ਪੰਜਾਬ ਦੀਆਂ ਔਰਤਾਂ ਵੱਲੋਂ ਬੱਚੇ ਪੈਦਾ ਕਰਨ ਤੋਂ ਪਰਹੇਜ਼!

ਖਬਰਾਂ

*ਜਨਮ ਦਰ ਵਿੱਚ ਗਿਰਾਵਟ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਦੀਆਂ ਔਰਤਾਂ ਹੁਣ ਬੱਚੇ ਪੈਦਾ ਕਰਨ ਤੋਂ ਪਰਹੇਜ਼ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਸੂਬੇ ਵਿੱਚ ਜਨਮ ਦਰ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਪੰਜਾਬ ਦੀ ਕੁੱਲ ਜਨਮ ਦਰ ਵਿੱਚ 11.8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕੇਂਦਰ ਸਰਕਾਰ ਦੀ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸਟੈਟਿਸਟੀਕਲ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਇਹ ਵੱਡਾ ਬਦਲਾਅ ਲੋਕਾਂ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਆਇਆ ਹੈ। ਪੰਜਾਬ ਵਿੱਚ ਸਾਲ 2011-13 ਦੌਰਾਨ ਕੁੱਲ ਜਨਮ ਦਰ 1.7 ਸੀ, ਜੋ 2021-23 ਵਿੱਚ ਘਟ ਕੇ 1.5 ਹੋ ਗਈ ਹੈ। ਇਹ ਕੌਮੀ ਦਰ ਤੋਂ ਵੀ ਘੱਟ ਹੈ। ਜੇਕਰ ਪੇਂਡੂ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ 2011-13 ਵਿੱਚ ਜਨਮ ਦਰ 1.8 ਸੀ, ਜੋ 2023 ਵਿੱਚ ਘਟ ਕੇ 1.6 ਰਹਿ ਗਈ ਹੈ, ਜਿਸ ਵਿੱਚ 11.1 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਇਹ ਦਰ 1.6 ਤੋਂ ਘਟ ਕੇ 1.4 ਹੋ ਗਈ ਹੈ, ਜੋ 12.5 ਪ੍ਰਤੀਸ਼ਤ ਦੀ ਕਮੀ ਨੂੰ ਦਰਸਾਉਂਦੀ ਹੈ।
ਆਦਰਸ਼ ਜਨਮ ਦਰ 2.1 ਮੰਨੀ ਜਾਂਦੀ ਹੈ, ਜੋ ਆਬਾਦੀ ਨੂੰ ਸਥਿਰ ਰੱਖਣ ਲਈ ਕਾਫੀ ਹੈ। ਹਾਲਾਂਕਿ ਕੁਝ ਵਿਕਸਤ ਮੁਲਕਾਂ ਵਿੱਚ ਇਹ ਦਰ 2.1 ਤੋਂ ਘੱਟ ਹੈ ਅਤੇ ਉਨ੍ਹਾਂ ਦੀ ਆਬਾਦੀ ਘਟ ਰਹੀ ਹੈ। ਦੂਜੇ ਪਾਸੇ, ਕੁਝ ਦੇਸ਼ਾਂ ਵਿੱਚ ਉੱਚ ਜਨਮ ਦਰ ਕਾਰਨ ਆਬਾਦੀ ਵਧ ਰਹੀ ਹੈ। ਰਾਸ਼ਟਰੀ ਪੱਧਰ `ਤੇ ਵੀ ਜਨਮ ਦਰ ਵਿੱਚ ਪਹਿਲਾਂ ਨਾਲੋਂ ਕਮੀ ਆਈ ਹੈ। ਸਾਲ 2011-13 ਵਿੱਚ ਇਹ 2.4 ਸੀ, ਜੋ 2021-23 ਵਿੱਚ 2.0 ਹੋ ਗਈ ਹੈ।
ਕੰਮਕਾਜੀ ਔਰਤਾਂ ਦੀ ਵਧਦੀ ਗਿਣਤੀ
ਪੰਜਾਬ ਵਿੱਚ ਹੁਣ ਕੰਮਕਾਜੀ ਔਰਤਾਂ ਦੀ ਗਿਣਤੀ ਵਧ ਰਹੀ ਹੈ, ਜਿਸ ਦਾ ਅਸਰ ਜਨਮ ਦਰ `ਤੇ ਵੀ ਪੈ ਰਿਹਾ ਹੈ। ਹੁਣ 14 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ/ਔਰਤਾਂ ਦੀ ਆਬਾਦੀ ਦਾ ਪ੍ਰਤੀਸ਼ਤ ਘਟ ਰਿਹਾ ਹੈ। ਸਾਲ 2013 ਵਿੱਚ ਇਹ 22.1 ਪ੍ਰਤੀਸ਼ਤ ਸੀ, ਜੋ 2023 ਵਿੱਚ ਘਟ ਕੇ 19.1 ਪ੍ਰਤੀਸ਼ਤ ਹੋ ਗਿਆ। ਇਸ ਦੇ ਨਾਲ ਹੀ 15 ਤੋਂ 59 ਸਾਲ ਦੀ ਉਮਰ ਦੇ ਵਰਗ ਵਿੱਚ ਔਰਤਾਂ ਦੀ ਆਬਾਦੀ ਦਾ ਪ੍ਰਤੀਸ਼ਤ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2013 ਵਿੱਚ ਇਸ ਉਮਰ ਵਰਗ ਵਿੱਚ ਔਰਤਾਂ ਦਾ ਪ੍ਰਤੀਸ਼ਤ 66.4 ਸੀ, ਜੋ 2023 ਵਿੱਚ ਵਧ ਕੇ 68.8 ਪ੍ਰਤੀਸ਼ਤ ਹੋ ਗਿਆ। ਇਸੇ ਉਮਰ ਵਰਗ ਵਿੱਚ ਕੰਮਕਾਜੀ ਔਰਤਾਂ ਸ਼ਾਮਲ ਹਨ।
ਔਰਤਾਂ ਦੀ ਵਧਦੀ ਸਿੱਖਿਆ ਅਤੇ ਕੰਮਕਾਜੀ ਜੀਵਨ ਵਿੱਚ ਸ਼ਮੂਲੀਅਤ ਨੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਪਹਿਲਕਦਮੀਆਂ ਨੂੰ ਬਦਲ ਦਿੱਤਾ ਹੈ। ਬਹੁਤ ਸਾਰੀਆਂ ਔਰਤਾਂ ਹੁਣ ਕਰੀਅਰ `ਤੇ ਧਿਆਨ ਦੇਣ ਨੂੰ ਤਰਜੀਹ ਦਿੰਦੀਆਂ ਹਨ, ਜਿਸ ਕਾਰਨ ਉਹ ਵਿਆਹ ਅਤੇ ਬੱਚੇ ਪੈਦਾ ਕਰਨ ਦੇ ਫੈਸਲੇ ਨੂੰ ਮੁਲਤਵੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਮਾਜਿਕ ਅਤੇ ਆਰਥਿਕ ਬਦਲਾਅ ਹੋਣ ਕਰ ਕੇ ਵੀ ਔਰਤਾਂ ਆਪਣੇ ਜੀਵਨ ਦੀਆਂ ਤਰਜੀਹਾਂ `ਤੇ ਧਿਆਨ ਦੇ ਰਹੀਆਂ ਹਨ।
ਬਜ਼ੁਰਗਾਂ ਦੀ ਆਬਾਦੀ ਵਿੱਚ ਵਾਧਾ
ਪੰਜਾਬ ਵਿੱਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ। ਸਾਲ 2013 ਵਿੱਚ ਸੂਬੇ ਦੀ ਕੁੱਲ ਆਬਾਦੀ ਵਿੱਚ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ ਹਿੱਸਾ 10.6 ਫ਼ੀਸਦੀ ਸੀ, ਜੋ 2023 ਵਿੱਚ ਵਧ ਕੇ 11.6 ਫ਼ੀਸਦੀ ਹੋ ਗਿਆ। ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਉਮਰ ਵਰਗ ਵਿੱਚ ਉਨ੍ਹਾਂ ਦਾ ਫ਼ੀਸਦ 2013 ਵਿੱਚ 11.5 ਸੀ, ਜੋ 2023 ਵਿੱਚ ਵਧ ਕੇ 12.1 ਫ਼ੀਸਦ ਹੋ ਗਿਆ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਵੀ ਬਜ਼ੁਰਗਾਂ ਦੀ ਆਬਾਦੀ ਦੇ ਪ੍ਰਤੀਸ਼ਤ ਵਿੱਚ 1.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ 9.8 ਤੋਂ ਵਧ ਕੇ 11.1 ਪ੍ਰਤੀਸ਼ਤ ਹੋ ਗਿਆ।
ਬਜ਼ੁਰਗਾਂ ਦੀ ਵਧਦੀ ਜਨਸੰਖਿਆ ਦਾ ਕਾਰਨ ਬਿਹਤਰ ਸਿਹਤ ਸਹੂਲਤਾਂ, ਲੰਬੀ ਉਮਰ ਅਤੇ ਜੀਵਨ ਪੱਧਰ ਵਿੱਚ ਸੁਧਾਰ ਹੈ। ਹਾਲਾਂਕਿ ਇਸ ਦੇ ਨਾਲ ਹੀ ਘੱਟ ਜਨਮ ਦਰ ਨੇ ਸੂਬੇ ਦੀ ਜਨਸੰਖਿਆ ਦੇ ਢਾਂਚੇ ਨੂੰ ਬਦਲ ਦਿੱਤਾ ਹੈ। ਵਧਦੀ ਬਜ਼ੁਰਗ ਆਬਾਦੀ ਅਤੇ ਘੱਟ ਜਨਮ ਦਰ ਦੇ ਨਤੀਜੇ ਵਜੋਂ ਭਵਿੱਖ ਵਿੱਚ ਸੂਬੇ ਨੂੰ ਸਮਾਜਿਕ ਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਸਿਹਤ ਸੰਭਾਲ ਅਤੇ ਪੈਨਸ਼ਨ ਸਕੀਮਾਂ `ਤੇ ਵਧਦਾ ਬੋਝ।
ਕੁੱਲ ਜਨਮ ਦਰ ਵਿੱਚ ਕਮੀ ਦੇ ਮੁੱਖ ਕਾਰਨ
ਸ਼ਹਿਰੀਕਰਨ, ਸਿੱਖਿਆ ਅਤੇ ਕੰਮਕਾਜੀ ਸ਼ਮੂਲੀਅਤ: ਸ਼ਹਿਰੀਕਰਨ ਦੇ ਨਾਲ ਔਰਤਾਂ ਦੀ ਸਿੱਖਿਆ ਅਤੇ ਕੰਮਕਾਜੀ ਜੀਵਨ ਵਿੱਚ ਸ਼ਮੂਲੀਅਤ ਵਧੀ ਹੈ। ਇਸ ਨੇ ਔਰਤਾਂ ਦੀਆਂ ਜ਼ਿੰਮੇਵਾਰੀਆਂ ਅਤੇ ਪਹਿਲਾਂ ਨੂੰ ਬਦਲ ਦਿੱਤਾ ਹੈ।
ਬੱਚਿਆਂ ਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਵਧਦੀ ਲਾਗਤ: ਬੱਚਿਆਂ ਦੀ ਸਿੱਖਿਆ, ਸਿਹਤ ਅਤੇ ਪਾਲਣ-ਪੋਸ਼ਣ ਦੀ ਵਧਦੀ ਲਾਗਤ ਨੇ ਪਰਿਵਾਰਾਂ ਨੂੰ ਘੱਟ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ।
ਪਰਿਵਾਰ ਨਿਯੋਜਨ ਅਤੇ ਛੋਟੇ ਪਰਿਵਾਰਾਂ ਦਾ ਰੁਝਾਨ: ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੀ ਸੁਲੱਭਤਾ ਅਤੇ ਛੋਟੇ ਪਰਿਵਾਰਾਂ ਦੇ ਵਧਦੇ ਰੁਝਾਨ ਨੇ ਵੀ ਪ੍ਰਜਨਨ ਦਰ ਨੂੰ ਘਟਾਇਆ ਹੈ।
ਬਦਲਦੀ ਜੀਵਨ ਸ਼ੈਲੀ ਅਤੇ ਸੋਚ: ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਸੋਚ ਵਿੱਚ ਵੀ ਬਦਲਾਅ ਆ ਰਿਹਾ ਹੈ। ਪਹਿਲਾਂ ਲੋਕ ਸੋਚਦੇ ਸਨ ਕਿ ਵੱਧ ਬੱਚੇ ਹੋਣ ਨਾਲ ਕਮਾਈ ਦੇ ਸਾਧਨ ਵਧਣਗੇ ਪਰ ਹੁਣ ਇਹ ਸੋਚ ਬਦਲ ਗਈ ਹੈ। ਬੱਚਿਆਂ ਦੇ ਖਰਚੇ ਵਧਣ ਕਾਰਨ ਲੋਕ ਹੁਣ ਛੋਟੇ ਪਰਿਵਾਰਾਂ ਨੂੰ ਤਰਜੀਹ ਦੇ ਰਹੇ ਹਨ। ਇਸਤਰੀ ਰੋਗ ਮਾਹਿਰ ਮਨੀਸ਼ਾ ਮੈਨੀ ਅਨੁਸਾਰ “ਪੰਜਾਬ ਵਿੱਚ ਲੋਕਾਂ ਦੀ ਸੋਚ ਵਿੱਚ ਬਦਲਾਅ ਆਇਆ ਹੈ। ਹੁਣ ਲੋਕ ਵੱਧ ਬੱਚਿਆਂ ਨੂੰ ਆਰਥਿਕ ਬੋਝ ਵਜੋਂ ਦੇਖਦੇ ਹਨ, ਜੋ ਜਨਮ ਦਰ ਵਿੱਚ ਕਮੀ ਦਾ ਇੱਕ ਵੱਡਾ ਕਾਰਨ ਹੈ।”
ਘੱਟ ਜਨਮ ਦਰ ਅਤੇ ਵਧਦੀ ਬਜ਼ੁਰਗ ਆਬਾਦੀ ਨੇ ਪੰਜਾਬ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਆਬਾਦੀ ਦੇ ਇਸ ਬਦਲਦੇ ਢਾਂਚੇ ਕਾਰਨ ਸੂਬੇ ਨੂੰ ਸਿਹਤ ਸੰਭਾਲ, ਸਮਾਜਿਕ ਸੁਰੱਖਿਆ, ਅਤੇ ਕੰਮਕਾਜੀ ਬਲ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੂੰ ਇਸ ਦਿਸ਼ਾ ਵਿੱਚ ਨੀਤੀਆਂ ਬਣਾਉਣ ਦੀ ਲੋੜ ਹੈ, ਜੋ ਨੌਜਵਾਨ ਪੀੜ੍ਹੀ ਅਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਸੰਤੁਲਿਤ ਕਰ ਸਕਣ।
ਪੰਜਾਬ ਵਿੱਚ ਜਨਮ ਦਰ ਵਿੱਚ ਗਿਰਾਵਟ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਬਦਲਾਅ ਦਾ ਨਤੀਜਾ ਹੈ। ਔਰਤਾਂ ਦੀ ਵਧਦੀ ਸਿੱਖਿਆ, ਕੰਮਕਾਜੀ ਸ਼ਮੂਲੀਅਤ ਅਤੇ ਬਦਲਦੀ ਜੀਵਨ ਸ਼ੈਲੀ ਨੇ ਇਸ ਰੁਝਾਨ ਨੂੰ ਹੋਰ ਮਜਬੂਤ ਕੀਤਾ ਹੈ। ਸਰਕਾਰ ਅਤੇ ਸਮਾਜ ਨੂੰ ਇਸ ਬਦਲਦੇ ਆਬਾਦੀ ਢਾਂਚੇ ਨੂੰ ਸਮਝਣ ਅਤੇ ਇਸ ਦੇ ਭਵਿੱਖੀ ਪ੍ਰਭਾਵਾਂ ਨੂੰ ਮੁਖ਼ਾਤਬ ਹੋਣ ਲਈ ਤਿਆਰ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *