ਸੁਸ਼ੀਲ ਦੁਸਾਂਝ
ਮੁਹੱਬਤ ਦੇ ਅਰਥ
ਬਹੁਤ ਵਸੀਹ ਨੇ
ਮੈਂ ਮੁਹੱਬਤ ਕਰਦਾਂ ਹਾਂ
ਜ਼ਿੰਦਗੀ ਨੂੰ
ਮੇਰੇ ਲਈ ਮੁਹੱਬਤ ‘ਜ਼ਿੰਦਗੀ’ ਹੈ
ਤੇ ਜ਼ਿੰਦਗੀ ‘ਮੁਹੱਬਤ’ ਹੈ।
ਜ਼ਿੰਦਗੀ ਪ੍ਰਤੀ ਬੇਇੰਤਹਾ ਮੁਹੱਬਤ ਦਾ ਇਜ਼ਹਾਰ ਕਰਦੀਆਂ ਇਹ ਕਾਵਿ ਸਤਰਾਂ ਅਜੀਤ ਸਿੰਘ ਦਿਉਲ ਦੀਆਂ ਹਨ। ਅਜੀਤ ਸਿੰਘ ਦਿਉਲ ਫਿਲਮ ਸਟਾਰ ਧਰਮਿੰਦਰ ਦੇ ਨਿੱਕੇ ਭਰਾ ਸਨ। ਮੁੰਬਈ ਵਿੱਚ ਫਿਲਮਾਂ ਦੇ ਚਕਾਚੌਂਧ ਮਾਹੌਲ ਵਿੱਚ ਵਿਚਰਦਿਆਂ ਵੀ ਅਜੀਤ ਸਿੰਘ ਦਿਉਲ ਦਾ ਜ਼ਿੰਦਗੀ ਅਤੇ ਮੁਹੱਬਤ ਪ੍ਰਤੀ ਨਜ਼ਰੀਆਂ ਜੇ ਨਹੀਂ ਸੀ ਬਦਲਿਆ ਤਾਂ ਇਹਦਾ ਕਾਰਨ ਉਹ ਸਮਾਜਕ ਜੀਵਨ ਹੈ, ਜਿਹੜਾ ਸੱਚੀਆਂ-ਸੁੱਚੀਆਂ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਬੁਨਿਆਦ ਉਪਰ ਉਸਰਿਆ ਹੋਇਆ ਸੀ; ਪਰ ਅੱਜ ਸਭ ਕੁਝ ਖਿਲਰ ਪੱਤਰ ਰਿਹਾ ਹੈ। ਅੱਜ ਜ਼ਿੰਦਗੀ ਦੇ ਹੱਥਾਂ ਵਿੱਚੋਂ ਮੁਹੱਬਤ ਕਿਰਦੀ ਜਾ ਰਹੀ ਹੈ ਅਤੇ ਜ਼ਿੰਦਗੀ ਪ੍ਰਤੀ ਵਧ ਰਹੀ ਬੇਮੁਖਤਾ ਨੇ ਕੱਲ੍ਹ ਤੱਕ ਹੱਸਦੇ-ਖੇਡਦੇ ਵਿਹੜਿਆਂ ਵਿੱਚ ਗਮਾਂ ਦੀਆਂ ਦਰੀਆਂ ਵਿਛਾ ਦਿੱਤੀਆਂ ਹਨ। ਸ਼ਾਇਰ ਲੇਖਕ ਤਾਂ ਅੱਜ ਵੀ ਜ਼ਿੰਦਗੀ ਦੀਆਂ ਬਾਤਾਂ ਹੀ ਪਾਉਂਦੇ ਹਨ, ਪਰ ਅਸਲੀਅਤ ਵਿੱਚ ਜ਼ਿੰਦਗੀ ਪ੍ਰਤੀ ਉਪਰਾਮਤਾ ਦਾ ਮਾਹੌਲ ਕਿਉਂ ਬਣਦਾ ਜਾ ਰਿਹਾ ਹੈ?
ਚੰਡੀਗੜ੍ਹ ਵਿੱਚ ਹੀ ਪਿਛਲੇ ਹਫ਼ਤੇ 7 ਜਣਿਆਂ ਨੇ ਖੁਦਕੁਸ਼ੀ ਕੀਤੀ ਹੈ। ਚੰਡੀਗੜ੍ਹ ਵਰਗੇ ਆਧੁਨਿਕ ਅਤੇ ਜਾਗਰੂਕ ਸ਼ਹਿਰ ਦੇ ਨਾਲ ਹੀ ਜੇਕਰ ਆਪਣੇ ਪੂਰੇ ਮੁਲਕ ਦੀ ਗੱਲ ਵੀ ਕਰਨੀ ਹੋਵੇ ਤਾਂ ਹਰ ਸਾਲ ਭਾਰਤ ਵਿੱਚ ਔਸਤਨ ਸਵਾ ਲੱਖ ਲੋਕ ਆਪਣੀ ਮਰਜ਼ੀ ਨਾਲ ਆਪਣੀ ਜੀਵਨ-ਜੋਤ ਨੂੰ ਬੁਝਾ ਲੈਂਦੇ ਹਨ। ਇਸ ਤੋਂ ਬਿਨਾ 4 ਲੱਖ ਲੋਕ ਉਹ ਹਨ, ਜਿਹੜੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਬਚਾਅ ਲਏ ਜਾਂਦੇ ਹਨ। ਇੱਕ ਹੋਰ ਹੈਰਾਨੀਜਨਕ ਤੱਥ ਇਹ ਹੈ ਕਿ ਲਗਪਗ ਸੌ ਫੀਸਦੀ ਸਾਖਰਤਾ ਦਾ ਟੀਚਾ ਹਾਸਲ ਕਰਨ ਵਾਲਾ ਭਾਰਤ ਦਾ ਇੱਕੋ-ਇੱਕ ਸੂਬਾ ਕੇਰਲ ਖੁਦਕੁਸ਼ੀਆਂ ਵਿੱਚ ਸਭ ਤੋਂ ਅੱਗੇ ਹੈ। ਕੇਰਲ ਵਿੱਚ ਹਰ ਪੰਦਰਾਂ ਮਿੰਟ ਬਾਅਦ ਕੋਈ ਨਾ ਕੋਈ ਵਿਅਕਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਲਈ ਕੇਰਲ ਨੂੰ ਦੇਸ਼ ਵਿੱਚ ਖੁਦਕੁਸ਼ੀਆਂ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਦੇਸ਼ ਵਿੱਚ ਖੁਦਕੁਸ਼ੀ ਦੀ ਕੌਮੀ ਔਸਤ ਇੱਕ ਲੱਖ ਦੀ ਆਬਾਦੀ `ਤੇ 11 ਹੈ, ਜਦਕਿ ਕੇਰਲ ਵਿੱਚ ਇਹ ਔਸਤ 30 ਹੈ। ਭਾਰਤ ਵਿੱਚ ਖੁਦਕੁਸ਼ੀਆਂ ਦੇ ਰੁਝਾਨ ਵਿੱਚ ਅਚਾਨਕ ਆਈ ਇਹ ਤੇਜ਼ੀ ਜਿੱਥੇ ਭੈਅ-ਭੀਤ ਕਰਨ ਵਾਲੀ ਹੈ, ਉੱਥੇ ਹੁਕਮਰਾਨਾਂ ਅਤੇ ਸਮਾਜ ਵਿਗਿਆਨੀਆਂ ਲਈ ਇੱਕ ਵੱਡੀ ਚਣੌਤੀ ਵੀ ਹੈ। ਲੋੜ ਉਨ੍ਹਾਂ ਕਾਰਨਾਂ ਨੂੰ ਤਲਾਸ਼ਣ ਅਤੇ ਦੂਰ ਕਰਨ ਦੀ ਹੈ, ਜਿਹੜੇ ਭਾਰਤੀ ਸਮਾਜ ਵਿੱਚ ਇਸ ਹੱਦ ਤੱਕ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਰਹੇ ਹਨ ਕਿ ਲੋਕ ਮੁਸ਼ਕਲਾਂ, ਦੁਸ਼ਵਾਰੀਆਂ ਦਾ ਮੁਕਾਬਲਾ ਕਰਨ ਦੀ ਥਾਂ ਖੁਦਕੁਸ਼ੀ ਵਰਗੇ ਸਿਰੇ ਦੇ ਕਦਮ ਤਕ ਚੁੱਕਣ ਵੱਲ ਵਧਦੇ ਜਾ ਰਹੇ ਹਨ।
ਆਮ ਤੌਰ `ਤੇ ਮਨੋਵਿਗਿਆਨੀ ਜਿਨ੍ਹਾਂ ਕਾਰਨਾਂ ਨੂੰ ਖੁਦਕੁਸ਼ੀਆਂ ਦੇ ਇਸ ਰੁਝਾਨ ਲਈ ਜ਼ਿੰਮੇਵਾਰ ਮੰਨਦੇ ਹਨ, ਉਨ੍ਹਾਂ ਵਿੱਚ ਪਰਿਵਾਰਕ ਕਲੇਸ਼, ਪੜ੍ਹਾਈ, ਕੰਮ-ਕਾਰ, ਕਾਰੋਬਾਰ ਵਿੱਚ ਨਾਕਾਮੀ, ਘਰੇਲੂ ਹਿੰਸਾ, ਕਰਜ਼ੇ ਦਾ ਭਾਰ, ਦਾਜ ਦਹੇਜ, ਆਰਥਕ ਤੰਗੀਆਂ-ਤੁਰਸ਼ੀਆਂ, ਨਸ਼ੇ-ਪੱਤੇ ਅਤੇ ਆਤਮ ਵਿਸ਼ਵਾਸ ਦੀ ਕਮੀ ਆਦਿ ਪ੍ਰਮੁੱਖ ਹਨ। ਬਿਨਾ ਸ਼ੱਕ ਇਹ ਵੱਡੀਆਂ ਸਮੱਸਿਆਵਾਂ ਹਨ ਅਤੇ ਪਿਛਲੇ 10 ਕੁ ਸਾਲਾਂ ਵਿੱਚ ਇਨ੍ਹਾਂ ਵਿੱਚ ਅੰਤਾਂ ਦਾ ਵਾਧਾ ਵੀ ਲਗਾਤਾਰ ਜਾਰੀ ਹੈ, ਪਰ ਸੰਸਾਰ ਦਾ ਕੋਈ ਵੀ ਹਿੱਸਾ ਸਮੱਸਿਆਵਾਂ ਤੋਂ ਮੁਕਤ ਨਹੀਂ ਹੈ। ਤੰਗੀਆਂ-ਤੁਰਸ਼ੀਆਂ, ਮੁਸ਼ਕਲਾਂ, ਦੁੱਖ-ਦਰਦ, ਪੀੜਾਂ ਆਦਿ ਖੁਸ਼ੀਆਂ-ਖੇੜਿਆਂ ਦੇ ਨਾਲ ਨਾਲ ਹੀ ਚਲਿਆ ਕਰਦੀਆਂ ਹਨ। ਹਾਂ! ਇਹ ਠੀਕ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖੀ ਜੀਵਨ ਵਿੱਚ ਦੁੱਖਾਂ-ਦਰਦਾਂ ਅਤੇ ਮੁਸੀਬਤਾਂ ਦੇ ਪਹਾੜ ਨਿਰੰਤਰ ਦੂਣ-ਸਵਾਏ ਹੋ ਰਹੇ ਹਨ ਤੇ ਮਨ ਦੀ ਝੀਲ ਵਿੱਚ ਹਰ ਰੋਜ਼ ਨਵੇਂ ਰੇਗਿਸਤਾਨ ਉੱਗ ਰਹੇ ਹਨ। ਜੀਵਨ ਦੇ ਹਰ ਮੋੜ `ਤੇ ਤਣਾਅ ਦਾ ਫਨੀਅਰ ਡੱਸਦਾ ਹੈ ਤੇ ਧੁੱਪ ਵੀ ਕਾਲੀ ਰਾਤ ਵਾਂਗ ਚੁੱਭਦੀ ਹੈ। ਪਰ ਖੁਦਕੁਸ਼ੀ ਤਾਂ ਇਨ੍ਹਾਂ ਪ੍ਰਸਥਿਤੀਆਂ ਤੋਂ ਹਾਰ ਜਾਣਾ ਹੈ, ਲੋੜ ਤਾਂ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਹੈ।
ਦਰਅਸਲ ਜਦੋਂ ਤੋਂ ਸੰਸਾਰੀਕਰਨ ਦੇ ਦੌਰ ਨੇ ਬੰਦੇ ਨੂੰ ਖੁੱਲ੍ਹੇ ਬਾਜ਼ਾਰ ਦੇ ਹਵਾਲੇ ਕੀਤਾ ਹੈ, ਉਦੋਂ ਤੋਂ ਹੀ ਮਨੁੱਖੀ ਮਨ ਦੇ ਆਲੇ-ਦੁਆਲੇ ਹਰ ਪਲ ਨਵੇਂ ਤੋਂ ਨਵੇਂ ਖ਼ਤਰੇ ਪੈਦਾ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਮੁਤਾਬਕ ਸੰਸਾਰ ਵਿੱਚ ਡੇਢ ਅਰਬ ਦੇ ਕਰੀਬ ਲੋਕ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹਨ ਤੇ ਇਹਦੇ ਵਿੱਚੋਂ 30 ਕਰੋੜ ਦੇ ਲਗਪਗ ਲੋਕ ਆਪਣੇ ਮੁਲਕ ਦੇ ਹਨ। ਜ਼ਰਾ ਸੋਚੋ! ਜਿਸ ਮੁਲਕ ਦੀ ਕੁਲ ਆਬਾਦੀ ਦਾ ਲਗਪਗ 18 ਫੀਸਦੀ ਮਾਨਸਿਕ ਰੋਗੀ ਹੋਵੇ, ਉਹ ਮੁਲਕ ਸੰਸਾਰ ਦੀਆਂ ਮਹਾਸ਼ਕਤੀਆਂ ਨਾਲ ਆਪਣਾ ਵਰ ਕਿਵੇਂ ਮੇਚ ਲਵੇਗਾ? ਅਗਲੀ ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਆਪਣੇ ਮੁਲਕ ਵਿੱਚ ਮਾਨਸਿਕ ਰੋਗੀਆਂ ਦੇ ਇਲਾਜ ਲਈ ਨਾ ਤਾਂ ਲੋੜੀਦੇ ਹਸਪਤਾਲ ਹੀ ਹਨ ਤੇ ਨਾ ਹੀ ਡਾਕਟਰ। ਜਿਸ ਮੁਲਕ ਨੂੰ ਇਸ ਵਕਤ 32 ਹਜ਼ਾਰ ਮਾਹਿਰ ਮਾਨਸਿਕ ਰੋਗਾਂ ਦੇ ਡਾਕਟਰਾਂ ਦੀ ਤੁਰੰਤ ਜ਼ਰੁਰਤ ਹੈ, ਉੱਥੇ ਸਿਰਫ 3300 ਡਾਕਟਰ ਹਨ। ਉਪਰੋਂ ਸਿਤਮ ਇਹ ਹੈ ਕਿ ਮਾਨਸਿਕ ਰੋਗੀਆਂ ਨੂੰ ਅਸੀਂ ਬਿਨਾ ਕਿਸੇ ਲੱਗ-ਲਪੇਟ ਦੇ ਸਿੱਧੇ ਹੀ ਪਾਗਲਾਂ ਦੇ ਖਾਨੇ ਵਿੱਚ ਵਗਾਹ ਮਾਰਦੇ ਹਾਂ।
ਸਾਡੇ ਸਮਾਜ ਵਿੱਚ ਪਹਿਲਾਂ ਤਾਂ ਮਾਨਸਿਕ ਰੋਗੀ ਹੀ ਇਹ ਮੰਨਣ ਲਈ ਤਿਆਰ ਨਹੀਂ ਕਿ ਉਸਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਜਾਂ ਬਿਮਾਰੀ ਹੈ ਤੇ ਜੇ ਉਹ ਆਪਣੀ ਬਿਮਾਰੀ ਮੰਨ ਕੇ ਇਲਾਜ ਲਈ ਤੁਰ ਵੀ ਪੈਂਦਾ ਹੈ ਤਾਂ ਸਾਡਾ ਆਲਾ-ਦੁਆਲਾ ਉਸ ਦੀ ਬਿਮਾਰੀ ਨੂੰ ਸਮਝਣ ਅਤੇ ਉਹਦੇ ਇਲਾਜ ਵਿੱਚ ਉਹਦੀ ਮਦਦ ਕਰਨ ਦੀ ਥਾਂ ਉਹਨੂੰ ਪਾਗਲ ਗਰਦਾਨ ਕੇ ਆਪਣੀ ‘ਬੁੱਧੀਮਤਾ’ ਦਾ ਖੁੱਲ੍ਹਾ ਪ੍ਰਗਟਾਵਾ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਮਾਨਸਿਕ ਰੋਗਾਂ ਨੂੰ ਵੀ ਬਾਕੀ ਰੋਗਾਂ ਵਾਂਗ ਹੀ ਇੱਕ ਰੋਗ ਸਮਝ ਕੇ ਉਹਦੇ ਇਲਾਜ ਲਈ ਯਤਨ ਹੋਣ ਅਤੇ ਨੌਜਵਾਨਾਂ ਵਿੱਚ ਖਾਸ ਤੌਰ `ਤੇ ਖਪਤ ਸੱਭਿਆਚਾਰ ਦੇ ਨਫ਼ੇ-ਨੁਕਸਾਨਾਂ ਬਾਰੇ ਜਾਗਰੂਕਤਾ ਲਿਆਉਣ ਦੇ ਉਪਰਾਲੇ ਕੀਤੇ ਜਾਣ ਤਾਂ ਹੀ ਇੱਕ ਬਿਮਾਰ ਮੁਲਕ ਵਿੱਚ ਤਬਦੀਲ ਹੁੰਦੇ ਅਤੇ ਖੁਦਕੁਸ਼ੀਆਂ ਵੱਲ ਵਧ ਰਹੇ ਮੁਲਕ ਨੂੰ ਬਚਾਇਆ ਜਾ ਸਕੇਗਾ। ਪਰ ਇਹ ਕੰਮ ਕਰੇ ਕੌਣ? ਮੁਲਕ ਵਿੱਚ ਭਾਰੂ ਸਿਆਸੀ ਧਿਰਾਂ ਨੂੰ ਤਾਂ ਇਹਦਾ ਕੋਈ ਫ਼ਿਕਰ ਨਹੀਂ, ਕਿਉਂਕਿ ਉਨ੍ਹਾਂ ਦੀਆਂ ਸਿਆਸੀ ਲੋੜਾਂ ਇੱਕ ਬਿਮਾਰ ਅਤੇ ਬੇਬਸ ਸਮਾਜ ਹੀ ਪੂਰੀਆਂ ਕਰਦਾ ਹੈ। ਤਾਂ ਫਿਰ ਕੀ ਹੋਵੇ? ਇੱਥੇ ਲੋੜ ਉਨ੍ਹਾਂ ਧਿਰਾਂ ਦੀ ਨਿਸ਼ਾਨਦੇਹੀ ਕਰਨ ਦੀ ਹੈ, ਜਿਹੜੀਆਂ ਅਮਲੀ ਰੂਪ ਵਿੱਚ ਇੱਕ ਚੰਗੇਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਦੇ ਇਤਿਹਾਸਕ ਕਾਰਜ ਵਿੱਚ ਗੰਭੀਰਤਾ ਨਾਲ ਜੁਟੀਆਂ ਹੋਈਆਂ ਹਨ। ਜਿੱਥੇ ਆਮ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਕਾਰਜ ਵੱਲ ਉਚੇਚਾ ਧਿਆਨ ਦੇਣਾ ਪਵੇਗਾ, ਉਥੇ ਇਨ੍ਹਾਂ ਧਿਰਾਂ ਨੂੰ ਵੀ ਆਪਣਾ ਘੇਰਾ ਵਿਸ਼ਾਲ ਕਰਨ ਦੇ ਨਵੇਂ ਤੌਰ ਤਰੀਕੇ ਸੋਚਣੇ ਪੈਣਗੇ। ਅਖੀਰ ਵਿੱਚ ਅਮਰੀਕਾ ਵਸੱਦੇ ਸ਼ਾਇਰ ਮਿੱਤਰ ਕੁਲਵਿੰਦਰ ਦੇ ਇਸ ਸ਼ਿਅਰ ਨਾਲ ਦਿਓ ਆਗਿਆ:
ਬਣੋ ਸੂਰਜ ਜਾਂ ਜੁਗਨੂੰ ਹੀ ਬਣੋ, ਚੀਰੋ ਹਨੇਰਾ
ਨਾ ਫੁਲਾਂ ਵਾਂਗ ਮੁਰਝਾਓ ਚਰਾਗ਼ਾਂ ਦਾ ਸਮਾਂ ਹੈ।
