ਆਈ.ਐੱਸ.ਆਈ. ਦਾ ਨਵਾਂ ਪੈਂਤੜਾ- ਬੇਰੁਜ਼ਗਾਰ ਅਤੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਬਣਾ ਰਿਹੈ ਦਹਿਸ਼ਤਗਰਦ
ਪੰਜਾਬੀ ਪਰਵਾਜ਼ ਬਿਊਰੋ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਲੰਮੇ ਸਮੇਂ ਤੋਂ ਪੰਜਾਬ ਨੂੰ ਅਸ਼ਾਂਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਰਾਹੀਂ ਰਾਜ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਸਰਹੱਦ ਪਾਰੋਂ ਹਥਿਆਰਾਂ ਦੀ ਸਪਲਾਈ ਵਧਦੀ ਜਾ ਰਹੀ ਹੈ, ਜਿਸ ਨੂੰ ਰੋਕਣਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਨਾਲ ਹੀ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਦੇ ਗਠਜੋੜ ਨੇ ਵੀ ਇਸ ਚੁਣੌਤੀ ਨੂੰ ਵਧਾ ਦਿੱਤਾ ਹੈ।
ਕੁੱਝ ਦਿਨ ਪਹਿਲਾਂ ਲੁਧਿਆਣਾ ਵਿੱਚ ਫੜੇ ਗਏ ਅਤਿਵਾਦੀ ਮਡਿਊਲ ਦੇ ਖੁਲਾਸੇ ਤੋਂ ਬਾਅਦ ਇਹ ਪੂਰਾ ਗਠਜੋੜ ਸਾਹਮਣੇ ਆਇਆ ਹੈ। ਇਸ ਅਨੁਸਾਰ ਮਲੇਸ਼ੀਆ, ਫਰਾਂਸ, ਕੈਨੇਡਾ, ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਤੋਂ ਪੂਰਾ ਨੈੱਟਵਰਕ ਕੰਮ ਕਰ ਰਿਹਾ ਹੈ। ਨੈੱਟਵਰਕ ਨੂੰ ਮਜਬੂਤ ਕਰਨ ਲਈ ਪੰਜਾਬ ਵਿੱਚ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ।
ਮਲੇਸ਼ੀਆ ਵਿੱਚ ਬੈਠੇ ਹੈਂਡਲਰ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਪੰਜਾਬ ਵਿੱਚ ਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਧਮਾਕੇ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਹਮਲਿਆਂ ਦੀ ਯੋਜਨਾ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀ ਬਣਾ ਰਹੇ ਸਨ। ਆਈ.ਐੱਸ.ਆਈ. ਵੱਲੋਂ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਂਦੀ ਹੈ।
ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਪੰਜਾਬ ਵਿੱਚ ਅਤਿਵਾਦ ਫੈਲਾਉਣ ਅਤੇ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚਦੀ ਰਹੀ ਹੈ। ਪਿਛਲੇ ਮਹੀਨੇ ਹੀ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇੱਕ ਖੁਫੀਆ ਜਾਣਕਾਰੀ ਆਧਾਰ ’ਤੇ ਦੋ ਅਤਿਵਾਦੀ ਆਪ੍ਰੇਟਿਵ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜਮਾਂ ਦੇ ਨਾਮ ਮਹਿਕਦੀਪ ਅਤੇ ਆਦਿਤਿਆ ਹਨ। ਦੋਵੇਂ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੋਸ਼ੀਆਂ ਕੋਲੋਂ ਇੱਕ ਰਾਕੇਟ ਪ੍ਰੋਪੈਲਡ ਗ੍ਰੇਨੇਡ (ਆਰ.ਪੀ.ਜੀ.) ਵੀ ਬਰਾਮਦ ਕੀਤਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਦੋਵੇਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇੱਕ ਏਜੰਟ ਦੇ ਸੰਪਰਕ ਵਿੱਚ ਸਨ, ਜਿਸ ਨੇ ਇਹ ਹਥਿਆਰ ਭਾਰਤ ਭੇਜੇ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਪੁਲਿਸ ਨੇ ਮਈ ਮਹੀਨੇ ਵਿੱਚ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ, ਪਿਸਟਲ, ਮੈਗਜ਼ੀਨ ਅਤੇ ਕਾਰਤੂਸ ਮਿਲੇ ਸਨ, ਇਨ੍ਹਾਂ ਨੇ ਥਾਣੇ ’ਤੇ ਹੈਂਡ ਗ੍ਰੇਨੇਡ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ., ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਗੈਂਗਸਟਰ ਜੀਵਨ ਫੌਜੀ ਦੇ ‘ਟੈਰਰ ਮਡਿਊਲ’ ਨੇ ਇਸ ਦੀ ਪੂਰੀ ਯੋਜਨਾਬੰਦੀ ਕੀਤੀ ਸੀ।
ਇਸ ਤਰ੍ਹਾਂ ਕੰਮ ਕਰ ਰਿਹਾ ਹੈ ਪੂਰਾ ਨੈੱਟਵਰਕ
ਆਈ.ਐੱਸ.ਆਈ. ਵਿਦੇਸ਼ਾਂ ਵਿੱਚ ਬੈਠੇ ਆਪਣੇ ਹੈਂਡਲਰਾਂ ਰਾਹੀਂ ਪੂਰਾ ਨੈੱਟਵਰਕ ਚਲਾ ਰਹੀ ਹੈ। ਮਲੇਸ਼ੀਆ, ਬ੍ਰਿਟੇਨ, ਅਮਰੀਕਾ, ਜਰਮਨੀ ਅਤੇ ਅਮਰੀਕਾ ਵਿੱਚ ਬੈਠੇ ਹੈਂਡਲਰ ਪੰਜਾਬ ਵਿੱਚ ਅਤਿਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਆਪਣੇ ਏਜੰਟਾਂ ਨੂੰ ਸੌਂਪ ਰਹੇ ਹਨ। ਖੁਫੀਆ ਏਜੰਸੀਆਂ ਅਨੁਸਾਰ ਪੰਜਾਬ ਵਿੱਚ ਜੇਲ੍ਹਾਂ ਵਿੱਚ ਛੋਟੇ-ਮੋਟੇ ਅਪਰਾਧਾਂ ਵਿੱਚ ਬੰਦ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਬਾਹਰ ਭੇਜਣ ਦੇ ਸੁਪਨੇ ਵਿਖਾ ਕੇ ਵੀ ਅਤਿਵਾਦ ਦੇ ਜਾਲ਼ ਵਿੱਚ ਫਸਾਇਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਅਨੁਸਾਰ ਆਈ.ਐੱਸ.ਆਈ. ਸਰਹੱਦ ਪਾਰੋਂ ਹਥਿਆਰ, ਵਿਸਫੋਟਕ ਸਮੱਗਰੀ ਅਤੇ ਪੈਸੇ ਭੇਜ ਕੇ ਪੰਜਾਬ ਵਿੱਚ ਸਲੀਪਰ ਸੈੱਲ ਤਿਆਰ ਕਰ ਰਹੀ ਹੈ। ਨੌਜਵਾਨਾਂ ਦੀ ਵੱਡੇ ਪੱਧਰ ’ਤੇ ਭਰਤੀ ਅਤੇ ਲੌਜਿਸਟਿਕ ਸਪੋਰਟ ਤਿਆਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਮਨੀ ਲਾਂਡਰਿੰਗ ਅਤੇ ਹਵਾਲਾ ਚੈਨਲ ਰਾਹੀਂ ਫੰਡਿੰਗ ਦਾ ਨੈੱਟਵਰਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ਵਿੱਚ ਲੁਕੇ ਬੈਠੇ ਹਨ ਦਹਿਸ਼ਤਗਰਦ ਅਤੇ ਗੈਂਗਸਟਰ
•ਬਹੁਤ ਸਾਰੇ ਲੋੜੀਂਦੇ ਦਹਿਸ਼ਤਗਰਦ ਅਤੇ ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਹਨ ਤੇ ਉੱਥੋਂ ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਬੀ.ਕੇ.ਆਈ. ਦਾ ਹੈਂਡਲਰ ਸਤਨਾਮ ਸਿੰਘ ਸੱਤਾ ਫਰਾਂਸ ਵਿੱਚ ਹੈ, ਜਦਕਿ ਜਸਵਿੰਦਰ ਸਿੰਘ ਮੰਨੂੰ ਗ੍ਰੀਸ ਵਿੱਚ ਬੈਠਾ ਹੈ।
•ਇਸੇ ਤਰ੍ਹਾਂ ਸਤਿੰਦਰਜੀਤ ਸਿੰਘ ਗੋਲਡੀ ਬਰਾੜ ਅਮਰੀਕਾ ਵਿੱਚ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ। ਬਿਸ਼ਨੋਈ ਗੈਂਗ ਨਾਲ ਜੁੜੇ ਬਰਾੜ ਦੇ ਬੱਬਰ ਖਾਲਸਾ ਨਾਲ ਵੀ ਰਿਸ਼ਤੇ ਹਨ।
•ਅਰਸ਼ਦੀਪ ਸਿੰਘ ਅਰਸ਼ ਉਪਨਾਮ ਡੱਲਾ ਭੱਜ ਕੇ ਕੈਨੇਡਾ ਪਹੁੰਚ ਗਿਆ ਸੀ। ਅਮਰੀਕਾ ਵਿੱਚ ਬੈਠਾ ਅੰਮ੍ਰਿਤ ਬਲ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਹੈ।
•ਕੈਨੇਡਾ ਵਿੱਚ ਰਹਿ ਰਿਹਾ ਲੰਡਾ ਵੀ ਲਗਾਤਾਰ ਸਰਗਰਮ ਹੈ। ਮੋਹਾਲੀ ਵਿੱਚ ਇੰਟੈਲੀਜੈਂਸ ਹੈਡਕੁਆਟਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ’ਤੇ ਹਮਲਿਆਂ ਵਿੱਚ ਲੰਡੇ ਦਾ ਹੱਥ ਸੀ।
•ਹਰਵਿੰਦਰ ਸਿੰਘ ਰਿੰਡਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਰਿੰਡਾ ਨੇ ਵਿਦਿਆਰਥੀ ਰਾਜਨੀਤੀ ਵਜੋਂ ਕਰੀਅਰ ਸ਼ੁਰੂ ਕੀਤਾ ਸੀ, ਪਰ ਫਿਰ ਇਹ ਅਤਿਵਾਦ ਦੀ ਦੁਨੀਆ ਵਿੱਚ ਦਾਖਲ ਹੋ ਗਿਆ। ਅੱਜ ਕੱਲ੍ਹ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਸਰਪ੍ਰਸਤੀ ਵਿੱਚ ਪਾਕਿਸਤਾਨ ਵਿੱਚ ਰਹਿ ਰਿਹਾ ਹੈ।
•ਗੈਂਗਸਟਰ ਰੋਹਿਤ ਗੋਦਾਰਾ ਯੂਰਪ ਵਿੱਚ ਕਿਤੇ ਲਕਿਆ ਬੈਠਾ ਹੈ; ਉਹ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ।
ਪੰਜਾਬ ਲਈ ਵੱਖਰੇ ਨਜ਼ਰੀਏ ਤੋਂ ਸੋਚਣਾ ਹੋਵੇਗਾ
ਕ੍ਰੌਸ ਬਾਰਡਰ ਟੈਰਰਿਜ਼ਮ ਪੰਜਾਬ ਸਮੇਤ ਪੂਰੇ ਦੇਸ਼ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਦਿੱਲੀ ਵਿੱਚ ਹੋਏ ਧਮਾਕੇ ਤੋਂ ਬਾਅਦ ਤਾਂ ਚਿੰਤਾ ਵਧਣੀ ਲਾਜ਼ਮੀ ਹੈ। ਪੰਜਾਬ ਇੱਕ ਵੱਡਾ ਬਾਰਡਰ ਸਟੇਟ ਹੈ, ਇਸ ਲਈ ਇਸ ਦੀ ਸੁਰੱਖਿਆ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਵਧੇਰੇ ਚੌਕਸ ਹੋਣਾ ਪਵੇਗਾ। ਦੇਸ਼ ਵਿਰੋਧੀ ਬਾਹਰੀ ਤਾਕਤਾਂ ਰਾਜ ਦੇ ਲੋਕਾਂ ਨੂੰ ਆਪਣਾ ਸੌਫਟ ਟਾਰਗੇਟ ਬਣਾ ਕੇ ਉਨ੍ਹਾਂ ਦਾ ਇਸਤੇਮਾਲ ਅਤਿਵਾਦ ਫੈਲਾਉਣ ਵਿੱਚ ਕਰਦੀਆਂ ਹਨ। ਅਜਿਹਾ ਕਿਉਂ ਹੋ ਰਿਹਾ ਹੈ, ਇਹ ਸੋਚਣਾ ਪਵੇਗਾ। ਕਿਉਂ ਪੰਜਾਬ ਦੇ ਲੋਕ ਉਨ੍ਹਾਂ ਦੇ ਝਾਂਸਿਆਂ ਵਿੱਚ ਆ ਰਹੇ ਹਨ? ਇਸ ’ਤੇ ਸਰਕਾਰ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਮੰਥਨ ਕਰਨ ਦੀ ਲੋੜ ਹੈ। ਬਾਰਡਰ ਸਟੇਟ ਹੋਣ ਕਰ ਕੇ ਪੰਜਾਬ ਦੀ ਮੂਲ ਸਮੱਸਿਆ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਬਰਗਲਾਉਣ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਮੋਹਰਾ ਬਣਨ ਤੋਂ ਰੋਕਣ ਲਈ ਕੀ ਯਤਨ ਕੀਤੇ ਜਾ ਸਕਦੇ ਹਨ, ਉਸ ਦਿਸ਼ਾ ਵਿੱਚ ਸਰਕਾਰਾਂ ਨੂੰ ਅੱਗੇ ਵਧਣਾ ਹੋਵੇਗਾ। ਬਾਹਰੀ ਲੋਕਾਂ ਦੀ ਤਾਕਤ ਉਨ੍ਹਾਂ ਦਾ ਇੱਥੇ ਫੈਲਿਆ ਸਥਾਨਕ ਨੈੱਟਵਰਕ ਹੈ, ਇਸੇ ਨੈੱਟਵਰਕ ਨੂੰ ਤੋੜਨਾ ਹੋਵੇਗਾ।
-ਡਾ. ਪਿਆਰਾ ਲਾਲ ਗਰਗ
ਸਾਬਕਾ ਡੀਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਆਈ.ਐੱਸ.ਆਈ. ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਪੁਲਿਸ ਸਰਹੱਦ ਪਾਰ ਦੇ ਅਤਿਵਾਦ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਲੁਧਿਆਣਾ ਪੁਲਿਸ ਨੇ ਆਈ.ਐੱਸ.ਆਈ. ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ, ਜਿਸ ਵਿੱਚ ਘਣੀ ਆਬਾਦੀ ਵਾਲੇ ਇਲਾਕੇ ਵਿੱਚ ਗ੍ਰੇਨੇਡ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
-ਗੌਰਵ ਯਾਦਵ, ਡੀ.ਜੀ.ਪੀ., ਪੰਜਾਬ।
ਪਹਿਲਾਂ ਪੰਜਾਬ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੱਧ ਹੁੰਦੀ ਸੀ ਅਤੇ ਹਥਿਆਰਾਂ ਦੀ ਘੱਟ। ਹੁਣ ਕੁਝ ਸਮੇਂ ਤੋਂ ਵੇਖਿਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਵੀ ਵਧੀ ਹੈ। ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਲਾਜ਼ਮੀ ਤੌਰ ’ਤੇ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਹੀ ਮਨਸੂਬੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਿੰਡੀਕੇਟ ਨੂੰ ਉਤਸ਼ਾਹਿਤ ਕਰਨ ਵਿੱਚ ਬਾਹਰੀ ਨੈੱਟਵਰਕ ਦੇ ਨਾਲ-ਨਾਲ ਸਥਾਨਕ ਨੈੱਟਵਰਕ ਵੀ ਮਜਬੂਤੀ ਨਾਲ ਕੰਮ ਕਰ ਰਿਹਾ ਹੈ। ਕਈ ਨਾਮੀ ਲੋਕ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਪੰਜਾਬ ਦੇ ਬੇਰੁਜ਼ਗਾਰ, ਨਸ਼ੇ ਦੇ ਜਾਲ਼ ਵਿੱਚ ਫਸੇ ਲੋਕ, ਗੈਂਗਸਟਰ, ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਬਦਮਾਸ਼, ਗਰੀਬ ਅਤੇ ਲਾਲਚੀ ਪ੍ਰਵਿਰਤੀ ਵਾਲੇ ਲੋਕ; ਇਨ੍ਹਾਂ ਸਾਰਿਆਂ ਨੂੰ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਫਸਾਇਆ ਜਾਂਦਾ ਹੈ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਇਨ੍ਹਾਂ ਲੋਕਾਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਲੱਗੀਆਂ ਹੋਈਆਂ ਹਨ, ਪਰ ਮੌਜੂਦਾ ਹਾਲਾਤ ਵੇਖੀਏ ਤਾਂ ਇਹ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
-ਸਿੱਧਾਰਥ ਚੱਟੋਪਾਧਿਆਏ, ਸੇਵਾ ਮੁਕਤ ਡੀ.ਜੀ.ਪੀ. ਪੰਜਾਬ।
