਾਲ ਦੀ ਪਿਛਲੇ ਦਿਨੀਂ ਬਰਸੀ ‘ਤੇ ਹੋਏ ਉਤਸ਼ਾਹੀ ਇਕੱਠ ਨੇ ਇਸ ਦਾ ਸਪਸ਼ਟ ਸੁਨੇਹਾ ਦਿੱਤਾ ਹੈ। ਜਿਵੇਂ ਕਿ ਬੀਤੇ ਦਿਨੀਂ ਮਨਪ੍ਰੀਤ ਸਿੰਘ ਇਯਾਲੀ ਨੇ ਇਹ ਕਿਹਾ, ‘ਭਵਿੱਖ ਵਿੱਚ ਇੱਕੋ ਅਕਾਲੀ ਦਲ ਰਹਿ ਜਾਵੇਗਾ,’ ਇਹ ਭਾਵੀ ਵਰਤਰਾ ਵਰਤਣਾ ਨਿਸ਼ਚਤ ਜਾਪਦਾ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਧੜਾ ਜਾਂ ਇਹ ਪਰਿਵਾਰ ਭਵਿੱਖ ਵਿੱਚ ਆਪਣੀ ਆਰਥਿਕਤਾ ਦੇ ਜ਼ੋਰ ਕੁਝ ਹੋਰ ਸਮਾਂ ਸਿਆਸੀ ਖੇਤਰ ਵਿੱਚ ਰਹਿ ਸਕਦਾ ਹੈ, ਪਰ ਇਸ ਦੇ ਮੁੱਖ ਧਾਰਾ ਬਣਨ ਦੀਆਂ ਸੰਭਾਵਨਾਵਾਂ ਲਗਪਗ ਖਤਮ ਹੋ ਗਈਆਂ ਹਨ। ਹੁਣ ਪਿਛਾਂਹ ਮੁੜਨ ਦਾ ਵਕਤ ਵੀ ਲੰਘ ਗਿਆ ਹੈ। ਅਕਾਲੀ ਦਲ (ਬਾਦਲ) ਦੀ ਲੀਡਰਸ਼ਿੱਪ ਨੇ ਇਹ ਸਵੈਘਾਤੀ ਪਹੁੰਚ ਖੁਦ ਆਪ ਚੁਣੀ ਹੈ। ਕਿਸੇ ਹੋਰ ਨੂੰ ਦੋਸ਼ ਦੇਣ ਦੀ ਵੀ ਕੋਈ ਤੁਕ ਨਹੀਂ ਬਣਦੀ। ਇਸੇ ਲਈ ਲੌਂਗੋਵਾਲ ਸਮਾਗਮ ਤੋਂ ਬਾਅਦ ਬਾਦਲ ਧੜੇ ਵੱਲੋਂ ਵਿਰੋਧੀ ਧੜੇ ਹਰਪ੍ਰੀਤ ਨਾਲ ਮਿਲ ਕੇ ਕੀਤੀ ਗਈ ਸਾਜ਼ਿਸ਼ ਦਾ ਦੋਸ਼ ਵੀ ਜਾਇਜ਼ ਨਹੀਂ ਹੈ। 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਉਨ੍ਹਾਂ ਦੇ ਸਹਾਇਕ ਬਣੇ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਵਾਰ-ਵਾਰ ਇਹ ਨਸੀਹਤ ਦਿੱਤੀ ਸੀ ਕਿ ਜਾਣੇ-ਅਣਜਾਣੇ ਵਿੱਚ ਕੀਤੀਆਂ ਭੁੱਲਾਂ ਦਾ ਦੋਸ਼ ਮੰਨ ਕੇ ਉਨ੍ਹਾਂ ਕੋਲ ਮੁੜ ਉਭਰਨ ਦਾ ਮੌਕਾ ਗੁਰੂ ਮਹਾਰਾਜ ਨੇ ਆਪ ਬਖਸ਼ਿਆ ਹੈ, ਇਸ ਲਈ ਅਕਾਲੀ ਲੀਡਰਸ਼ਿੱਪ ਨੂੰ ਆਪਣੀਆਂ ਗਲਤੀਆਂ ਮੰਨਣ ਵਿੱਚ ਝਿਜਕ ਨਹੀਂ ਵਿਖਾਉਣੀ ਚਾਹੀਦੀ; ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚਿੰਬੜੇ ਰਹਿਣ ਦੀ ਜਿੱਦ ਅਤੇ ਅਕਾਲ ਤਖਤ ਸਾਹਿਬ ਵੱਲੋਂ ਸਥਾਪਤ ਕੀਤੀ ਗਈ ਕਮੇਟੀ ਵੱਲੋਂ ਨਵੀਂ ਮੈਂਬਰਸ਼ਿਪ ਕੱਟਣ ਤੇ ਨਾਂਹਮੁਖੀ ਜਿੱਦ ਅਪਣਾ ਲੈਣ ਨੇ ਉਨ੍ਹਾਂ ਦੇ ਭਵਿੱਖ ‘ਤੇ ਪੋਚਾ ਫੇਰਨ ਦਾ ਕੰਮ ਕੀਤਾ। ਇਸ ਸਾਰੇ ਘਟਨਾਕ੍ਰਮ ਤੋਂ ਨਵੇਂ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਵੀ ਸਬਕ ਲੈਣ ਦੀ ਲੋੜ ਹੈ। ਤੁਹਾਡੀ ਭਾਵੇਂ ਕਿਸੇ ਵੀ ਵੱਡੇ ਲੀਡਰ ਜਾਂ ਪਾਰਟੀ ਨਾਲ ਬੈਠਣੀ-ਉੱਠਣੀ ਹੋਵੇ, ਪਰ ਸਿਆਸੀ ਗੱਠਜੋੜ ਕਰਦਿਆਂ ਕਦੀ ਵੀ ਬਿਨਾ ਸ਼ਰਤ ਹਮਾਇਤ ਵਾਲੀ ਪਹੁੰਚ ਨਹੀਂ ਅਪਣਾਈ ਜਾ ਸਕਦੀ। ਨਾ ਹੀ ਕਿਸੇ ਸਿਆਸੀ ਦਿੱਕਤ ਕਾਰਨ ਹਿੰਸਾਤਮਕ ਮੋੜਾ ਕੱਟਣ ਦੀ ਲੋੜ ਹੈ। ਇਨ੍ਹਾਂ ਦੋਹਾਂ ਅੱਤਿਮੁਖੀ ਪਹੁੰਚਾਂ ਦੇ ਵਿਚਕਾਰ ਵਾਲਾ ਰਾਹ ਤੁਹਾਨੂੰ ਆਪਣੇ ਕੌਮ ਦੇ ਨਿਸ਼ਾਨਿਆਂ ਵੱਲ ਲੈ ਜਾਵੇਗਾ।