ਸ਼ਿਕਾਗੋ: ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਵੱਲੋਂ ਨੈਸ਼ਨਲ ਇੰਡੀਆ ਹੱਬ (ਸ਼ਾਮਬਰਗ) ਵਿਖੇ ਲੰਘੀ 7 ਸਤੰਬਰ ਨੂੰ ਨੌਜਵਾਨਾਂ ਲਈ ‘ਭਾਸ਼ਣ ਮੁਕਾਬਲੇ’ ਆਯੋਜਿਤ ਕੀਤੇ ਗਏ। ਭਾਸ਼ਣਾਂ ਦਾ ਵਿਸ਼ਾ ‘ਪੰਜਾਬ’ ਸੀ। ਇਹ ਭਾਸ਼ਣ ਮੁਕਾਬਲੇ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਨ।
ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਦੇ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਭਾਸ਼ਣ ਹੁਨਰ ਤੇ ਜਨਤਕ ਭਾਸ਼ਣ ਪ੍ਰਤੀ ਜਨੂੰਨ ਦਾ ਪ੍ਰਦਰਸ਼ਨ ਕੀਤਾ। ਭਾਗੀਦਾਰਾਂ ਨੂੰ ਪੰਜਾਬੀ, ਅੰਗਰੇਜ਼ੀ ਜਾਂ ਹਿੰਦੀ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਵਿਦਿਆਰਥੀਆਂ ਦੀ ਹਰੇਕ ਸ਼੍ਰੇਣੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਸਖ਼ਤ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਨਕਦ ਇਨਾਮ ਦਿੱਤੇ ਗਏ।
ਹਾਈ ਸਕੂਲ ਵਰਗ ਵਿੱਚ ਅਵਾ ਕੌਰ ਸਿਲਵਰਸਟਾਈਨ ਨੇ ਪਹਿਲਾ ਸਥਾਨ, ਜਸਕੀਰਤ ਸਿੰਘ ਸੂਦਨ ਤੇ ਅਵਨੀ ਕੌਰ ਨੇ ਦੂਜਾ ਸਥਾਨ ਅਤੇ ਹਰਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਸਕੂਲ ਵਰਗ ਵਿੱਚ ਪਹਿਲਾ ਸਥਾਨ ਨਤਾਲੀਆ ਕੁਮਾਰ, ਦੂਜਾ ਸਥਾਨ ਸੁਖਮੀਤ ਕੌਰ ਅਤੇ ਤੀਜਾ ਸਥਾਨ ਨਵਰੂਪ ਕੌਰ ਨੂੰ ਮਿਲਿਆ। ਐਲੀਮੈਂਟਰੀ ਸਕੂਲ ਸ਼੍ਰੇਣੀ ਵਿੱਚ ਖੇਮ ਕੌਰ ਸੋਹੀ ਪਹਿਲੇ ਸਥਾਨ `ਤੇ ਰਹੀ, ਜਦਕਿ ਦੂਜੇ ਸਥਾਨ `ਤੇ ਪ੍ਰਭਦੀਪ ਸਿੰਘ ਮਾਕਨ ਅਤੇ ਤੀਜੇ ਸਥਾਨ `ਤੇ ਸਿਮਰਦੀਪ ਸਿੰਘ ਮਾਕਨ ਰਹੇ।
ਇਸ ਮੁਕਾਬਲੇ ਵਿੱਚ ਡਾ. ਅਮਰੀਕ ਸਿੰਘ ਸੋਹੀ, ਹਰਿੰਦਰਪਾਲ ਸਿੰਘ ਅਤੇ ਸਤਿਨਾਮ ਸਿੰਘ ਮਾਗੋ ਨੇ ਬਤੌਰ ਜੱਜ ਭੂਮਿਕਾ ਨਿਭਾਈ। ਉਨ੍ਹਾਂ ਨੇ ਬੱਚਿਆਂ ਦੇ ਭਾਸ਼ਣਾਂ ਦਾ ਮੁਲੰਕਣ ਕੀਤਾ ਅਤੇ ਭਾਗੀਦਾਰਾਂ ਨੂੰ ਕੀਮਤੀ ਫੀਡਬੈਕ ਦਿੱਤਾ। ਇਸ ਮੌਕੇ ਜੱਜਾਂ ਨੇ ਆਪਣੀਆਂ ਟਿੱਪਣੀਆਂ ਸਾਂਝੀਆਂ ਕੀਤੀਆਂ, ਭਾਗੀਦਾਰਾਂ ਦੀ ਉਨ੍ਹਾਂ ਦੇ ਸਮਰਪਣ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ।
ਇਲੀਨਾਏ ਸਟੇਟ ਪ੍ਰਤੀਨਿਧੀ (ਜ਼ਿਲ੍ਹਾ 56) ਮਿਸ਼ੇਲ ਮੁਸਮੈਨ ਨੇ ਇਸ ਪ੍ਰੋਗਰਾਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਤੀਨਿਧੀ ਮੁਸਮੈਨ ਨੇ ਪ੍ਰਤੀਯੋਗੀਆਂ ਨੂੰ ਸੰਬੋਧਨ ਕਰਨ ਸਮੇਂ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਪ੍ਰੇਰਨਾ ਭਰੇ ਸ਼ਬਦਾਂ ਦੀ ਸਾਂਝ ਪਾਈ ਅਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਹਰੇਕ ਸ਼੍ਰੇਣੀ ਦੇ ਜੇਤੂਆਂ ਨੂੰ ਸਰਟੀਫਿਕੇਟ ਤੇ ਪੁਰਸਕਾਰ ਤਕਸੀਮ ਕੀਤੇ ਅਤੇ ਸਾਰੇ ਭਾਗੀਦਾਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ।
ਇਹ ਪ੍ਰੋਗਰਾਮ ਪੀ.ਸੀ.ਐਸ. ਬੋਰਡ ਆਫ਼ ਟਰੱਸਟੀਜ਼ ਦੁਆਰਾ ਪ੍ਰਧਾਨ ਨਵਤੇਜ ਸਿੰਘ ਸੋਹੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਨਤੀਜਿਆਂ ਦਾ ਐਲਾਨ ਸੰਸਥਾ ਦੇ ਨਮਾਇੰਦੇ ਗੁਰਲਾਲ ਸਿੰਘ ਭੱਠਲ ਨੇ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪੇ, ਭਾਈਚਾਰੇ ਦੇ ਹੋਰ ਪਤਵੰਤੇ ਸੱਜਣ ਅਤੇ ਸੰਸਥਾ ਦੇ ਨੁਮਾਇੰਦੇ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਭਾਗੀਦਾਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਮਹਿਮਾਨਾਂ ਲਈ ਸੁਆਦੀ ਪੀਜ਼ਾ ਪਰੋਸਿਆ ਗਿਆ।
ਜ਼ਿਕਰਯੋਗ ਹੈ ਕਿ ਪੰਜਾਬੀ ਕਲਚਰਲ ਸੁਸਾਇਟੀ ਇੱਕ ਗੈਰ-ਮੁਨਾਫ਼ਾ ਸਵੈ-ਇੱਛੁਕ ਭਾਈਚਾਰਕ ਸੇਵਾ ਸੰਸਥਾ ਹੈ, ਜੋ ਪੰਜਾਬੀ ਸੱਭਿਆਚਾਰ, ਪ੍ਰਦਰਸ਼ਨ ਕਲਾ, ਭਾਸ਼ਾ, ਸਿੱਖਿਆ, ਖੇਡਾਂ ਅਤੇ ਚੰਗੀ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।