*ਦੋ ਹਿੱਸਿਆਂ ਵਿੱਚ ਟੁੱਟ ਰਹੀ ਹੈ ਭਾਰਤ ਦੀ ਜ਼ਮੀਨ
ਪੰਜਾਬੀ ਪਰਵਾਜ਼ ਬਿਊਰੋ
ਹਿਮਾਲਿਆ ਪਰਬਤ ਅਤੇ ਤਿੱਬਤੀ ਪਠਾਰ, ਇਹ ਦੋ ਵੱਡੀਆਂ ਤੇ ਵਿਲੱਖਣ ਭੂ-ਵਿਗਿਆਨਕ ਸੰਰਚਨਾਵਾਂ ਹਮੇਸ਼ਾ ਵਿਗਿਆਨੀਆਂ ਲਈ ਰਹੱਸ ਰਹੀਆਂ ਹਨ। ਹਾਲ ਹੀ ਵਿੱਚ ਅਮਰੀਕਨ ਜੀਓਫਿਜ਼ੀਕਲ ਯੂਨੀਅਨ (ਏ.ਜੀ.ਯੂ.) ਦੀ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਇਸ ਖੋਜ ਅਨੁਸਾਰ ਭਾਰਤੀ ਟੈਕਟੋਨਿਕ ਪਲੇਟ ਸਿੱਧੀ ਨਹੀਂ, ਸਗੋਂ ਹੌਰੀਜ਼ੌਂਟਲ ਤੌਰ `ਤੇ ਦੋ ਹਿੱਸਿਆਂ ਵਿੱਚ ਟੁੱਟ ਰਹੀ ਹੈ। ਆਮ ਤੌਰ `ਤੇ ਧਰਤੀ ਦੀਆਂ ਪਲੇਟਾਂ ਵਿੱਚ ਅਜਿਹਾ ਵਰਤਾਰਾ ਨਹੀਂ ਦੇਖਿਆ ਜਾਂਦਾ। ਇਹ ਨਵਾਂ ਵਿਚਾਰ ਧਰਤੀ ਦੀਆਂ ਪਲੇਟਾਂ ਦੀ ਹਰਕਤ ਨੂੰ ਸਮਝਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਖਾਸ ਤੌਰ `ਤੇ ਉੱਤਰੀ ਤਿੱਬਤ ਅਤੇ ਹੀਲੀਅਮ ਦੇ ਤੱਤਾਂ ਦੀ ਜਾਂਚ ਤੋਂ ਮਿਲੇ ਸਬੂਤ ਦੱਸਦੇ ਹਨ ਕਿ ਪਲੇਟਾਂ ਦੇ ਟਕਰਾਉਣ ਅਤੇ ਪਹਾੜ ਬਣਨ ਦੀ ਕਹਾਣੀ ਸ਼ਾਇਦ ਸਹੀ ਨਹੀਂ ਹੈ।
ਇਹ ਟਕਰਾਅ ਕਿਵੇਂ ਹੁੰਦਾ ਹੈ?
ਇਸ ਸਬੰਧੀ ਸਭ ਤੋਂ ਪੁਰਾਣੀ ਥਿਊਰੀ ਦੱਸਦੀ ਹੈ ਕਿ ਭਾਰਤੀ ਪਲੇਟ ਹਰ ਸਾਲ 1-2 ਮਿਲੀਮੀਟਰ ਦੀ ਬਹੁਤ ਹੀ ਹੌਲੀ ਗਤੀ ਨਾਲ ਯੂਰੇਸ਼ੀਅਨ ਪਲੇਟ ਵੱਲ ਖਿਸਕ ਰਹੀ ਹੈ, ਜਿਸ ਕਾਰਨ ਹਿਮਾਲਿਆ ਅਤੇ ਤਿੱਬਤੀ ਪਠਾਰ ਦਾ ਨਿਰਮਾਣ ਹੋਇਆ। ਪਰ ਨਵੀਂ ਥਿਊਰੀ ਦਾ ਕਹਿਣਾ ਹੈ ਕਿ ਭਾਰਤੀ ਪਲੇਟ ਸਿਰਫ ਯੂਰੇਸ਼ੀਅਨ ਪਲੇਟ ਨਾਲ ਟਕਰਾਅ ਨਹੀਂ ਰਹੀ, ਸਗੋਂ ਇਹ ਟੁੱਟ ਵੀ ਰਹੀ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਪਲੇਟ ਦਾ ਉਪਰਲਾ ਹਿੱਸਾ ਛਿੱਲ ਕੇ ਵੱਖ ਹੋ ਰਿਹਾ ਹੈ ਅਤੇ ਇਸ ਦਾ ਭਾਰੀ ਹੇਠਲਾ ਹਿੱਸਾ ਧਰਤੀ ਦੇ ਮੈਂਟਲ (ੰਅਨਟਲੲ) ਵਿੱਚ ਡੁੱਬ ਰਿਹਾ ਹੈ। ਇਸ ਪ੍ਰਕਿਰਿਆ ਨੂੰ ‘ਡੀਲੈਮੀਨੇਸ਼ਨ` (ਧੲਲਅਮਨਿਅਟiੋਨ) ਕਿਹਾ ਜਾਂਦਾ ਹੈ।
ਇਹ ਥਿਊਰੀ ਕਿਵੇਂ ਸਾਬਤ ਹੁੰਦੀ ਹੈ?
ਇਸ ਥਿਊਰੀ ਨੂੰ ਸਾਬਤ ਕਰਨ ਲਈ ਸਭ ਤੋਂ ਮਹੱਤਵਪੂਰਨ ਸਬੂਤਾਂ ਵਿੱਚੋਂ ਇੱਕ ਹੈ ਤਿੱਬਤ ਦੇ ਝਰਨਿਆਂ ਵਿੱਚ ਮਿਲੀ ਹੀਲੀਅਮ ਗੈਸ। ਹੀਲੀਅਮ-3 ਆਮ ਤੌਰ `ਤੇ ਧਰਤੀ ਦੀ ਹੇਠਲੀ ਪਰਤ, ਯਾਨੀ ਮੈਂਟਲ ਵਿੱਚ ਪਾਈ ਜਾਂਦੀ ਹੈ। ਜੇਕਰ ਮੈਂਟਲ ਧਰਤੀ ਦੀ ਉਪਰਲੀ ਸਤ੍ਹਾ ਦੇ ਨੇੜੇ ਹੁੰਦਾ ਹੈ, ਤਾਂ ਇਹ ਗੈਸ ਧਰਤੀ ਦੀ ਪਰਤ (ਕ੍ਰਸਟ) ਤੋਂ ਬਾਹਰ ਨਿਕਲ ਸਕਦੀ ਹੈ। ਵਿਗਿਆਨੀਆਂ ਨੇ ਤਿੱਬਤ ਦੇ ਲਗਭਗ 200 ਝਰਨਿਆਂ ਵਿੱਚ ਹੀਲੀਅਮ-3 ਅਤੇ ਹੀਲੀਅਮ-4 ਦੀ ਮਾਤਰਾ ਨੂੰ ਮਾਪਿਆ ਤੇ ਪਤਾ ਲੱਗਾ ਕਿ ਉੱਤਰੀ ਤਿੱਬਤ ਵਿੱਚ ਹੀਲੀਅਮ-3 ਦੀ ਮਾਤਰਾ ਵਧੇਰੇ ਸੀ। ਇਸ ਦਾ ਮਤਲਬ ਹੈ ਕਿ ਇੱਥੇ ਮੈਂਟਲ ਸਤ੍ਹਾ ਦੇ ਕਾਫੀ ਨੇੜੇ ਹੈ। ਦੂਜੇ ਪਾਸੇ, ਦੱਖਣੀ ਤਿੱਬਤ ਵਿੱਚ ਹੀਲੀਅਮ-4 ਦੀ ਮਾਤਰਾ ਜ਼ਿਆਦਾ ਸੀ, ਜੋ ਇਹ ਦਰਸਾਉਂਦੀ ਹੈ ਕਿ ਭਾਰਤੀ ਪਲੇਟ ਦੀ ਉਪਰਲੀ ਪਰਤ ਵੱਖ ਹੋ ਰਹੀ ਹੈ।
ਇਹ ਖੋਜ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਕਿ ਟੈਕਟੋਨਿਕ ਪਲੇਟਾਂ ਕਿਵੇਂ ਟੁੱਟ ਸਕਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਦੇ ਸਾਇਮਨ ਕਲੈਂਪਰਰ ਅਤੇ ਉਸ ਦੀ ਟੀਮ ਅਨੁਸਾਰ ਕੁਝ ਥਾਵਾਂ `ਤੇ ਹੀਲੀਅਮ-3 ਦੀ ਵੱਧ ਮਾਤਰਾ ਇਹ ਦਰਸਾਉਂਦੀ ਹੈ ਕਿ ਭਾਰਤੀ ਪਲੇਟ ਦਾ ਹੇਠਲਾ ਭਾਰੀ ਹਿੱਸਾ ਧਰਤੀ ਦੇ ਮੈਂਟਲ ਵਿੱਚ ਡੁੱਬ ਰਿਹਾ ਹੈ, ਜਦਕਿ ਇਸ ਦਾ ਉਪਰਲਾ ਹਿੱਸਾ ਉੱਪਰ ਤੈਰ ਰਿਹਾ ਹੈ। ਇਸ ਪ੍ਰਕਿਰਿਆ ਕਾਰਨ ਤਿੱਬਤੀ ਪਠਾਰ ਦਾ ਨਿਰਮਾਣ ਹੋ ਰਿਹਾ ਹੈ।
ਇਸ ਦੇ ਸਬੂਤ ਕਿਵੇਂ ਮਿਲੇ?
ਭੂਚਾਲਾਂ ਤੋਂ ਵੀ ਇਸ ਗੱਲ ਦੇ ਸਬੂਤ ਮਿਲਦੇ ਹਨ। ਇਸ ਖੇਤਰ ਵਿੱਚ ਆਏ ਭੂਚਾਲ ਦਰਸਾਉਂਦੇ ਹਨ ਕਿ ਮੈਂਟਲ ਧਰਤੀ ਦੀ ਪਰਤ (ਕ੍ਰਸਟ) ਵਿੱਚ ਘੁਸਪੈਠ ਕਰ ਰਿਹਾ ਹੈ। ਭੂਚਾਲਾਂ ਦਾ ਪੈਟਰਨ ਦੱਸਦਾ ਹੈ ਕਿ ਮੈਂਟਲ ਦਾ ਪਦਾਰਥ ਪਠਾਰ ਦੇ ਪੂਰਬੀ ਹਿੱਸੇ ਨੂੰ ਉੱਪਰ ਵੱਲ ਧੱਕ ਰਿਹਾ ਹੈ, ਜੋ ਇਸ ਟੁੱਟਣ ਵਾਲੀ ਥਿਊਰੀ ਨੂੰ ਹੋਰ ਵੀ ਮਜਬੂਤੀ ਪ੍ਰਦਾਨ ਕਰਦਾ ਹੈ। ਇਹ ਪ੍ਰਕਿਰਿਆ ਮੈਂਟਲ ਦੇ ਦਬਾਅ ਕਾਰਨ ਵੀ ਹੋ ਸਕਦੀ ਹੈ, ਜਿਸ ਨਾਲ ਭਾਰਤੀ ਪਲੇਟ ਦਾ ਹੇਠਲਾ ਹਿੱਸਾ ਉਪਰਲੇ ਹਿੱਸਿਆਂ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਡੁੱਬ ਰਿਹਾ ਹੈ ਅਤੇ ਟੁੱਟਣ ਦੀ ਪ੍ਰਕਿਰਿਆ ਹੋਰ ਵੀ ਤੇਜ਼ ਹੋ ਰਹੀ ਹੈ।
ਵਿਗਿਆਨੀ ਕੀ ਜਾਂਚ ਕਰ ਰਹੇ ਹਨ?
ਇਸ ਪੂਰੀ ਪ੍ਰਕਿਰਿਆ ਨੂੰ ਸਮਝਣ ਲਈ ਵਿਗਿਆਨੀ ਕੰਪਿਊਟਰ ਮਾਡਲਾਂ ਦੀ ਵਰਤੋਂ ਕਰ ਰਹੇ ਹਨ। ਇਹ ਮਾਡਲ ਦਰਸਾਉਂਦੇ ਹਨ ਕਿ ਭਾਰਤੀ ਪਲੇਟ ਇੱਕ ਅਜਿਹੀ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੀ ਹੈ, ਜੋ ਠੀਕ ਉਸੇ ਤਰ੍ਹਾਂ ਦੀ ਹੈ ਜਿਵੇਂ ਸਮੁੰਦਰੀ ਪਲੇਟਾਂ, ਜ਼ਮੀਨੀ ਪਲੇਟਾਂ ਦੇ ਹੇਠਾਂ ਡੁੱਬ ਜਾਂਦੀਆਂ ਹਨ। ਹਾਲਾਂਕਿ ਇਹ ਘਟਨਾ ਬਹੁਤ ਵੱਡੇ ਪੈਮਾਨੇ `ਤੇ ਵਾਪਰ ਰਹੀ ਹੈ। ਪਲੇਟਾਂ ਦੇ ਇਸ ਤਰ੍ਹਾਂ ਵੱਖ ਹੋ ਕੇ ਹੇਠਾਂ ਡੁੱਬਣ ਦੀ ਘਟਨਾ ਤਿੱਬਤ ਅਤੇ ਹਿਮਾਲਿਆ ਵਿੱਚ ਪਾਈਆਂ ਜਾਣ ਵਾਲੀਆਂ ਭੂ-ਵਿਗਿਆਨਕ ਵਿਸ਼ੇਸ਼ਤਾਵਾਂ ਨੂੰ ਆਸਾਨੀ ਨਾਲ ਸਮਝਾਉਂਦੀ ਹੈ।
ਇਸ ਦੇ ਪ੍ਰਭਾਵ ਅਤੇ ਮਹੱਤਵ
ਇਹ ਖੋਜ ਨਾ ਸਿਰਫ਼ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੀ ਗਤੀਵਿਧੀਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਧਰਤੀ ਦੀਆਂ ਪਲੇਟਾਂ ਦੀ ਗਤੀਸ਼ੀਲਤਾ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ ਹੈ। ਇਹ ਸਮਝਣਾ ਕਿ ਭਾਰਤੀ ਪਲੇਟ ਦਾ ਹੇਠਲਾ ਹਿੱਸਾ ਮੈਂਟਲ ਵਿੱਚ ਕਿਵੇਂ ਡੁੱਬ ਰਿਹਾ ਹੈ ਅਤੇ ਉਪਰਲਾ ਹਿੱਸਾ ਉੱਪਰ ਤੈਰ ਰਿਹਾ ਹੈ, ਭੂ-ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡੀ ਤਰੱਕੀ ਹੈ। ਇਸ ਤੋਂ ਇਲਾਵਾ ਇਹ ਖੋਜ ਭਵਿੱਖ ਵਿੱਚ ਭੂਚਾਲਾਂ ਦੀ ਭਵਿੱਖਬਾਣੀ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਸਮਝਣ ਵਿੱਚ ਵੀ ਮਦਦ ਕਰ ਸਕਦੀ ਹੈ।
ਵਿਗਿਆਨੀ ਹੁਣ ਇਸ ਖੋਜ ਨੂੰ ਹੋਰ ਅੱਗੇ ਵਧਾਉਣ ਲਈ ਵੱਖ-ਵੱਖ ਤਰੀਕਿਆਂ ਨਾਲ ਜਾਂਚ ਕਰ ਰਹੇ ਹਨ। ਉਹ ਮੈਂਟਲ ਅਤੇ ਕ੍ਰਸਟ ਦੀ ਗਤੀਸ਼ੀਲਤਾ ਨੂੰ ਸਮਝਣ ਲਈ ਹੋਰ ਵਿਸਤ੍ਰਿਤ ਕੰਪਿਊਟਰ ਸਿਮੂਲੇਸ਼ਨਾਂ ਅਤੇ ਭੂ-ਵਿਗਿਆਨਕ ਸਰਵੇਖਣਾਂ `ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਹੀਲੀਅਮ ਗੈਸ ਦੀ ਮੌਜੂਦਗੀ ਅਤੇ ਭੂਚਾਲਾਂ ਦੇ ਪੈਟਰਨ ਦਾ ਹੋਰ ਡੂੰਘਾਈ ਨਾਲ ਅਧਿਐਨ ਕਰ ਕੇ ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਪ੍ਰਕਿਰਿਆ ਕਿਵੇਂ ਅਤੇ ਕਿਉਂ ਵਾਪਰ ਰਹੀ ਹੈ।