ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ)
ਫੋਨ: +91-9463062603
ਜਗਿਆਸੂ ਨੇ ਰਿਸ਼ੀਵਰ ਨੂੰ ਆਪਣੀ ਪੀੜਾ ਸਾਂਝੀ ਕਰਦਿਆਂ ਕਿਹਾ ਕਿ ਕਦੇ ਅਸੀਂ ਆਪਣੀਆਂ ਨਮ ਅੱਖਾਂ ਦੂਸਰਿਆਂ ਤੋਂ ਲੁਕੋ ਰਹੇ ਹੁੰਦੇ ਹਾਂ ਅਤੇ ਕਦੇ ਲੋਕ ਆਪਣੀਆਂ ਸਿਲੀਆਂ ਅੱਖਾਂ ਸਾਥੋਂ ਛੁਪਾ ਰਹੇ ਹੁੰਦੇ ਹਨ। ਅਸੀਂ ਇੱਕ ਦੂਜੇ ਦੀ ਜ਼ਿਹਨੀ ਕੈਫ਼ੀਅਤ ਨੂੰ ਸਮਝ ਵੀ ਰਹੇ ਹੁੰਦੇ ਹਾਂ ਅਤੇ ਜਾਣ-ਬੁੱਝ ਕੇ ਇੱਕ ਦੂਜੇ ਦੇ ਹਾਲ ਤੋਂ ਬੇਖ਼ਬਰ ਹੋਣ ਦਾ ਢੋਂਗ ਕਰਨ ਦਾ ਯਤਨ ਵੀ ਕਰ ਰਹੇ ਹੁੰਦੇ ਹਾਂ। ਸਮੇਂ ਦੀ ਗਰਦਿਸ਼ ਦਾ ਸਿਤਮ ਕਹਿ ਲਵੋ ਜਾਂ ਫਿਰ ਹੋਣੀ ਦੀ ਮਰਜ਼ੀ ਸਮਝ ਲਵੋ ਕਿ
ਸਭ ਕੁਝ ਇੰਨੀ ਜਲਦੀ ਵਾਪਰ ਰਿਹਾ ਹੁੰਦਾ ਕਿ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਅਨੁਸਾਰ ਖੁਦ ਨੂੰ ਢਾਲਣ ਲਈ ਸਾਡੇ ਵਿੱਚੋਂ ਕੋਈ ਵੀ ਤਿਆਰ ਨਹੀਂ ਹੁੰਦਾ ਹੈ। ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਇਨਸਾਨ ਨੂੰ ਸਕੂਨ ਦੀ ਕੀਮਤ ਬੇਅਰਾਮੀ ਤੇ ਬੇਕਰਾਰੀ ਦੇ ਰੂਪ ਵਿੱਚ ਅਦਾ ਕਰਨੀ ਪੈਂਦੀ ਹੈ। ਕੋਈ ਤੁਹਾਡੇ ਕਿੰਨਾ ਕਰੀਬ ਸੀ, ਇਸ ਦਾ ਅਹਿਸਾਸ ਸਾਨੂੰ ਕੇਵਲ ਬਿਰਹਾਂ ਦੀ ਭੱਠੀ ਵਿੱਚ ਤਪ ਕੇ ਹੀ ਮਹਿਸੂਸ ਹੁੰਦਾ ਹੈ। ਸਫ਼ਲਤਾ ਦੀਆਂ ਪੌੜੀਆਂ ਤੋਂ ਫਿਸਲਣ ਦਾ ਖ਼ੌਫ਼ ਤੁਹਾਨੂੰ ਕਦੇ ਵੀ ਬੇਪ੍ਰਵਾਹ ਹੋ ਕੇ ਚਲਣ ਨਹੀਂ ਦਿੰਦਾ ਹੈ। ਜਦੋਂ ਇਨਸਾਨ ਨੂੰ ਇਹ ਜਾਪਦਾ ਹੈ ਕਿ ਹੁਣ ਸ਼ਾਇਦ ਸਭ ਕੁਝ ਠੀਕ ਹੋ ਗਿਆ ਹੈ, ਠੀਕ ਉਸੇ ਸਮੇਂ ਉਸ ਦਾ ਇਹ ਭਰਮ ਵੀ ਟੁੱਟ ਜਾਂਦਾ ਹੈ। ਸਮੇਂ ਦੀ ਹਰ ਨਾਗਵਾਰ ਕਰਵਟ ਵੱਲੋਂ ਮਨੁੱਖ ਦੀ ਰੂਹ ਨੂੰ ਹਰ ਵਾਰ ਵਲੂੰਧਰਿਆ ਜਾਂਦਾ ਹੈ। ਸੋਚਦਾ ਹਾਂ ਕਿ ਆਖ਼ਿਰ ਇਹ ਸਭ ਕੁਝ ਕਿਉਂ ਅਤੇ ਕਦੋਂ ਤੱਕ ਇਸ ਤਰ੍ਹਾਂ ਹੁੰਦਾ ਰਹੇਗਾ? ਕਦੋਂ ਤੱਕ ਮ੍ਰਿਗ ਤ੍ਰਿਸ਼ਨਾ ਦੇ ਚੱਕਰਵਿਊ ਵਿੱਚ ਫ਼ਸ ਕੇ ਅਸੀਂ ਉਨ੍ਹਾਂ ਦੁੱਖਾਂ ਨੂੰ ਵੀ ਦਾਅਵਤ ਦਿੰਦੇ ਰਹਾਂਗੇ, ਜਿਨ੍ਹਾਂ ਨੂੰ ਅਸੀਂ ਆਪਣੀ ਝੋਲੀ ਵਿੱਚ ਪੈਣ ਤੋਂ ਕਾਫੀ ਹੱਦ ਤੱਕ ਰੋਕ ਸਕਦੇ ਹੁੰਦੇ ਹਾਂ।
ਰਿਸ਼ੀਵਰ ਨੇ ਜਗਿਆਸੂ ਨੂੰ ਫ਼ੁਰਮਾਇਆ ਕਿ ਅਜੇ ਤੱਕ ਤੇਰੇ ਅੰਦਰ ਦਵੰਦ, ਦੁਚਿੱਤੀ ਅਤੇ ਅਗਿਆਨਤਾ ਦਾ ਭਾਂਬੜ ਮਚਿਆ ਹੋਇਆ ਹੈ, ਜਦੋਂ ਤੱਕ ਇਹ ਸ਼ਾਂਤ ਨਹੀਂ ਹੁੰਦਾ, ਤੈਨੂੰ ਚੈਨ ਨਸੀਬ ਨਹੀਂ ਹੋ ਸਕਦਾ ਹੈ। ਤੇਰੇ ਅੰਦਰ ਸਮੋਏ ਹੋਏ ਦਰਦ ਦੀਆਂ ਪਰਤਾਂ ਜਦੋਂ ਤੱਕ ਖੁੱਲ੍ਹ ਨਹੀਂ ਜਾਂਦੀਆਂ, ਉਸ ਸਮੇਂ ਤੱਕ ਤੂੰ ਇਉਂ ਹੀ ਤੜਫ਼ਦਾ ਰਹੇਂਗਾ। ਲਿਹਾਜ਼ਾ ਆਪਣੇ ਦਿਲ ਦਾ ਉਬਾਲ ਕੱਢ ਅਤੇ ਜਦੋਂ ਤੇਰਾ ਮਨ ਹੌਲਾ ਹੋ ਜਾਏਗਾ, ਤਦ ਮੈਂ ਆਪਣੀ ਗੱਲ ਕਹਾਂਗਾ। ਜਗਿਆਸੂ ਨੇ ਦੱਸਿਆ ਕਿ ਹੁਣ ਤੱਕ ਮੈਂ ਇਹ ਸਮਝਦਾ ਰਿਹਾ ਹਾਂ ਕਿ ਸ਼ਾਇਦ ਮੇਰੇ ਦੁਖ ਦਾ ਕਾਰਨ ਕੋਈ ਹੋਰ ਹੈ, ਲੇਕਿਨ ਜਦੋਂ ਗਹੁ ਨਾਲ ਵਾਚਿਆ ਤਾਂ ਇਉਂ ਜਾਪਿਆ ਕਿ ਦਰਅਸਲ ਜ਼ਿੰਦਗੀ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਵਿੱਚ ਜ਼ਿੰਦਗੀ ਦੀਆਂ ਗੁੰਝਲਾਂ ਹੋਰ ਪੀਡੀਆਂ ਹੋ ਗਈਆਂ ਹਨ। ਜਿਵੇਂ-ਜਿਵੇਂ ਮੈਂ ਆਪਣੇ ਦਿਲ ਦੇ ਪਿੱਛੇ ਲੱਗ ਤੁਰਿਆ, ਤਦ-ਤਦ ਆਪਣੇ ਹੱਥੀਂ ਆਪਣੇ ਮਨ ਦੇ ਚੈਨ ਨੂੰ ਆਪਣੇ ਹੱਥੀਂ ਲਾਂਬੂ ਲਾਇਆ। ਮੰਜ਼ਿਲ ਦੀ ਕਸ਼ਿਸ਼ ਨੇ ਮੈਨੂੰ ਮੇਰੇ ਆਪਣਿਆਂ ਕੋਲੋਂ ਦੂਰ ਕਰ ਦਿੱਤਾ। ਮੈਂ ਜਿਸ ਨੂੰ ਆਪਣਾ ਨਫ਼ਾ ਸਮਝਿਆ ਦਰਅਸਲ ਉਹੋ ਹੀ ਮੇਰਾ ਅਸਲ ਘਾਟਾ ਸੀ। ਸਮਝ ਨਹੀਂ ਆਉਂਦਾ ਕਿ ਆਖ਼ਰ ਮੈਂ ਕੀ ਖੱਟਿਆ ਅਤੇ ਕੀ ਗਵਾਇਆ ਹੈ। ਰਿਸ਼ੀਵਰ ਨੇ ਭਾਂਪ ਲਿਆ ਕਿ ਇਸ ਦੇ ਅੰਦਰ ਦੀ ਪੀੜ ਦਾ ਫੋੜਾ ਬਸ ਹੁਣ ਫਿਸ ਚੁੱਕਾ ਹੈ।
ਰਿਸ਼ੀਵਰ ਮੁਸਕਰਾਏ ਅਤੇ ਫ਼ੁਰਮਾਇਆ ਕਿ ਧਿਆਨ ਦੇ ਕੇ ਸੁਣ! ਦਰਅਸਲ ਇਸੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ। ਯਾਦ ਰੱਖੋ! ਹਿਸਾਬ-ਕਿਤਾਬ ਵਿੱਚ ਉਲਝ ਕੇ ਕਦੇ ਬੇੜੇ ਪਾਰ ਨਹੀਂ ਲੰਘਦੇ ਹਨ। ਇਹ ਵੀ ਮੰਨ ਕੇ ਚਲੋ ਕਿ ਹਰੇਕ ਨੂੰ ਖੁਸ਼ੀ ਤੇ ਗਮੀ ਦੇ ਮੌਸਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਵੀ ਹੇਰਵਿਆਂ ਦੀ ਮੰਝਧਾਰ ਵਿੱਚ ਉਲਝ ਕੇ ਮਨੁੱਖ ਸਾਹਿਲ ਤੱਕ ਨਹੀਂ ਪਹੁੰਚ ਪਾਉਂਦਾ ਹੈ। ਜ਼ਿੰਦਗੀ ਦੇ ਗਣਿਤ ਵਿੱਚ ਹੱਦੋਂ ਵੱਧ ਉਲਝ ਕੇ ਹਮੇਸ਼ਾ ਘਾਟਾ ਹੀ ਉਠਾਉਣਾ ਪੈਂਦਾ ਹੈ। ਤੁਸੀਂ ਇਹ ਵੀ ਸਮਝਣ ਦਾ ਯਤਨ ਕਰੋ ਕਿ ਜ਼ਿੰਦਗੀ ਦੀ ਆਪਣੀ ਇੱਕ ਚਾਲ ਹੁੰਦੀ ਹੈ, ਉਸ ਚਾਲ ਦੇ ਨਾਲ ਕਦਮ ਨਾਲ ਕਦਮ ਵਧਾਉਣ ਨਾਲ ਕਾਫੀ ਹੱਦ ਤੱਕ ਉਨ੍ਹਾਂ ਦੁਖ ਤਕਲੀਫ਼ਾਂ ਤੋਂ ਨਿਜ਼ਾਤ ਹਾਸਲ ਕੀਤੀ ਜਾ ਸਕਦੀ ਹੈ। ਜਿਹੜੇ ਲੋਕ ਛੋਟੀਆਂ-ਛੋਟੀਆਂ ਗੱਲਾਂ ਬਾਰੇ ਹੱਦੋਂ ਵੱਧ ਸੋਚਦੇ ਹਨ, ਉਹ ਲੋਕ ਹੀ ਮਾਨਸਿਕ ਤਣਾਓ ਦਾ ਸ਼ਿਕਾਰ ਹੁੰਦੇ ਹਨ। ਤੁਸੀਂ ਆਪਣੇ ਆਖ਼ਰੀ ਸਾਹਾਂ ਤੱਕ ਆਪਣੇ ਅਧੂਰੇਪਣ ਦੇ ਸੰਤਾਪ ਤੋਂ ਮੁਕਤ ਨਹੀਂ ਹੋ ਸਕਦੇ ਹੋ, ਲਿਹਾਜ਼ਾ ਜੋ ਕੁਝ ਤੁਹਾਡੇ ਕੋਲ ਮੌਜੂਦ ਹੈ, ਉਸ ਨੂੰ ਦਿਲੋਂ ਸਵੀਕਾਰ ਕਰੋ ਅਤੇ ਜੋ ਨਹੀਂ ਹੈ, ਉਸ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹੋ ਤੇ ਸਬਰ ਰੱਖੋ। ਇਹ ਵੀ ਯਾਦ ਰੱਖੋ! ਆਪਣੇ ਬੇਸਬਰੇਪਣ ਅਤੇ ਉਤਵਾਲੇਪਣ ਦੀ ਵਜ੍ਹਾ ਨਾਲ ਕਦੇ ਵੀ ਤੁਸੀਂ ਪੁਰਸਕੂਨ ਜ਼ਿੰਦਗੀ ਜਿਉਣ ਵਿੱਚ ਕਾਮਯਾਬ ਨਹੀਂ ਹੋ ਪਾਉਗੇ। ਆਪਣੀ ਸੱਖਣੀ ਝੋਲੀ ਨੂੰ ਦੇਖ-ਦੇਖ ਰੋਸ ਨਾ ਕਰੋ। ਤੁਸੀਂ ਸਹਿਜ ਸੁਭਾਅ ਜਿਊਣ ਦੀ ਕਲਾ ਸਿੱਖੋ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮਨੁੱਖ ਆਪਣੀ ਮੰਜ਼ਿਲ ਦੀ ਪ੍ਰਾਪਤੀ ਦੀ ਕਾਮਨਾ ਰੱਖਦੇ ਹੋਏ ਗਫ਼ਲਤ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਕੱਲ੍ਹ ਦੇ ਗਰਭ ਵਿੱਚ ਛੁਪੀਆਂ ਹੋਈਆਂ ਦੁਸ਼ਵਾਰੀਆਂ ਦੀ ਕਲਪਨਾ ਕਰਨ ਤੋਂ ਵੀ ਖੁੰਝ ਜਾਂਦਾ ਹੈ। ਆਪਣੇ ਅਸਤਿਤਵ ਨੂੰ ਇੱਕ ਮੁਨਫ਼ਰਿਦ ਪਛਾਣ ਦੁਆਉਣ ਦੀ ਕੋਸ਼ਿਸ਼ ਵਿੱਚ ਉਹ ਹੌਲੀ-ਹੌਲੀ ਇੱਕ ਦਿਨ ਖੁਦ ਹੀ ਫ਼ਨਾਹ ਹੋ ਜਾਂਦਾ ਹੈ। ਦੂਸਰਿਆਂ ਦੇ ਨੁਕਤਾ-ਏ-ਨਿਗਾਹ ਨੂੰ ਸਮਝਣ ਦੀ ਬਜਾਏ ਮਨੁੱਖ ਆਪਣੇ ਜ਼ਾਵੀਏ ਨੂੰ ਦਰੁਸਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਰਫ਼ਤਾ-ਰਫ਼ਤਾ ਮਾਨਸਿਕ ਸੰਕੀਰਣਤਾ ਦਾ ਇੰਨਾ ਬੁਰੀ ਤਰ੍ਹਾਂ ਸ਼ਿਕਾਰ ਹੋ ਜਾਂਦਾ ਹੈ ਕਿ ਕਈ ਵਾਰ ਉਹ ਆਪਣੇ ਝੂਠ ਨੂੰ ਸੱਚ ਸਮਝਣ ਦੀ ਭੁੱਲ ਕਰ ਲੈਂਦਾ ਹੈ ਅਤੇ ਦੂਜੇ ਦੇ ਸੱਚ ਨੂੰ ਮੁੱਢੋਂ ਹੀ ਦਰਕਿਨਾਰ ਕਰ ਦਿੰਦਾ ਹੈ।
ਰਿਸ਼ੀਵਰ ਨੇ ਜਗਿਆਸੂ ਨੂੰ ਫ਼ੁਰਮਾਇਆ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਇਹ ਕੋਸ਼ਿਸ਼ ਕਰੋ ਕਿ ਅਜ਼ਮਾਇਸ਼ ਦੀ ਘੜੀ ਵਿੱਚ ਵੀ ਆਪਣਾ ਸਹਿਜ ਨਾ ਗਵਾਉ। ਇੱਕ ਵਾਰ ਨਕਾਰਾਤਮਕ ਵਿਚਾਰਾਂ ਦੀ ਦਲਦਲ ਵਿੱਚ ਧਸਦੇ ਜਾਣ ਪਿੱਛੋਂ ਉਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਮੰਜ਼ਿਲ ਦੀ ਪ੍ਰਾਪਤੀ ਦਾ ਖ਼ਵਾਬ ਜ਼ਰੂਰ ਦੇਖੋ ਅਤੇ ਆਪਣੇ ਖ਼ਵਾਬਾਂ ਦੀ ਤਾਬੀਰ ਲਈ ਕੋਸ਼ਿਸ਼ ਵੀ ਕਰੋ, ਲੇਕਿਨ ਆਪਣੀਆਂ ਅਕਾਂਖਸ਼ਾਵਾਂ ਦੀ ਸਤੁੰਸ਼ਟੀ ਖ਼ਾਤਰ ਕਦੇ ਵੀ ਆਪਣੇ ਆਪ ਨੂੰ ਇੰਨਾ ਬੇਚੈਨ ਨਾ ਕਰੋ ਕਿ ਫਿਰ ਕਦੇ ਤੁਹਾਡੇ ਦਿਲ ਨੂੰ ਚੈਨ ਵੀ ਨਸੀਬ ਨਾ ਹੋਵੇ। ਜੇਕਰ ਤੁਸੀਂ ਗਹੁ ਨਾਲ ਦੇਖੋ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸੁੱਖ ਤੇ ਦੁੱਖ ਪਰਛਾਵਿਆਂ ਦੀ ਨਿਆਈਂ ਹੁੰਦੇ ਹਨ ਅਤੇ ਪਰਛਾਵਿਆਂ ਦਾ ਆਪਣਾ ਕੋਈ ਸਥਾਈ ਵਜੂਦ ਨਹੀਂ ਹੁੰਦਾ ਹੈ। ਲਿਹਾਜ਼ਾ ਆਪਣੇ ਮਨ ਦੀ ਮੌਜ ਵਿੱਚ ਬੇਪ੍ਰਵਾਹ ਹੋ ਕੇ ਜਿਊਣ ਦੀ ਰਮਜ਼ ਨੂੰ ਵੀ ਸਮਝਣ ਦਾ ਉਪਰਾਲਾ ਕਰੋ ਤਾਂ ਜੋ ਤੁਸੀਂ ਨਿਰਾਰਥਕ ਵਿਚਾਰਾਂ ਅਤੇ ਭਾਵਨਾਵਾਂ ਦੇ ਵੇਗ ਵਿੱਚ ਉਲਝ ਕੇ ਕਿਤੇ ਆਪਣੇ ਹੱਥੀਂ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਗਲਾ ਨਾ ਘੁੱਟ ਲਵੋ। ਮਨੁੱਖ ਦਾ ਸੰਵੇਦਨਸ਼ੀਲ ਹੋਣਾ ਕਿਸੇ ਹੱਦ ਤੱਕ ਇੱਕ ਗੁਣ ਹੈ, ਲੇਕਿਨ ਆਪਣੇ ਮਨ ਪਿਛੇ ਲੱਗ ਕੇ ਅੰਨਿਆਂ ਵਾਂਗ ਤੁਰਨਾ ਇੱਕ ਬਹੁਤ ਵੱਡਾ ਔਗੁਣ ਵੀ ਹੈ। ਲਿਹਾਜ਼ਾ ਜੋ ਕੁਝ ਤੁਹਾਨੂੰ ਹਾਸਲ ਹੋ ਚੁੱਕਾ ਹੈ, ਉਸ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਅਤੇ ਜੋ ਕੁਝ ਤੁਸੀਂ ਹਾਸਲ ਕਰਨ ਲਈ ਯਤਨਸ਼ੀਲ ਹੋ, ਉਸ ਲਈ ਕਦੇ ਵੀ ਆਪਣੇ ਸਹਿਜ ਨੂੰ ਨਾ ਗਵਾਉ।