*ਵਿਰੋਧੀਆਂ ਦੀਆਂ ਗਲਤੀਆਂ ਨੇ ਬਾਦਲ ਧੜੇ ਨੂੰ ਸੰਭਲਣ ਦਾ ਦਿੱਤਾ ਮੌਕਾ
*ਪਾਰਲੀਮਾਨੀ ਰਾਜਨੀਤੀ ਵਿੱਚ ਸਾਧਨ ਸਮਰੱਥ ਹੋਣਾ ਵੀ ਜ਼ਰੂਰੀ
-ਜਸਵੀਰ ਸਿੰਘ ਸ਼ੀਰੀ
ਤਰਨਤਾਰਨ ਵਿੱਚ ਹੋਈ ਜ਼ਿਮਨੀ ਚੋਣ ਦੇ ਇੱਕ ਤਰ੍ਹਾਂ ਨਾਲ ਵਚਿੱਤਰ ਕਿਸਮ ਦੇ ਨਤੀਜੇ ਸਾਹਮਣੇ ਆਏ ਹਨ। ਇਸ ਚੋਣ ਨਤੀਜੇ ਨੇ ਭਾਰਤ ਵਿੱਚ ਚੱਲ ਰਹੀ ਕੁੱਲਵਾਦੀ ਸਿਆਸਤ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਤਰਨਤਾਰਨ ਦਾ ਇਹ ਨਤੀਜਾ ਦੇਸ਼ ਦੇ ਕਈ ਹੋਰ ਹਿੱਸਿਆਂ, ਖਾਸ ਕਰਕੇ ਬਿਹਾਰ ਦੀ ਵਿਧਾਨ ਸਭਾ ਵਿੱਚ ਆਏ ਚੋਣ ਨਤੀਜਿਆਂ ਦੇ ਬਿਲਕੁਲ ਉਲਟ ਜਾਪਦਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਹ ਚੋਣ ਭਾਵੇਂ 10-12 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ,
ਪਰ ਨਤੀਜਿਆਂ ਦੀ ਜਿਸ ਕਿਸਮ ਦੀ ਤਰਤੀਬ ਸਾਹਮਣੇ ਆਈ ਹੈ, ਉਸ ਤੋਂ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ- ਭਾਜਪਾ ਅਤੇ ਕਾਂਗਰਸ ਪੰਜਾਬ ਵਿੱਚ ਹਾਸ਼ੀਏ `ਤੇ ਚਲੀਆਂ ਗਈਆਂ ਨਜ਼ਰ ਆ ਰਹੀਆਂ ਹਨ। ਖੇਤਰੀ ਪਾਰਟੀਆਂ (‘ਆਪ’ ਸਮੇਤ) ਦਾ ਇੱਕ ਉਭਾਰ ਸੰਕੇਤ ਦੇ ਰਿਹਾ ਹੈ। ਜਿੱਥੇ ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਲਈ ਸਦਾ ਵਾਸਤੇ ਰਸਤੇ ਬੰਦ ਹੋ ਜਾਣ ਦਾ ਐਲਾਨ ਕੀਤਾ ਹੈ, ਉਥੇ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁਕਾਬਲੇ ਵਿੱਚ ਜਿੱਤਣ ਦੀ ਆਸ ਕਈ ਪਾਰਟੀਆਂ ਲਈ ਖੁੱਲ੍ਹ ਗਈ ਹੈ। ਬਸ਼ਰਤੇ ਕਿ ਭਾਰਤੀ ਚੋਣ ਕਮਿਸ਼ਨ ਦਾ ਨਸ਼ਤਰ ਪੰਜਾਬ ਦੀਆਂ ਚੋਣ ਸੂਚੀਆਂ ਨੂੰ ਵੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਰਾਹੀਂ ਦੁਬਾਰਾ ਨਾ ਛਾਂਗ ਦੇਵੇ।
ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤਣ ਵਾਲੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 42,652 ਵੋਟਾਂ ਮਿਲੀਆਂ ਹਨ ਅਤੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ 30,558 ਵੋਟਾਂ ਹਾਸਲ ਕਰਕੇ ਦੂਜੇ ਸਥਾਨ `ਤੇ ਰਹੇ ਹਨ; ਜਦਕਿ ਪੰਥਕ ਧਿਰਾਂ ਦੇ ਉਮੀਦਵਾਰ ਮਨਦੀਪ ਸਿੰਘ ਨੂੰ 19,620 ਵੋਟਾਂ ਮਿਲੀਆਂ ਹਨ। ਦੋਨੋਂ ਵੱਡੀਆਂ ਕੌਮੀ ਪਾਰਟੀਆਂ- ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਕ੍ਰਮਵਾਰ 15,078 ਅਤੇ 6239 ਵੋਟਾਂ ਹਾਸਲ ਕਰਕੇ ਚੌਥੇ ਤੇ ਪੰਜਵੇਂ ਸਥਾਨ `ਤੇ ਰਹੀਆਂ ਹਨ ਅਤੇ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੀਆਂ।
ਇਸ ਚੋਣ ਦੇ ਨਤੀਜੇ ਤੋਂ ਪਹਿਲਾਂ ਆਮ ਲੋਕ ਰਾਏ ਅਤੇ ਰਾਜਨੀਤਿਕ ਵਿਸ਼ਲੇਸ਼ਣ ਵੀ ਮੁੱਖ ਟੱਕਰ ਪੰਥਕ ਉਮੀਦਵਾਰ ਮਨਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਵਿਚਕਾਰ ਦੇਖ ਰਹੇ ਸਨ, ਪਰ ਨਤੀਜੇ ਨੇ ਸਾਬਤ ਕੀਤਾ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਰੈਡੀਕਲ ਸਿੱਖ ਸਟਰੀਮ ਦੇ ਤ੍ਰਿਸਕਾਰ ਦਾ ਸਾਹਮਣਾ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਪੁਰਾਣਾ ਅਕਾਲੀ ਦਲ ਇੱਕ ਵਾਰ ਫਿਰ ਆਪਣੇ ਆਪ ਨੂੰ ਉਭਾਰਨ ਵਿੱਚ ਕਾਮਯਾਬ ਹੋ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਸ ਤੋਂ ਵੱਖ ਹੋਇਆ ਅਕਾਲੀ ਦਲ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਆਪਣੇ ਸਿਆਸੀ ਨਕਸ਼ ਧੁੰਦਲੇ ਹੁੰਦੇ ਵੇਖ ਰਿਹਾ ਹੈ। ਇਹ ਨਤੀਜਾ ਇਸ ਪਾਸੇ ਵੱਲ ਵੀ ਸੰਕੇਤ ਕਰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੀ ਸੀਨੀਅਰ ਅਤੇ ਨਵੀਂ ਲੀਡਰਸ਼ਿੱਪ ਨੂੰ ਸੰਗਠਨਾਤਮਕ ਤੇ ਵਿਚਾਰਧਾਰਕ ਰੂਪ ਵਿੱਚ ਕਿਸੇ ਦਿਸ਼ਾ ਵਿੱਚ ਤੋਰਨ ਵਿੱਚ ਹਾਲ ਦੀ ਘੜੀ ਨਾਕਾਮ ਰਹਿ ਰਹੇ ਹਨ। ਇਹ ਠੀਕ ਹੈ ਕਿ ਕਿਸੇ ਪਾਰਟੀ ਦੀ ਉਸਾਰੀ ਅਤੇ ਇਸ ਨੂੰ ਪਰਪੱਕਤਾ ਤੱਕ ਪ੍ਰਵਾਨ ਚਾੜ੍ਹਨ ਲਈ ਦਹਾਕਿਆਂ ਤੋਂ ਲੈ ਕੇ ਸਦੀਆਂ ਲੱਗ ਜਾਂਦੀਆਂ ਹਨ; ਪਰ ਨਵੀਂ ਸਿਆਸੀ ਪਾਰਟੀ ਲਈ ਆਪਣੇ ਸ਼ੁਰੂਆਤੀ ਕਦਮ, ਵਿਚਾਰਧਾਰਕ ਸਾਫਗੋਈ ਅਤੇ ਅਪਣਾਈ ਜਾਣ ਵਾਲੀ ਸਿਆਸੀ ਦਿਸ਼ਾ ਬਹੁਤ ਕੁਝ ਤੈਅ ਕਰ ਸਕਦੇ ਹਨ। ਜੇ ਨਵੀਂ ਅਕਾਲੀ ਪਾਰਟੀ ਦੀ ਉਸਾਰੀ ਨੂੰ ਅਸੀਂ ਇਸ ਨਜ਼ਰ ਨਾਲ ਵੇਖੀਏ ਤਾਂ ਪਤਾ ਲੱਗੇਗਾ ਕਿ ਅਕਾਲੀ ਸਿਆਸਤ ਦੇ ਪੁਨਰਉਥਾਨ ਨੂੰ ਸਮਰਪਿਤ ਅਕਾਲੀ ਦਲ ਨੇ ਆਪਣੇ ਮੁੱਢ ਵਿੱਚ ਹੀ ਕੁਝ ਗੰਭੀਰ ਗਲਤੀਆਂ ਕੀਤੀਆਂ, ਜਿਨ੍ਹਾਂ ਨੇ ਇਸ ਪਾਰਟੀ ਦੀ ਭਰੋਸੇਯੋਗਤਾ ਨੂੰ ਦਾਅ `ਤੇ ਲਗਾ ਦਿੱਤਾ। ਇਸ ਨੁਕਤੇ ਤੋਂ ਸਭ ਤੋਂ ਪਹਿਲੀ ਗਲਤੀ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਵੀਂ ਪਾਰਟੀ ਦਾ ਪ੍ਰਧਾਨ ਚੁਣੇ ਜਾਣਾ ਹੀ ਸੀ। ਯਾਦ ਰਹੇ, ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਾਲ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਸਮੂਹਿਕ ਅਕਾਲੀ ਲੀਡਰਸ਼ਿੱਪ ਨੂੰ ਤਨਖਾਹ ਲਾਉਣ ਵਿੱਚ ਵੀ ਸ਼ਮਾਲ ਸਨ। ਇਸ ਹੁਕਮਨਾਮੇ ਦੀ ਸੁਚੱਜਤਾ ਅਤੇ ਨਿਰਪੱਖਤਾ ਦੀ ਸਾਰੀ ਦੁਨੀਆਂ ਵਿੱਚ, ਇੱਥੋਂ ਤੱਕ ਕਿ ਗੈਰ-ਸਿੱਖ ਤਬਕਿਆਂ ਵਿੱਚ ਹੀ ਪ੍ਰਸ਼ੰਸਾ ਹੋਈ ਸੀ। ਇਸ ਹੁਕਮਨਾਮੇ ਨੂੰ ਤਿਆਰ ਅਤੇ ਜਾਰੀ ਕਰਨ ਵਾਲੇ ਦੋ ਜਥੇਦਾਰਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਨੂੰ ਆਮ ਸਿੱਖਾਂ ਦੀ ਨਜ਼ਰ ਵਿੱਚ ਨਿਰਪੱਖ ਦਿਸਣਾ ਤੇ ਸੱਚਮੁੱਚ ਨਿਰਪੱਖ ਰਹਿਣਾ ਬਹੁਤ ਜ਼ਰੂਰੀ ਸੀ; ਪਰ ਜਦੋਂ ਨਵੇਂ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਨਵੀਂ ਬਣੀ ਪਾਰਟੀ ਦੀ ਲੀਡਰਸ਼ਿੱਪ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸੰਭਾਲ ਦਿੱਤੀ ਗਈ ਤਾਂ ਸਿੱਖ ਅਵਾਮ ਵਿੱਚ ਇਹ ਸੰਕੇਤ ਜਾਣ ਲੱਗੇ ਕਿ ਜਥੇਦਾਰਾਂ ਵੱਲੋਂ ਅਕਾਲੀ ਦਲ (ਬਾਦਲ) ਖਾਸ ਕਰਕੇ ਇਸ ਦੇ ਲੀਡਰ ਸੁਖਬੀਰ ਸਿੰਘ ਬਾਦਲ ਪ੍ਰਤੀ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ। ਇਸ ਸਾਰੀ ਕਵਾਇਦ ਨੂੰ ਬਾਦਲ ਧੜੇ ਦੀ ਲੀਡਰਸ਼ਿਪ ਨੂੰ ਨੁਕਸਾਨ ਪਹੁੰਚਾਉਣ ਦੇ ਸੰਦਰਭ ਵਿੱਚ ਵੇਖਿਆ ਜਾਣ ਲੱਗਾ। ਇਸ ਕਿਸਮ ਦੇ ਦੋਸ਼ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਵੱਲੋਂ ਇਸ ਤੋਂ ਪਹਿਲਾਂ ਲਗਾਏ ਵੀ ਜਾ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਨਾਲ ਵਿਰੋਧੀਆਂ ਦੇ ਇਸ ਹੱਲੇ ਨੂੰ ਵਾਜਬ ਆਧਾਰ ਮਿਲਣ ਲੱਗਾ। ਗਿਆਨੀ ਹਰਪ੍ਰੀਤ ਸਿੰਘ ਭਾਵੇਂ ਧਰਮ ਅਧਿਅਨ ਵਿੱਚ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਦਾ ਸਮਾਂ ਬਹੁਤੇ ਵਿਵਾਦਾਂ ਤੋਂ ਦੂਰ ਰਿਹਾ ਹੈ, ਪਰ ਇੱਕ ਪਾਰਟੀ ਦੀ ਸਿਆਸੀ ਅਗਵਾਈ ਦੇ ਮੁੱਢਲੇ ਦੌਰ ਵਿੱਚ ਉਨ੍ਹਾਂ ਦੀ ਸਿਆਸੀ ਸਰਗਰਮੀ ਅਤੇ ਸਿਆਸੀ ਨੈਰੇਟਿਵ ਬੁਣਨ ਦੀ ਅਸਮਰਥਾ ਵੀ ਸਾਹਮਣੇ ਆਉਣ ਲੱਗੀ ਹੈ।
ਮਾਸ ਮੀਡੀਆ ਸਮੇਤ ਸਾਰਾ ਇਲੈਕਟਰੌਨਿਕ ਮੀਡੀਆ, ਸੋਸ਼ਲ ਮੀਡੀਆ ਕਿਸੇ ਸਿਆਸੀ ਪਾਰਟੀ ਲਈ ਜੰਗ ਦੇ ਮੈਦਾਨ ਵਾਂਗ ਹੈ। ਹੋਰ ਕੁਝ ਵੀ ਨਾ ਹੋਵੇ ਤਾਂ ਤੁਹਾਡੀ ਇੱਥੇ (ਮੀਡੀਆ ਵਿੱਚ) ਤਕਰੀਬਨ ਹਰ ਰੋਜ਼ ਹਾਜ਼ਰੀ ਲਗਦੀ ਰਹਿਣੀ ਬੇਹੱਦ ਜ਼ਰੂਰੀ ਹੁੰਦੀ ਹੈ। ਇਸ ਮਕਸਦ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੀ ਨਿੱਜੀ ਨਿਗਰਾਨੀ ਹੇਠ ਇੱਕ ਅਜਿਹੀ ਟੀਮ ਦਾ ਗਠਨ ਕਰਨਾ ਬਹੁਤ ਜ਼ਰੂਰੀ ਸੀ, ਜਿਹੜੀ ਪਾਰਟੀ ਉਸਾਰੀ ਦੇ ਬੇਹੱਦ ਮੁਸ਼ਕਲ ਪਹਿਲੇ ਪੜਾਅ ਵਿੱਚ ਮੀਡੀਆ ਵਿੱਚ ਵੱਖ-ਵੱਖ ਮਸਲਿਆਂ `ਤੇ ਚੱਲਣ ਵਾਲੀ ਬਹਿਸ ਵਿੱਚ ਆਪਣੇ ਸਿਆਸੀ ਬਿਆਨੀਏ ਨੂੰ ਬੁਣ ਸਕਦੀ ਅਤੇ ਅਕਾਲੀ ਦਲ (ਬਾਦਲ) ਦੇ ਮੁਕਾਬਲੇ ਇਸ ਦੀ ਵਿਲੱਖਣਤਾ ਨੂੰ ਪ੍ਰਗਟ ਕਰ ਸਕਦੀ; ਪਰ ਇਸ ਪੱਖੋਂ ਵੀ ਨਵੇਂ ਅਕਾਲੀ ਦਲ ਵਾਲੇ ਅਸਫਲ ਰਹੇ।
ਅਸਲ ਵਿੱਚ ਇੱਕ ਸਿਆਸੀ ਪਾਰਟੀ ਦੀ ਅਗਵਾਈ ਮੂਲ ਰੂਪ ਵਿੱਚ ਕਿਸੇ ਸਿਆਸੀ ਆਗੂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਸਿਆਸੀ ਸਿਆਣਪ ਪੱਖੋਂ ਇਕਬਾਲ ਸਿੰਘ ਝੂੰਦਾਂ ਇਸ ਕਿਸਮ ਦੀ ਸਮਰੱਥਾ ਰੱਖਦੇ ਹਨ। ਸਿਆਸੀ ਸੂਝ-ਬੂਝ, ਠਰੰਮਾ ਅਤੇ ਸਾਧਨਾਂ ਦੀ ਦ੍ਰਿਸ਼ਟੀ ਤੋਂ ਰੱਖੜਾ ਪਰਿਵਾਰ ਅਤੇ ਮਨਪ੍ਰੀਤ ਸਿੰਘ ਇਆਲੀ ਨੂੰ ਵੀ ਸੀਨੀਅਰ ਲੀਡਰਸ਼ਿੱਪ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁੱਚਾ ਸਿੰਘ ਛੋਟੇਪੁਰ ਸਮੇਤ ਇਸ ਲੀਡਰਸ਼ਿੱਪ `ਤੇ ਸਮੂਹਿਕ ਤੌਰ `ਤੇ ਰੋਜ਼-ਬਾ-ਰੋਜ਼ ਸਿਆਸੀ ਬਿਆਨੀਆ ਬੁਣਨ ਅਤੇ ਮੀਡੀਆ ਜੰਗ ਵਿੱਚ ਮੀਰੀ ਹੋਣ ਦੀ ਸਮੂਹਿਕ ਜ਼ਿੰਮੇਵਾਰੀ ਪਾਈ ਜਾ ਸਕਦੀ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦੇ ਸਰਪ੍ਰਸਤ/ਸਰਬਰਾਹ ਤਾਂ ਬਣਾਇਆ ਜਾ ਸਕਦਾ ਸੀ, ਮੁੱਖ ਆਗੂ ਬਣਾ ਲੈਣਾ ਇੱਕ ਵੱਡੀ ਗਲਤੀ ਹੀ ਕਹੀ ਜਾਵੇਗੀ। ਉਸ ਹਾਲਤ ਵਿੱਚ ਜਦੋਂ ਤੁਹਾਡਾ ਵਿਰੋਧੀ ਆਗੂ ਆਪਣੀ ਤਨਖਾਹ ਪੂਰੀ ਕਰਨ ਸਮੇਂ ਜਾਨਲੇਵਾ ਹਮਲੇ ਦੀ ਮਾਰ ਹੇਠ ਆ ਗਿਆ ਹੋਵੇ, ਜਥੇਦਾਰਾਂ ਦੇ ਪੱਖਪਾਤ ਦੇ ਦੋਸ਼ ਨੂੰ ਆਪਣੇ ਕਰਮੀਂ ਸਾਬਤਾ ਕਰਨਾ ਕੋਈ ਛੋਟੀ ਗਲਤੀ ਨਹੀਂ ਹੈ। ਇਹ ਆਪਣੇ ਵਿਰੋਧੀ ਦੇ ਮੂ੍ਹੰਹ ਵਿੱਚ ਵਾਜ਼ਬ ਤਰਕ ਪਾ ਦੇਣ ਵਾਲੀ ਘਟਨਾ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਲਗਾਤਾਰ ਸਿਆਸੀ ਸਰਗਰਮੀ, ਹੜ੍ਹਾਂ ਦੇ ਦੌਰ ਵਿੱਚ ਲੋਕਾਂ ਨਾਲ ਖੜ੍ਹੇ ਨਜ਼ਰ ਆਉਣਾ ਆਦਿ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਸੰਭਲਣ ਦਾ ਮੌਕਾ ਦੇ ਗਿਆ। ਇਸ ਦੇ ਮੁਕਾਬਲੇ ਨਵੇਂ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਸਮੂਹਿਕ ਰੂਪ ਵਿੱਚ ਲਗਪਗ ਨਾਦਾਰਦ ਨਜ਼ਰ ਆਈ। ਇੱਕ ਮਨਪ੍ਰੀਤ ਸਿੰਘ ਇਆਲੀ ਹੀ ਸਨ, ਜਿਹੜੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਮਾਮਲੇ ਵਿੱਚ ਵਿਰੋਧੀਆਂ ਨਾਲ ਬਰ ਮੇਚਦੇ ਨਜ਼ਰ ਆਏ।
ਜਿੱਥੋਂ ਤੱਕ ਅਕਾਲੀ ਦਲ (ਵਾਰਸ ਪੰਜਾਬ ਦੇ) ਦਾ ਸਵਾਲ ਹੈ, ਇਸ ਦੀ ਲੀਡਰਸ਼ਿਪ ਭਾਵੇਂ ਜੇਲ੍ਹ ਵਿੱਚ ਬੈਠੀ ਹੈ, ਪਰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਪਾਰਟੀ ਦਾ ਸਾਰਾ ਕਾਰੋਬਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਸਾਂਭ ਲੈਣ ਨੇ ਇਸ ਦੀ ਲੀਡਰਸ਼ਿਪ ਨੂੰ ਇੱਕ ਤਰ੍ਹਾਂ ਨਾਲ ਦਾਗੀ ਕੀਤਾ। ਵਿਰੋਧੀ ਇਹ ਦਲੀਲ ਦੇਣ ਲੱਗੇ ਕਿ ਇਹ ਲੋਕ ਬਾਦਲ ਪਰਿਵਾਰ `ਤੇ ਤਾਂ ਪਰਿਵਾਰਵਾਦ ਦਾ ਦੋਸ਼ ਲਾ ਰਹੇ ਹਨ, ਪਰ ਮੌਕਾ ਮਿਲਣ `ਤੇ ਆਪ ਵੀ ਉਹੋ ਕੁਝ ਕਰ ਰਹੇ ਹਨ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਲੋਕ ਸਭਾ ਚੋਣਾਂ ਵਾਲਾ ਜਲਵਾ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਵੇਖਣ ਨੂੰ ਨਹੀਂ ਮਿਲਿਆ। ਸਭ ਤੋਂ ਵੱਡੀ ਗੱਲ ਇਹ ਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਇਸ ਪਾਰਟੀ ਨੇ ਪਿੰਡ ਪੱਧਰ ਤੱਕ ਬਾਕਾਇਦਾ ਪਾਰਟੀ ਢਾਂਚਾ ਉਸਾਰਨ ਦਾ ਯਤਨ ਨਹੀਂ ਕੀਤਾ। ਭਾਵਨਾਵਾਂ ਦਾ ਵੇਗ ਇੱਕ ਅੱਧ ਵਾਰ ਤੁਹਾਡੀ ਬੇੜੀ ਬੰਨੇ ਲਾ ਸਕਦਾ ਹੈ, ਪਰ ਲੰਮੇ ਦਾਅ ਤੋਂ ਸਿਆਸੀ ਸੰਗਠਨਾਤਮਕਤਾ ਦੇ ਮੂਲ-ਚੂਲ ਅਸੂਲ ਹੀ ਕੰਮ ਆਉਂਦੇ ਹਨ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਇਸ ਦੇ ਪ੍ਰਧਾਨ ਨੇ ਪੁੱਠੇ ਸਿੱਧੇ ਬਿਆਨ ਦੇ ਕੇ ਆਪਣੀਆਂ ਬੇੜੀਆਂ ਵਿੱਚ ਖੁਦ ਹੀ ਵੱਟੇ ਪਾਏ। ਦੂਜੇ ਪਾਸੇ ਭਾਜਪਾ ਇਸ ਚੋਣ ਦੌਰਾਨ ਪੇਂਡੂ ਪੰਜਾਬ ਦੇ ਗੈਰ-ਜੱਟ ਤਬਕਿਆਂ ਵਿੱਚ ਸੰਨ੍ਹ ਲਾਉਣ ਵਿੱਚ ਅਸਫਲ ਰਹੀ।
