*ਦੱਖਣੀ ਅਫਰੀਕਾ ਨੂੰ 53 ਦੌੜਾਂ ਨਾਲ ਹਰਾਇਆ
*ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਮੁਬਾਰਕਾਂ
ਜਸਵੀਰ ਸਿੰਘ ਮਾਂਗਟ
ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ 2025 ਦਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੀਤੇ ਐਤਵਾਰ ਦੀ ਰਾਤ ਨਵੀਂ ਮੁੰਬਈ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਏ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਦੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਫਾਈਨਲ ਮੁਕਾਬਲੇ ਵਿੱਚ 58 ਰਨ ਬਣਾਉਣ ਅਤੇ 5 ਖਿਡਾਰਨਾਂ ਨੂੰ ਆਊਟ ਕਰਨ ਵਾਲੀ ਦੀਪਤੀ ਸ਼ਰਮਾ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ।
ਪ੍ਰਤੀਕਾ ਰਵਾਲ ਦੇ ਜ਼ਖਮੀ ਹੋਣ ਜਾਣ ਕਾਰਨ ਸੈਮੀਫਾਈਨਲ ਮੁਕਾਬਲੇ ਵਿੱਚ ਟੀਮ ਨਾਲ ਜੁੜੀ ਸ਼ਫ਼ਾਲੀ ਵਰਮਾ ਨੇ 80 ਰਨ ਬਣਾਏ ਅਤੇ ਬਾਅਦ ਵਿੱਚ ਦੋ ਵਿਕਟਾਂ ਵੀ ਲਈਆਂ। ਉਸ ਨੂੰ ‘ਪਲੇਅਰ ਆਫ ਮੈਚ’ ਦਾ ਖਿਤਾਬ ਦਿੱਤਾ ਗਿਆ ਹੈ। ਜਦਕਿ ਦੀਪਤੀ ਸ਼ਰਮਾ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਐਲਾਨਿਆ ਗਿਆ। ਯਾਦ ਰਹੇ, ਭਾਰਤ ਦੀ ਕੁੜੀਆਂ ਦੀ ਕ੍ਰਿਕਟ ਟੀਮ ਨੇ ਇਹ ਪਹਿਲਾ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 2005 ਅਤੇ 2017 ਵਾਲੇ ਸੰਸਾਰ ਕ੍ਰਿਕਟ ਕੱਪ ਦੇ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਹਿੰਦੁਸਤਾਨ ਨੂੰ ਖਿਤਾਬ ਜਿੱਤਣਾ ਨਸੀਬ ਨਹੀਂ ਸੀ ਹੋਇਆ।
ਪੰਜਾਬ ਅਤੇ ਮੋਗੇ ਜ਼ਿਲ੍ਹੇ ਲਈ ਇਸ ਜਿੱਤ ਦੇ ਖਾਸ ਮਾਇਨੇ ਹਨ, ਕਿਉਂਕਿ ਇਸ ਟੀਮ ਦੀ ਅਗਵਾਈ ਹਰਮਨਪ੍ਰੀਤ ਕੌਰ ਨੇ ਕੀਤੀ ਅਤੇ ਲੀਗ ਸਟੇਜ ‘ਤੇ ਤਿੰਨ ਵੱਡੀਆਂ ਟੀਮਾਂ ਦੇ ਖਿਲਾਫ ਮੁਕਾਬਲੇ ਹਾਰ ਜਾਣ ਦੇ ਬਾਵਜੂਦ ਹਿੰਦੁਸਤਾਨੀ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਮੁਕਾਬਲਾ ਜਿੱਤਿਆ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਬੀਤੇ ਐਤਵਾਰ ਨਵੀਂ ਮੁੰਬਈ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ 7 ਵਿਕਟਾਂ ਗੁਆ ਕੇ 298 ਰਨ ਬਣਾਏ, ਜਦਕਿ ਦੱਖਣੀ ਅਫਰੀਕਾ ਦੀ ਪੂਰੀ ਟੀਮ 246 ਰਨ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਮੁਕਾਬਲਾ 52 ਰਨ ਦੇ ਫਰਕ ਨਾਲ ਜਿੱਤ ਲਿਆ। ਸੰਸਾਰ ਕ੍ਰਿਕਟ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਭਾਰਤੀ ਕੁੜੀਆਂ ਨੇ ਇਹ ਪਹਿਲਾ ਸੰਸਾਰ ਕੱਪ ਮੁਕਾਬਲਾ ਜਿੱਤਿਆ ਹੈ। ਹਰਮਨਪ੍ਰੀਤ ਕੌਰ ਨੇ ਦੀਪਤੀ ਦੀ ਗੇਂਦ ‘ਤੇ ਜਿਵੇਂ ਦੌੜਦਿਆਂ ਸ਼ਾਨਦਾਰ ਆਖਰੀ ਕੈਚ ਲਿਆ, ਉਸ ਨੇ ਦਰਸਾਇਆ ਕਿ ਹਾਲੇ ਵੀ ਉਸ ਦਾ ਅਥਲੈਟਿਸਿਜ਼ਮ ਵਿਸ਼ਵ ਪੱਧਰੀ ਹੈ।
ਖਿਤਾਬ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਭਾਵੇਂ ਅਸੀਂ ਇਸ ਵਿਸ਼ਵ ਕੱਪ ਵਿੱਚ ਲਗਾਤਾਰ ਤਿੰਨ ਮੁਕਾਬਲੇ ਹਾਰੇ, ਪਰ ਸਾਨੂੰ ਵਿਸ਼ਵਾਸ ਸੀ ਕਿ ਇਹ ਟੀਮ ਲਾਜ਼ਮੀ ਕੋਈ ਕ੍ਰਿਸ਼ਮਾ ਕਰੇਗੀ। ਹਿੰਦੁਸਤਾਨੀ ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਇਸ ਜਿੱਤ ਤੋਂ ਬਾਅਦ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਟੀਮ ‘ਤੇ ਹਰ ਹਿੰਦੁਸਤਾਨੀ ਨੂੰ ਮਾਣ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਇਸ ਟੂਰਨਾਮੈਂਟ ਵਿੱਚ ਜਿਸ ਜਜ਼ਬੇ ਨਾਲ ਖੇਡੀ, ਭਾਰਤ ਅਤੇ ਆਸਟਰੇਲੀਆ ਤੋਂ ਬਾਅਦ ਉਹ ਵੀ ਖਿਤਾਬ ਦੀ ਦਾਅਵੇਦਾਰ ਲਗਦੀ ਸੀ। ਉਸ ਨੇ ਇੰਗਲੈਂਡ ਜਿਹੀ ਮਜਬੂਤ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੱਖਣੀ ਅਫਰੀਕਾ ਦੀ ਟੀਮ ਦੀ ਕੈਪਟਨ ਲਾਓਰਾ ਵੁਲਵਾਰਟ ਨੇ ਇਸ ਮੁਕਾਬਲੇ ਵਿੱਚ ਜ਼ਬਰਦਸਤ ਲੜਾਈ ਲੜੀ ਅਤੇ 101 ਦੌੜਾਂ ਬਣਾਈਆਂ ਪਰ, ਪਰ ਉਸ ਦੇ ਬਰਾਬਰ ਦੂਜੀ ਸਾਈਡ ‘ਤੇ ਖਿਡਾਰਨਾਂ ਆਊਟ ਹੁੰਦੀਆਂ ਚਲੀਆਂ ਗਈਆਂ। ਫਾਈਨਲ ਮੁਕਾਬਲੇ ਬਾਰੇ ਆਪਣੀ ਰਾਏ ਪ੍ਰਗਟ ਕਰਦਿਆਂ ਦੱਖਣੀ ਅਫਰੀਕਾ ਦੀ ਕੈਪਟਨ ਨੇ ਉਦਾਸ ਲਹਿਜੇ ਵਿੱਚ ਕਿਹਾ ਕਿ ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਬਹੁਤਾ ਮਾਣ ਨਹੀਂ ਹੈ। ਉਸ ਨੇ ਕਿਹਾ ਕਿ ਭਾਰਤ ਨੇ ਅੱਜ ਸ਼ਾਨਦਾਰ ਪ੍ਰਦਸ਼ਨ ਕੀਤਾ। ਉਨ੍ਹਾਂ ਸਾਨੂੰ ਹਰ ਖੇਤਰ ਵਿੱਚ ਮਾਤ ਦਿੱਤੀ; ਪਰ ਫਾਈਨਲ ਤੱਕ ਪਹੁੰਚਣ ਲਈ ਦੱਖਣੀ ਅਫਰੀਕਾ ਸ਼ਾਨਦਾਰ ਖੇਡ ਖੇਡਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕੁੜੀਆਂ ਦੇ ਵਿਸ਼ਵ ਚੈਂਪੀਅਨ ਬਣਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ‘ਲਾਮਿਸਾਲ ਟੀਮ ਵਰਕ ਅਤੇ ਦ੍ਰਿੜਤਾ ਕਾਰਨ ਭਾਰਤੀ ਟੀਮ ਇਹ ਸੰਸਾਰ ਕੱਪ ਜਿੱਤੀ ਹੈ। ਸਾਡੀਆਂ ਕੁੜੀਆਂ ਦੀ ਇਹ ਜਿੱਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇਗੀ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੁੜੀਆਂ ਦੀ ਜਿੱਤ ‘ਤੇ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮੰਦਾਈਆ, ਕਾਂਗਰਸੀ ਲੀਡਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਟੈਕਨੋਕਰੇਟ ਸੁੰਦਰ ਪਿਚਾਈ ਅਤੇ ਸੱਤਿਆ ਨਡੇਲਾ ਨੇ ਵੀ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਵੱਲੋਂ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ।
ਕੈਪਟਨ ਹਰਮਨਪ੍ਰੀਤ ਕੌਰ : ਕਣਕਵੰਨੇ ਚਿਹਰੇ ‘ਤੇ ਲਿਖੀ ਇਬਾਰਤ
ਹਿੰਦੁਸਤਾਨੀ ਔਰਤਾਂ ਦੀ ਕ੍ਰਿਕਟ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਪੰਜਾਬ ਦੇ ਮਾਲਵਾ ਖੇਤਰ ਦੀ ਕਲਗੀ ਸਮਝੇ ਜਾਂਦੇ ‘ਮੋਗੇ’ ਦੀ ਜੰਮਪਲ ਹੈ। ਉਸ ਦਾ ਜਨਮ 8 ਮਾਰਚ 1989 ਨੂੰ ਹੋਇਆ। ਉਹ 2009 ਵਿੱਚ ਆਸਟਰੇਲੀਆ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਪਾਕਿਸਤਾਨ ਖਿਲਾਫ ਖੇਡੀ। ਇੰਜ ਵਿਸ਼ਵ ਕੱਪ ਜਿੱਤਣ ਦੇ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ 16 ਸਾਲ ਲੱਗੇ। ਉਮਰ ਦਾ ਸੈਂਤੀਵਾਂ ਸਾਲ 2025 ਉਹਦੇ ਲਈ ਭਾਗਾਂ ਭਰਿਆ ਸਾਬਤ ਹੋਇਆ। 2017 ਦੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਥੋੜ੍ਹੇ ਜਿਹੇ ਫਰਕ ਨਾਲ ਇੰਗਲੈਂਡ ਕੋਲੋਂ ਹਾਰ ਗਈ ਸੀ। ਇਹ ਪਲ ਦਿਲ ਤੋੜਨ ਵਾਲੇ ਸਨ, ਪਰ 2 ਨਵੰਬਰ 2025 ਦਾ ਦਿਨ ਹਰਮਨਪ੍ਰੀਤ ਤੇ ਉਸ ਦੀ ਟੀਮ ਲਈ ਰੌਣਕ ਲੈ ਕੇ ਆਇਆ।
ਹਿੰਦੁਸਤਾਨੀ ਟੀਮ ਦੀ ਕੈਪਟਨ ਹੁੰਦਿਆਂ ਹਰਮਨ ਨੂੰ ਮਹੱਤਵਪੂਰਨ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਕੇ ਹਾਰ ਜਾਣ ਸਮੇਤ ਬਹੁਤ ਸਾਰੇ ਤਾਅਨੇ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਦੇ ਵਿਸ਼ਵ ਕੱਪ ਵਿੱਚ ਵੀ ਲੀਗ ਸਟੇਜ ‘ਤੇ ਉਸ ਦਾ ਬੱਲਾ ਖਾਮੋਸ਼ ਰਹਿਣ ਕਾਰਨ ਅਤਿ ਭੱਦੀ ਟਰੋਲਿੰਗ ਉਸ ਦਾ ਪਿੱਛਾ ਕਰਦੀ ਰਹੀ; ਜਿਵੇਂ ਇਹ ਹੁਣ ਸ਼ੁਭਮਨ ਗਿੱਲ ਦਾ ਕਰ ਰਹੀ ਹੈ। ਪਰ ਸੈਮੀਫਾਈਨ ਵਿੱਚ ਜਮੀਮਾ ਰੋਡਰਿਗਜ਼ (127) ਨਾਲ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਉਸ ਨੇ ਵਿਖਾਇਆ ਕਿ ਵੱਡੇ ਖਿਡਾਰੀ ਵੱਡੇ ਮੌਕਿਆਂ ‘ਤੇ ਪਰਖੇ ਜਾਂਦੇ ਹਨ। ਇਸ ਤਲਖ ਸਫਰ/ਸੰਘਰਸ਼ ਦੀ ਇਬਾਰਤ ਹਰਮਨਪ੍ਰੀਤ ਕੌਰ ਦੇ ਕਣਕਵੰਨੇ ਚਿਹਰੇ ‘ਤੇ ਸਪਸ਼ਟ ਲਿਖੀ ਹੋਈ ਹੈ। ਕਣਕਵੰਨਾ-ਪੱਕਾ ਰੰਗ ਕਿਸਾਨਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜਿਸ ਵਿੱਚ ਸਖ਼ਤ ਕਿਸਮ ਦੀਆਂ ਧੁੱਪਾਂ-ਛਾਵਾਂ ਨੂੰ ਜਜ਼ਬ ਕਰਨ ਦੀ ਅਥਾਹ ਸਮਰੱਥਾ ਹੈ; ਜਿਵੇਂ ਇਹ ਡਾਕਰ ਧਰਤੀ ਵਿੱਚ ਹੁੰਦੀ ਹੈ। ਸ਼ਾਇਦ ਇਸ ਕਿਸਮ ਦੀ ਸਮਰੱਥਾ ਹੀ ਉਸ ਨੂੰ ਇਸ ਮੁਕਾਮ ਤੱਕ ਲੈ ਆਈ।
ਹਰਮਨਪ੍ਰੀਤ ਕੌਰ ਨੇ 50 ਓਵਰਾਂ ਦੀ ਕ੍ਰਿਕਟ ਵਿੱਚ ਹੁਣ ਤੱਕ 161 ਮੈਚ ਖੇਡੇ ਹਨ ਅਤੇ 4409 ਦੌੜਾਂ ਬਣਾਈਆਂ ਹਨ। ਉਸ ਦਾ ਸਭ ਤੋਂ ਵੱਧ ਸਕੋਰ 171 ਰਿਹਾ। ਇਹ ਉਸ ਨੇ 2017 ਦੇ ਵਿਸ਼ਵ ਕੱਪ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਆਸਟਰੇਲੀਆ ਖਿਲਾਫ ਬਣਾਇਆ ਸੀ। ਇਹ ਮੁਕਾਬਲਾ ਖੇਡਣ ਤੋਂ ਬਾਅਦ ਘਰ ਵੱਲ ਪਰਤਦਿਆਂ ਜਦੋਂ ਉਹ ਮੋਗਾ ਬੱਸ ਸਟੈਂਡ ‘ਤੇ ਉਤਰੀ ਤਾਂ ‘ਆਮ ਆਦਮੀ ਪਾਰਟੀ’ ਦੇ ਆਗੂਆਂ ਅਤੇ ਵਰਕਰਾਂ ਦੀ ਇੱਕ ਟੋਲੀ ਉਸ ਦੇ ਸੁਅਗਤ ਲਈ ਪਹੁੰਚੀ; ਪਰ ਇਸ ਭੀੜ ਵੱਲ ਉਸ ਨੇ ਵੇਖਿਆ ਤੱਕ ਨਹੀਂ ਸੀ, ਸਿੱਧੀ ਆਪਣੇ ਘਰ ਵੱਲ ਤੁਰ ਗਈ ਸੀ। ਉਸ ਸਮੇਂ ਉਸ ਦੀ ਇਸ ਇਕਾਗਰਤਾ ਨੇ ਹੀ ਬਿਆਨ ਕਰ ਦਿੱਤਾ ਸੀ ਕਿ ਇਸ ਕੁੜੀ ਵਿੱਚ ਕੁਝ ਖਾਸ ਕਰਨ ਦੀ ਸਮਰੱਥਾ ਹੈ। ਹਰਮਨ ਨੇ ਹੁਣ ਆਪਣੀ ਖੇਡ ਵਿੱਚ ਟੀਸੀ ਦਾ ਬੇਰ ਤੋੜ ਲਿਆ ਹੈ। ਉਸ ਦੀ ਅੰਮੀ, ਬਾਬਲ ਹੁਣ ਉਹਦੇ ਵਿਆਹ ਦੀ ਉਡੀਕ ਵਿੱਚ ਹੋਣਗੇ।
