ਅਸੀਂ ਸਭ ਕੌਣ ਹਾਂ ਅਤੇ ਕਿੱਥੋਂ ਆਏ ਹਾਂ?

ਵਿਚਾਰ-ਵਟਾਂਦਰਾ

ਖੁੱਲ੍ਹਦੇ ਰਹੱਸ
ਸੁਪ੍ਰੀਤ ਸੈਣੀ
(ਆਈ.ਆਈ.ਟੀ. ਬੰਬਈ ਵਿੱਚ ਪ੍ਰੋਫੈਸਰ)
ਅਸੀਂ ਸਭ ਕੌਣ ਹਾਂ ਅਤੇ ਕਿੱਥੋਂ ਆਏ ਹਾਂ? ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ। ਇਹ ਨਾ ਸਿਰਫ਼ ਡੀ.ਐਨ.ਏ. ਨੂੰ ਸਮਝ ਕੇ ਮੈਡੀਕਲ ਖੇਤਰ ਵਿੱਚ ਤਰੱਕੀ ਲਿਆਉਣ ਲਈ ਜ਼ਰੂਰੀ ਹੈ, ਸਗੋਂ ਆਪਣੇ ਭੂਤਕਾਲ ਅਤੇ ਵੱਖਰੇਪਣ ਨੂੰ ਜਾਣਨ ਲਈ ਵੀ ਲਾਜ਼ਮੀ ਹੈ। ਪਰ ਕੀ ਅਸੀਂ ਅਸਲ ਵਿੱਚ ਇਹ ਜਾਣ ਪਾ ਰਹੇ ਹਾਂ ਕਿ ਇਨਸਾਨੀ ਜਾਤੀ ਕਿੱਥੋਂ ਆਈ?

2012 ਵਿੱਚ ਜਿਮ ਹੋਲਟ ਨੇ ਇੱਕ ਕਿਤਾਬ ਲਿਖੀ, ‘ਇਹ ਦੁਨੀਆਂ ਕਿਉਂ ਹੈ?’ ਇਸ ਕਿਤਾਬ ਜ਼ਰੀਏ ਹੋਲਟ ਦਾ ਇਹ ਸਵਾਲ ਬਹੁਤ ਦਿਲਚਸਪ ਹੈ, ਕਿਉਂਕਿ ਉਹ ਨਹੀਂ ਪੁੱਛ ਰਹੇ ਕਿ ਇਹ ਦੁਨੀਆਂ ਕਿਵੇਂ ਬਣੀ, ਸਗੋਂ ਪੁੱਛ ਰਹੇ ਹਨ ਕਿ ਕਿਉਂ ਬਣੀ? ਹੋਲਟ ਦੇ ਵਿਚਾਰ ਵਿੱਚ ਇਸ ਸਵਾਲ ਦਾ ਜਵਾਬ ਤਿੰਨ ਖੇਤਰਾਂ ਦੇ ਲੋਕਾਂ ਕੋਲ ਹੋ ਸਕਦਾ ਹੈ- ਦਰਸ਼ਨ ਸ਼ਾਸਤਰ, ਭੌਤਿਕ ਵਿਗਿਆਨ ਅਤੇ ਧਾਰਮਿਕ ਅਧਿਐਨ। ਆਪਣੇ ਸਵਾਲ ਦਾ ਜਵਾਬ ਲੱਭਣ ਲਈ ਹੋਲਟ ਦੁਨੀਆਂ ਭਰ ਦੇ ਇਨ੍ਹਾਂ ਖੇਤਰਾਂ ਦੇ ਮੁੱਖ ਵਿਦਵਾਨਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੇ ਵਿਚਾਰ ਸਾਡੇ ਅੱਗੇ ਰੱਖਦੇ ਹਨ।
ਮੇਰੇ ਵਿਚਾਰ ਵਿੱਚ ਹੋਲਟ ਦਾ ਸਵਾਲ ਅਤੇ ਉਨ੍ਹਾਂ ਦੀ ਕਿਤਾਬ ਬਹੁਤ ਦਿਲਚਸਪ ਹੈ। ਕੁਝ ਸਾਲ ਪਹਿਲਾਂ ਇੱਕ ਦਿਨ ਕੰਮ ਕਰਦਿਆਂ ਮੈਂ ਆਪਣੇ ਇੱਕ ਸੀਨੀਅਰ ਸਹਿਯੋਗੀ ਨਾਲ ਚਾਹ ਪੀਣ ਗਿਆ। ਗੱਲਾਂ-ਗੱਲਾਂ ਵਿੱਚ ਅਸੀਂ ਚਰਚਾ ਕਰਨ ਲੱਗ ਪਏ ਕਿ ਸਿੱਖਿਆ ਵਿੱਚ ਕਿਸ ਤਰ੍ਹਾਂ ਦੀ ਖੋਜ ਹੋਣੀ ਚਾਹੀਦੀ ਹੈ। ਮੇਰੇ ਸਹਿਯੋਗੀ ਦਾ ਵਿਚਾਰ ਸੀ ਕਿ ਅਸੀਂ ਉਨ੍ਹਾਂ ਸਵਾਲਾਂ ’ਤੇ ਕੰਮ ਕਰੀਏ, ਜਿਨ੍ਹਾਂ ਦਾ ਕੋਈ ਨਿਰਧਾਰਿਤ ਜਵਾਬ ਹੋਵੇ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਸਵਾਲ ਦਾ ਜਵਾਬ ਹੀ ਨਾ ਹੋਵੇ, ਤਾਂ ਉਸ ’ਤੇ ਕੰਮ ਕਰਨ ਦਾ ਕੀ ਲਾਭ?
ਮੇਰਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਅਸੀਂ ਉਹ ਸਵਾਲ ਪੁੱਛੀਏ, ਜਿਨ੍ਹਾਂ ਨੂੰ ਪੁੱਛਣ ਦਾ ਕੋਈ ਹੌਸਲਾ ਨਾ ਰੱਖਦਾ ਹੋਵੇ। ਜਵਾਬ ਤੱਕ ਪਹੁੰਚਣ ਤੋਂ ਵੱਧ ਜ਼ਰੂਰੀ ਸਾਡੀ ਸੋਚ ਹੈ, ਜੋ ਜਵਾਬ ਵੱਲ ਲੈ ਜਾਂਦੀ ਹੈ। ਖੈਰ! ਮੈਨੂੰ ਚੰਗਾ ਲੱਗਾ ਕਿ ਨਾਲ਼ ਦੇ ਕਮਰੇ ਵਿੱਚ ਸਾਲਾਂਬੱਧੀ ਇਕੱਠੇ ਰਹਿਣ ’ਤੇ ਵੀ ਸਾਡੀ ਸੋਚ ਕਿੰਨੀ ਵੱਖਰੀ ਸੀ।
ਹੋਲਟ ਵੱਲੋਂ ਪੁੱਛੇ ਸਵਾਲ ਦਾ ਇੱਕ ਛੋਟਾ ਰੂਪ 2022 ਦੇ ਨੋਬਲ ਜੇਤੂ ਸਵਾਂਤੇ ਪਾਬੋ ਨੇ ਪੁੱਛਿਆ ਕਿ ਇਨਸਾਨੀ ਜਾਤੀ ਕਿੱਥੋਂ ਆਈ? ਜਿਵੇਂ ਹੋਲਟ ਬ੍ਰਹਿਮੰਡ ਦੀ ਰਚਨਾ ਦਾ ਕਾਰਨ ਪੁੱਛ ਰਹੇ ਹਨ, ਉਨ੍ਹਾਂ ਵਾਂਗੂੰ ਪਾਬੋ ਇਨਸਾਨੀ ਜਾਤੀ ਬਾਰੇ ਇੱਕ ਸਵਾਲ ਨਾਲ ਜੂਝਦੇ ਰਹੇ ਹਨ। ਜਦੋਂ 1859 ਵਿੱਚ ਚਾਰਲਸ ਡਾਰਵਿਨ ਦੀ ਕਿਤਾਬ ‘ਓਰੀਜਿਨ ਆਫ਼ ਸਪੀਸ਼ੀਜ਼’ ਛਪੀ, ਤਾਂ ਜਾਤੀਆਂ ਦਾ ਆਉਣਾ ‘ਰਹੱਸਾਂ ਦਾ ਰਹੱਸ’ ਸੀ। ਦਿਲਚਸਪ ਗੱਲ ਇਹ ਹੈ ਕਿ 150 ਸਾਲ ਤੋਂ ਵੱਧ ਬੀਤ ਜਾਣ ’ਤੇ ਵੀ ਅੱਜ ਤੱਕ ਅਸੀਂ ਨਹੀਂ ਜਾਣਦੇ ਕਿ ਨਵੀਆਂ ਜਾਤੀਆਂ ਕਿਵੇਂ ਆਉਂਦੀਆਂ ਹਨ! ਮੇਰੀ ਲੈਬ ਵਿੱਚ ਅਸੀਂ ਇਸੇ ਸਵਾਲ ’ਤੇ ਕੰਮ ਕਰਦੇ ਹਾਂ ਅਤੇ ਯੀਸਟ ਨਾਲ ਖੋਜ ਕਰ ਕੇ ਜਾਤੀਆਂ ਬਣਨ ਦਾ ਰਹੱਸ ਸਮਝਣਾ ਚਾਹੁੰਦੇ ਹਾਂ।
ਪਾਬੋ ਦੇ ਕੰਮ ਕਰ ਕੇ ਅਸੀਂ ਆਪਣੇ ਭੂਤਕਾਲ ਬਾਰੇ ਬਹੁਤ ਕੁਝ ਜਾਣ ਸਕੇ ਹਾਂ। 1829 ਵਿੱਚ ਪਾਬੋ ਦੇ ਕੰਮ ਤੋਂ ਬਹੁਤ ਪਹਿਲਾਂ ਯੂਰਪ ਵਿੱਚ ਇੱਕ ਖੋਪੜੀ ਮਿਲੀ। ਬਹੁਤ ਵਿਵਾਦ ਤੋਂ ਬਾਅਦ ਪਤਾ ਲੱਗਾ ਕਿ ਇਹ ਖੋਪੜੀ ਇੱਕ ਵੱਖਰੀ ਜਾਤੀ ਨਿਐਂਡਰਥਾਲ ਦੀ ਹੈ। ਨਿਐਂਡਰਥਾਲ ਦੇ ਅਵਸ਼ੇਸ਼ ਯੂਰਪ ਅਤੇ ਏਸ਼ੀਆ ਵਿੱਚ ਮਿਲੇ ਅਤੇ ਇਹ ਮੰਨ ਲਿਆ ਗਿਆ ਕਿ ਲਗਭਗ 40,000 ਸਾਲ ਪਹਿਲਾਂ ਨਿਐਂਡਰਥਾਲ ਦੁਨੀਆਂ ਤੋਂ ਗਾਇਬ ਹੋ ਗਏ।
ਇਹ ਕਿਉਂ ਹੋਇਆ? ਇਹ ਅੱਜ ਵੀ ਪੂਰੀ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ, ਪਰ ਵਿਗਿਆਨੀਆਂ ਨੇ ਬਹੁਤ ਕਾਰਨ ਦਿੱਤੇ ਹਨ। ਕਿਉਂਕਿ ਨਿਐਂਡਰਥਾਲ 40,000 ਸਾਲ ਪਹਿਲਾਂ ਲੁਪਤ ਹੋ ਗਏ, ਇਸ ਲਈ ਉਨ੍ਹਾਂ ਦੇ ਸਾਰੇ ਅਵਸ਼ੇਸ਼ ਬਹੁਤ ਪੁਰਾਣੇ ਹਨ। ਇਨ੍ਹਾਂ ਪੁਰਾਣੇ ਅਵਸ਼ੇਸ਼ਾਂ ਤੋਂ ਡੀ.ਐਨ.ਏ. ਕੱਢਣਾ ਅਤੇ ਉਸ ਨੂੰ ਅੱਜ ਦੇ ਇਨਸਾਨਾਂ (ਹੋਮੋ ਸੈਪੀਐਂਸ) ਨਾਲ ਤੁਲਨਾ ਕਰਨਾ ਬਹੁਤ ਔਖੀ ਚੁਣੌਤੀ ਸੀ।
2010 ਵਿੱਚ ‘ਸਾਇੰਸ’ ਜਰਨਲ ਵਿੱਚ ਛਪੇ ਇੱਕ ਲੇਖ ਵਿੱਚ ਪਾਬੋ ਦੀ ਅਗਵਾਈ ਵਿੱਚ ਵਿਗਿਆਨੀਆਂ ਨੇ ਇਹ ਕਰ ਦਿਖਾਇਆ। ਉਨ੍ਹਾਂ ਨੇ ਦੱਸਿਆ ਕਿ ਅਫ਼ਰੀਕਾ ਦੇ ਬਾਹਰ ਵਾਲੇ ਇਨਸਾਨਾਂ ਵਿੱਚ ਨਿਐਂਡਰਥਾਲ ਦਾ ਡੀ.ਐਨ.ਏ. ਹੈ; ਬਹੁਤ ਘੱਟ, ਪਰ ਪੱਕਾ ਹੈ। ਉਨ੍ਹਾਂ ਦੇ ਨਤੀਜਿਆਂ ਨੇ ਦੱਸਿਆ ਕਿ ਯੂਰਪ ਵਿੱਚ ਰਹਿਣ ਵਾਲੇ ਅੱਜ ਦੇ ਲੋਕਾਂ ਵਿੱਚ ਵੀ ਇੱਕ ਤੋਂ ਦੋ ਫ਼ੀਸਦੀ ਡੀ.ਐਨ.ਏ. ਨਿਐਂਡਰਥਾਲ ਦਾ ਹੈ। ਇਹ ਨਾ ਸਿਰਫ਼ ਔਖੀ ਖੋਜ ਸੀ, ਸਗੋਂ ਇਨਸਾਨਾਂ ਦੇ ਅੱਜ ਵਾਲੇ ਰੂਪ ਵਿੱਚ ਆਉਣ ਦੀ ਕਹਾਣੀ ਵੱਲ ਇੱਕ ਬੇਸ਼ਕੀਮਤੀ ਕਦਮ ਸੀ।
2008 ਵਿੱਚ ਸਾਈਬੀਰੀਆ ਵਿੱਚ ਡੈਨੀਸੋਵਾ ਨਾਮੀਂ ਇੱਕ ਗੁਫ਼ਾ ਵਿੱਚ ਇੱਕ ਪਿੰਜਰ ਮਿਲਿਆ। ਜਾਂਚ ਤੋਂ ਪਤਾ ਲੱਗਾ ਕਿ ਇਹ ਇੱਕ ਨਵਾਂ ਗਰੁੱਪ ਸੀ; ਜਿਸ ਨੂੰ ਡੈਨੀਸੋਵਾਨਸ ਨਾਮ ਦਿੱਤਾ ਗਿਆ। ਪਾਬੋ ਅਤੇ ਉਨ੍ਹਾਂ ਦੀ ਟੀਮ ਨੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਦੱਸਿਆ ਕਿ ਅੱਜ ਦੇ ਕੁਝ ਗਰੁੱਪਾਂ ਵਿੱਚ 6 ਫ਼ੀਸਦੀ ਡੀ.ਐਨ.ਏ. ਡੈਨੀਸੋਵਾਨਸ ਦਾ ਹੈ। ਡੈਨੀਸੋਵਾਨਸ ਡੀ.ਐਨ.ਏ. ਦੇ ਇਹ ਅਵਸ਼ੇਸ਼ ਅੱਜ ਦੇ ਪੂਰਬੀ ਏਸ਼ੀਆ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਮਿਲ ਸਕਦੇ ਹਨ।

ਹੋਰ ਇੱਕ ਦਿਲਚਸਪ ਤੱਥ
2024 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਨਵੀਂ ਖੋਜ ਵਿੱਚ ਪਤਾ ਲਗਾਇਆ ਕਿ ਨਿਐਂਡਰਥਾਲਾਂ ਵਿੱਚ ਵੀ ਆਧੁਨਿਕ ਇਨਸਾਨਾਂ ਦਾ ਡੀ.ਐਨ.ਏ. ਸੀ। ਕਰੋਸ਼ੀਆ ਦੇ ਵਿੰਡੀਜਾ ਨਿਐਂਡਰਥਾਲ ਵਿੱਚ ਲਗਭਗ 2.5 ਫ਼ੀਸਦੀ ਆਧੁਨਿਕ ਇਨਸਾਨੀ ਡੀ.ਐਨ.ਏ. ਮਿਲਿਆ, ਜੋ ਦੱਸਦਾ ਹੈ ਕਿ ਇੰਟਰਬ੍ਰੀਡਿੰਗ (ਅੰਦਰੂਨੀ ਜੁੜਤ) ਦੋਵਾਂ ਪਾਸੋਂ ਹੋਈ ਸੀ। ਇਹ ਇੱਕ ਨਵੀਂ ਤਾਰੀਖ ਨਿਰਧਾਰਤ ਕਰਦਾ ਹੈ, ਜਦੋਂ ਹੋਮੋ ਸੈਪੀਐਂਸ ਅਤੇ ਨਿਐਂਡਰਥਾਲ ਇਕੱਠੇ ਰਹੇ ਤੇ ਬੱਚੇ ਪੈਦਾ ਕੀਤੇ। ਇਸ ਨਾਲ ਸਾਡੀ ਕਹਾਣੀ ਵਧੇਰੇ ਦਿਲਚਸਪ ਹੋ ਗਈ ਹੈ। ਅਸੀਂ ਨਾ ਸਿਰਫ਼ ਉਨ੍ਹਾਂ ਨੂੰ ਜੋੜਿਆ, ਸਗੋਂ ਉਹ ਵੀ ਸਾਡੇ ਨਾਲ ਜੁੜੇ।
ਹਜ਼ਾਰਾਂ ਸਦੀਆਂ ਪੁਰਾਣੇ ਡੀ.ਐਨ.ਏ. ਅਵਸ਼ੇਸ਼ਾਂ ਤੋਂ ਕੋਈ ਸਿੱਟਾ ਕੱਢਣਾ ਪਾਬੋ ਦੇ ਕੰਮ ਤੋਂ ਪਹਿਲਾਂ ਅਸੰਭਵ ਸੀ। ਉਨ੍ਹਾਂ ਨੇ ਕਈ ਦਹਾਕੇ ਇਨ੍ਹਾਂ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਵਿੱਚ ਲਗਾਏ; ਜਿਨ੍ਹਾਂ ਨਾਲ ਅੱਜ ਅਸੀਂ ਆਪਣੇ ਭੂਤਕਾਲ ਬਾਰੇ ਜਾਣਦੇ ਹਾਂ।
ਪਾਬੋ ਦੇ ਕੰਮ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਵੱਖਰਾ ਅਤੇ ਇੱਕੋ ਜਿਹਾ ਹੋਣਾ ਕੀ ਹੁੰਦਾ ਹੈ। ਜਿਨ੍ਹਾਂ ਨੂੰ ਅਸੀਂ ਵੱਖਰੀ ਜਾਤੀ ਸਮਝਦੇ ਸੀ, ਅਸਲ ਵਿੱਚ ਉਨ੍ਹਾਂ ਦਾ ਡੀ.ਐਨ.ਏ. ਅੱਜ ਵੀ ਸਾਡੇ ਅੰਦਰ ਹੈ। ਜੋ ਜਾਤੀਆਂ ਅਸੀਂ ਆਪਣੇ ਤੋਂ ਵੱਖਰੀਆਂ ਮੰਨਦੇ ਹਾਂ (ਜਿਵੇਂ ਚਿੰਪੈਂਜ਼ੀ), ਉਨ੍ਹਾਂ ਦਾ ਡੀ.ਐਨ.ਏ. ਸਾਡੇ ਨਾਲ 99 ਫ਼ੀਸਦੀ ਮਿਲਦਾ ਹੈ। ਪਾਬੋ ਦੀਆਂ ਇਨ੍ਹਾਂ ਖੋਜਾਂ ਵਿੱਚ ਅਸੀਂ ਕੌਣ ਹਾਂ ਅਤੇ ਆਪਣੀ ਤੇ ਹੋਰ ਜਾਤੀਆਂ ਨਾਲ ਸਾਡਾ ਕੀ ਰਿਸ਼ਤਾ ਹੈ? ਇਹ ਸਵਾਲ ਸਾਡੇ ਅੱਗੇ ਖੜ੍ਹੇ ਹੋ ਜਾਂਦੇ ਹਨ।

ਇੱਕ ਹੋਰ ਨਵਾਂ ਤੱਥ
2025 ਵਿੱਚ ਬ੍ਰਾਊਨ ਯੂਨੀਵਰਸਿਟੀ ਦੀ ਖੋਜ ਨੇ ਪਤਾ ਲਗਾਇਆ ਕਿ ਡੈਨੀਸੋਵਾਨ ਡੀ.ਐਨ.ਏ. ਵਿੱਚ ਇੱਕ ਜੀਨ ਹੈ, ਜੋ ਉੱਚੀਆਂ ਉਚਾਈਆਂ ’ਤੇ ਜੀਵਨ ਲਈ ਮਦਦ ਕਰਦਾ ਹੈ। ਇਹ ਜੀਨ ਨਿਐਂਡਰਥਾਲਾਂ ਰਾਹੀਂ ਆਧੁਨਿਕ ਇਨਸਾਨਾਂ ਤੱਕ ਪਹੁੰਚਿਆ, ਜਿਸ ਨਾਲ ਪਹਿਲੇ ਅਮਰੀਕੀ ਲੋਕ ਨਵੀਆਂ ਥਾਵਾਂ ’ਤੇ ਵੱਸ ਸਕੇ। ਇਹ ਦੱਸਦਾ ਹੈ ਕਿ ਪੁਰਾਣੀਆਂ ਜਾਤੀਆਂ ਨੇ ਨਾ ਸਿਰਫ਼ ਸਾਡੇ ਵਿੱਚ ਡੀ.ਐਨ.ਏ. ਛੱਡਿਆ, ਸਗੋਂ ਸਾਨੂੰ ਨਵੇਂ ਵਾਤਾਵਰਣਾਂ ਵਿੱਚ ਬਚਣ ਵਿੱਚ ਵੀ ਮਦਦ ਕੀਤੀ। ਇਸ ਨਾਲ ਅਸੀਂ ਵੇਖ ਸਕਦੇ ਹਾਂ ਕਿ ਸਾਡੀ ਵਿਭਿੰਨਤਾ ਕਿਵੇਂ ਸਾਡੀ ਤਾਕਤ ਬਣੀ।
ਇਨ੍ਹਾਂ ਖੋਜਾਂ ਨਾਲ ਸਾਡਾ ਅਤੀਤ ਵਧੇਰੇ ਰੰਗੀਨ ਹੋ ਗਿਆ ਹੈ। ਅਸੀਂ ਹੁਣ ਸਿਰਫ਼ ਇੱਕ ਜਾਤੀ ਨਹੀਂ, ਸਗੋਂ ਕਈ ਪੁਰਾਣੀਆਂ ਜਾਤੀਆਂ ਦੇ ਮਿਸ਼ਰਣ ਹਾਂ। ਇਹ ਸਮਝ ਸਾਡੇ ਭਵਿੱਖ ਨੂੰ ਵੀ ਬਦਲ ਸਕਦੀ ਹੈ, ਕਿਉਂਕਿ ਜੇਕਰ ਅਸੀਂ ਆਪਣੇ ਰਿਸ਼ਤੇ ਜਾਣਦੇ ਹਾਂ ਤਾਂ ਹੋਰ ਜੀਵਾਂ ਨਾਲ ਵੀ ਬਿਹਤਰ ਵਿਹਾਰ ਕਰਾਂਗੇ। ਪਾਬੋ ਵਰਗੇ ਵਿਗਿਆਨੀਆਂ ਨੇ ਸਾਨੂੰ ਇਹ ਤਾਕਤ ਦਿੱਤੀ ਹੈ ਕਿ ਅਸੀਂ ਆਪਣੇ ਰਹੱਸ ਖੋਲ੍ਹੀਏ ਅਤੇ ਅੱਗੇ ਵਧੀਏ।

Leave a Reply

Your email address will not be published. Required fields are marked *