ਅਵਤਾਰ ਸਿੰਘ
ਫ਼ੋਨ: +91-9417518384
ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ- ਵਗਦਾ ਹੋਇਆ ਪਾਣੀ। ਕਹਿੰਦੇ ਹਨ, ਖੜ੍ਹੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ।
ਦਰਿਆ ਸਾਡੀ ਸੱਭਿਅਤਾ ਹੈ। ਇਹ ਸਾਡੇ ਮੁਹਾਵਰਿਆਂ ‘ਚ ਵੀ ਰਮਿਆ ਹੋਇਆ ਹੈ। ‘ਦਰਿਆ-ਦਿਲ’ ਹੋਣਾ ਬਹੁਤ ਮਹਾਨ ਅਤੇ ਵਿਸ਼ਾਲ-ਚਿੱਤ ਹੋਣਾ ਹੈ। ਦਰਿਆਵਾਂ ਨਾਲ਼ ਮੁਹੱਬਤ ਕਰਨ ਵਾਲ਼ੇ ਦਰਿਆ-ਦਿਲ ਹੋਣ ਵੱਲ ਵੱਧਦੇ ਹਨ। ਸੁਲਤਾਨ ਬਾਹੂ ਦਾ ਕਥਨ ਹੈ: ਦਿਲ ਦਰਿਆ ਸਮੁੰਦਰੋਂ ਡੂੰਘੇ। ਦਰਿਆ ਜ਼ਿੰਦਗੀ ਦਾ ਪ੍ਰਤੀਕ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਫੁਰਮਾਨ ਹੈ:
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਰਾਤ ਦੇ ਚੌਥੇ ਪਹਿਰ ਸੁਰਤ ਵਾਲ਼ੇ ਜਾਗਦੇ ਲੋਕਾਂ ਦੇ ਮਨ ਵਿੱਚ ਚਾਅ ਉਪਜਦਾ ਹੈ ਤੇ ਉਨ੍ਹਾਂ ਦੇ ਦਿਲਾਂ ‘ਚ ਦਰਿਆਵਾਂ ਦੀ ਦੋਸਤੀ ਉਛਾਲ਼ੇ ਮਾਰਦੀ ਹੈ; ਫਿਰ ਸੁਤੇ ਸਿੱਧ ਉਨ੍ਹਾਂ ਦੇ ਮਨ ਵਿੱਚ ਪਿਆਰੇ ਦੀ ਯਾਦ ਅਤੇ ਮੁੱਖੜੇ ’ਤੇ ਉਸਦਾ ਨਾਮ ਉਮੜ ਆਉਂਦਾ ਹੈ।
ਇਸ਼ਨਾਨ ਕਰਨਾ ਸੱਭਿਅਕ ਹੋਣ ਦੀ ਨਿਸ਼ਾਨੀ ਹੈ। ਪੁਰਾਤਨ ਸੱਭਿਅਤਾਵਾਂ ਦਰਿਆਵਾਂ ਦੇ ਕਿਨਾਰਿਆਂ ‘ਤੇ ਉਸਰੀਆਂ ਅਤੇ ਦਰਿਆਵਾਂ ਦੇ ਨਾਂ ਨਾਲ਼ ਹੀ ਜਾਣੀਆਂ ਗਈਆਂ। ਦਰਿਆ ਕਿਸੇ ਵੇਲੇ ਮਨੁੱਖ ਦੇ ਭਲੇ ਦੋਸਤ ਹੁੰਦੇ ਸਨ।
ਤੀਰਥ ਦਾ ਅਰਥ ਵੀ ਦਰਿਆ ਦਾ ਕੰਢਾ ਹੈ, ਜਿੱਥੇ ਇਸ਼ਨਾਨ ਕੀਤਾ ਜਾ ਸਕੇ। ਕਿਸੇ ਵੇਲੇ ਸਾਡੇ ਮੁਲਕ ਵਿੱਚ ਅਠਸਠ, ਅਰਥਾਤ ਅਠਾਹਟ ਤੀਰਥ ਸਨ, ਜਿੱਥੇ ਸਦਾ ਮੇਲੇ ਲੱਗੇ ਰਹਿੰਦੇ ਸਨ, ਜੋ ਸਾਡੀ ‘ਤਰੱਕੀ’ ਨੇ ਮਨਸੂਖ਼ ਕਰ ਦਿੱਤੇ ਹਨ। ਉਹ ਖੁਸ਼ਨਸੀਬ ਦਰਿਆਈ ਰੌਣਕਾਂ ਹੁਣ ਕਚਹਿਰੀਆਂ ਦੇ ਬਦਤਮੀਜ਼ ਮੇਲਿਆਂ ਦਾ ਰੂਪ ਵਟਾ ਕੇ ਪਰਤ ਆਈਆਂ ਹਨ, ਜਿਨ੍ਹਾਂ ਨੂੰ ਸਾਡੇ ਗਾਇਕ ਬਾਈ ਹੁੱਬ ਹੁੱਬ ਕੇ ਗਾਉਂਦੇ ਹਨ।
ਪੰਜਾਬ ਦਾ ਅਰਥ ਹੈ ਪੰਚ-ਅਪ, ਅਰਥਾਤ ਪੰਜ-ਆਬ, ਅਰਥਾਤ ਪੰਜ ਦਰਿਆ। ਅਸੀਂ ਪੰਜਾਬੀ ਪੰਜ ਦਰਿਆਵਾਂ ਦੇ ਦੋਸਤ ਹਾਂ। ਦਰਿਆ ਸਾਡੀ ਪਹਿਚਾਣ ਹਨ। ਵਿਦੇਸ਼ੀ ਹਮਲਾਵਰ ਵੀ ਸਾਨੂੰ ਦਰਿਆਵਾਂ ਨਾਲ਼ ਜੋੜ ਕੇ ਦੇਖਦੇ ਸਨ। ਹਿੰਦੂ ਸ਼ਬਦ ਦਾ ਸੰਬੰਧ ਵੀ ਸਿੰਧ ਦਰਿਆ ਨਾਲ਼ ਜੋੜਿਆ ਜਾਂਦਾ ਹੈ। ਸਿੰਧੀ ਲੋਕ ਆਪਣੇ ਆਪ ਨੂੰ ਅਸਲ ਪੰਜਾਬੀ ਮੰਨਦੇ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਪਵਣ ਨੂੰ ਗੁਰੂ ਕਿਹਾ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ। ਪਰ ਸਾਡੀ ਪ੍ਰੀਤ ਇਨ੍ਹਾਂ ਤਿੰਨਾਂ ਨਾਲ਼ ਹੀ ਟੁੱਟ ਚੁੱਕੀ ਹੈ; ਤੜੱਕ ਕਰਕੇ ਨਹੀਂ; ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਟੁੱਟ ਗਈ। ਪਵਣ, ਪਾਣੀ ਅਤੇ ਧਰਤੀ ਹੁਣ ਰਾਕਸ਼ਾਂ ਵਾਂਗ ਮੂੰਹ ਅੱਡੀ ਖਲੋਤੇ ਹਨ ਤੇ ਮਨੁੱਖ ਨੂੰ ਨਿਗਲ਼ ਜਾਣ ਲਈ ਤਿਆਰ-ਬਰ-ਤਿਆਰ ਹਨ।
ਜਦੋਂ ਦਾ ਸਾਡੀ ਸੱਭਿਅਤਾ ਨੇ ਦਰਿਆਵਾਂ ਨਾਲ਼ੋਂ ਤੋੜ ਵਿਛੋੜਾ ਕੀਤਾ ਹੈ, ਅਸੀਂ ਉਦੋਂ ਦੀ ਦਰਿਆਵਾਂ ਪ੍ਰਤੀ ਬੇਰੁਖ਼ੀ ਅਪਣਾਈ ਹੋਈ ਹੈ। ਸਾਡੇ ਦਰਿਆ ਉਦਾਸ ਹਨ ਤੇ ਸਾਡੇ ਪਿਆਰ ਨੂੰ ਤਰਸਦੇ ਹਨ। ਉਹ ਸਾਨੂੰ ਖਾਣਾ ਨਹੀਂ ਚਾਹੁੰਦੇ; ਅਸੀਂ ਉਨ੍ਹਾਂ ਨੂੰ ਮਜਬੂਰ ਕਰ ਰਹੇ ਹਾਂ। ਅਸੀਂ ਨਾ ਗੁਰੂ ਦੇ ਸਕੇ ਰਹੇ ਹਾਂ, ਨਾ ਪਿਓ ਦੇ ਤੇ ਨਾ ਮਾਂ ਦੇ- ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ॥
ਪੱਛਮੀ ਸੱਭਿਅਤਾ ਨੇ ਸਾਨੂੰ ਸ਼ੁੱਧਤਾ ਦੀ ਬਿਮਾਰੀ ਚਮੇੜ ਦਿੱਤੀ ਹੈ। ਅਸੀਂ ਸ਼ੁੱਧ ਹੁੰਦੇ ਹੁੰਦੇ ਘੋਰ ਅਸ਼ੁੱਧਤਾ ਵਿੱਚ ਗਰਕ ਹੋ ਗਏ ਹਾਂ। ਅਸੀਂ ਆਪਣੀ ਤਰੱਕੀ ਦੀ ਸਾਰੀ ਮੈਲ਼ ਦਰਿਆਵਾਂ ਦੇ ਹਵਾਲੇ ਕਰ ਦਿੱਤੀ ਹੈ। ਅੰਮ੍ਰਿਤ ਦੇ ਚਸ਼ਮਿਆਂ ਨੂੰ ਅਸੀਂ ਜਹਿਰੀਲੇ ਨਾਗ ਬਣਾ ਦਿੱਤਾ ਹੈ। ਸਾਡੇ ਜੀਵਨ ਸੋਮੇ ਸਾਡੀ ਮੌਤ ਦੇ ਕਾਰਨ ਬਣ ਗਏ ਹਨ। ਸਾਡੇ ਦਰਿਆ ਬੇਜੁਬਾਨ ਹਨ; ਉਹ ਦੱਸ ਨਹੀਂ ਸਕਦੇ, ਬੋਲ ਨਹੀਂ ਸਕਦੇ।
ਕਿਸੇ ਵਲੈਤੀਏ ਨੇ ਸ਼ਿਕਾਇਤ ਕੀਤੀ ਕਿ ਸਾਡੇ ਇੱਥੇ ਗੰਦਗੀ ਬਹੁਤ ਹੈ। ਮੇਰੇ ਦੋਸਤ ਨੇ ਉਸਨੂੰ ਆਖਿਆ ਕਿ ਇਹ ਗੰਦਗੀ ਤੁਹਾਡੀ ਦੇਣ ਹੈ। ਉਹ ਬੜਾ ਹੈਰਾਨ ਹੋਇਆ। ਮੇਰੇ ਦੋਸਤ ਨੇ ਦੱਸਿਆ ਕਿ ਵਲੈਤੀ ਹਾਈਜੀਨ ਨੇ, ਸਾਡੇ ਵਾਤਾਵਰਣ ਨੂੰ ਕਿਵੇਂ ਭ੍ਰਸ਼ਟ ਅਤੇ ਨਸ਼ਟ ਕੀਤਾ ਹੈ; ਕਿਵੇਂ ਵਲੈਤੀ ਸ਼ੈਂਪੂ, ਸਰਫਾਂ, ਹੈਂਡਵਾਸ਼, ਫਾਸਟ ਫੂਡ ਅਤੇ ਫ਼ੀਡ ਦੇ ਰੁਝਾਨ ਨੇ ਸਾਡੀ ਪੌਸ਼ਟਿਕਤਾ ਹਰਨ ਕਰ ਦਿੱਤੀ ਹੈ।
ਸਾਨੂੰ ਮੱਛਰਦਾਨੀਆਂ ਜਾਂ ਸੁਰਮੇਦਾਨੀਆਂ ਦੀ ਤਹਿਜੀਬ ਨੇ ਨਹੀਂ ਮਾਰਿਆ। ਸਾਨੂੰ ਮਾਰਿਆ ਹੈ ‘ਔਡੋਮਾਸ’ ‘ਗੁੱਡ ਨਾਈਟ’ ‘ਆਲ ਆਊਟ’ ਤੇ ‘ਫੇਅਰ ਐਂਡ ਲਵਲੀ’ ਨੇ। ਸਾਨੂੰ ਗੱਡਿਆਂ ਦੀ ਨਹੀਂ, ਗੱਡੀਆਂ ਦੀ ਮਾਰ ਪਈ ਹੈ ਤੇ ਹੁਣ ਗੱਡੀਆਂ ਨੇ ਸਾਡੇ ਗੋਡੇ ਨਿਗਲਣੇ ਸ਼ੁਰੂ ਕਰ ਦਿਤੇ ਹਨ। ਗੱਡੀਆਂ ਦੇ ਟਾਇਰ ਬਦਲਣ ਵਾਲੇ ਹੁਣ ਗੋਡੇ ਬਦਲਾਉਣ ਲਈ ਮਜਬੂਰ ਹੋ ਰਹੇ ਹਨ। ਦੇਖਿਆ ਜਾਵੇ ਤਾਂ ਅਗਿਆਨ ਨਹੀਂ, ਬਲਕਿ ਅਲਪ ਗਿਆਨ ਸਾਡੇ ਹੱਡੀਂ ਬਹਿ ਗਿਆ ਹੈ।
ਸਾਨੂੰ ਮਹਿੰਗਾਈ ਨੇ ਨਹੀਂ, ਅਮੀਰੀ ਨੇ ਮਾਰਿਆ; ਫ਼ੀਮ ਨੇ ਨਹੀਂ, ਚਿੱਟੇ ਨੇ ਖਾ ਲਿਆ; ਸ਼ਰਾਬ ਨੇ ਨਹੀਂ, ਕੋਕ ਨੇ ਪੀ ਲਿਆ; ਕੋਠਿਆਂ ਨੇ ਨਹੀਂ, ਸਾਨੂੰ ਕੋਠੀਆਂ ਨੇ ਠਾਰ ਕੇ ਅਤੇ ਸਾੜ ਕੇ ਰੱਖ ਦਿੱਤਾ ਹੈ। ਅਨਪੜ੍ਹਾਂ ਨੇ ਨਹੀਂ, ਪਾੜ੍ਹਿਆਂ ਨੇ ਸਾਡੀ ਸੁਰਤ ਮਾਰ ਦਿੱਤੀ ਹੈ; ਸਾਡੀ ਖਬਰਸਾਰ ਨੂੰ ਅਖਬਾਰ ਨੇ ਹੜੱਪ ਲਿਆ ਹੈ; ਹੁਣ ਨਾਲ ਬੈਠਿਆਂ ਨੂੰ ਵੀ ਪਤਾ ਨਹੀਂ ਲਗਦਾ ਕਿ ਨਾਲ ਵਾਲੇ ਨਾਲ ਕੀ ਬੀਤ ਰਹੀ ਹੈ। ਰੁੱਖਾਂ ਨੂੰ ਪੱਖੇ ਖਾ ਗਏ ਹਨ, ਪੱਖਿਆਂ ਨੂੰ ਏ.ਸੀ. ਨਿਗਲ਼ ਗਿਆ ਹੈ ਤੇ ਹੁਣ ਏ.ਸੀ. ਵੀ ਗਿਆ ਸਮਝੋ। ਸਾਨੂੰ ਅੰਦਰਲੀ ਕਸਰ ਨੇ ਨਹੀਂ, ਬਾਹਰਲੇ ਝੋਰਿਆਂ ਨੇ ਖਤਮ ਕਰ ਦਿੱਤਾ ਹੈ; ਪੂਰਬੀ ਸੰਜਮ ਅਤੇ ਸਹਿਜ ਨੂੰ ਪੱਛਮੀ ਅਸਹਿਜ ਨੇ ਚਟਮ ਕਰ ਦਿੱਤਾ ਹੈ।
ਮੇਰੇ ਮਿੱਤਰ ਨੇ ਦੱਸਿਆ ਕਿ ਉਸਦਾ ਬਾਬਾ ਖੇਤਾਂ ਵਿੱਚ ਖਾਦ ਨਹੀਂ ਸੀ ਪਾਉਣ ਦਿੰਦਾ; ਅਖੇ ਇਹ ਖੇਤਾਂ ਨੂੰ ਲੱਗ ਜਾਵੇਗੀ; ਜਿਵੇਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਬਾਬੇ ਦੀਆਂ ਗੱਲਾਂ ‘ਤੇ ਹੱਸ ਛੱਡਦੇ ਸਨ; ਸਮਝਦੇ ਸਨ ਕਿ ਇਹ ਬੂਝੜ ਗਿਆਨ ਹੈ। ਅਸਲ ਵਿੱਚ ਉਹ ਲੋਕ ਤਾਂ ਸੱਚੇ ਸਨ, ਜੋ ਬੇਜ਼ੁਬਾਨ ਜਮੀਨ ਦੀ ਜ਼ੁਬਾਨ ਵੀ ਸਮਝਦੇ ਸਨ। ਅਸੀਂ ਤਾਂ ਜ਼ੁਬਾਨ ਵਾiਲ਼ਆਂ ਦੀ ਜ਼ੁਬਾਨ ਵੀ ਨਹੀਂ ਸਮਝਦੇ।
ਵਰਦਾਨ ਸਮਝੀ ਜਾਂਦੀ ਤਕਨੌਲੋਜੀ ਨੇ ਨਵਾਂ ਕੂੜਾ ਈਜਾਦ ਕਰ ਦਿੱਤਾ ਹੈ, ਜਿਸਦਾ ਕੋਈ ਹੱਲ ਹੀ ਨਹੀਂ। ਸਾਡਾ ਕੂੜਾ ਤਾਂ ਪਸ਼ੂਆਂ ਦੀ ਖ਼ੁਰਾਕ ਬਣਦਾ ਸੀ ਤੇ ਰੂੜੀ ਬਣ ਫਸਲਾਂ ਦੇ ਕੰਮ ਆਉਂਦਾ ਸੀ। ਇਹ ਆਧੁਨਿਕ ਕੂੜਾ ਸਾਡੀ ਜਾਨ ਦਾ ਖੌ ਬਣ ਗਿਆ ਹੈ। ਕਿਸੇ ਵੇਲੇ ਸਾਡਾ ਵਾਤਾਵਰਣ ਹਾਲ-ਪਾਹਰਿਆ ਮਚਾ ਰਿਹਾ ਸੀ ਕਿ ‘ਮੈਨੂੰ ਬਚਾਓ’; ਅਸੀਂ ਉਸਨੂੰ ਨਹੀਂ ਬਚਾਇਆ; ਹੁਣ ਉਹ ਗੁਹਾਰਾਂ ਪਾ ਰਿਹਾ ਹੈ ਕਿ ‘ਮੈਥੋਂ ਬਚੋ।’ ਜਦ ਉਹ ਰੋਂਦਾ ਸੀ, ਅਸੀਂ ਨਹੀਂ ਸੁਣਿਆ। ਹੁਣ ਅਸੀਂ ਰੋਂਦੇ ਹਾਂ, ਤਾਂ ਉਹ ਕਿਉਂ ਸੁਣੇ!
ਚਲੋ ਹੁਣ ਹੀ ਦਰਿਆਵਾਂ ਦਾ ਐਲਾਨ ਸੁਣ ਲਈਏ। ਹੁਣ ਵੀ ਨਾ ਸੁਣੀਏ; ਫਿਰ ਮਰੀਏ ਖਪੀਏ! ਹਰਮਨ ਹੈੱਸ ਦੇ ਨਾਵਲ ਸਿਧਾਰਥ ਵਿੱਚ ਦਰਿਆ ਬੋਲਦੇ ਹਨ, ਗੱਲਾਂ ਕਰਦੇ ਹਨ ਤੇ ਬੁੱਧ ਪੁਰਸ਼ ਉਨ੍ਹਾਂ ਨੂੰ ਸੁਣਦੇ ਹਨ। ਉਸ ਨਾਵਲ ਵਿੱਚ ਸਿਧਾਰਥ ਨੂੰ ਅਨਪੜ੍ਹ ਪਰ ਅਨੁਭਵੀ ਮਲਾਹ ਸਲਾਹ ਦਿੰਦਾ ਹੈ ਕਿ ਦਰਿਆ ਸਾਡੇ ਮਹਾਨ ਗੁਰੂ ਹਨ, ਇਨ੍ਹਾਂ ਨੂੰ ਸੁਣੋ, ਇਹ ਸਾਨੂੰ ਕੀ ਕਹਿੰਦੇ ਹਨ- “ਜੀਭੈ ਬਾਝਹੁ ਬੋਲਣਾ” … “ਵਿਣੁ ਕੰਨਾ ਸੁਨਣਾ।”
ਦਰਿਆਵਾਂ ਤੋਂ ਦੂਰ ਹੋ ਕੇ, ਅਸੀਂ ਉਸ ਮੋੜ ‘ਤੇ ਪੁੱਜ ਗਏ ਹਾਂ, ਜਿੱਥੋਂ ਸਾਨੂੰ ਸੋਚਣਾ ਪੈ ਰਿਹਾ ਹੈ ਕਿ ਜਾਈਏ ਤਾਂ ਜਾਈਏ ਕਿੱਥੇ- ਨਾ ਬੂਹਾ ਨਾ ਬਾਰੀ, ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ!
ਕਹਿੰਦੇ ਹਨ, ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।’ ਸੱਚਮੁਚ ਦਰਿਆਵਾਂ ਜਿਹੇ ਡੂੰਘੇ ਦਿਲਾਂ ਦੇ ਦਰਦ ਕੌਣ ਜਾਣ ਸਕਦਾ ਹੈ! ਅੱਜ ਦਰਿਆ ਹੱਸ ਨਹੀਂ ਰਹੇ, ਬਲਕਿ ਰੋ ਹੀ ਰਹੇ ਹਨ ਤੇ ਸਾਨੂੰ ਵੀ ਰੁਆ ਰਹੇ ਹਨ। ਦਰਿਆ ਹਾਲੇ ਵੀ ਸੁਣ ਲੈਣਗੇ, ਪਰ ਪਹਿਲਾਂ ਅਸੀਂ ਉਨ੍ਹਾਂ ਦੀ ਪੁਕਾਰ ਸੁਣੀਏ। ਆਉ ਆਪਣੇ ਦਰਿਆਵਾਂ ਨਾਲ਼ ਜ਼ਿੰਦਗੀ ਦਾ ਨਾਤਾ ਜੋੜੀਏ ਤੇ ਆਪਣੀ ਟੁੱਟੀ ਗੰਢੀਏ। ਦਰਿਆਵਾਂ ਬਾਝੋਂ ਜੀਣਾ, ਕਾਹਦਾ ਜੀਣਾ!
ਦਰਿਆ ਸਾਡੇ ਇਤਿਹਾਸ ਦੇ ਉਸਰੱਈਏ ਹਨ; ਸਾਡੀ ਸੱਭਿਅਤਾ ਦੇ ਪਾਲਣਹਾਰੇ ਹਨ; ਇਹ ਸਾਡੀ ਜਿੰਦ ਜਾਨ ਹਨ; ਸਾਡੇ ‘ਤੇ ਇਨ੍ਹਾਂ ਦਾ ਮਣਾਂ ਮੂੰਹੀ ਕਰਜ਼ ਹੈ; ਅਸੀਂ ਇਨ੍ਹਾਂ ਦੇ ਦੇਣਦਾਰ ਹਾਂ; ਇਹ ਸਾਡੇ ਲਹਿਣੇਦਾਰ ਹਨ। ਗੁਰੂ ਨਾਨਕ ਪਾਤਸ਼ਾਹ ਦੇ ਲਹਿਣੇਦਾਰ ਭਾਈ ਲਹਿਣੇ ਦੇ ਵਾਰਿਸ ਅਤੇ ਦਰਿਆਵਾਂ ਦੇ ਦਰਦਮੰਦ ਇਹ ਗੁਹਾਰ ਸੁਣ ਰਹੇ ਹਨ। ਪੰਜਾਂ ਦਰਿਆਵਾਂ ਦੇ ਧਰਮੀ ਪੁੱਤਰ ਜੇ ਆਪਣੇ ਪਿੱਤਰਾਂ ਜਿਹੇ ਦਰਿਆਵਾਂ ਦੀ ਸਾਰ ਲੈਣਗੇ ਤਾਂ ਦਰਿਆ ਵੀ ਸਾਡਾ ਖਿਆਲ ਰੱਖਣਗੇ।
ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇੱਕ ਹੱਥ ਨਾਲ ਤਾਂ ਚਪੇੜਾਂ ਹੀ ਵੱਜਦੀਆਂ ਹਨ। ਕਦੇ ਕਿਸੇ ਨੇ ਮਾਰ ਲਈਆਂ, ਕਦੇ ਕਿਸੇ ਨੇ। ਸੈਂਕੜੇ ਸਾਲਾਂ ਤੋਂ ਅਸੀਂ ਦਰਿਆਵਾਂ ਦੇ ਚਪੇੜਾਂ ਮਾਰਦੇ ਆ ਰਹੇ ਹਾਂ। ਹੁਣ ਉਨ੍ਹਾਂ ਦੀ ਵਾਰੀ ਹੈ। ਚਪੇੜਾਂ ਦੀ ਨਾਮੁਰਾਦ ਖੇਡ ਨੂੰ ਤਾੜੀ ਵਿੱਚ ਬਦਲਣ ਦੀ ਲੋੜ ਹੈ ਤੇ ਤਾੜੀ ਹਮੇਸ਼ਾ ਦੋਹਾਂ ਹੱਥਾਂ ਨਾਲ ਵੱਜਦੀ ਹੈ।
