ਵੈਨੇਜ਼ੂਏਲਾ ਦੀ ‘ਆਇਰਨ ਲੇਡੀ’

ਅਦਬੀ ਸ਼ਖਸੀਅਤਾਂ

ਮਾਰੀਆ ਕੋਰੀਨਾ ਮਚਾਡੋ ਨੂੰ 2025 ਦਾ ਸ਼ਾਂਤੀ ਨੋਬਲ ਪੁਰਸਕਾਰ
ਪੰਜਾਬੀ ਪਰਵਾਜ਼ ਬਿਊਰੋ
ਨਾਰਵੇਜ਼ੀਅਨ ਨੋਬਲ ਕਮੇਟੀ ਨੇ ਵੈਨੇਜ਼ੂਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ ਲੰਘੀ 10 ਅਕਤੂਬਰ ਨੂੰ ਸਾਲ 2025 ਦਾ ਸ਼ਾਂਤੀ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕਮੇਟੀ ਨੇ ਉਨ੍ਹਾਂ ਨੂੰ ‘ਵੈਨੇਜ਼ੂਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਨਿਆਂਪੂਰਨ ਤੇ ਸ਼ਾਂਤੀਪੂਰਨ ਤਰੀਕੇ ਨਾਲ ਤਾਨਾਸ਼ਾਹੀ ਦੇ ਸਾਹਮਣੇ ਲੋਕਤੰਤਰ ਲਈ ਸੰਘਰਸ਼ ਕਰਨ’ ਲਈ ਸਨਮਾਨਿਤ ਕੀਤਾ ਹੈ। ਇਹ ਪੁਰਸਕਾਰ ਨਾ ਸਿਰਫ਼ ਮਚਾਡੋ ਦੇ ਨਿੱਜੀ ਸੰਘਰਸ਼ ਨੂੰ ਮਾਨਤਾ ਦਿੰਦਾ ਹੈ, ਸਗੋਂ ਵੈਨੇਜ਼ੂਏਲਾ ਵਿੱਚ ਲੋਕਤੰਤਰ ਦੀ ਲੜਾਈ ਨੂੰ ਵੀ ਵਿਸ਼ਵ ਪੱਧਰ ‘ਤੇ ਉਜਾਗਰ ਕਰਦਾ ਹੈ।

58 ਸਾਲਾਂ ਦੀ ਮਾਰੀਆ ਕੋਰੀਨਾ ਮਚਾਡੋ ਇੱਕ ਇੰਡਸਟਰੀਅਲ ਇੰਜੀਨੀਅਰ ਹਨ, ਜੋ ਵੈਨੇਜ਼ੂਏਲਾ ਦੀ ਹਕੂਮਤੀ ਰਾਜਨੀਤੀ ਦੀ ਸਖ਼ਤ ਵਿਰੋਧੀ ਹਨ। ਉਹ ਵੇਂਤੇ ਵੈਨੇਜ਼ੂਏਲਾ ਪਾਰਟੀ ਦੇ ਆਗੂ ਹਨ ਅਤੇ ਨਿਕੋਲਸ ਮਾਡੂਰੋ ਦੀ ਯੂਨਾਈਟਿਡ ਸੋਸ਼ਲਿਸਟ ਪਾਰਟੀ ਆਫ਼ ਵੈਨੇਜ਼ੂਏਲਾ (ਫSੂੜ) ਦੇ ਵਿਰੋਧੀ ਹਨ। ਉਨ੍ਹਾਂ ਨੂੰ ਵੈਨੇਜ਼ੂਏਲਾ ਦੀ ‘ਆਇਰਨ ਲੇਡੀ’ ਵੀ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੀ ਅਟੱਲ ਹਿੰਮਤ ਅਤੇ ਅਣਥੱਕ ਸੰਘਰਸ਼ ਨੂੰ ਦਰਸਾਉਂਦਾ ਹੈ। ਨੋਬਲ ਕਮੇਟੀ ਨੇ ਉਨ੍ਹਾਂ ਨੂੰ ‘ਲਾਤੀਨੀ ਅਮਰੀਕਾ ਵਿੱਚ ਇਨ੍ਹਾਂ ਸਮਿਆਂ ਦੀ ਨਾਗਰਿਕ ਹਿੰਮਤ ਦਾ ਸਭ ਤੋਂ ਵਿਲੱਖਣ ਉਦਾਹਰਣ’ ਕਿਹਾ ਹੈ।
ਮਚਾਡੋ ‘ਲੋਕਪ੍ਰਿਆ ਪੂੰਜੀਵਾਦ’ ਦੀ ਸਮਰਥਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਿੱਜੀ ਉੱਦਮ ਅਤੇ ਨਿੱਜੀ ਜਾਇਦਾਦ ਦੇ ਅਧਿਕਾਰ ਆਰਥਿਕ ਵਿਕਾਸ ਦੀ ਕੁੰਜੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵੈਨੇਜ਼ੂਏਲਾ ਦੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਸੁਤੰਤਰਤਾ ਨੂੰ ਵਧਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਅਨੁਸਾਰ, ਵਰਤਮਾਨ ਸਰਕਾਰੀ ਨੀਤੀਆਂ ਨੇ ਦੇਸ਼ ਨੂੰ ਹਾਈਪਰਇਨਫਲੇਸ਼ਨ ਅਤੇ ਭੁੱਖਮਰੀ ਵੱਲ ਧੱਕਿਆ ਹੈ, ਜਿਸ ਨਾਲ ਲੱਖਾਂ ਲੋਕ ਵਿਦੇਸ਼ਾਂ ਵੱਲ ਹਿਜਰਤ ਨੂੰ ਮਜਬੂਰ ਹੋ ਗਏ ਹਨ।
ਬਚਪਨ ਅਤੇ ਸਿੱਖਿਆ
ਮਾਰੀਆ ਕੋਰੀਨਾ ਮਚਾਡੋ ਦਾ ਜਨਮ 7 ਅਕਤੂਬਰ 1967 ਨੂੰ ਕਾਰਾਕਾਸ, ਵੈਨੇਜ਼ੂਏਲਾ ਵਿੱਚ ਹੋਇਆ ਸੀ। ਉਹ ਚਾਰ ਧੀਆਂ ਵਿੱਚ ਸਭ ਤੋਂ ਵੱਡੀ ਹੈ ਅਤੇ ਉਨ੍ਹਾਂ ਦੇ ਪਿਤਾ ਇੱਕ ਪ੍ਰਮੁਖ ਇਸਪਾਤ ਵਪਾਰੀ ਸਨ। ਉਨ੍ਹਾਂ ਨੇ ਇੰਡਸਟਰੀਅਲ ਇੰਜੀਨੀਅਰਿੰਗ ਵਿੱਚ ਡਿਗਰੀ ਅਤੇ ਫਾਈਨੈਂਸ ਵਿੱਚ ਮਾਸਟਰਜ਼ ਕੀਤੀ। ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਥੋੜ੍ਹਾ ਸਮਾਂ ਵਪਾਰ ਵਿੱਚ ਬਿਤਾਇਆ, ਪਰ ਫੇਰ ਤੇਜ਼ੀ ਨਾਲ ਸਮਾਜਿਕ ਕਾਰਜਾਂ ਵੱਲ ਆ ਗਏ। 1992 ਵਿੱਚ ਉਨ੍ਹਾਂ ਨੇ ਅਥੇਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਗਰੀਬ ਬੱਚਿਆਂ ਲਈ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਫਾਊਂਡੇਸ਼ਨ ਅੱਜ ਵੀ ਵੈਨੇਜ਼ੂਏਲਾ ਵਿੱਚ ਸਮਾਜਿਕ ਨਿਆਂ ਦੇ ਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਇਨ੍ਹਾਂ ਕਾਰਜਾਂ ਕਰ ਕੇ ਮਾਰੀਆ ਕੋਰੀਨਾ ਮਚਾਡੋ ਨੂੰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਹੀ ਲੋਕਾਂ ਵਿੱਚ ਪ੍ਰਸਿੱਧੀ ਮਿਲ ਗਈ। ਉਨ੍ਹਾਂ ਦੀ ਇਹ ਸਮਾਜਿਕ ਸੇਵਾ ਨੇ ਉਨ੍ਹਾਂ ਨੂੰ ਇੱਕ ਨੈਤਿਕ ਅਤੇ ਨਿਰਪੱਖ ਨੇਤਾ ਵਜੋਂ ਸਥਾਪਿਤ ਕੀਤਾ, ਜੋ ਬਾਅਦ ਵਿੱਚ ਉਨ੍ਹਾਂ ਦੇ ਰਾਜਨੀਤਕ ਸੰਘਰਸ਼ ਦੀ ਨੀਂਹ ਬਣ ਗਈ।
ਰਾਜਨੀਤਕ ਕਰੀਅਰ ਅਤੇ ਸੰਘਰਸ਼
ਮਚਾਡੋ ਨੇ 2002 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ, ਜਦੋਂ ਉਨ੍ਹਾਂ ਨੇ ਸੂਮੇਟੇ ਨਾਮਕ ਵੋਟਰ ਅਧਿਕਾਰ ਸੰਸਥਾ ਦੀ ਸਥਾਪਨਾ ਕੀਤੀ। ਇਹ ਸੰਸਥਾ ਵੋਟਿੰਗ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਕੰਮ ਕਰਦੀ ਹੈ। 2010 ਵਿੱਚ ਉਹ ਰਾਸ਼ਟਰੀ ਸਭਾ ਲਈ ਚੁਣੀ ਗਈ, ਪਰ 2014 ਵਿੱਚ ਮਾਡੂਰੋ ਸਰਕਾਰ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ। ਉਹ ਹਿਊਗੋ ਚਾਵੇਜ਼ ਅਤੇ ਬਾਅਦ ਵਿੱਚ ਨਿਕੋਲਸ ਮਾਡੂਰੋ ਦੀਆਂ ਨੀਤੀਆਂ ਦੀ ਸਖ਼ਤ ਆਲੋਚਕ ਰਹੀ, ਜਿਸ ਕਰ ਕੇ ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। 2012 ਵਿੱਚ ਉਨ੍ਹਾਂ ਨੇ ਵੇਂਤੇ ਵੈਨੇਜ਼ੂਏਲਾ ਪਾਰਟੀ ਦੀ ਸਥਾਪਨਾ ਕੀਤੀ, ਜੋ ਆਜ਼ਾਦੀ ਅਤੇ ਲਿਬਰਲ ਰਾਜਨੀਤੀ ‘ਤੇ ਅਧਾਰਿਤ ਹੈ ਤੇ ਅੱਜ ਵੀ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਹੈ।
2023 ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਪ੍ਰਾਇਮਰੀ ਵਿੱਚ 92% ਵੋਟਾਂ ਨਾਲ ਜਿੱਤ ਹਾਸਲ ਕੀਤੀ, ਪਰ ਮਾਡੂਰੋ ਸਰਕਾਰ ਨੇ ਉਨ੍ਹਾਂ ਦੇ 2024 ਦੀਆਂ ਚੋਣਾਂ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਡਮੁੰਡੋ ਗੋਨਜ਼ਾਲੇਜ਼ ਉਰੂਟੀਆ ਦਾ ਸਮਰਥਨ ਕੀਤਾ, ਜੋ ਉਨ੍ਹਾਂ ਦੀ ਜਗ੍ਹਾ ਵਿਰੋਧੀ ਉਮੀਦਵਾਰ ਬਣੇ। ਗੋਨਜ਼ਾਲੇਜ਼ ਨੂੰ ਵਿਰੋਧੀ ਧਿਰ ਨੇ ‘ਸ਼ਾਂਤੀਪੂਰਨ ਬਦਲਾਅ’ ਦਾ ਪ੍ਰਤੀਕ ਮੰਨਿਆ। ਇਸ ਤੋਂ ਇਲਾਵਾ ਮਚਾਡੋ ਨੇ ਵਿਰੋਧੀ ਧਿਰ ਨੂੰ ਏਕਤਾ ਵਿੱਚ ਪਰੋਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਵੈਨੇਜ਼ੂਏਲਾ ਵਿੱਚ ਲੱਖਾਂ ਲੋਕ ਚੋਣਾਂ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਹੋਏ। ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਵੀ ਆਪਣੀ ਆਵਾਜ਼ ਉਠਾਈ ਹੈ।
2024 ਵੈਨੇਜ਼ੂਏਲਾ ਚੋਣਾਂ ਦਾ ਵਿਵਾਦ ਅਤੇ ਨਤੀਜੇ
2024 ਦੀਆਂ ਵੈਨੇਜ਼ੂਏਲਾ ਦੀਆਂ ਰਾਸ਼ਟਰਪਤੀ ਚੋਣਾਂ ਨੇ ਦੇਸ਼ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ। 28 ਜੁਲਾਈ 2024 ਨੂੰ ਹੋਈਆਂ ਚੋਣਾਂ ਵਿੱਚ ਮਾਡੂਰੋ ਦੀ ਜਿੱਤ ਦਾ ਐਲਾਨ ਕੀਤਾ ਗਿਆ, ਪਰ ਵਿਰੋਧੀ ਧਿਰ ਨੇ ਨਤੀਜਿਆਂ ‘ਤੇ ਸਵਾਲ ਉਠਾਏ। ਵਿਰੋਧੀ ਧਿਰ ਨੇ ਚੋਣ ਵੋਟਾਂ ਦੇ ਟੈਲੀ ਫਾਰਮਾਂ ਨੂੰ ਜਾਰੀ ਕੀਤਾ, ਜੋ ਦਰਸਾਉਂਦੇ ਸਨ ਕਿ ਗੋਨਜ਼ਾਲੇਜ਼ ਨੇ 67% ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ, ਜਦਕਿ ਮਾਡੂਰੋ ਨੂੰ ਸਿਰਫ਼ 30% ਵੋਟਾਂ ਮਿਲੀਆਂ। ਇਹ ਟੈਲੀਆਂ ਚੋਣ ਵੋਟਿੰਗ ਸਿਸਟਮ ਤੋਂ ਲਈਆਂ ਗਈਆਂ ਸਨ ਅਤੇ ਅੰਤਰਰਾਸ਼ਟਰੀ ਨਿਗਰਾਨੀ ਅਦਾਰਿਆਂ ਨੇ ਉਨ੍ਹਾਂ ਦੀ ਪ੍ਰਮਾਣਿਕਤਾ ਨੂੰ ਮਾਨਤਾ ਦਿੱਤੀ।
ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਕਈ ਦੇਸ਼ਾਂ ਤੇ ਲਾਤੀਨੀ ਅਮਰੀਕਾ ਦੇ ਕਈ ਨੇਤਾਵਾਂ ਨੇ ਗੋਨਜ਼ਾਲੇਜ਼ ਨੂੰ ਜੇਤੂ ਮੰਨਿਆ। ਉਦਾਹਰਣ ਵਜੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਮਾਡੂਰੋ ਨੇ ਚੋਣਾਂ ਚੋਰੀ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦਾ ਅਧਿਕਾਰ ਨਹੀਂ।’ ਜਦਕਿ ਰੂਸ, ਚੀਨ, ਈਰਾਨ ਅਤੇ ਕਿਊਬਾ ਵਰਗੇ ਦੇਸ਼ਾਂ ਨੇ ਮਾਡੂਰੋ ਦੀ ਜਿੱਤ ਨੂੰ ਮਾਨਤਾ ਦਿੱਤੀ। ਚੋਣਾਂ ਤੋਂ ਬਾਅਦ ਹਜ਼ਾਰਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇੰਟਰਨੈੱਟ ਬੰਦ ਕੀਤਾ ਗਿਆ ਅਤੇ ਸੈਂਕੜੇ ਲੋਕ ਮਾਰੇ ਗਏ। ਹਿਊਮਨ ਰਾਈਟਸ ਵਾਚ ਨੇ ਇਸ ਨੂੰ ‘ਜ਼ਾਲਮਾਨਾ ਕਾਰਵਾਈ’ ਕਿਹਾ ਹੈ। ਇਸ ਵਿਵਾਦ ਨੇ ਵੈਨੇਜ਼ੂਏਲਾ ਨੂੰ ਰਾਜਨੀਤਿਕ ਅਤੇ ਆਰਥਿਕ ਤੌਰ ‘ਤੇ ਹੋਰ ਅਸਥਿਰ ਬਣਾ ਦਿੱਤਾ, ਜਿਸ ਨਾਲ 2025 ਵਿੱਚ ਵੀ ਪ੍ਰਦਰਸ਼ਨ ਜਾਰੀ ਹਨ।
ਨੋਬਲ ਪੁਰਸਕਾਰ ਦਾ ਪ੍ਰਭਾਵ ਅਤੇ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਂ
ਮਾਰੀਆ ਕੋਰੀਨਾ ਮਚਾਡੋ ਨੂੰ ਨੋਬਲ ਪੁਰਸਕਾਰ ਦੇ ਐਲਾਨ ਨੇ ਵਿਸ਼ਵਵਿਆਪੀ ਚਰਚਾ ਹਾਸਲ ਕੀਤੀ ਹੈ। ਅਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਇਹ ਪੁਰਸਕਾਰ ‘ਵੈਨੇਜ਼ੂਏਲਾ ਵਿੱਚ ਪ੍ਰੋ-ਡੈਮੋਕਰੇਸੀ ਅੰਦੋਲਨ ਨੂੰ ਸਨਮਾਨਿਤ ਕਰਦਾ ਹੈ।’ ਮਚਾਡੋ ਨੇ ਐਲਾਨ ਸੁਣਨ ‘ਤੇ ਭਾਵੁਕ ਹੁੰਦਿਆਂ ਕਿਹਾ, ‘ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਸਾਰੇ ਵੈਨੇਜ਼ੂਏਲਾ ਦੇ ਲੋਕਾਂ ਲਈ ਹੈ।’

Leave a Reply

Your email address will not be published. Required fields are marked *