ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਅਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਇਸੇ ਤਰ੍ਹਾਂ ਪਰਦੇਸ ਵਿੱਚ ਪੱਕਾ ਹੋਣ ਦੀ ਚਾਹਤ ਨੇ ਪੰਜਾਬੀਆਂ ਨੂੰ ਵੱਖ ਵੱਖ ਹਾਲਾਤ ਦੇ ਰਾਹਾਂ ਦਾ ਪਾਂਧੀ ਵੀ ਬਣਾਇਆ, ਜਿਸ ਵਿੱਚ ਮੈਕਸੀਕੋ ਜਾ ਕੇ ਫਿਰ ਡੌਂਕੀ ਲਾ ਕੇ ਅਮਰੀਕਾ ਜਾਣ ਦਾ ਰੁਝਾਨ ਵੀ ਇੱਕ ਹੈ। ਹਾਲਾਂਕਿ ਹੁਣ ਜੋ ਹਾਲਾਤ ਹਨ, ਡੌਂਕੀ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਰਿਹਾ। ਇੱਥੇ ਦੋ ਪ੍ਰਕਾਰ ਦੇ ਭਾਰਤੀ ਲੋਕ ਵੱਸਦੇ ਹਨ- ਪਹਿਲੇ, ਕੰਪਨੀਆਂ ਦੇ ਕਰਮਚਾਰੀਆਂ ਵਜੋਂ ਪੱਕੇ ਤੌਰ ’ਤੇ ਰਹਿੰਦੇ ਲੋਕ; ਤੇ ਉਹ ਜਿਹੜੇ ਸਿਰਫ਼ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਮਕਸਦ ਨਾਲ ਇੱਥੇ ਆਏ। ਪੇਸ਼ ਹੈ, ਮੈਕਸੀਕੋ ਨਾਲ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਪੰਜਾਬੀਆਂ ਨੇ ਦੁਨੀਆਂ ਦੇ ਹਰ ਛੋਟੇ-ਵੱਡੇ ਮੁਲਕ ਵਿੱਚ ਜਾ ਕੇ ਆਪਣੀ ਸਖ਼ਤ ਘਾਲਣਾ ਅਤੇ ਦਿਆਨਤਦਾਰੀ ਸਦਕਾ ਉਨ੍ਹਾਂ ਮੁਲਕਾਂ ਵਿੱਚ ਅਤੇ ਉਨ੍ਹਾਂ ਮੁਲਕਾਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਅਮਰੀਕਾ ਇੱਕ ਅਜਿਹਾ ਮੁਲਕ ਹੈ, ਜਿੱਥੇ ਬਹੁਤ ਸਾਰੇ ਪੰਜਾਬੀ ਅੱਜ ਵੀ ਜਾਣਾ ਚਾਹੁੰਦੇ ਹਨ, ਪਰ ਨਿਯਮਾਂ ਦੀ ਸਖ਼ਤੀ ਕਰਕੇ ਅਤੇ ਕੁਝ ਹੋਰ ਕਾਰਨਾਂ ਕਰਕੇ ਏਸ਼ੀਆਈ ਲੋਕਾਂ ਲਈ ਘੱਟ ਵੀਜ਼ੇ ਜਾਰੀ ਹੁੰਦੇ ਹਨ ਤੇ ਇੱਥੇ ਆਉਣ ਦੇ ਚਾਹਵਾਨ ਜ਼ਿਆਦਾਤਰ ਪੰਜਾਬੀਆਂ ਦਾ ਸੁਫ਼ਨਾ ਅਧੂਰਾ ਹੀ ਰਹਿ ਜਾਂਦਾ ਹੈ। ਜਦੋਂ ਚਾਰੇ ਪਾਸੇ ਹੱਥ ਪੈਰ ਮਾਰ ਕੇ ਵੀ ਅਮਰੀਕਾ ਜਾਣ ਦਾ ਕੋਈ ਚਾਰਾ ਬਾਕੀ ਨਹੀਂ ਰਹਿ ਜਾਂਦਾ ਹੈ ਤਾਂ ਫਿਰ ਪੰਜਾਬੀ ਮੁੰਡੇ ਤੇ ਕੁੜੀਆਂ ਆਪਣੀ ਜਾਨ ਦਾਅ ’ਤੇ ਲਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਭਾਵ ਡੌਂਕੀ ਲਗਾ ਕੇ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਦੀ ਇਹ ਕੋਸ਼ਿਸ਼ ਉਨ੍ਹਾਂ ਨੂੰ ਅਮਰੀਕਾ ਦੇ ਜਿਸ ਗੁਆਂਢੀ ਮੁਲਕ ਵਿੱਚ ਲਿਆ ਉਤਾਰਦੀ ਹੈ, ਉਸਦਾ ਨਾਂ ਹੈ- ਮੈਕਸੀਕੋ। ਹਾਲਾਂਕਿ ਹੁਣ ਜੋ ਹਾਲਾਤ ਹਨ, ਡੌਂਕੀ ਲਾਉਣਾ ਵੀ ਖਾਲਾ ਜੀ ਦਾ ਵਾੜਾ ਨਹੀਂ ਰਿਹਾ, ਜਦੋਂ ਕਿ ਗੈਰ-ਕਾਨੂੰਨੀ ਪਰਵਾਸੀਆਂ ਨੂੰ ਧੜਾਧੜ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਮੁਲਕਾਂ ਵੱਲ ਤੋਰਿਆ ਜਾ ਰਿਹਾ ਹੈ।
ਮੈਕਸੀਕੋ, ਅਸਲ ਵਿੱਚ ਉੱਤਰੀ ਅਮਰੀਕਾ ਵਾਲੇ ਖਿੱਤੇ ਵਿੱਚ ਸਥਿਤ ਹੈ। ਇਸ ਮੁਲਕ ਦੇ ਉੱਤਰ ਵਾਲੇ ਪਾਸੇ ਅਮਰੀਕਾ ਅਤੇ ਦੱਖਣ-ਪੂਰਬ ਵਾਲੇ ਪਾਸੇ ਗੁਆਟੇਮਾਲਾ ਸਥਿਤ ਹੈ। ਇਸ ਸੁੰਦਰ ਮੁਲਕ ਦੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਕੈਰੀਬਿਅਨ ਸਾਗਰ ਅਤੇ ਪੂਰਬ ਵਾਲੇ ਪਾਸੇ ਮੈਕਸੀਕੋ ਦੀ ਖਾੜੀ ਹੈ। ਇਸ ਦੇਸ਼ ਦਾ ਕੁੱਲ ਖੇਤਰਫ਼ਲ 19,72,550 ਵਰਗ ਕਿਲੋਮੀਟਰ ਹੈ ਤੇ ਆਬਾਦੀ 13 ਕਰੋੜ ਦੇ ਆਸਪਾਸ ਹੈ। ਇੱਥੇ ਜਨਸੰਖਿਆ ਘਣਤਾ 61 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ, ਜਦੋਂ ਕਿ ਧਰਮ ਦੇ ਪੱਖੋਂ ਇੱਥੋਂ ਦੀ ਕੁੱਲ ਜਨਸੰਖਿਆ ਦਾ 89 ਫ਼ੀਸਦੀ ਹਿੱਸਾ ਈਸਾਈ ਮਤ ਨੂੰ ਅਤੇ 2.4 ਫ਼ੀਸਦੀ ਹਿੱਸਾ ਦੂਜੇ ਧਰਮਾਂ ਨੂੰ ਮੰਨਦਾ ਹੈ। ਇੱਥੇ 8.1 ਫ਼ੀਸਦੀ ਜਨਸੰਖਿਆ ਅਜਿਹੀ ਵੀ ਹੈ, ਜੋ ਕਿਸੇ ਵੀ ਧਰਮ ਵਿੱਚ ਆਸਥਾ ਨਹੀਂ ਰੱਖਦੀ ਹੈ। ਇਹ ਮੁਲਕ ਕਿਸੇ ਵਕਤ ਸਪੇਨ ਦੇ ਅਧੀਨ ਸੀ ਤੇ ਇਸਨੇ ਸੰਨ 1810 ਵਿੱਚ ਆਜ਼ਾਦੀ ਦੀ ਲੜਾਈ ਅਰੰਭ ਕੀਤੀ ਸੀ। 27 ਸਤੰਬਰ 1821 ਨੂੰ ਇਸਨੂੰ ਆਜ਼ਾਦੀ ਹਾਸਿਲ ਹੋਈ ਸੀ ਤੇ ਸੰਨ 1824 ਵਿੱਚ ਇੱਥੋਂ ਦਾ ਸੰਵਿਧਾਨ ਲਾਗੂ ਹੋ ਗਿਆ ਸੀ। ਇਹ ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਅੰਦਰ ਮੈਕਸੀਕੋ ਅੰਦਰ ਚੱਲ ਰਿਹਾ ਸੰਵਿਧਾਨ 5 ਫ਼ਰਵਰੀ 1917 ਨੂੰ ਲਾਗੂ ਕੀਤਾ ਗਿਆ ਸੀ। ਇੱਥੋਂ ਦੀ ਕਰੰਸੀ ਨੂੰ ‘ਮੈਕਸੀਕਨ ਪੀਸੋ’ ਕਿਹਾ ਜਾਂਦਾ ਹੈ।
ਜੇਕਰ ਮੈਕਸੀਕੋ ਵਿਖੇ ਵੱਸਦੇ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇੱਥੇ ਦੋ ਪ੍ਰਕਾਰ ਦੇ ਭਾਰਤੀ ਲੋਕ ਵੱਸਦੇ ਹਨ। ਪਹਿਲਾ ਵਰਗ ਉਨ੍ਹਾਂ ਭਾਰਤੀਆਂ ਦਾ ਹੈ, ਜੋ ਇੱਥੇ ਬਤੌਰ ਸਾਫ਼ਟਵੇਅਰ ਇੰਜੀਨੀਅਰ ਜਾਂ ਬਹੁ-ਕੌਮੀ ਕੰਪਨੀਆਂ ਦੇ ਕਰਮਚਾਰੀਆਂ ਵਜੋਂ ਪੱਕੇ ਤੌਰ ’ਤੇ ਰਹਿੰਦੇ ਹਨ। ਇਨ੍ਹਾਂ ਦੀ ਗਿਣਤੀ 8 ਤੋਂ 10 ਹਜ਼ਾਰ ਦੇ ਵਿਚਕਾਰ ਦੱਸੀ ਜਾਂਦੀ ਹੈ, ਜਦੋਂ ਕਿ ਇੱਥੇ ਰਹਿੰਦੇ ਭਾਰਤੀਆਂ ਦੇ ਦੂਜੇ ਵਰਗ ਵਿੱਚ ਉਹ ਲੋਕ ਸ਼ਾਮਿਲ ਹਨ, ਜਿਨ੍ਹਾਂ ਦੀ ਇੱਥੇ ਪੱਕੇ ਤੌਰ ’ਤੇ ਕੰਮ ਕਰਨ ਜਾਂ ਵੱਸਣ ਵਿੱਚ ਕੋਈ ਰੁਚੀ ਨਹੀਂ ਹੈ ਤੇ ਜਿਹੜੇ ਸਿਰਫ਼ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਮਕਸਦ ਨਾਲ ਇੱਥੇ ਆਏ ਹਨ। ਅਜਿਹੇ ‘ਭੰਵਰਿਆਂ’ ਦੀ ਸੰਖਿਆ ਹਰ ਸਾਲ ਵਧਦੀ ਜਾ ਰਹੀ ਹੈ। ਇਸ ਪ੍ਰਚਲਨ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਮੈਕਸੀਕੋ ਦੀ ਸਰਕਾਰ ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਦੇ ਸਖ਼ਤ ਨਿਯਮ ਬਣਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੈਕਸੀਕਨ ਪੁਲਿਸ ਵੀ ਬੜੀ ਮੁਸ਼ਤੈਦੀ ਨਾਲ ਬਿਨਾ ਵਾਜਿਬ ਦਸਤਾਵੇਜ਼ਾਂ ਵਾਲੇ ਭਾਰਤੀਆਂ ਦੀ ਪਛਾਣ ਲਈ ਲਗਾਤਾਰ ਛਾਪੇਮਾਰੀ ਤੇ ਪੁੱਛਗਿੱਛ ਕਰ ਰਹੀ ਹੈ।
ਮੈਕਸੀਕੋ ਵਿਖੇ ਭਾਰਤੀ ਖਾਣੇ ਪੇਸ਼ ਕਰਨ ਵਾਲੇ ਰੈਸਟੋਰੈਂਟ ਕਾਫੀ ਮਾਤਰਾ ਵਿੱਚ ਹਨ ਤੇ ਇੱਥੇ ਕਾਫੀ ਸਾਰੇ ਭਾਰਤੀ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਮੈਕਸੀਕੋ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ। ਮਸ਼ਹੂਰ ਭਾਰਤੀ ਕੰਪਨੀ ‘ਟਾਟਾ’ ਅਤੇ ਕੁਝ ਇੱਕ ਹੋਰ ਕੰਪਨੀਆਂ ਨੇ ਇਸ ਮੁਲਕ ਵਿੱਚ ਵੱਡੇ ਨਿਵੇਸ਼ ਵੀ ਕੀਤੇ ਹੋਏ ਹਨ।
ਉੱਨੀਵੀਂ ਸਦੀ ਦੇ ਅਰੰਭ ਵਿੱਚ ਹੀ ਅਮਰੀਕਾ ਵਿਖੇ ਵੱਸਣ ਦੇ ਚਾਹਵਾਨ ਬਹੁਤ ਸਾਰੇ ਪੰਜਾਬੀ ਨੌਜਵਾਨ ਖੇਤੀਬਾੜੀ ਕਾਰਜਾਂ ਲਈ ਅਮਰੀਕਾ ਦੇ ਕੈਲੀਫ਼ੋਰਨੀਆ ਵਿਖੇ ਆ ਗਏ ਸਨ। ਇੱਥੇ ਏਸ਼ੀਆਈ ਲੋਕਾਂ ਵਿਰੋਧੀ ਸਖ਼ਤ ਕਾਨੂੰਨ ਹੋਣ ਕਰਕੇ ਉਹ ਆਪਣੇ ਪਰਿਵਾਰਾਂ ਨੂੰ ਅਮਰੀਕਾ ਨਹੀਂ ਲਿਆ ਸਕਦੇ ਸਨ, ਜਿਸ ਕਰਕੇ ਉਨ੍ਹਾਂ ਨੇ ਇੱਥੇ ਵੱਸਦੀਆਂ ਉਨ੍ਹਾਂ ਮੈਕਸੀਕਨ ਮੁਟਿਆਰਾਂ ਨਾਲ ਵਿਆਹ ਕਰਵਾ ਲਏ, ਜੋ ‘ਮੈਕਸੀਕਨ ਕ੍ਰਾਂਤੀ’ ਪਿੱਛੋਂ ਕੈਲੀਫ਼ੋਰਨੀਆ ਆ ਗਈਆਂ ਸਨ। ਇਸ ਤਰ੍ਹਾਂ ਅਮਰੀਕਾ ਵਿੱਚ ਪੰਜਾਬੀ ਅਤੇ ਮੈਕਸੀਕਨ ਸੱਭਿਆਚਾਰਾਂ ਦਾ ਸੁਮੇਲ ਵਿਕਸਿਤ ਹੋਣ ਲੱਗ ਪਿਆ। ਇਸ ਤਰ੍ਹਾਂ ਦੀ ਇੱਕ ਸ਼ਾਦੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਉਪਲਬਧ ਹੈ, ਜੋ ਸੰਨ 1917 ਦੀ ਹੈ ਤੇ ਜਿਸ ਵਿੱਚ ਰੁਲ੍ਹੀਆ ਸਿੰਘ ਨਾਮਕ ਪੰਜਾਬੀ ਨੋਜਵਾਨ ਨੂੰ ਉਸਦੀ ਮੈਕਸੀਕਨ ਪਤਨੀ ਵੈਲਨਟੀਨਾ ਐਲਵਰੇਜ਼ ਨਾਲ ਵਿਖਾਇਆ ਗਿਆ ਹੈ। ਇਸੇ ਤਰ੍ਹਾਂ ਸੰਨ 1920 ਦੇ ਆਸ-ਪਾਸ ਪੰਜਾਬ ਤੋਂ ਕੈਲੀਫ਼ੋਰਨੀਆ ਆਏ ਆਜ਼ਾਦੀ ਘੁਲਾਟੀਏ ਸ. ਊਧਮ ਸਿੰਘ ਨੇ ਵੀ ਇੱਕ ਮੈਕਸੀਕਨ ਲੜਕੀ ਨਾਲ ਸ਼ਾਦੀ ਕਰਵਾਈ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਵੀ ਸਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬੀਆਂ ਨੇ ਮੈਕਸੀਕਨ ਕੁੜੀਆਂ ਨਾਲ ਸ਼ਾਦੀ ਕਰਵਾਉਣ ਲਈ ਸਪੈਨਿਸ਼ ਵੀ ਸਿੱਖੀ ਤੇ ਲੋੜ ਅਨੁਸਾਰ ਆਪਣੇ ਨਾਂ ਵੀ ਸਪੈਨਿਸ਼ ਸੁਰ ਅਨੁਸਾਰ ਬਦਲੇ ਜਿਵੇਂ ਕਿ ਮੱਘਰ ਤੋਂ ਮਿਗਲ, ਇੰਦਰ ਤੋਂ ਐਂਡਰਸ ਅਤੇ ਮੁਹੰਮਦ ਤੋਂ ਮੋਂਡੋਂ ਆਦਿ ਕਰ ਦਿੱਤੇ। ਇਨ੍ਹਾਂ ਦੇ ਘਰਾਂ ਵਿੱਚ ਪੰਜਾਬੀ ਅਤੇ ਮੈਕਸੀਕਨ ਖਾਣਿਆਂ ਦਾ ਮਿਸ਼ਰਣ ਪੱਕਦਾ ਸੀ ਤੇ ਪੰਜਾਬੀਆਂ ਨੇ ਕਈ ਸਾਰੀਆਂ ਪੰਜਾਬੀ ਰਸਮਾਂ ਆਪਣੀਆਂ ਮੈਕਸੀਕਨ ਪਤਨੀਆਂ ਨੂੰ ਸਿਖਾਅ ਦਿੱਤੀਆਂ ਸਨ। ਪੰਜਾਬੀ ਮੁੰਡਿਆਂ ਨੇ ਜਦੋਂ ਵੇਖਿਆ ਕਿ ਇੱਥੇ ਮਜ਼ਦੂਰੀ ਘੱਟ ਮਿਲਦੀ ਹੈ ਤੇ ਗੁਜ਼ਾਰਾ ਔਖਾ ਹੁੰਦਾ ਹੈ ਤਾਂ ਉਨ੍ਹਾਂ ਨੇ ਪੂਲ ਕਰਕੇ ਭਾਵ ਆਪਣੇ ਸਮੂਹ ਬਣਾ ਕੇ ਜ਼ਮੀਨਾਂ ਦੇ ਵੱਡੇ ਟੁਕੜੇ ਲੀਜ਼ ’ਤੇ ਲੈਣੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਜ਼ਮੀਨਾਂ ’ਤੇ ਫ਼ਸਲਾਂ ਉਗਾ ਕੇ ਕਮਾਈ ਕਰਨੀ ਸ਼ੁਰੂ ਕੀਤੀ। ਇਹ ਖੇਤੀ ਕਰਨ ਅਤੇ ਮੈਕਸੀਕਨ ਕੁੜੀਆਂ ਨਾਲ ਸ਼ਾਦੀ ਕਰਨ ਦਾ ਸਿਲਸਿਲਾ ਕਈ ਸਾਲ ਤੱਕ ਚੱਲਦਾ ਰਿਹਾ। ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੇ ਮਿਸ਼ਰਤ ਸੱਭਿਆਚਾਰ ਵਾਲੇ ਪੰਜਾਬੀ-ਮੈਕਸੀਕਨ ਜਾਂ ਪੰਜਾਬੀ-ਅਮਰੀਕੀ ਰਿਸ਼ਤਿਆ ਦੇ ਕਈ ਪ੍ਰਮਾਣ ਕੈਲੀਫ਼ੋਰਨੀਆ, ਟੈਕਸਸ ਅਤੇ ਯੂਬਾ ਸਿਟੀ ਆਦਿ ਇਲਾਕਿਆਂ ਵਿੱਚ ਮੌਜੂਦ ਹਨ।
ਉਧਰ ਜਿਹੜੇ ਪੰਜਾਬੀ ਅਮਰੀਕਾ ਦੇ ‘ਇਮੀਗ੍ਰੇਸ਼ਨ ਐਕਟ ਆੱਫ਼ 1917’ ਤਹਿਤ ਲਾਗੂ ਕੀਤੇ ਗਏ ਸਖ਼ਤ ਨੇਮਾਂ ਕਰਕੇ ਅਮਰੀਕਾ ਨਹੀਂ ਆ ਸਕੇ ਸਨ, ਉਨ੍ਹਾਂ ਨੇ ਅਮਰੀਕਾ ਦੇ ਗੁਆਂਢ ’ਚ ਪੈਂਦੇ ਮੈਕਸੀਕੋ ਵਿਖੇ ਹੀ ਆਪਣਾ ਪੱਕਾ ਟਿਕਾਣਾ ਕਰ ਲਿਆ ਸੀ। ਇਨ੍ਹਾਂ ਪੰਜਾਬੀਆਂ ਨੇ ਵੀ ਮੈਕਸੀਕੋ ਦੀਆਂ ਸਥਾਨਕ ਮੁਟਿਆਰਾਂ ਨਾਲ ਵਿਆਹ ਕਰਵਾ ਕੇ ਇੱਥੇ ਹੀ ਘਰ ਵਸਾ ਲਏ ਸਨ। ਸੰਨ 1980 ਦੇ ਆਸਪਾਸ ਸਿੱਖ ਪ੍ਰਚਾਰਕ ਹਰਭਜਨ ਸਿੰਘ ਯੋਗੀ ਨੇ ਇੱਥੇ ‘ਕੁੰਡਲਿਨੀ ਯੋਗ’ ਨਾਮਕ ਸੰਕਲਪ ਅਰੰਭ ਕੀਤਾ ਸੀ, ਜਿਸ ਤਹਿਤ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਮੈਕਸੀਕੋ ਦੇ ਈਸਾਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ। ਸਿੱਖਾਂ ਅਤੇ ਸਿੱਖੀ ਪ੍ਰਤੀ ਮੈਕਸੀਕੋ ਵਾਸੀਆਂ ਅੰਦਰ ਇੱਕ ਵਿਸ਼ੇਸ਼ ਖਿੱਚ ਕਾਰਨ ਉਹ ਗੁਰਬਾਣੀ ਵਿੱਚ ਬਿਆਨ ਕੀਤੇ ਪਰਮਾਤਮਾ ਦੇ ਸੰਕਲਪ ਵਿੱਚ ਡੂੰਘੀ ਦਿਲਚਸਪੀ ਰੱਖਦੇ ਰਹੇ (ਹੁਣ ਇਹ ਰੁਝਾਨ ਘਟ ਗਿਆ ਹੈ)। ਉਂਜ ਸਾਲ 2016 ਵਿੱਚ ਅਮਰੀਕੀ ਸਿੱਖ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਮੈਕਸੀਕੋ ਸਿਟੀ ਤੋਂ ਨਿਊ ਯਾਰਕ ਜਾਣ ਵਾਲੀ ਵਾਲੀ ‘ਏਅਰੋ ਮੈਕਸੀਕੋ’ ਨਾਮ ਉਡਾਣ ਵਿੱਚ ਸਵਾਰ ਹੋਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਸੀ, ਕਿਉਂਕਿ ਉਸਨੇ ਪੱਗ ਬੰਨ੍ਹੀ ਹੋਈ ਸੀ। ਸਾਲ 2022 ਵਿੱਚ ਮੈਕਸੀਕੋ ਦੀ ਸਰਕਾਰ ਨੇ ਮਨੁੱਖਤਾ ਦੇ ਭਲੇ ਦੇ ਆਧਾਰ ’ਤੇ 141 ਅਫ਼ਗ਼ਾਨੀ ਸਿੱਖਾਂ ਨੂੰ ਮੈਕਸੀਕੋ ਵਿਖੇ ਸ਼ਰਣ ਪ੍ਰਦਾਨ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ।
ਮੈਕਸੀਕੋ ਸ਼ਹਿਰ ਦੀ ਸਰਹੱਦ ਦੇ ਨੇੜੇ ਸਥਿਤ ਟੈਕਾਮੈਕੈਲੋ ਨਾਮਕ ਸਥਾਨ ’ਤੇ ਸਿੱਖ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਹੈ। ਇੱਥੇ ‘ਬਾਬਾ ਜੀ ਸਿੰਘ’ ਨਾਮਕ ਮੈਕਸੀਕਨ ਸਿੱਖ ਨੂੰ ਇਹ ਸ਼ਰਫ਼ ਹਾਸਿਲ ਹੈ ਕਿ ਉਸਨੇ ਬੜੀ ਹੀ ਸ਼ਰਧਾ, ਮਿਹਨਤ ਅਤੇ ਲਗਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਪੈਨਿਸ਼ ਪਾਸ਼ਾ ਵਿੱਚ ਸਫ਼ਲ ਅਨੁਵਾਦ ਕੀਤਾ ਹੈ।
————————–
ਹਰਭਜਨ ਸਿੰਘ ਯੋਗੀ
ਹਰਭਜਨ ਸਿੰਘ ਯੋਗੀ ਅਮਰੀਕਾ ਵਿਖੇ ਰਹਿਣ ਵਾਲੇ ਇੱਕ ਨਾਮਵਰ ਕਾਰੋਬਾਰੀ ਅਤੇ ‘ਯੋਗਾ ਗੁਰੂ’ ਸਨ, ਜਿਨ੍ਹਾਂ ਦਾ ਪੂਰਾ ਨਾਂ ਹਰਭਜਨ ਸਿੰਘ ਪੁਰੀ ਸੀ। ਉਨ੍ਹਾਂ ਦਾ ਜਨਮ 26 ਅਗਸਤ 1929 ਨੂੰ ਗੁਜਰਾਂਵਾਲਾ, ਪੰਜਾਬ ਦੇ ਪਿੰਡ ਕੋਟ ਹਰਕਰਣ ਵਿਖੇ ਵੱਸਦੇ ਇੱਕ ਅਮੀਰ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਡਾ. ਕਰਤਾਰ ਸਿੰਘ ਪੁਰੀ ਇੱਕ ਮੈਡੀਕਲ ਅਫ਼ਸਰ ਸਨ। ਹਰਭਜਨ ਸਿੰਘ ਨੇ ਸਿੱਖੀ ਸੰਸਕਾਰ ਆਪਣੇ ਦਾਦਾ ਸੰਤ ਭਾਈ ਫ਼ਤਿਹ ਸਿੰਘ ਤੋਂ ਗ੍ਰਹਿਣ ਕੀਤੇ ਸਨ। ਸੰਨ 1947 ਵਿੱਚ ਹੋਈ ਭਾਰਤ-ਪਾਕਿਸਤਾਨ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਉੱਜੜ ਕੇ ਦਿੱਲੀ ਆ ਗਿਆ ਸੀ, ਜਿੱਥੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਉਨ੍ਹਾਂ ਨੇ ਸੰਨ 1952 ਵਿੱਚ ਪੰਜਾਬ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ ਸੀ। ਸੰਨ 1953 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਰੈਵੀਨਿਊ ਵਿਭਾਗ ਵਿੱਚ ਨੌਕਰੀ ਮਿਲ ਗਈ ਸੀ ਤੇ ਬਾਅਦ ਵਿੱਚ ਤਰੱਕੀ ਹਾਸਿਲ ਕਰਕੇ ਉਹ ਦਿੱਲੀ ਏਅਰਪੋਰਟ ’ਤੇ ਕਸਟਮ ਇੰਸਪੈਕਟਰ ਨਿਯੁਕਤ ਹੋ ਗਏ ਸਨ। ਉਨ੍ਹਾਂ ਨੇ ਦਿੱਲੀ ਵਿਖੇ ਰਹਿੰਦਿਆਂ ‘ਗੋਬਿੰਦ ਸਦਨ’ ਦੇ ਬਾਬਾ ਵਿਰਸਾ ਸਿੰਘ ਹੁਰਾਂ ਤੋਂ ਅਧਿਆਤਮਕ ਅਤੇ ਧਾਰਮਿਕ ਸਿੱਖਿਆ ਵੀ ਹਾਸਿਲ ਕੀਤੀ ਸੀ।
ਸੰਨ 1968 ਵਿੱਚ ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਚਲੇ ਗਏ ਸਨ। ਉਥੇ ਉਨ੍ਹਾਂ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਚੰਗੀ ਸਿਹਤ ਹਿਤ ‘ਯੋਗਾ ਸੈਂਟਰ’ ਵੀ ਸਥਾਪਿਤ ਕਰ ਦਿੱਤਾ ਸੀ। ਪੂਰਬੀ ਕੈਨੇਡਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਹਿਤ ਸੰਨ 1968 ਵਿੱਚ ਹੀ ਪਹਿਲਾ ਸਿੱਖ ਗੁਰਦੁਆਰਾ ਸਥਾਪਿਤ ਕਰਨ ਦੇ ਯਤਨ ਉਨ੍ਹਾਂ ਨੇ ਸ਼ੁਰੂ ਕਰ ਦਿੱਤੇ ਸਨ ਅਤੇ ਕੈਨੇਡਾ ਦੇ ਕੌਮੀ ਟੀ.ਵੀ. ਤੇ ਪ੍ਰੈੱਸ ਮੀਡੀਆ ਨੇ ਉਨ੍ਹਾਂ ਦੇ ਇੰਟਰਵਿਊ ਕਰਕੇ ਪ੍ਰਸਾਰਿਤ ਕੀਤੇ ਸਨ, ਜਿਸ ਨਾਲ ਉਹ ਛੇਤੀ ਹੀ ਇੱਕ ਜਾਣੀ-ਪਛਾਣੀ ਧਾਰਮਿਕ ਹਸਤੀ ਬਣ ਗਏ ਸਨ।
ਸੰਨ 1969 ਵਿੱਚ ਅਮਰੀਕਾ ਦੇ ਲਾਸ ਏਂਜਲਸ ਅਤੇ ਕੈਲੀਫ਼ੋਰਨੀਆ ਵਿਖੇ ਆ ਕੇ ਉਨ੍ਹਾਂ ਨੇ ‘ਥ੍ਰੀ ਐੱਚ ਫ਼ਾਊਂਡੇਸ਼ਨ’ ਨਾਂ ਦੀ ਸੰਸਥਾ ਸ਼ੁਰੂ ਕੀਤੀ ਸੀ। ਇੱਥੇ ‘ਥ੍ਰੀ ਐੱਚ’ ਦਾ ਮਤਲਬ ‘ਪਹਿਲਾ ਐੱਚ ਫ਼ਾਰ ਹੈਲਥ ਭਾਵ ਸਿਹਤ, ਦੂਜਾ ਐੱਚ ਫ਼ਾਰ ਹੈਪੀ ਭਾਵ ਖ਼ੁਸ਼ੀ ਅਤੇ ਤੀਜਾ ਐੱਚ ਫ਼ਾਰ ਹੋਲੀ ਭਾਵ ਪਵਿੱਤਰ’ ਸੀ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਕੇਸਾਧਾਰੀ ਹੋਣ ਅਤੇ ਸ਼ਾਕਾਹਾਰੀ ਬਣਨ ਲਈ ਪ੍ਰੇਰਿਆ। ਸਮੇਂ ਦੀ ਚਾਲ ਨਾਲ ਚਾਲ ਮਿਲਾਉਂਦਿਆਂ ਇੱਕ ਦਿਨ ਉਨ੍ਹਾਂ ਨੇ ‘ਇੰਟਰਨੈਸ਼ਨਲ ਕੁੰਡਲਿਨੀ ਯੋਗਾ ਟੀਚਰਜ਼ ਐਸੋਸੀਏਸ਼ਨ’ ਦੀ ਸਥਾਪਨਾ ਕਰ ਦਿੱਤੀ, ਜਿਸਦਾ ਮੁੱਖ ਮਕਸਦ ਉਨ੍ਹਾਂ ਦੇ ਮਿਸ਼ਨ ਦੇ ਸਹੀ ਪ੍ਰਚਾਰ ਲਈ ਉੱਚ ਕੋਟੀ ਦੇ ਅਧਿਆਪਕ ਤਿਆਰ ਕਰਨਾ ਸੀ। ਸੰਨ 1980 ਵਿੱਚ ਉਨ੍ਹਾਂ ਨੇ ਕੈਲੀਫ਼ੋਰਨੀਆ ਦੀ ਯੂਨੀਵਰਸਿਟੀ ਫ਼ਾਰ ਹਿਊਮਨਿਸਟਿਕ ਸਟੱਡੀਜ਼ ਤੋਂ ਪੀਐੱਚ.ਡੀ. ਦੀ ਡਿਗਰੀ ‘ਸਾਇਕੌਲੋਜੀ ਆਫ਼ ਕਮਿਊਨੀਕੇਸ਼ਨ’ ਵਿਸ਼ੇ ਵਿੱਚ ਹਾਸਿਲ ਕੀਤੀ ਸੀ।
ਸੰਨ 1984 ਵਿੱਚ ਅਮਰੀਕਾ ਵਿਖੇ ‘ਯੋਗੀ ਚਾਹ’ ਨਾਮੀ ਚਾਹ ਪੱਤੀ ਦਾ ਮਸ਼ਹੂਰ ਬਰਾਂਡ ਸ਼ੁਰੂ ਕਰਨ ਵਾਲੇ ਹਰਭਜਨ ਸਿੰਘ ਯੋਗੀ ਦੀ ਸੰਸਥਾ ‘ਥ੍ਰੀ ਐੱਚ ਫ਼ਾਊਂਡੇਸ਼ਨ’ ਤਾਂ ਸੰਯੁਕਤ ਰਾਸ਼ਟਰ ਸੰਘ ਦੀ ਸਲਾਹਕਾਰ ਵਜੋਂ ਬਤੌਰ ਐਨ.ਜੀ.ਓ. ਲੈ ਲਈ ਗਈ ਸੀ। ਹਰਭਜਨ ਸਿੰਘ ਯੋਗੀ ਨੇ ਅਮਰੀਕਾ ਵਿਖੇ ਕਈ ਵੱਡੇ ‘ਸੰਤ ਸਮਾਗਮ’ ਵੀ ਆਯੋਜਿਤ ਕੀਤੇ ਸਨ। ਅਖ਼ੀਰ 6 ਅਕਤੂਬਰ 2004 ਨੂੰ 75 ਵਰਿ੍ਹਆਂ ਦੀ ਉਮਰ ਵਿੱਚ ਹਾਰਟ ਫੇਲ੍ਹ (ਦਿਲ ਦੀ ਧੜਕਣ ਬੰਦ) ਹੋ ਜਾਣ ਕਰਕੇ ਉਹ ਅਕਾਲ ਚਲਾਣਾ ਕਰ ਗਏ ਸਨ। ਅਮਰੀਕਾ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਗਲਿਆਰਿਆਂ ਵਿੱਚ ਹਰਭਜਨ ਸਿੰਘ ਯੋਗੀ ਦੀ ਮਹੱਤਤਾ ਦਾ ਆਲਮ ਇਹ ਸੀ ਕਿ ਉਨ੍ਹਾਂ ਦੇ ਦੇਹਾਂਤ ਮੌਕੇ ‘ਦਿ ਨਿਊ ਯਾਰਕ ਟਾਈਮਜ਼’, ‘ਦਿ ਲਾਸ ਏਂਜਲਸ ਟਾਈਮਜ਼’, ‘ਦਿ ਟਾਈਮਜ਼ ਆਫ਼ ਇੰਡੀਆ’ ਆਦਿ ਵਰਗੇ ਕੌਮਾਂਤਰੀ ਪੱਧਰ ਦੇ ਅਖ਼ਬਾਰਾਂ ਵੱਲੋਂ ਵਿਸ਼ੇਸ਼ ਸੋਗਮਈ ਲੇਖ ਛਾਪੇ ਗਏ ਸਨ ਤੇ ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਗ ਵਜੋਂ ਆਪਣੇ ਸਾਰੇ ਦਫ਼ਤਰ ਬੰਦ ਰੱਖੇ ਸਨ। ਇੱਥੇ ਹੀ ਬਸ ਨਹੀਂ, ‘ਸਟੇਟ ਆਫ਼ ਨਿਊ ਮੈਕਸੀਕੋ’ ਨੇ ਉਨ੍ਹਾਂ ਦੇ ਸਨਮਾਨ ਵਿੱਚ ਰਾਜ ਦੇ ਹਾਈਵੇ ਨੰਬਰ 106 ਦਾ ਨਾਮ ਬਦਲ ਕੇ ‘ਯੋਗੀ ਭਜਨ ਯਾਦਗਾਰੀ ਹਾਈਵੇ’ ਰੱਖ ਦਿੱਤਾ ਸੀ ਅਤੇ 7 ਤੇ 8 ਅਕਤੂਬਰ ਨੂੰ ਕੌਮੀ ਝੰਡੇ ਅੱਧੇ ਝੁਕਾਅ ਦਿੱਤੇ ਗਏ ਸਨ; ਤੇ 6 ਅਕਤੂਬਰ ਦਾ ਦਿਨ ਹੀ ‘ਯੋਗੀ ਭਜਨ ਯਾਦਗਾਰੀ ਦਿਵਸ’ ਵਜੋਂ ਨਿਸ਼ਚਿਤ ਕਰ ਦਿੱਤਾ ਸੀ।
ਹਰਭਜਨ ਸਿੰਘ ਯੋਗੀ ਦੇ ਜੀਵਨ ਦਾ ਇੱਕ ਦੁਖ਼ਦ ਪਹਿਲੂ ਇਹ ਵੀ ਰਿਹਾ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ 15 ਸਾਲ ਬਾਅਦ ਉਨ੍ਹਾਂ ਦੀ ਨਿੱਜੀ ਸਕੱਤਰ ਰਹੀ ਪਾਮੇਲਾ ਸਾਰਾਹ ਨੇ ‘ਵਾਈਟ ਬਰਡ ਇਨ ਗੋਲਡਨ ਕੇਜ’ ਨਾਮਕ ਕਿਤਾਬ ਲਿਖ ਕੇ ਆਪਣੇ ਨਾਲ ਅਤੇ ਕੁਝ ਹੋਰ ਮਹਿਲਾਵਾਂ ਨਾਲ ਹਰਭਜਨ ਸਿੰਘ ਯੋਗੀ ਦੇ ਨਾਜਾਇਜ਼ ਸਬੰਧਾਂ ਬਾਰੇ ਗੱਲਾਂ ਲਿਖੀਆਂ ਸਨ। ਇਸੇ ਤਰ੍ਹਾਂ ਹੀ ਸੰਨ 2023 ਵਿੱਚ ‘ਅੰਡਰ ਦਿ ਯੋਗਾ ਮੱਤ’ ਸਿਰਲੇਖ ਵਾਲੀ ਇੱਕ ਹੋਰ ਕਿਤਾਬ ਵਿੱਚ ਹਰਭਜਨ ਸਿੰਘ ਯੋਗੀ ਦੇ ਇੱਕ ਸਾਬਕਾ ਸਾਥੀ ਗੁਰੂ ਨਿਸ਼ਾਨ ਨੇ ਵੀ ਯੋਗੀ ਵੱਲੋਂ ਆਪਣੀ ਸੰਸਥਾ ਦੇ ਕੁਝ ਮੈਂਬਰਾਂ ’ਤੇ ਤਸ਼ੱਦਦ ਕੀਤੇ ਜਾਣ ਦੇ ਇਲਜ਼ਾਮਾਂ ਸਹਿਤ ਕੁਝ ਗਵਾਹਾਂ ਦੇ ਬਿਆਨ ਦਰਜ ਕੀਤੇ ਸਨ।
