ਪ੍ਰਸ਼ਾਸਕੀ ਤੇ ਫ਼ਿਰਕੂ ਦਬਾਅ ਕਰਕੇ ਮਿਆਂਮਾਰ ’ਚ ਘਟੀ ਹੈ ਪੰਜਾਬੀਆਂ ਦੀ ਗਿਣਤੀ

ਗੂੰਜਦਾ ਮੈਦਾਨ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਇਹ ਵੀ ਸੱਚਾਈ ਹੈ ਕਿ ਪੰਜਾਬੀਆਂ ਨਾਲ ਵਿਦੇਸ਼ਾਂ ਵਿੱਚ ਵੀ ਅਨੇਕਾਂ ਵਾਰ ਵਿਤਕਰੇ ਦਾ ਵਰਤਾਰਾ ਵਾਪਰਦਾ ਰਿਹਾ ਹੈ, ਭਾਵੇਂ ਕਿਸੇ ਹੀ ਰੂਪ ਵਿੱਚ ਸਹੀ! ਇਸ ਦੀ ਇੱਕ ਮਿਸਾਲ ਇਹ ਹੈ ਕਿ ਮਿਆਂਮਾਰ ਦੀ ਭਲਾਈ ਤੇ ਤਰੱਕੀ ਲਈ ਪੰਜਾਬੀਆਂ ਨੇ ਆਪਣੀ ਪੂਰੀ ਵਾਹ ਲਗਾਈ;

ਪਰ ਉਨ੍ਹਾਂ ਦੀ ਮਿਹਨਤ ਅਤੇ ਚੰਗਿਆਈ ਦਾ ਮੁੱਲ ਮੋੜਨ ਦੀ ਥਾਂ ਬਹੁਤ ਵਾਰ ਪੰਜਾਬੀਆਂ ਨੂੰ ਉਥੇ ਦੁਰਵਿਹਾਰ ਤੇ ਤ੍ਰਿਸਕਾਰ ਦਾ ਸ਼ਿਕਾਰ ਹੋਣਾ ਪਿਆ ਹੈ। ਪੰਜਾਬੀਆਂ ਦਾ ਇੱਥੇ 19ਵੀਂ ਸਦੀ ਦੇ ਅਰੰਭ ਤੋਂ ਹੀ ਵਾਸਾ ਮੰਨਿਆ ਜਾਂਦਾ ਹੈ। ਪੇਸ਼ ਹੈ, ਮਿਆਂਮਾਰ ਨਾਲ ਪੰਜਾਬੀਆਂ ਦੇ ਰਿਸ਼ਤੇ ਅਤੇ ਉਨ੍ਹਾਂ ਨਾਲ ਵਿਹਾਰ ਦਾ ਸੰਖੇਪ ਵੇਰਵਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਆਪਣੇ ਸਿਰੜ ਦੇ ਪੱਕੇ ਪੰਜਾਬੀਆਂ ਨਾਲ ਕੋਈ ਇੱਕ ਵਾਰ ਨਹੀਂ ਸਗੋਂ ਅਨੇਕਾਂ ਵਾਰ ਅਜਿਹੇ ਵਰਤਾਰੇ ਵਾਪਰੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਕੋਲੋਂ ਲਾਭ ਖੱਟਣ ਵਾਲੀਆਂ ਧਿਰਾਂ ਨੇ ਹੀ ਬਾਅਦ ਵਿੱਚ ਉਨ੍ਹਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਮਿਆਂਮਾਰ ਇੱਕ ਅਜਿਹਾ ਹੀ ਮੁਲਕ ਹੈ, ਜਿਸਦੀ ਭਲਾਈ ਤੇ ਤਰੱਕੀ ਲਈ ਪੰਜਾਬੀਆਂ ਨੇ ਆਪਣੀ ਪੂਰੀ ਵਾਹ ਲਗਾਈ; ਪਰ ਉਨ੍ਹਾਂ ਦੀ ਮਿਹਨਤ ਅਤੇ ਚੰਗਿਆਈ ਦਾ ਮੁੱਲ ਮੋੜਨ ਦੀ ਥਾਂ ਬਹੁਤ ਵਾਰ ਪੰਜਾਬੀਆਂ ਨੂੰ ਇੱਥੇ ਦੁਰਵਿਹਾਰ ਅਤੇ ਤ੍ਰਿਸਕਾਰ ਦਾ ਸ਼ਿਕਾਰ ਹੋਣਾ ਪਿਆ ਹੈ।
ਏਸ਼ੀਆਈ ਮੁਲਕ ਮਿਆਂਮਾਰ ਦਾ ਪਹਿਲਾ ਨਾਂ ਬਰਮਾ ਸੀ ਤੇ ਸੰਨ 1989 ਵਿੱਚ ਇਸਨੂੰ ਮਿਆਂਮਾਰ ਦਾ ਨਾਂ ਦਿੱਤਾ ਗਿਆ ਸੀ। ਇਸ ਮੁਲਕ ਦਾ ਕੁੱਲ ਰਕਬਾ 6,76,578 ਵਰਗ ਕਿਲੋਮੀਟਰ ਹੈ ਤੇ ਇਸ ਦੀਆਂ ਸਰਹੱਦਾਂ ਦੀ ਕੁੱਲ ਲੰਬਾਈ 6523 ਕਿਲੋਮੀਟਰ ਬਣਦੀ ਹੈ। ਇਸ ਦੀਆਂ ਹੱਦਾਂ ਪੰਜ ਦੇਸ਼ਾਂ ਨਾਲ ਲੱਗਦੀਆਂ ਹਨ, ਜਿਨ੍ਹਾਂ ਵਿੱਚ ਭਾਰਤ, ਬੰਗਲਾਦੇਸ਼, ਚੀਨ ਅਤੇ ਥਾਈਲੈਂਡ ਆਦਿ ਮੁਲਕਾਂ ਤੋਂ ਇਲਾਵਾ ਅੰਡੇਮਾਨ ਟਾਪੂ ਵੀ ਸ਼ਾਮਿਲ ਹਨ। ਇਸ ਮੁਲਕ ਦਾ ਸਭ ਤੋਂ ਵਿਸ਼ਾਲ ਸ਼ਹਿਰ ਯੰਗੂਨ ਹੈ। ਇਸ ਦੇਸ਼ ਦੀ ਕੁੱਲ ਆਬਾਦੀ ਸੰਨ 2024 ਦੀ ਜਨਗਣਨਾ ਅਨੁਸਾਰ 51.3 ਮਿਲੀਅਨ ਸੀ ਤੇ ਵੱਸੋਂ ਦੀ ਘਣਤਾ 32 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਇੱਥੋਂ ਦੀ ਆਬਾਦੀ ਵਿੱਚ 87.9 ਫ਼ੀਸਦੀ ਬੋਧੀ ਅਤੇ 6.2 ਫ਼ੀਸਦੀ ਈਸਾਈ ਹਨ, ਜਦੋਂ ਕਿ ਮੁਸਲਮਾਨਾਂ ਅਤੇ ਹਿੰਦੂਆਂ ਦੀ ਸੰਖਿਆ ਕ੍ਰਮਵਾਰ 4.3 ਫ਼ੀਸਦੀ ਅਤੇ 0.5 ਫ਼ੀਸਦੀ ਹੈ। ਇੱਥੋਂ ਦੀ ਕਰੰਸੀ ਦਾ ਨਾਂ ‘ਕਿਆਤ’ ਹੈ ਤੇ ਪ੍ਰਤੀ ਵਿਅਕਤੀ ਸਾਲਾਨਾ ਆਮਦਨੀ 1180 ਅਮਰੀਕੀ ਡਾਲਰ ਹੈ।
ਪੰਜਾਬੀਆਂ ਦੀ ਮਿਆਂਮਾਰ ਵਿੱਚ ਆਬਾਦੀ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਗਿਆਰਾਂ ਹਜ਼ਾਰ ਦੇ ਕਰੀਬ ਪੰਜਾਬੀ ਵੱਸਦੇ ਹਨ ਤੇ ਉਨ੍ਹਾਂ ਦੇ ਰਹਿਣ ਦੇ ਟਿਕਾਣੇ ਯੰਗੂਨ ਸ਼ਹਿਰ ਤੋਂ ਇਲਾਵਾ ਮਾਂਡਲੇ, ਸ਼ਾਨ ਅਤੇ ਕੇਚਿਨ ਆਦਿ ਖਿੱਤੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇੱਥੇ ਵੱਸਣ ਵਾਲੇ ਜ਼ਿਆਦਾਤਰ ਪੰਜਾਬੀ ਲੋਕ ਹਿੰਦੂ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕ ਹਨ ਤੇ ਪੰਜਾਬੀ ਸਿੱਖਾਂ ਅਤੇ ਈਸਾਈਆਂ ਦੀ ਗਿਣਤੀ ਇੱਥੇ ਕਾਫੀ ਘੱਟ ਹੈ। ਇਨ੍ਹਾਂ ਦੀ ਬੋਲੀ ਪੂਰਬੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ। ਪੰਜਾਬੀਆਂ ਦਾ ਇੱਥੇ 19ਵੀਂ ਸਦੀ ਦੇ ਅਰੰਭ ਤੋਂ ਹੀ ਵਾਸਾ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਵਿਲੀਅਮ ਕੈਰੀ ਨਾਂ ਦੇ ਇੱਕ ਪਾਦਰੀ ਨੇ ਬਾਈਬਲ ਦੇ ‘ਨਿਊ ਟੈਸਟਾਮੈਂਟ’ ਦਾ ਪੰਜਾਬੀ ਬੋਲੀ ਵਿੱਚ ਅਨੁਵਾਦ ਕੀਤਾ ਸੀ ਤੇ ਉਸਦੀ ਇਸ ਰਚਨਾ ਨੂੰ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਸੀ।
ਪੰਜਾਬੀਆਂ ਦੀ ਅਣਖ ਨਾਲ ਜੁੜੀ ਇੱਕ ਮਹੱਤਵਪੂਰਨ ਘਟਨਾ, ਜੋ ਇਸ ਮੁਲਕ ਅੰਦਰ ਵਾਪਰੀ ਸੀ, ਕੁਝ ਇਸ ਤਰ੍ਹਾਂ ਸੀ: ਦਰਅਸਲ ਸੰਨ 1934 ਵਿੱਚ ਪੰਜਾਬੀ ਕੌਮ ਦੇ ਲੋਕਾਂ ਨੇ ਇੱਥੇ ਯੰਗੂਨ ਦੇ ਡਾਊਨਟਾਊਨ ਵਿਖੇ ਇੱਕ ਸਕੂਲ ਸਥਾਪਿਤ ਕੀਤਾ ਸੀ ਤਾਂ ਕਿ ਇੱਥੋਂ ਦੇ ਲੋਕਾਂ ਅੰਦਰ ਵਿੱਦਿਆ ਦਾ ਚਾਨਣਾ ਫ਼ੈਲਾਇਆ ਜਾ ਸਕੇ; ਤੇ ਉਨ੍ਹਾਂ ਦਾ ਇਹ ਉਦਮ ਸਫ਼ਲ ਵੀ ਰਿਹਾ ਸੀ, ਪਰ ਸੰਨ 2018 ਵਿੱਚ ਇਸ ਸਕੂਲ ਵਿੱਚ ਇੱਕ ਨਵਾਂ ਹੈੱਡਮਾਸਟਰ ਆਇਆ, ਜੋ ਸਿੱਖੀ ਬਾਰੇ ਬਿਲਕੁਲ ਵੀ ਜਾਣੂ ਨਹੀਂ ਸੀ। ਉਸਨੇ ਬੁੱਧ ਧਰਮ ਨਾਲ ਜੁੜੇ ਇਸ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਦਰਮਿਆਨ ਬੈਠੇ ਇੱਕ ਸਿੱਖ ਲੜਕੇ ਨੂੰ ਵੇਖ਼ ਕੇ ਬੁਰਾ ਮਨਾਇਆ ਤੇ ਹੁਕਮ ਸੁਣਾ ਦਿੱਤਾ, “ਕੱਲ੍ਹ ਨੂੰ ਜਾਂ ਤਾਂ ਆਪਣੀ ਪਗੜੀ ਤੋਂ ਬਿਨਾ ਹੀ ਸਕੂਲ ਆਵੀਂ ਜਾਂ ਫਿਰ ਸਕੂਲੇ ਹੀ ਨਾ ਵੜ੍ਹੀਂ।” ਇਸ ਘਟਨਾ ਨੇ ਸਮੂਹ ਪੰਜਾਬੀਆਂ ਦੇ ਮਨਾਂ ਵਿੱਚ ਰੋਸ ਦੇ ਨਾਲ-ਨਾਲ ਇਹ ਭਾਵਨਾ ਵੀ ਉਜਾਗਰ ਕਰ ਦਿੱਤੀ ਸੀ ਕਿ ਜਿਸ ਮੁਲਕ ਦੇ ਭਲੇ ਲਈ ਪੰਜਾਬੀ ਸਿੱਖਾਂ ਨੇ ਆਪਣੀ ਨੇਕ ਕਮਾਈ ’ਚੋਂ ਸਕੂਲ ਖੋਲ੍ਹ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਸੀ, ਉਸੇ ਸਕੂਲ ਵਿੱਚ ਇੱਕ ਸਿੱਖ ਬੱਚੇ ਨੂੰ ਉਸਦੀ ਸਿੱਖੀ ਦੀ ਪ੍ਰਤੀਕ ਉਸਦੀ ਪੱਗ ਉਤਾਰ ਕੇ ਆਉਣ ਲਈ ਕਿਹਾ ਜਾ ਰਿਹਾ ਸੀ। ਖ਼ੈਰ! ਲੋਕਾਂ ਦੇ ਭਰਵੇਂ ਇਕੱਠ ਨੇ ਉਕਤ ਅਧਿਆਪਕ ਨੂੰ ਮਾਮਲੇ ਦੀ ਅਸਲੀਅਤ ਨਾਲ ਜਾਣੂ ਕਰਵਾਇਆ ਤੇ ਫਿਰ ਕਿਧਰੇ ਜਾ ਕੇ ਉਸ ਸਿੱਖ ਲੜਕੇ ਨੂੰ ਪਗੜੀ ਪਹਿਨ ਕੇ ਸਕੂਲ ਆਉਣ ਦੀ ਇਜਾਜ਼ਤ ਮਿਲੀ ਸੀ।
ਇਤਿਹਾਸ ਦੱਸਦਾ ਹੈ ਕਿ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਬਰਤਾਨਵੀ ਅਧਿਕਾਰੀ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਵਧੇਰੇ ਕਮਾਈ ਦਾ ਲਾਲਚ ਦੇ ਕੇ ਮਿਆਂਮਾਰ ਵਿਖੇ ਲੈ ਆਏ ਸਨ। ਇੱਥੇ ਆਉਣ ਵਾਲੇ ਪੰਜਾਬੀਆਂ ਨੇ ਕਈ ਖੇਤਰਾਂ ਵਿੱਚ ਹੱਡ-ਭੰਨ੍ਹਵੀਂ ਮਿਹਨਤ ਕੀਤੀ ਸੀ ਤੇ ਸਿੱਟਾ ਇਹ ਨਿਕਲਿਆ ਸੀ ਕਿ ਸੰਨ 1931 ਦੀ ਜਨਗਣਨਾ ਅਨੁਸਾਰ ਇੱਥੇ ਵੱਸਦੇ ਪੰਜਾਬੀਆਂ ਦੀ ਸੰਖਿਆ 29,988 ਸੀ, ਜੋ ਕਿ ਵਰਤਮਾਨ ਜਨਸੰਖਿਆ ਤੋਂ ਤਿੰਨ ਗੁਣਾਂ ਦੇ ਕਰੀਬ ਸੀ। ਸੰਨ 1937 ਵਿੱਚ ਜਦੋਂ ਕੁਝ ਪ੍ਰਸ਼ਾਸਕੀ ਵੰਡਾਂ ਅਤੇ ਪਰਿਵਰਤਨਾਂ ਕਰਕੇ ਬਰਤਾਨਵੀ ਹਾਕਮਾਂ ਨੇ ਭਾਰਤੀਆਂ ਤੋਂ ਬਹੁਤ ਸਾਰੇ ਹੱਕ ਖੋਹ ਲਏ ਤਾਂ ਜ਼ਿਆਦਾਤਰ ਪੰਜਾਬੀ ਲੋਕ ਇਹ ਮੁਲਕ ਛੱਡ ਕੇ ਚਲੇ ਗਏ ਸਨ। ਇਸ ਪਿੱਛੋਂ ਦੂਜੇ ਵਿਸ਼ਵ ਯੁੱਧ ਦੇ ਬਾਅਦ ਅਤੇ ਸੰਨ 1960 ਵਿੱਚ ਵਾਪਰੀਆਂ ਕੁਝ ਇੱਕ ਘਟਨਾਵਾਂ ਦੇ ਫਲਸਰੂਪ ਪੰਜਾਬੀਆਂ ਨੂੰ ਵੱਡੇ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਪੰਜਾਬੀਆਂ ਦੀ ਬਹੁਗਿਣਤੀ ਇੱਥੋਂ ਪਲਾਇਨ ਹੀ ਕਰ ਗਈ।
ਮਿਆਂਮਾਰ ਵਿੱਚ ਵੱਸਦੇ ਪੰਜਾਬੀਆਂ ਦੀ ਜੇਕਰ ਧਰਮ ਪੱਖੋਂ ਪੜਚੋਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇੱਥੇ ਵੱਸਦੇ ਕੁੱਲ ਪੰਜਾਬੀਆਂ ’ਚੋਂ 62 ਫ਼ੀਸਦੀ ਤਾਂ ਹਿੰਦੂ ਹਨ ਅਤੇ ਸਿੱਖਾਂ ਤੇ ਮੁਸਲਮਾਨਾਂ ਦੀ ਗਿਣਤੀ ਕ੍ਰਮਵਾਰ 25 ਅਤੇ 12 ਫੀਸਦੀ ਹੈ। ਇੱਥੋਂ ਦੇ ਪੰਜਾਬੀ ਸਿੱਖ ਹਮੇਸ਼ਾ ਪੱਗ ਬੰਨ੍ਹਦੇ ਹਨ ਤੇ ਉਨ੍ਹਾਂ ਦੇ ਮੁੱਖ ਕਿੱਤੇ ਭਵਨ ਨਿਰਮਾਣ, ਮਸ਼ੀਨਾਂ ਠੀਕ ਕਰਨਾ ਅਤੇ ਹੋਰ ਵਪਾਰਕ ਧੰਦੇ ਕਰਨਾ ਹੈ। ਇੱਥੋਂ ਦੇ ਪੰਜਾਬੀ ਮੁੰਡੇ-ਕੁੜੀਆਂ ਅੱਜ ਵੀ ਆਪਣੇ ਮਾਪਿਆਂ ਦੀ ਆਗਿਆ ਜਾਂ ਸਹਿਮਤੀ ਨਾਲ ਹੀ ਸ਼ਾਦੀ ਕਰਵਾਉਂਦੇ ਹਨ। ਉਂਜ ਤਾਂ ਇੱਕ ਅੰਦਾਜ਼ੇ ਮੁਤਾਬਿਕ ਮਿਆਂਮਾਰ ਵਿਖੇ ਮੌਜੂਦ ਗੁਰਦੁਆਰਾ ਸਾਹਿਬਾਨ ਦੀ ਸੰਖਿਆ 50 ਦੇ ਕਰੀਬ ਹੈ, ਪਰ ਸਾਲ 2022 ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਅਨੁਸਾਰ ਇੱਥੇ ਚੱਲ ਰਹੇ ਗੁਰਦੁਆਰਾ ਸਾਹਿਬਾਨਾਂ ਦੀ ਸੰਖਿਆ 25 ਦੇ ਕਰੀਬ ਸੀ, ਜਦੋਂ ਕਿ ਬੰਦ ਹੋ ਚੁੱਕੇ ਗੁਰਦੁਆਰਿਆਂ ਦੀ ਗਿਣਤੀ ਸੌ ਦੇ ਨੇੜੇ-ਤੇੜੇ ਸੀ। ਬਰਮਾ ਵਿੱਚ ਹੀ ਜੰਮੇ ਪਲੇ ਅਤੇ ਸੰਨ 1962 ਵਿੱਚ ਬਰਮਾ ਛੱਡ ਕੇ ਪੰਜਾਬ ਚਲੇ ਗਏ ਸ. ਹਰਬੰਸ ਸਿੰਘ ਚੋਪੜਾ ਨੇ ਵੀ ਗੁਰਦੁਆਰਿਆਂ ਸਬੰਧੀ ਉਕਤ ਅੰਕੜਿਆਂ ਦੀ ਹਾਮੀ ਭਰੀ ਸੀ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਦੱਸਣਾ ਬਣਦਾ ਹੈ ਕਿ ਕਰੋਨਾ ਕਾਲ (ਕੋਵਿਡ-19) ਦੌਰਾਨ ਪੰਜਾਬੀ ਸਿੱਖਾਂ ਨੇ ਇੱਥੇ ਲੰਗਰ ਲਗਾ ਕੇ ਇਲਾਕੇ ਦੇ ਲੋਕਾਂ ਦੀ ਭਾਰੀ ਸੇਵਾ ਕੀਤੀ ਸੀ। ਦੂਜੇ ਦੇਸ਼ਾਂ ਵਾਂਗ ਪੰਜਾਬੀ ਸਿੱਖਾਂ ਨੂੰ ਇਸ ਮੁਲਕ ਵਿੱਚ ਵੀ ਪਗੜੀ ਧਾਰਨ ਕੀਤੀ ਹੋਣ ਕਰਕੇ ਭੁਲੇਖੇ ਨਾਲ ਮੁਸਲਮਾਨ ਹੀ ਸਮਝ ਲਿਆ ਜਾਂਦਾ ਹੈ।
ਮਿਆਂਮਾਰ ਵਿੱਚ ਵੱਸੀਆਂ ਨਾਮਵਰ ਪੰਜਾਬੀ ਸ਼ਖ਼ਸੀਅਤਾਂ ਦੀ ਜੇ ਗੱਲ ਕਰੀਏ ਤਾਂ ਜਾਣਕਾਰੀ ਮਿਲਦੀ ਹੈ ਕਿ ਸਰਦਾਰ ਬਹਾਦਰ ਡਾ. ਰਘਬੀਰ ਸਿੰਘ ਦੁੱਗਲ (1897-1957), ਸੰਨ 1937 ਵਿੱਚ ਯੰਗੂਨ ਨਗਰਪਾਲਿਕਾ ਦੇ ਚੇਅਰਮੈਨ ਚੁਣੇ ਗਏ ਸਨ। ਸ. ਨਸੀਬ ਸਿੰਘ ਉਹ ਹਸਤੀ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਪੁਸਤਕ ਪ੍ਰਕਾਸ਼ਿਤ ਕਰਕੇ ਵੰਡੀ ਸੀ। ਮਿਆਂਮਾਰ ਤੋਂ ਪਲਾਇਨ ਕਰਕੇ ਭਾਰਤ ਜਾਂ ਹੋਰ ਮੁਲਕਾਂ ਨੂੰ ਜਾ ਚੁੱਕੇ ਅਨੇਕਾਂ ਪੰਜਾਬੀਆਂ ਦਾ ਮੰਨਣਾ ਹੈ ਕਿ ਮਿਆਂਮਾਰ ਵਿੱਚ ਪੰਜਾਬੀਆਂ ਦੀ ਯੋਗ ਅਗਵਾਈ ਕਰਨ ਵਾਲੇ ਆਗੂਆਂ ਦੀ ਬਹੁਤ ਘਾਟ ਹੈ, ਜਿਸ ਕਰਕੇ ਪ੍ਰਸ਼ਾਸਨ ਹੱਥੋਂ ਪੰਜਾਬੀਆਂ ਨੂੰ ਕਈ ਪ੍ਰਕਾਰ ਦੀਆਂ ਵੱਡੀਆਂ-ਛੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published. Required fields are marked *