*ਕੇਂਦਰ ਤੇ ਰਾਜ ਸਰਕਾਰ ਰਹੀਆਂ ਗੈਰ-ਹਾਜ਼ਰ
*ਪੰਜਾਬ ਦੇ ਨੌਜਵਾਨ ਰਾਹਤ ਕਾਰਜਾਂ ਲਈ ਨਿੱਤਰੇ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਮਾਰ ਜਾਰੀ ਹੈ, ਪਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ/ਜਾ ਰਿਹਾ, ਜਿਵੇਂ ਨਵੰਬਰ 1984 ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਵਿਰੁੱਧ ਯੋਜਨਾਬੱਧ ਹਿੰਸਾ ਨੂੰ ਨਜ਼ਰਅੰਦਾਜ਼ ਕੀਤਾ ਸੀ। ਤਿੰਨ ਦਿਨਾਂ ਤੱਕ ਪੁਲਿਸ, ਜੁਡੀਸ਼ੀਅਰੀ ਅਤੇ ਸਿਵਲ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਗੁੰਡਾ ਗਰੋਹ ਜਥੇਬੰਦ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਸਿੱਖਾਂ ਨੂੰ ਮਿੱਥ ਕੇ ਕਤਲ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ।
ਪੰਜਾਬ ਵਿੱਚ ਹੜ੍ਹ ਆਉਣ ਤੋਂ ਬਾਅਦ 17 ਦਿਨਾਂ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਹੱਥ ‘ਤੇ ਹੱਥ ਧਰ ਕੇ ਬੈਠੀਆਂ ਰਹੀਆਂ, ਤੇ ਪੰਜਾਬ ਦੇ ਕਿਸਾਨਾਂ ਨੂੰ ਲਾਵਾਰਸ ਛੱਡ ਦਿੱਤਾ। ਯਾਦ ਰਹੇ, ਇਸ ਤੋਂ ਪਹਿਲਾਂ 2023 ਵਿੱਚ ਵੀ ਭਿਆਨਕ ਹੜ੍ਹ ਆਏ ਸਨ। ਇਸ ਵਾਰ ਦੇ ਹੜ੍ਹ ਪੰਜਾਬ ਦੀ ਖੇਤੀ ਆਰਥਕਤਾ ‘ਤੇ ਵੱਡਾ ਹਮਲਾ ਜਾਪਦੇ ਹਨ। ਪਰ ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਪਾਕਿਸਤਾਨ ਨੂੰ ਡੋਬ ਰਿਹਾ ਹੈ। ਦੂਜੇ ਪਾਸੇ ਮੇਨ ਸਟਰੀਮ ਭਾਰਤੀ ਮੀਡੀਆ ਵਿੱਚ ਭਾਰਤ-ਅਮਰੀਕਾ ਸੰਬੰਧ ਆਮ ਵਾਂਗ ਹੋਣ ਦੀ ਗੱਲ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਨੇ ਇੱਕ ਦੂਜੇ ਪ੍ਰਤੀ ਪ੍ਰਸ਼ੰਸਾ ਭਰੀਆਂ ਗੱਲਾਂ ਕਹੀਆਂ ਹਨ।
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਜਾਰੀ ਕੀਤੀ ਗਈ ਹਾਲੀਆ ਜਾਣਕਾਰੀ ਅਨੁਸਾਰ ਰਾਜ ਦੇ ਕੁੱਲ 1960 ਪਿੰਡ ਪਾਣੀ ਦੀ ਮਾਰ ਹੇਠ ਆਏ ਹਨ। ਇੱਕ ਲੱਖ 74 ਹਜ਼ਾਰ ਹੈਕਟੇਅਰ ਫਸਲ ਪ੍ਰਭਾਵਤ ਹੋ ਚੁੱਕੀ ਹੈ ਅਤੇ 46 ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਦੇ ਪਸ਼ੂ ਵੱਡੀ ਪੱਧਰ ਵਿੱਚ ਰੁੜ੍ਹ ਗਏ ਹਨ, ਇਨ੍ਹਾਂ ਵਿਚੋਂ ਬਹੁਤੇ ਲਾਪਤਾ ਹੋ ਗਏ ਹਨ। ਇਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਕਈ ਥਾਵਾਂ ‘ਤੇ ਭਾਰਤ ਸਰਕਾਰ ਵੱਲੋਂ ਲਗਾਈ ਗਈ ਕੰਡਿਆਲੀ ਤਾਰ ਵੀ ਹੜ੍ਹ ਗਈ ਹੈ। ਇਸੇ ਤਰ੍ਹਾਂ ਪੂਰਬੀ ਪੰਜਾਬ ਦੇ ਪਸ਼ੂ ਹੜ੍ਹ ਕੇ ਪੱਛਮ ਵੱਲ ਚਲੇ ਗਏ। ਪੱਛਮੀ ਪੰਜਾਬ ਵਿੱਚੋਂ ਪਸ਼ੂਆਂ, ਖਾਸ ਕਰਕੇ ਮੱਝਾਂ ਦੇ ਹੜ੍ਹ ਕੇ ਇਸ ਪਾਸੇ ਆ ਜਾਣ ਦੀਆਂ ਵੀ ਖਬਰਾਂ ਹਨ। ਇਸ ਵਾਰ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਜਿੱਥੇ ਕੇਂਦਰ 17 ਦਿਨ ਤੱਕ ਖਾਮੋਸ਼ ਰਿਹਾ, ਉਥੇ ਪੰਜਾਬ ਸਰਕਾਰ ਇਸ ਦੌਰਾਨ ਕੁਝ ਵੀ ਨਹੀਂ ਕਰ ਸਕੀ। ਦੋਹਾਂ ਸਰਕਾਰਾਂ ਦੀ ਗੈਰ-ਹਾਜ਼ਰੀ ਵਿੱਚ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੇ ਸਥਿਤੀ ਨੂੰ ਸੰਭਾਲਣ ਦਾ ਯਤਨ ਕੀਤਾ ਅਤੇ ਪ੍ਰਭਾਵਤ ਲੋਕਾਂ ਤੱਕ ਹਰ ਲੋੜੀਂਦੀ ਮਦਦ ਪੁੱਜਦੀ ਕਰਨ ਦੇ ਵੱਡੇ ਯਤਨ ਕੀਤੇ। ਸੰਕਟ ਸਮੇਂ ਇਕਮੁੱਠ ਹੋਣ ਦੀ ਪੰਜਾਬ ਦੀ ਇਸ ਰਵਾਇਤ ਨੇ ਦੋਹਾਂ ਸਰਕਾਰਾਂ (ਕੇਂਦਰ ਅਤੇ ਪੰਜਾਬ) ਨੂੰ ਸ਼ਰਮਸਾਰ ਕਰ ਦਿੱਤਾ ਹੈ।
ਇਸੇ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਟੁੱਟਣ ਦੇ ਖ਼ਦਸ਼ੇ ਜਿਤਾਏ ਜਾ ਰਹੇ ਹਨ ਅਤੇ ਘੱਗਰ ਵਿੱਚ ਪਾਣੀ ਵਧਣ ਕਾਰਨ ਮਾਲਵਾ ਖੇਤਰ ਦੇ ਵੀ ਹੜ੍ਹਾਂ ਦੀ ਮਾਰ ਹੇਠ ਆ ਜਾਣ ਦਾ ਡਰ ਬਣ ਗਿਆ ਹੈ। ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਦੇ ਕੁਝ ਪਿੰਡਾਂ ਵਿੱਚ ਪਹਿਲਾਂ ਹੀ ਪਾਣੀ ਦਾਖਲ ਹੋ ਚੁੱਕਾ ਹੈ। ਇਸ ਖੇਤਰ ਵਿੱਚ ਹੋਰ ਪਿੰਡਾਂ ਦੇ ਵੀ ਮਾਰ ਹੇਠ ਆ ਜਾਣ ਦਾ ਡਰ ਬਣਿਆ ਹੋਇਆ। 2023 ਦੇ ਹੜ੍ਹਾਂ ਦੀ ਮਾਰ ਝੱਲਣ ਵਾਲੇ ਇਸ ਖੇਤਰ ਦੇ ਲੋਕ ਹੁਣ ਫਿਰ ਇੱਕ ਡਰ ਦੇ ਪ੍ਰਛਾਵੇਂ ਵਿੱਚ ਜੀਅ ਰਹੇ ਹਨ। ਸਥਿਤੀ ਦਾ ਦੁਖਦਾਈ ਪਹਿਲੂ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਵਧੇਰੇ ਬਾਰਸ਼ ਹੋਣ ਦੀਆਂ ਚਿਤਾਵਨੀਆਂ ਸਾਹਮਣੇ ਆ ਰਹੀਆਂ ਹਨ।
ਇਥੇ ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਪੰਜਾਬ ਵਿੱਚ ਹੜ੍ਹਾਂ ਦਾ ਸਿਲਸਲਾ ਸ਼ੁਰੂ ਹੋਇਆ ਸੀ, ਜਦੋਂ ਸੁਲਤਾਨਪੁਰ ਲੋਧੀ ਨਜ਼ਦੀਕ ਬਿਆਸ ਦਰਿਆ ਵਿੱਚ ਪਾੜ ਪੈ ਗਿਆ ਸੀ। ਅੱਜ ਦੀ ਘੜੀ ਪੰਜਾਬ ਦੇ ਤਕਰੀਬਨ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹਨ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਹੜ੍ਹਾਂ ਨੂੰ ਇੱਕ ਕੁਦਰਤੀ ਆਫਤ ਐਲਾਨਣ ਦੀ ਕਾਰਵਾਈ ਵੀ ਦੇਰੀ ਨਾਲ ਕੀਤੀ ਹੈ। ਇਸ ਦੇਰੀ ਨੂੰ ਵੀ ਲੋਕਾਂ ਵੱਲੋਂ ਮੁਜ਼ਰਮਾਨਾ ਸਮਝਿਆ ਜਾ ਰਿਹਾ ਹੈ। ਪਾਣੀ ਨਾਲ ਪ੍ਰਭਾਵਤ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਹਿੱਲ ਗਿਆ। ਲੋਕ ਹੜ੍ਹ ਪੀੜਤਾਂ ਲਈ ਇਕੱਠਾ ਹੋਣ ਵਾਲਾ ਫੰਡ ਵੀ ਸਰਕਾਰ ਦੇ ਹੱਥ ਦੇਣ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਹਰ ਸਾਲ ਮੌਨਸੂਨ ਤੋਂ ਪਹਿਲਾਂ ਨਦੀ ਨਾਲਿਆਂ ਅਤੇ ਸਾਈਫਨ ਵਗੈਰਾ ਸਾਫ ਕਰਨ ਲਈ ਕਈ ਸੌ ਕਰੋੜ ਦਾ ਫੰਡ ਜਾਰੀ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਇਸ ਬਾਰੇ ਵੀ ਜਾਣਕਾਰੀ ਦੇਣ ਵਿੱਚ ਅਸਮਰੱਥ ਰਹਿ ਰਹੀ ਹੈ ਕਿ ਇਹ ਫੰਡ ਕਿੱਥੇ ਕਿੱਥੇ ਖਰਚਿਆ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਨਾਲ ਮੌਜੂਦ ਅਮਲਾ ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈ ਕੇ ਗਏ ਹਨ। ਇੱਕ ਕੇਂਦਰੀ ਟੀਮ ਵੀ ਪੰਜਾਬ ਵਿੱਚ ਹੁਣ ਹੜ੍ਹਾਂ ਦਾ ਜਾਇਜ਼ਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮੱਸਿਆ ਦਾ ਗੰਭੀਰ ਅਧਿਅਨ ਕਰਨ ਲਈ ਮਾਹਿਰਾਂ ਦੀਆਂ ਹੋਰ ਟੀਮਾਂ ਭੇਜੀਆਂ ਜਾਣਗੀਆਂ। ਖੇਤੀ ਮੰਤਰੀ ਚੌਹਾਨ ਨੇ ਬੀਤੀ 4-5 ਸਤੰਬਰ ਨੂੰ ਪੰਜਾਬ ਦੇ ਕੁਝ ਹੜ੍ਹ ਮਾਰੇ ਇਲਾਕਿਆਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਲਈ ਨਾਜਾਇਜ਼ ਖਣਨ ਜ਼ਿੰਮੇਵਾਰ ਹੈ, ਜਿਸ ਵਿੱਚ ‘ਆਪ’ ਆਗੂ ਅਤੇ ਪੰਜਾਬ ਦੀ ਅਫਸਰਸ਼ਾਹੀ ਸ਼ਾਮਲ ਹਨ। ਕਈ ਥਾਵਾਂ ‘ਤੇ ਬੰਨ੍ਹ ਹੇਠੋਂ ਰਿਸਣ ਕਾਰਨ ਟੁੱਟੇ ਹਨ। ਖਣਨ ਦੇ ਮਾਮਲੇ `ਚ ਅਫਸਰਸ਼ਾਹੀ ਅਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਹੈ।
ਇਸ ਸਾਰੇ ਵਰਤਾਰੇ ਤੋਂ ਇਲਾਵਾ ਪੰਜਾਬ ਵਿੱਚ ਸਥਾਨਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਗੈਰ-ਹਾਜ਼ਰ ਰਹਿ ਰਿਹਾ ਹੈ। ਇਹ ਵੀ ਮੁਜ਼ਰਮਾਨਾ ਕਿਸਮ ਦੀ ਅਣਦੇਖੀ ਹੈ। ਉਂਜ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਹੋਈ ਹੈ।
ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਵਿੱਚ ਆਏ ਹੜ੍ਹਾਂ ‘ਤੇ ਦੁੱਖ ਪ੍ਰਗਟ ਕੀਤਾ ਕਿ ਪਾਕਿਸਤਾਨ ਨੂੰ ਭਾਰਤ ਜਾਣ-ਬੁੱਝ ਕੇ ਡਬੋ ਰਿਹਾ ਹੈ। ਯਾਦ ਰਹੇ, ਭਾਰਤੀ ਫੌਜ ਦੇ ਇੱਕ ਸਾਬਕਾ ਮੁਖੀ ਨੇ ਇਧਰ ਡੱਕੇ ਹੋਏ ਪਾਣੀ ਨੂੰ ਜਾਣ-ਬੁਝ ਕੇ ਛੱਡਣ ਅਤੇ ਪਾਕਿਸਤਾਨ ਨੂੰ ਡਬੋਣ ਦੀ ਗੱਲ ਕੀਤੀ ਸੀ।
ਇਸ ਵਾਰ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣਾਈਆਂ ਜਾ ਰਹੀਆਂ ਵੱਡੀਆਂ ਸੜਕਾਂ ਵੀ ਹੜ੍ਹਾਂ ਦਾ ਕਾਰਨ ਬਣੀਆਂ ਹਨ। ਇਸ ਮਾਮਲੇ ‘ਤੇ ਅਸੀਂ ਕਈ ਦੇਰ ਤੋਂ ਆਪਣੀਆਂ ਲਿਖਤਾਂ ਵਿੱਚ ਗੱਲ ਕਰਦੇ ਰਹੇ ਹਾਂ। ਇਸ ਮੌਕੇ ਭਾਰਤ ਵੱਲੋਂ ਮੁਅੱਤਲ ਕੀਤੀ ਗਈ ਇੰਡਸ ਵਾਟਰਜ਼ ਟ੍ਰਿਟੀ ਦਾ ਮਾਮਲਾ ਵੀ ਉਭਰ ਰਿਹਾ ਹੈ, ਕਿਉਂਕਿ ਰਾਵੀ ਦਰਿਆ ਨੇ ਭਾਰਤੀ ਖੇਤਰਾਂ ਵਿੱਚ ਵੱਡੀ ਮਾਰ ਕੀਤੀ। ਇੰਡਸ ਵਾਟਰ ਟ੍ਰਿਟੀ ਮੁਅਤੱਲ ਕਰਨ ਦੇ ਮਾਮਲੇ ਵਿੱਚ ਭਾਰਤ ‘ਤੇ ਕੌਮਾਂਤਰੀ ਦਬਾਅ ਵੀ ਵਧ ਰਿਹਾ ਹੈ।
ਇਸ ਕਿਸਮ ਦੀਆਂ ਸਥਿਤੀਆਂ ਵਿੱਚ ਆਨ ਲਾਈਨ ਮਸ਼ਹੂਰ ਹੋਏ ਕੁਝ ਪੰਜਾਬੀ ਕਾਮੇਡੀਅਨਾਂ ਨੇ ਦਰਦਮੰਦ ਪਰ ਦਿਲਚਸਪ ਵਿਅੰਗ ਕੀਤੇ ਹਨ। ਸੁੱਖੀ ਖਿਆਲਾ ਨਾਂ ਦੇ ਇੱਕ ਨੌਜਵਾਨ ਕਲਾਕਾਰ ਨੇ ਬੀ.ਬੀ.ਐਮ.ਬੀ ਦਾ ਨਾਮਕਰਣ ਕਰਦਿਆਂ ਇਸ ਨੂੰ ‘ਬੇਗੁਰੇ ਬੰਦਿਆਂ ਨੇ ਮਾਰ ਦਿੱਤੇ ਬੇਜ਼ੁਬਾਨ ਬੰਦੇ’ ਕਿਹਾ ਹੈ। ਇਸ ਤੋਂ ਇਲਾਵਾ ‘ਗੁਰਦੀਪ ਮਨਾਲੀਆ’ ਨੇ ਵੀ ਹੜ੍ਹਾਂ ਵਿੱਚ ਪੰਜਾਬ ਦੇ ਨੌਜਵਾਨਾਂ ਅਤੇ ਵੱਡੇ ਟਰੈਕਟਰਾਂ ਦੀ ਸਰਹਾਨਾ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅਜਨਾਲਾ ਵਿੱਚ ਇੱਕ ਸਮਾਗਮ ਵਿੱਚ ਅਰਦਾਸ ਸਮੇਂ ਹੜ੍ਹਾਂ ਦਾ ਜ਼ਿਕਰ ਆਉਣ ‘ਤੇ ਰੋਅ ਪੈਣ ਨੂੰ ‘ਰੱਬ ਤੱਕ ਪੁੱਜਣ ਵਾਲੀ ਹੂਕ’ ਕਿਹਾ ਹੈ। ਇਸ ਤੋਂ ਇਲਾਵਾ ਦਲਜੀਤ ਦੁਸਾਂਝ ਸਮੇਤ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਵਿੱਚ ਆ ਗਏ ਹਨ। ਕੌਮਾਂਤਰੀ ਕ੍ਰਿਕਟ ਵਿੱਚ ਵੱਡੀ ਸ਼ੋਹਰਤ ਕਮਾਉਣ ਵਾਲੇ ਯੁਵਰਾਜ ਸਿੰਘ ਵੱਲੋਂ ਟਰੈਕਟਰਾਂ ਦਾ ਲੰਗਰ ਲਾਏ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਹਨ। ਆਈ.ਪੀ.ਐਲ. ਵਿੱਚ ਖੇਡਣ ਵਾਲੀ ਕ੍ਰਿਕਟ ਟੀਮ ‘ਪੰਜਾਬ ਕਿੰਗਜ਼’ ਦੀ ਮਾਲਕਣ ਅਤੇ ਜਾਣੀ-ਪਛਾਣੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਤ ਲੋਕਾਂ ਲਈ 33 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਯਾਦ ਰਹੇ, ਪਿਛਲੇ ਵੀਹ ਕੁ ਦਿਨਾਂ ਵਿੱਚ ਹਿਮਾਚਲ, ਜੰਮੂ ਕਸ਼ਮੀਰ ਅਤੇ ਉਤਰਾਖੰਡ ਜਿਹੇ ਪਹਾੜੀ ਰਾਜਾਂ ਵਿੱਚ ਬੱਦਲ ਫਟਣ ਦੀਆਂ 21 ਘਟਨਾਵਾਂ ਵਾਪਰੀਆਂ ਹਨ। ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਉੱਘੀ ਕਾਰਕੁੰਨ ਸੁਨੀਤਾ ਨਰਾਇਣ ਨੇ ਪੰਜਾਬ ਅਤੇ ਤਿੰਨ ਪਹਾੜੀ ਰਾਜਾਂ ਵਿੱਚ ਆਏ ਹੜਾਂ ਨੂੰ ਕਾਰਪੋਰੇਟ ਵਿਕਾਸ ਮਾਡਲ ਦੀ ਉਪਜ ਦੱਸਿਆ ਹੈ। ਉਨ੍ਹਾਂ ਚਾਰਧਾਮ ਹਾਈਵੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ‘ਤੇ ਵਾਤਾਵਰਣ ਮਾਹਿਰਾਂ ਵੱਲੋਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਪਰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਹਿਮਾਲੀਅਨ ਪਹਾੜ ਦੁਨੀਆਂ ਦੇ ਸਭ ਤੋਂ ਨਵੇਂ (ਯੰਗੈਸਟ) ਪਹਾੜ ਹਨ। ਦਰਖਤ ਕੱਟਣ, ਸੁਰੰਗਾਂ ਤੇ ਸੜਕਾਂ ਬਣਾਉਣ ਕਾਰਨ ਇਹ ਵੱਡੀ ਬਰਬਾਦੀ ਕਰ ਸਕਦੇ ਹਨ। ਸੁਨੀਤਾ ਨਰਾਇਣ ਨੇ ਕਿਹਾ ਕਿ ਮੌਜੂਦਾ ਵਿਕਾਸ ਮਾਡਲ ਮੁਕੰਮਲ ਤੌਰ ‘ਤੇ ਫੇਲ੍ਹ ਹੈ। ਇਸ ਦੀ ਥਾਂ ਟਿਕਾਊ ਅਤੇ ਕੁਦਰਤ ਨਾਲ ਇਕਸੁਰਤਾ ਵਾਲਾ ਵਿਕਾਸ ਮਾਡਲ ਅਪਣਾਇਆ ਜਾਣਾ ਚਾਹੀਦਾ ਹੈ।
———————————————-
ਪੰਜਾਬ ਵਿੱਚ ਹੜ੍ਹਾਂ ਦੌਰਾਨ ਸਿਆਸੀ ਭੂਚਾਲ
*ਮੁੱਖ ਮੰਤਰੀ ਦੇ ਭਰਾ ਨੇ 250 ਕਰੋੜ ਦੇ ਘੁਟਾਲੇ ਬਾਰੇ ਉਠਾਏ ਸਵਾਲ
*ਕੀ ਨਾਲਿਆਂ ਦੀ ਸਫਾਈ ਹੋਈ ਜਾਂ 250 ਕਰੋੜ ਰੁਪਏ ਦੀ?
ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਨੇ ਪੰਜਾਬ ਵਿੱਚ ਹੜ੍ਹਾਂ ਦੌਰਾਨ 250 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਸਵਾਲ ਉਠਾਏ ਹਨ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਪੰਜਾਬੀ ਵਿੱਚ ਪੋਸਟ ਕੀਤੀ ਹੈ। ਇਸ ਪੋਸਟ ਨੇ ਸਿਆਸੀ ਗਲਿਆਰਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਮੁੱਖ ਮੰਤਰੀ ਦੇ ਭਰਾ ਨੇ ਇੱਕ ਵਿਭਾਗ ਦੀ ਕਾਰਜਸ਼ੈਲੀ `ਤੇ ਸਵਾਲ ਉਠਾਏ ਹਨ ਅਤੇ ਘੁਟਾਲੇ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਹੈ।
ਮੁੱਖ ਮੰਤਰੀ ਦੇ ਭਰਾ ਦੀ ਇਸ ਪੋਸਟ ਦੇ ਸਿਆਸੀ ਮਾਹਿਰ ਗੰਭੀਰ ਮਾਇਨੇ ਕੱਢ ਰਹੇ ਹਨ ਅਤੇ ਮੁੱਖ ਮੰਤਰੀ ਦੀ ਬੀਮਾਰੀ ਨੂੰ ਇਸ ਸੰਦਰਭ ਵਿੱਚ ਜੋੜ ਕੇ ਵੇਖ ਰਹੇ ਹਨ। ਗਿਆਨ ਸਿੰਘ ਮਾਨ ਦੀ ਪੋਸਟ ਨੇ ਕਿਤੇ ਨਾ ਕਿਤੇ ਇਸ਼ਾਰਾ ਕੀਤਾ ਹੈ ਕਿ ਸਰਕਾਰ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਆਪਣੇ ਗ੍ਰਹਿ ਜ਼ਿਲ੍ਹੇ ਦੇ ਦੌਰਿਆਂ ਦੌਰਾਨ ਮੁੱਖ ਮੰਤਰੀ ਦੇ ਨਾਲ ਸਾਏ ਵਾਂਗ ਰਹਿਣ ਵਾਲੇ ਗਿਆਨ ਸਿੰਘ ਮਾਨ ਦੀ ਪੋਸਟ ਇਸ਼ਾਰਾ ਕਰ ਰਹੀ ਹੈ ਕਿ ਸ਼ਾਇਦ ਮੁੱਖ ਮੰਤਰੀ ਖੁਦ ਵੀ ਇਸ ਪੂਰੇ ਘਟਨਾਕ੍ਰਮ ਤੋਂ ਨਾਰਾਜ਼ ਹੋਣਗੇ।
ਗਿਆਨ ਸਿੰਘ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਕੰਮ ਲਈ ਜਾਰੀ ਕੀਤੇ ਗਏ 250 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਅਖੀਰ ਕਿੱਥੇ ਗਾਇਬ ਹੋ ਗਈ? ਇਨ੍ਹਾਂ ਵਿੱਚੋਂ 40 ਲੱਖ ਰੁਪਏ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਦੇ ਹਲਕਾ ਲਹਿਰਾ ਲਈ ਵੀ ਜਾਰੀ ਕੀਤੇ ਗਏ ਸਨ। ਕੀ ਨਾਲਿਆਂ ਦੀ ਸਫਾਈ ਹੋਈ ਜਾਂ 250 ਕਰੋੜ ਰੁਪਏ ਦੀ? ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
