ਸ਼ਹੀਦੀ ਦਿਵਸ ‘ਤੇ ਵਿਸ਼ੇਸ਼
ਡਾ. ਚਰਨਜੀਤ ਸਿੰਘ ਗੁਮਟਾਲਾ
ਫੋਨ: 937-573-9812
ਪਿਛਲੀ ਸਦੀ ਦੇ ਵਿਲੱਖਣ ਸਿੱਖ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜਿਸ ਨੂੰ ਆਮ ਤੌਰ ‘ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਿਤ ਕੀਤੇ ਗਏ ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ, ਰਈਆ’ ਜਾਂ ਇੱਕ ਦੋ ਹੋਰ ਸਥਾਨਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਨਹੀਂ ਮਨਾਇਆ ਜਾਂਦਾ। ਭਾਵੇਂ ਕਿ ਉਨ੍ਹਾਂ ਨੇ ‘ਸਿੱਖ ਅਰਦਾਸ’ ਦੀ ਮਹਾਨਤਾ ਨੂੰ ਸਿਰੜ ਨਾਲ ਉਜਾਗਰ ਕਰਨ ਲਈ ਅਤੇ ਪੰਜਾਬ ਦੀਆਂ ਅਤਿ ਅਹਿਮ ਤੇ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖੇ ਰਹਿ ਕੇ ਆਪਣੇ ਪ੍ਰਾਣ ਵਾਰ ਦਿੱਤੇ।
ਮਰਨ ਵਰਤ ਕਿਉਂ ਰਖਿਆ?: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿµਘ ਨੇ ਸµਨ 1961 ਵਿੱਚ ਪµਜਾਬੀ ਭਾਸ਼ੀ ਸੂਬਾ ਬਣਾਉਣ ਦੀ ਮµਗ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮµਗਾਂ ਨਹੀਂ ਮµਨੀਆਂ ਜਾਂਦੀਆਂ, ਉਦੋਂ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਇਸ ਐਲਾਨ ਨੇ ਕੇਂਦਰ ਨੂੰ ਭਾਜੜਾਂ ਪਾ ਦਿੱਤੀਆਂ। ਪ੍ਰਧਾਨ ਮµਤਰੀ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿµਘ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਘੋਖਣ ਦਾ ਭਰੋਸਾ ਦਿੱਤਾ। ਇਸ ਭਰੋਸੇ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ ਸµਤ ਫਤਿਹ ਸਿµਘ ਦੇ ਹੱਥੋਂ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ, ਪਰ ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫ਼ੈਸਲੇ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਤੋਂ ਪਿੱਛੋਂ 1965 ਵਿੱਚ ਸੰਤ ਫ਼ਤਿਹ ਸਿੰਘ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ, ਪਰ ਭਾਰਤ ਅਤੇ ਪਾਕਿਸਤਾਨ ਜੰਗ ਸ਼ੁਰੂ ਹੋ ਜਾਣ ‘ਤੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਅਪੀਲ ਉਪਰੰਤ ਉਨ੍ਹਾਂ ਵੀ ਮਰਨ ਵਰਤ ਛੱਡ ਦਿੱਤਾ।
ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿੱਚ ਪੰਜਾਬੀ ਸੂਬਾ ਬਨਾਉਣ ਦਾ ਐਲਾਨ ਕਰ ਦਿੱਤਾ। ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਕਈ ਪੰਜਾਬੀ ਬੋਲਦੇ ਇਲਾਕੇ ਨਵੇਂ ਹੋਂਦ ਵਿੱਚ ਆਏ ਹਿਮਾਚਲ ਤੇ ਹਰਿਆਣੇ ਵਿੱਚ ਸ਼ਾਮਲ ਕਰ ਦਿੱਤੇ। ਚੰਡੀਗੜ੍ਹ ਅਤੇ ਭਾਖ਼ੜਾ ਡੈਮ ਦਾ ਪ੍ਰਬੰਧ ਕੇਂਦਰੀ ਸਰਕਾਰ ਨੇ ਆਪਣੇ ਕੋਲ਼ ਰੱਖ ਲਿਆ ਤੇ ਦਰਿਆਈ ਪਾਣੀਆਂ ਦੀ ਵੀ ਕਾਣੀ ਵੰਡ ਕਰ ਦਿੱਤੀ।
ਲੰਗੜਾ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਪਿੱਛੋਂ ਜਦੋਂ ਹਰ ਪਾਸਿਓਂ ਫਿਟਕਾਰਾਂ ਪੈਣ ਲੱਗੀਆਂ ਤਾਂ ਸੰਤ ਫ਼ਤਹਿ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਦੇ ਕਮਰੇ ਉਪਰ ਅਗਨ-ਕੁੰਡ ਬਣਾ ਲਏ ਅਤੇ 17 ਦਸµਬਰ 1966 ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਤੇ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇ ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਨ ਕੁੰਡ ਵਿੱਚ ਬੈਠ ਕੇ ਸੜ ਮਰਨਗੇ। ਉਨ੍ਹਾਂ ਦੇ ਇਸ ਐਲਾਨ ਪਿਛੋਂ ਸੰਤ ਚੰਨਣ ਸਿੰਘ, ਜਥੇਦਾਰ ਭਾਗ ਸਿੰਘ ਜੈਦ, ਜਥੇਦਾਰ ਪ੍ਰੀਤਮ ਸਿੰਘ ਸ਼ਰੀਂਹ, ਸ. ਜਗੀਰ ਸਿੰਘ ਫੱਗੂਵਾਲ ਅਤੇ ਜਥੇਦਾਰ ਜਗੀਰ ਸਿੰਘ ਪੂਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫ਼ਤਹਿ ਸਿੰਘ ਤੋਂ ਅਗਲੇ ਦਿਨ ਸੜ ਮਰਨਗੇ।
ਪੰਜਾਬ ਵਿਧਾਨ ਸਭਾ ਤੋਂ ਆਜ਼ਾਦ ਜਿੱਤਿਆ ਸ. ਹਜ਼ਾਰਾ ਸਿੰਘ ਗਿੱਲ ਆਪਣੇ ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਨੇੜੇ ਮਰਨ ਵਰਤ ‘ਤੇ ਬੈਠ ਗਿਆ ਅਤੇ ਐਲਾਨ ਕਰ ਦਿੱਤਾ ਕਿ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਏ ਬਿਨਾ ਸੰਤ ਫ਼ਤਿਹ ਸਿੰਘ ਤੇ ਉਸ ਦੇ ਸਾਥੀਆਂ ਨੂੰ ਮਰਨ ਵਰਤ ਛੱਡ ਕੇ ਭੱਜਣ ਨਹੀਂ ਦੇਣਾ। ਆਖ਼ਰਕਾਰ ਸੜ ਮਰਨ ਦਾ ਦਿਨ ਆ ਗਿਆ। ਨਿਯਤ ਸਮਾਂ ਲੰਘ ਗਿਆ। ਦੁਪਹਿਰ ਦੇ ਢਾਈ ਵੱਜ ਚੁੱਕੇ ਸਨ ਕਿ ਇੱਕ ਹਵਾਈ ਜਹਾਜ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰੋਂ ਦੀ ਲੰਘਿਆ। ਅਕਾਲੀਆਂ ਦੇ ਮੁਰਝਾਏ ਚਿਹਰੇ ਖਿੜ ਗਏ। ਹਰ ਪਾਸਿਓਂ ‘ਸ. ਹੁਕਮ ਸਿੰਘ ਆ ਗਿਆ, ਸ. ਹੁਕਮ ਸਿੰਘ ਆ ਗਿਆ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਕੋਈ ਅੱਧੇ ਘੰਟੇ ਪਿੱਛੋਂ ਸ. ਹੁਕਮ ਸਿੰਘ ਆਏ, ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਸਨ। ਉਹ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਲ ‘ਤੇ ਚੜ੍ਹ ਗਏ ਅਤੇ ਸੰਤ ਫ਼ਤਹਿ ਸਿੰਘ ਨਾਲ਼ ਮਿਲਣ ਉਪਰੰਤ ਅਕਾਲ ਤਖ਼ਤ ਸਾਹਿਬ ‘ਤੇ ਖਲੋ ਕੇ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਦਾ ਵਿਸਥਾਰ ਮਗਰੋਂ ਦੱਸਿਆ ਜਾਵੇਗਾ। ਇਸ ਐਲਾਨ ਦੀ ਢਿੱਲ ਸੀ ਕਿ ਸੰਤ ਫ਼ਤਹਿ ਸਿੰਘ ਨੇ ਜੂਸ ਦਾ ਗਿਲਾਸ ਗੱਟ-ਗੱਟ ਕਰਕੇ ਪੀ ਲਿਆ। ਜਿੱਤ ਦੇ ਜੈਕਾਰੇ ਗੂੰਜਣ ਲੱਗੇ। ਸ. ਹਜ਼ਾਰਾ ਸਿੰਘ ਗਿੱਲ ਤੇ ਉਸ ਦੇ ਸਾਥੀਆਂ ਨੇ ਬਹੁਤ ਰੌਲਾ ਪਾਇਆ ਕਿ ਕੌਮ ਨਾਲ਼ ਠੱਗੀ ਹੋਣ ਲੱਗੀ ਹੈ, ਪਰ ਅਕਾਲੀਆਂ ਦੀ ਬੁਰਛਾਗਰਦੀ ਅੱਗੇ ਉਹ ਬਹੁਤੀ ਦੇਰ ਟਿਕ ਨਾ ਸਕੇ।
ਇਸ ਮੌਕੇ ਲੇਖਕ (ਸ. ਗੁਮਟਾਲਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਦਫ਼ਤਰ ਦੇ ਬਾਹਰ ਸਾਰਾ ਦ੍ਰਿਸ਼ ਵੇਖ ਰਿਹਾ ਸੀ। ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਜਥੇਦਾਰ ਅਮਰ ਸਿੰਘ ਘਣੂਪੁਰ ਖੜ੍ਹੇ ਸਨ, ਜਿਉਂ ਹੀ ਐਲਾਨ ਹੋਇਆ ਕਿ ਸੰਤ ਫਤਹਿ ਸਿੰਘ ਨੇ ਮਰਨ ਵਰਤ ਛੱਡ ਦਿੱਤਾ ਹੈ, ਸਾਡੇ ਨਜਦੀਕ ਸੰਤ ਫਤਹਿ ਸਿੰਘ ਦੀ ਵੱਡੀ ਸਾਰੀ ਰੰਗਦਾਰ ਤਸਵੀਰ ਲੱਗੀ ਹੋਈ ਸੀ, ਘਣੂਪੁਰ ਸਾਹਿਬ ਨੇ ਜੁੱਤੀ ਦਾ ਛਿੱਤਰ ਲਾਹ ਕੇ ਜੋਰ ਦੀ ਮਾਰਿਆ ਤੇ ਨਾਲ ਹੀ ਕਿਹਾ, ‘ਲਾਹਨਤ ਹੈ ਐਸੇ ਸਾਧ ਨੂੰ!’ ਤੇ ਫੋਟੋ ਫੱਟ ਗਈ।
ਸ. ਫੇਰੂਮਾਨ ਵੱਲੋਂ ਪਹਿਲੀ ਅਗਸਤ 1969 ਨੂੰ ਰਈਆ ਵਿਖੇ ਇੱਕ ਕਾਨਫ਼ਰੰਸ ਰੱਖ ਕੇ ਐਲਾਨ ਕੀਤਾ ਗਿਆ ਕਿ ਉਹ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਨਗੇ, ਜਿਹੜੀ ਸੰਤ ਫਤਹਿ ਸਿੰਘ ਤੇ ਉਸ ਦੇ ਸਾਥੀਆਂ ਨੇ ਕਈ ਵਾਰ ਕਾਇਰਾਂ ਵਾਂਗ ਤੋੜੀ ਹੈ ਤੇ ਇਸ ਉਪਰੰਤ ਉਹ ਮਰਨ ਵਰਤ ਸ਼ੁਰੂ ਕਰਨਗੇ। ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਆਪ ਆਪਣੀ ਜਾਨ ਉੱਤੇ ਖੇਡ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਮਰਨ ਵਰਤ ਸ਼ੁਰੂ ਕਰਨ ਤਾਂ ਕੋਈ ਵੀ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰੇ।
ਪਰ 9 ਅਗਸਤ 1969 ਨੂੰ ਇੱਕ ਸਧਾਰਨ ਜਿਹੇ ਬੰਦੇ ਗੁਰਦਿੱਤ ਸਿੰਘ ਵੱਲੋਂ ਬਿਆਸ ਥਾਣੇ ਵਿੱਚ ਲਿਖਵਾਈ ਰਪਟ ਦੇ ਆਧਾਰ ‘ਤੇ ਪੁਲਿਸ ਨੇ ਉਨ੍ਹਾਂ ਵਿਰੁੱਧ ਦਫ਼ਾ 9 ਅਧੀਨ ਕੇਸ ਦਰਜ ਕਰ ਲਿਆ ਅਤੇ 12 ਅਤੇ 13 ਅਗਸਤ ਦੀ ਰਾਤ ਨੂੰ ਪੰਜਾਬ ਸਿਕਿਓਰਿਟੀ ਐਕਟ ਦੀ ਦਫ਼ਾ 9 ਅਧੀਨ ਘਰੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਉਨ੍ਹਾਂ 15 ਅਗਸਤ ਨੂੰ ਜੇਲ੍ਹ ਵਿੱਚ ਹੀ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ ਨੰ. 13 ਵਿੱਚ ਲਿਆਂਦਾ ਗਿਆ। ਭਾਵੇਂ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਸੀ, ਪਰ ਉਹ ਪੁਲਿਸ ਦੀ ਨਿਗਰਾਨੀ ਹੇਠ ਹੀ ਰਹੇ। ਕਿਸੇ ਵੀ ਆਮ ਆਦਮੀ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। 27 ਅਕਤੂਬਰ 1969 ਦੀ ਸ਼ਾਮ ਦੇ ਸਾਢੇ ਤਿੰਨ ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਉਨ੍ਹਾਂ ਨੇ ਅੰਤਿਮ ਸਵਾਸ ਲਿਆ ਅਤੇ ਉਨ੍ਹਾਂ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਾਲੀ ਮਹਾਨ ਸ਼ਹੀਦਾਂ ਦੀ ਪਦਵੀ ਪ੍ਰਾਪਤ ਕੀਤੀ।
ਉਨ੍ਹਾਂ ਨੇ ਪਹਿਲੀ ਅਗਸਤ 1969 ਨੂੰ ਇੱਕ ਵਸੀਹਤ ਕੀਤੀ ਸੀ, ਜਿਸਦੀ ਲਿਖਤ ਅਜੇ ਮੌਜੂਦ ਹੈ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਵੀ ਕੀਤੀ ਹੋਈ ਹੈ, ਜਿਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਵਿਦਵਾਨ ਸ. ਕਪੂਰ ਸਿੰਘ ਨੇ ਜੋ ਲਿਖਿਆ, “ਸ. ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹਾਦਤ ਦਿੱਤੀ ਸੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਕਾਇਰ, ਦੰਭੀ, ਗੁਰੂ ਤੋਂ ਬੇਮੁੱਖ ਤੇ ਪੰਥ ਦੇ ਅਖੌਤੀ ਭਗ਼ੌੜੇ ਲੀਡਰਾਂ ਨੇ, ਪੰਥ ਦੇ ਉੱਜਲ ਮੁੱਖ ਉੱਤੇ ਮਲੀ ਹੈ, ਉਹ ਧੋਤੀ ਜਾਵੇ। ਉਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਤਾਂ ਜੋ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ ਅਤੇ ਭਾਖੜਾ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੀਤੇ ਸਨ, ਉਨ੍ਹਾਂ ਬਚਨਾਂ ਉੱਤੇ ਮੁੜ ਪਹਿਰਾ ਦੇ ਕੇ, ਉਹ ਪੂਰੇ ਕੀਤੇ ਜਾਣ। ਸ. ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਸੀ ਤਾਂ ਜੋ ਉਨ੍ਹਾਂ ਕਾਇਰ, ਦੰਭੀ ਅਤੇ ਪੰਥ ਦੇ ਗ਼ੱਦਾਰ, ਜਿਨ੍ਹਾਂ ਨੇ ਜਿਊਂਦੇ ਸੜ ਮਰਨ ਦਾ ਅਰਦਾਸਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤ ਉੱਤੇ ਅਗਨੀ ਕੁੰਡ ਬਣਾਏ ਹਨ ਅਤੇ ਮੌਤ ਤੋਂ ਡਰਦੇ ਗਿੱਦੜਾਂ ਵਾਂਗ ਭੱਜ ਗਏ ਹਨ ਤੇ ਇਉਂ ਪੰਥ ਦੇ ਅਦ੍ਰਿਸ਼ਟ, ਦਿੱਬ ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ, ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ। ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਪ੍ਰਾਪਤ ਕਰਨ ਲਈ ਕੀਤੀ ਗਈ ਹੈ।”
ਸ. ਫੇਰੂਮਾਨ ਦੀ ਸ਼ਹਾਦਤ ਤੋਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੁਣੇ ਗਏ। ਜਥੇਦਾਰ ਤੁੜ ਨੇ ਅਕਾਲੀ ਦਲ ਦਾ ਨਵਾਂ ਪਾਲਿਸੀ ਪ੍ਰੋਗਰਾਮ ਤਿਆਰ ਕਰਨ ਲਈ ਸ. ਕਪੂਰ ਸਿੰਘ ਆਈ.ਸੀ.ਐਸ. ਦੀ ਸਰਪ੍ਰਸਤੀ ਹੇਠ ਇੱਕ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ, ਜਿਸ ਨੇ ਇੱਕ ਖਰੜਾ ਤਿਆਰ ਕੀਤਾ, ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ 16-17 ਅਕਤੂਬਰ 1973 ਨੂੰ ਸ੍ਰੀ ਆਨੰਦਪੁਰ ਸਾਹਿਬ ਇਕੱਤਰਤਾ ਵਿੱਚ ਪ੍ਰਵਾਨ ਕੀਤਾ ਗਿਆ, 28 ਅਗਸਤ 1977 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਜਨਰਲ ਇਜਲਾਸ ਵਿੱਚ ਪ੍ਰਵਾਨ ਕੀਤਾ ਗਿਆ ਅਤੇ ਜਿਸ ਨੂੰ 28-29 ਅਕਤੂਬਰ 1978 ਦੀ ਲੁਧਿਆਣਾ ਕਾਨਫਰੰਸ ਨੇ ਮੋਹਰ ਲਾਈ ਤੇ 20 ਅਗਸਤ 1980 ਦੇ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਪ੍ਰਵਾਨ ਕੀਤਾ। ਸ. ਭਾਨ ਸਿੰਘ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਖ਼ੁਦ ਛਪਵਾਇਆ ਹੈ ਤੇ ਲਾਗੂ ਕਰਨ ਲਈ ਭਾਰਤ ਸਰਕਾਰ ਨੂੰ ਭੇਜਿਆ ਗਿਆ। ਕੇਂਦਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ। ਇਸ ਨੂੂੰ ਲਾਗੂ ਕਰਵਾਉਣ ਲਈ ਅਕਾਲ ਤਖਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੋਰਚੇ ਦਾ ਹਸ਼ਰ ਜੋ ਹੋਇਆ, ਉਹ ਸਭ ਦੇ ਸਾਹਮਣੇ ਹੈ। ਜੇ ਇਸ ‘ਤੇ ਅਮਲ ਕੀਤਾ ਜਾਂਦਾ, ਤਾਂ ਨਾ ਤਾਂ ਪੰਜਾਬ ਦੀ ਜੋ ਹਾਲਤ ਹੋਈ ਹੈ, ਉਹ ਨਹੀਂ ਸੀ ਹੋਣੀ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ।
ਮੌਜੂਦਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਇਸ ਵਿਚਲੇ ਮੁੱਦਿਆਂ ਦਾ, ਜਿਨ੍ਹਾਂ ਦਾ ਕੇਂਦਰ ਸਰਕਾਰ ਨਾਲ ਸਬੰਧ ਹੈ, ਉਨ੍ਹਾਂ ਦੀ ਨਿਸ਼ਾਨਦੇਹੀ ਕਰਵਾਏ ਤੇ ਜਿਹੜੇ ਰਾਜ ਸਰਕਾਰ ਨਾਲ ਸਬੰਧਿਤ ਹਨ, ਉਨ੍ਹਾਂ ਦੀ ਵੱਖਰੀ ਨਿਸ਼ਾਨਦੇਹੀ ਕਰਵਾਏ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਸਦ ਕੇ ਕੇਂਦਰ ਨਾਲ ਸਬੰਧਿਤ ਮੰਗਾਂ ਲਈ ਗੱਲਬਾਤ ਕੀਤੀ ਜਾਵੇ। ਜਿਹੜੇ ਮਸਲੇ ਪੰਜਾਬ ਸਰਕਾਰ ਨਾਲ ਸਬੰਧਿਤ ਹਨ, ਉਨ੍ਹਾਂ ‘ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਰਾਜ ਸਰਕਾਰ ਲਾਗੂ ਕਰੇ।
