ਦਿੱਲੀ ਲਾਲ ਕਿਲਾ ਧਮਾਕਾ
*ਮੈਡੀਕਲ ਕਿੱਤੇ ਨਾਲ ਸੰਬੰਧਤ ਲੋਕਾਂ ਦੀ ਵੱਡੀ ਸ਼ਮੂਲੀਅਤ
ਪੰਜਾਬੀ ਪਰਵਾਜ਼ ਬਿਊਰੋ
ਦਿੱਲੀ ਵਿੱਚ ਲਾਲ ਕਿਲੇ ਦੇ ਨੇੜੇ 10 ਨਵੰਬਰ ਨੂੰ ਹੋਏ ਬੰਬ ਧਮਾਕੇ ਨਾਲ ਅਤਿਵਾਦੀ ਹਿੰਸਾ ਦੇ ਫੈਲਣ ਅਤੇ ਇਸ ਨੂੰ ਜੜ੍ਹਾਂ ਤੋਂ ਪੁਟਣ ਦੇ ਕੇਂਦਰ ਸਰਕਾਰ ਦੇ ਦਾਅਵਿਆਂ `ਤੇ ਸੁਆਲੀਆਂ ਨਿਸ਼ਾਨ ਲਗਾ ਦਿੱਤੇ ਹਨ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਵੀ ਇੱਕ ਕਾਰ ਧਮਾਕਾ ਹੋਇਆ ਅਤੇ ਪਾਕਿਸਤਾਨ ਨੇ ਦੋਸ਼ ਲਾਇਆ ਕਿ ਇਹ ਹਮਲਾ ਭਾਰਤ ਵੱਲੋਂ ਕਰਵਾਇਆ ਗਿਆ ਹੈ। ਉਂਝ ਭਾਰਤ ਨੇ ਭਾਵੇਂ ਦਿੱਲੀ ਧਮਾਕੇ ਪਾਕਿਸਤਾਨ ਅਤੇ ਆਈ.ਐਸ.ਆਈ. ਦੀ ਸ਼ਮੂਲੀਅਤ ਦੇ ਦੋਸ਼ ਲਾਏ ਹਨ, ਪਰ ਭਾਰਤੀ ਪੜਤਾਲੀਆ ਏਜੰਸੀਆਂ ਨੂੰ ਹਾਲੇ ਇਸ ਧਮਾਕੇ ਦੀ ਪਕਿਸਤਾਨ ਤੱਕ ਜਾਂਦੀ ਡੋਰ ਲੱਭ ਨਹੀਂ ਰਹੀ। ਪਾਕਿਸਤਾਨ ਦਾ ਭਾਰਤ `ਤੇ ਦੋਸ਼ ਵੀ ਕਾਹਲੀ ਵਿੱਚ ਲਗਾਇਆ ਲਗਦਾ ਹੈ।
ਦਿੱਲੀ ਬੰਬ ਧਮਾਕੇ ਨਾਲ ਸੰਬੰਧਤ ਸਾਰੀਆਂ ਘਟਨਾਵਾਂ ਦੀ ਲੜੀ ਦਿੱਲੀ, ਇਸ ਦੇ ਆਸੇ-ਪਾਸੇ ਯੂ.ਪੀ. ਦੇ ਸਹਾਰਨਪੁਰ, ਹਰਿਆਣਾ ਦੇ ਫਰੀਦਾਬਾਦ ਅਤੇ ਨੂਹ ਆਦਿ ਵਿੱਚ ਵਾਪਰੀਆਂ ਦਿਸਦੀਆਂ ਹਨ। ਭਾਵੇਂ ਕਿ ਇਸ ਦੇ ਸੰਪਰਕ ਦੁਬਈ ਅਤੇ ਤੁਰਕੀ ਤੋਂ ਲੈ ਕੇ ਦਿੱਲੀ ਤੱਕ ਫੈਲੇ ਹੋਏ ਦੱਸੇ ਜਾਂਦੇ ਹਨ। ਘਟਨਾਕ੍ਰਮ ਦਾ ਉਧੇੜ ਉਦੋਂ ਸ਼ੁਰੂ ਹੋਇਆ, ਜਦੋਂ ਜੈਸ਼-ਏ-ਮੁਹੰਮਦ ਵੱਲੋਂ ਪੁਲਿਸ ਅਤੇ ਸੁਰੱਖਿਆ ਦਸਤਿਆਂ ਦਾ ਸਾਥ ਨਾ ਦੇਣ ਦਾ ਪੋਸਟਰ ਕਸ਼ਮੀਰ ਵਿੱਚ ਲੱਗਿਆ ਮਿਲਿਆ। ਇਸ ਤੋਂ ਬਾਅਦ ਹੋਈ ਗ੍ਰਿਫਤਾਰੀ ਨਾਲ ਸਾਰੀ ਰਾਮ ਕਹਾਣੀ ਉਧੜਨੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਡਾ. ਉਮਰ ਉਨ ਨਬੀ ਨੇ 2900 ਕਿੱਲੋ ਅਮੋਨੀਅਮ ਨਾਈਟਰੇਟ ਅਤੇ ਉਸ ਦੇ ਕੁਝ ਸਾਥੀਆਂ ਦੇ ਫੜੇ ਜਾਣ ਤੋਂ ਪਹਿਲਾਂ ਧਮਾਕਾ ਖੇਜ ਸਮਗਰੀ ਅਤੇ ਹੋਰ ਸਾਜੋL ਸਮਾਨ ਆਪਣੀ ਆਈ-ਟਵੈਂਟੀ ਕਾਰ ਵਿੱਚ ਰੱਖ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਉਸ ਦੀ ਰਫਤਾਰ ਇੰਨੀ ਧੀਮੀ ਸੀ ਕਿ ਧਮਾਕੇ ਵਾਲੇ ਸਥਾਨ ਤੱਕ ਪਹੁੰਚਦਿਆਂ 17 ਘੰਟੇ ਲੱਗ ਗਏ। ਇਸ ਦੌਰਾਨ ਉਹ ਕਾਰ ਵਿੱਚ ਹੀ ਬੰਬ ਤਿਆਰ ਕਰਨ ਦਾ ਯਤਨ ਕਰ ਰਿਹਾ ਸੀ। ਅਚਾਨਕ ਸ਼ਾਮ ਵੇਲੇ ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਲਾਗੇ ਹੋਇਆ, ਜਿਸ ਵਿੱਚ 11 ਵਿਅਕਤੀ ਮੌਕੇ `ਤੇ ਮਾਰੇ ਗਏ ਅਤੇ 21 ਹੋਰ ਜ਼ਖਮੀ ਹੋ ਗਏ ਸਨ। ਗੰਭੀਰ ਜ਼ਖਮੀਆਂ ਵਿੱਚ ਤਿੰਨ ਹੋਰ ਦੀ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਇਸ ਘਟਨਾ ਨਾਲ ਸੰਬੰਧਤ ਪੁਲਿਸ ਅਤੇ ਐਨ.ਆਈ.ਏ. ਨੇ ਹੁਣ ਤੱਕ 16 ਵਿਅਕਤੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ। ਇਸ ਵਿੱਚ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੋਂ ਡਾ. ਮੁਜਮਿਲ ਸ਼ਕੀਲ ਗਨੀ, ਸਹਾਰਨਪੁਰ ਨਾਲ ਸੰਬੰਧਤ ਅਦੀਲ ਰਠੇਰ ਅਤੇ ਇੱਕ ਔਰਤ ਡਾਕਟਰ ਸ਼ਾਹੀਨ ਸ਼ਾਹਿਦ ਲਖਨਊ ਤੋਂ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਾਹਿਦ ਦੇ ਭਰਾ ਪਰਵੇਜ਼ ਸਈਅਦ ਅਨਸਾਰੀ, ਸ਼ੋਪੀਆਂ ਦੇ ਇੱਕ ਮੌਲਵੀ ਇਰਫਾਨ ਅਹਿਮਦ ਵਾਹਗੇ, ਮੇਵਾਤ ਦੇ ਰਹਿਣ ਵਾਲੇ ਅਲਫਲਾਹ ਮਸਜਿਦ ਦੇ ਇਮਾਮ ਹਾਫੀਜ ਮੁਹੰਮਦ ਇਸ਼ਤਿਆਕ ਨੂੰ ਗ੍ਰਿਫਤਾਰ ਕੀਤਾ ਹੈ। ਇਸ਼ਤਿਆਕ ਦੇ ਘਰੋਂ ਹੀ 2900 ਕਿੱਲੋ ਅਮੋਨੀਅਮ ਨਾਈਟਰੇਟ ਬਰਾਮਦ ਕੀਤਾ ਗਿਆ ਹੈ। ਇਸ ਦੀ ਵਰਤੋਂ ਦਿੱਲੀ ਧਮਾਕੇ ਵਿੱਚ ਕੀਤੀ ਗਈ ਮਿਲੀ ਹੈ। ਇਹ ਸਮਗਰੀ ਖੇਤੀਬਾੜੀ ਨਾਲ ਸੰਬੰਧਤ ਦੁਕਾਨਾਂ ਅਤੇ ਮਾਈਨਿੰਗ ਖੇਤਰ ਤੋਂ ਕਈ ਕਿਸ਼ਤਾਂ ਵਿੱਚ ਖਰੀਦੀ ਗਈ।
ਇਸ ਧਮਾਕੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਧਮਾਕੇ ਵਿੱਚ ਜੋ ਵੀ ਸ਼ਾਮਲ ਹੋਵੇਗਾ, ਬਖ਼ਸ਼ਿਆ ਨਹੀਂ ਜਾਵੇਗਾ। ਉਧਰ ਬੰਬ ਧਮਾਕੇ ਤੋਂ ਬਾਅਦ ਕੇਂਦਰੀ ਸੁਰੱਖਿਆ ਦਸਤਿਆਂ ਨੇ ਕਸ਼ਮੀਰ ਵਿੱਚ ਡਾ. ਉਮਰ ਉਨ ਨਬੀ ਦਾ ਘਰ ਢਾਹ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਇੱਕ ਮੈਂਬਰ ਪਾਰਲੀਮੈਂਟ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਜ਼ਾ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ। ਬਾਕੀ ਪਰਿਵਾਰਕ ਮੈਂਬਰਾਂ ਨੂੰ ਨਹੀਂ। ਇਸ ਕਿਸਮ ਦੀਆਂ ਕਾਰਵਾਈਆਂ ਨਾਲ ਅਮਨ ਸੰਭਵ ਨਹੀਂ ਹੈ। ਇਸ ਦੌਰਾਨ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਦਿੱਲੀ ਧਮਾਕੇ ਦੀ ਜਾਂਚ ਠੀਕ ਦਿਸ਼ਾ ਵਿੱਚ ਚੱਲ ਰਹੀ ਹੈ ਅਤੇ ਪ੍ਰੋਫੈਸ਼ਨਲ ਲੀਹਾਂ `ਤੇ ਕੀਤੀ ਜਾ ਰਹੀ ਹੈ।
ਇਸ ਘਟਨਾ ਵਿੱਚ ਮੁਸਲਿਮ ਸਮਾਜ ਖਾਸ ਕਰਕੇ ਕਸ਼ਮੀਰੀ ਪਿਛੋਕੜ ਦੇ ਮੁਸਲਮਾਨਾਂ ਦੇ ਬੁੱਧੀਮਾਨ ਤਬਕਿਆਂ ਦੀ ਜਿਸ ਪੱਧਰ `ਤੇ ਸ਼ਮੂਲੀਅਤ ਵੇਖਣ ਨੂੰ ਮਿਲੀ ਹੈ, ਉਸ ਨੇ ਕੇਂਦਰ ਰਾਜ ਸੰਬੰਧਾਂ ਬਾਰੇ ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਦੀ ਪਹੁੰਚ ਬਾਰੇ ਇੱਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ। ਇਸ ਤੋਂ ਇਹ ਜਾਪਦਾ ਹੈ ਕਿ ਨੀਮ ਫੌਜੀ ਦਲਾਂ, ਜੰਮੂ-ਕਸ਼ਮੀਰ ਪੁਲਿਸ ਅਤੇ ਫੌਜੀ ਰਿਪਰੈਸ਼ਨ ਨਾਲ ਭਾਵੇਂ ਕਸ਼ਮੀਰ ਵਿੱਚ ਰਾਜ ਵਿਰੋਧੀ ਹਿੰਸਾ ਦਬ ਗਈ ਅਤੇ ਘਟਨਾਵਾਂ ਵੀ ਕਾਫੀ ਘਟ ਗਈਆਂ ਹਨ, ਪਰ ਲਗਦਾ ਹੈ ਕਿ ਇਸ ਦੇ ਬਾਵਜੂਦ ਇਹ ਬਿਮਾਰੀ ਨਵੀਂ ਹਿੰਸਾ ਰਾਹੀਂ ਪ੍ਰਗਟ ਹੋ ਰਹੀ ਹੈ। ਇਹ ਕਸ਼ਮੀਰੀ ਰੋਗ ਵਧੇਰੇ ਗੁੰਝਲਦਾਰ, ਡੂੰਘਾ, ਵਿਸ਼ਾਲ ਅਤੇ ਖਤਰਨਾਕ ਹੋ ਗਿਆ ਹੈ। ਇਸ ਦੀਆਂ ਜੜ੍ਹਾਂ ਦੂਰ ਦੁਰਾਡੇ ਤੱਕ ਫੈਲ ਗਈਆਂ ਹਨ। ਇਸ ਦਾ ਕਰਮ ਖੇਤਰ (ਏਰੀਆ ਆਫ ਉਪਰੇਸ਼ਨ) ਵੀ ਵੱਡਾ ਹੋ ਗਿਆ ਹੈ।
ਜਦੋਂ ਡਾਕਟਰ ਅਤੇ ਇੰਜੀਨੀਅਰਿੰਗ ਜਿਹੇ ਕਿੱਤਿਆਂ ਵਿੱਚ ਕਿਰਤਗ ਸਫਲ ਨੌਜਵਾਨ ਵੀ ਕਿਸੇ ਹਿੰਸਕ ਵਰਤਾਰੇ ਵਿੱਚ ਸਮੂਹਿਕ ਤੌਰ `ਤੇ ਸ਼ਾਮਲ ਹੋਣ ਲੱਗਣ ਤਾਂ ਇਹੋ ਸਮਝ ਪੈਂਦਾ ਹੈ ਕਿ ਸਮੱਸਿਆ ਆਮ ਸਾਧਾਰਣ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਨੇ ਸਮਾਜ ਦੇ ਮਹੱਤਵਪੂਰਨ (ਕੁਲੀਨ) ਵਰਗਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀਆਂ ਸਥਿਤੀਆਂ ਨਾਲ ਨਿਪਟਣ ਲਈ ਸਿਰਫ ਡੰਡਾ-ਸੋਟਾ ਕਾਫੀ ਨਹੀਂ, ਸਗੋਂ ਸਮੱਸਿਆ ਦੀਆਂ ਸਿਆਸੀ-ਮਾਨਸਿਕ ਅਤੇ ਸੱਭਿਆਚਾਰਕ ਦਿਸ਼ਾਵਾਂ `ਤੇ ਵੀ ਨਿਗਾਹ ਰੱਖਣ ਦੀ ਲੋੜ ਪੈਂਦੀ ਹੈ। ਇਸ ਨਾਲ ਨਜਿੱਠਣ ਲਈ ਇਸੇ ਕਿਸਮ ਦੇ ਢੰਗ ਤਰੀਕੇ ਵੀ ਅਪਨਾਉਣੇ ਪੈਂਦੇ ਹਨ।
ਅਸਲ ਵਿੱਚ ਜਿਸ ਕੇਂਦਰੀਕਰਨ ਵਾਲੇ ਪਾਸੇ ਨੂੰ ਹਿੰਦੁਸਤਾਨ ਦੀ ਰਾਜਨੀਤੀ ਤੁਰ ਰਹੀ ਹੈ, ਉਸ ਵਿੱਚੋਂ ਇਸ ਤੋਂ ਭਿਆਨਕ ਹਿੰਸਕ ਫੁਟਾਰੇ ਵੀ ਜਨਮ ਲੈ ਸਕਦੇ ਹਨ। ਸਿਰਫ ਹਿੰਸਾ ਦੀਆਂ ਸਤਹੀ ਮੋਰੀਆਂ ਮੁੰਦਣ ਨਾਲ ਇਹੋ ਜਿਹੇ ਵਿਦਰੋਹ ਬੰਦ ਨਹੀਂ ਹੋ ਸਕਦੇ। ਇਸ ਦੇ ਅੰਤ ਲਈ ਹਿੰਦੁਸਤਾਨ ਨੂੰ ਆਪਣੇ ਸਿਆਸੀ ਢਾਂਚੇ ਵਿੱਚ ਸਟਰਕਚਰਲ (ਢਾਂਚਾਗਤ) ਹੱਲ ਕਰਨੇ ਪੈਣਗੇ। ਭਾਰਤੀ ਜਮਹੂਰੀਅਤ ਨੇ ਜੇ ਆਪਣੇ ਆਪ ਨੂੰ ਕਾਇਮ ਰੱਖਣਾ ਹੈ, ਅਮਨ ਪੂਰਬਕ ਵਿਕਸਤ ਹੋਣਾ ਹੈ ਅਤੇ ਦੇਸ਼ ਦੇ ਬਹੁਗਿਣਤੀ ਤਬਕੇ ਤੇ ਘੱਟਗਿਣਤੀਆਂ ਨੂੰ ਸਮਾਨ ਸ਼ਹਿਰੀਆਂ ਵਾਂਗ ਇਕਸਾਰ ਖੁਸ਼ ਰੱਖਣਾ ਹੈ ਤਾਂ ਇੱਥੇ ਤਾਕਤਾਂ ਦਾ ਵਿਕੇਂਦਰੀਕਰਣ ਕਰਨਾ ਹੀ ਪੈਣਾ ਹੈ। ਅਮਰੀਕਾ, ਜਰਮਨੀ, ਕੈਨੇਡਾ, ਡੈਨਮਾਰਕ, ਸਵੀਡਨ, ਸਪੇਨ, ਸਵਿਟਜ਼ਰਲੈਂਡ ਆਦਿ ਜਿਨ੍ਹਾਂ ਮੁਲਕਾਂ ਨੇ ਇਨ੍ਹਾਂ ਮਸਲਿਆਂ ਨੂੰ ਵਿਕੇਂਦਰੀਕਰਣ ਦੇ ਰਾਹ `ਤੇ ਤੁਰ ਕੇ ਸਹੀ ਤਰ੍ਹਾਂ ਹੱਲ ਕੀਤਾ ਹੈ, ਉਥੇ ਉਨ੍ਹਾਂ ਦੇ ਆਪਣੇ ਸਿਵਲ ਸਮਾਜ ਸਾਡੇ ਨਾਲੋਂ ਵੱਧ ਸਾਂਤੀ ਪੂਰਬਕ ਜੀਅ ਰਹੇ ਹਨ। ਜਦਕਿ ਜਿਹੜੇ ਮੁਲਕ ਆਪਣੀਆਂ ਅੰਦਰੂਨੀ ਵਿਵਧਤਾਵਾਂ `ਤੇ ਸੁਹਾਗਾ ਫੇਰ ਕੇ ਮਿਟਾਉਣ ਦੀ ਇੱਛਾ ਰੱਖਦੇ ਹਨ, ਉਥੇ ਹਿੰਸਾ ਦੀਆਂ ਸਮੱਸਿਆਵਾਂ ਮੁੜ-ਮੁੜ ਉਠਦੀਆਂ ਰਹਿੰਦੀਆਂ ਹਨ। ਜਦੋਂ ਕਿਸੇ ਧਾਰਮਿਕ ਜਾਂ ਨਸਲੀ ਭਾਈਚਾਰੇ ਲਈ ਜਮਹੂਰੀ ਪਾਰਟੀਸਪੇਸ਼ਨ ਦੇ ਸਾਰੇ ਰਾਹ ਬੰਦ ਕਰ ਦਿੱਤੇ ਜਾਣਗੇ ਤਾਂ ਇਸ ਕੈਦ ਕੀਤੀ ਊਰਜਾ ਦਾ ਹਿੰਸਕ ਰੂਪ ਵਿੱਚ ਫੁੱਟਣਾ ਲਾਜ਼ਮੀ ਹੈ।
ਜੰਮੂ-ਕਸ਼ਮੀਰ ਦਾ ਪਿਛੋਕੜ ਰੱਖਣ ਵਾਲੇ ਜਿਨ੍ਹਾਂ ਤਬਕਿਆਂ ਨੂੰ ਹਿੰਸਕ ਲਹਿਰ ਹੁਣ ਆਪਣੀ ਲਪੇਟ ਵਿੱਚ ਲੈ ਰਹੀ ਹੈ, ਉਹ ਰੋਟੀ ਤੋਂ ਆਤੁਰ ਤਬਕੇ ਨਹੀਂ ਹਨ, ਸਗੋਂ ਆਪਣੇ ਆਲੇ-ਦੁਆਲੇ ਦੀ ਰਾਜਨੀਤੀ ਅਤੇ ਇਸ ਦੇ ਵੱਖ-ਵੱਖ ਤਬਕਿਆਂ `ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਵਾਲੇ ਲੋਕ ਹਨ। ਇਨ੍ਹਾਂ ਤਬਕਿਆਂ ਦੀ ਹਿੰਸਕ ਵਿਦਰੋਹ ਵਿੱਚ ਵਧਦੀ ਸ਼ਮੂਲੀਅਤ 5 ਅਗਸਤ 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਸਾਹਮਣੇ ਆ ਰਹੀ ਹੈ। ਇਸ ਧਾਰਾ ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਜਿਸ ਤਰ੍ਹਾਂ ਲੰਮਾ ਸਮਾਂ ਕਰਫਿਊ ਲਗਾ ਕੇ ਰੱਖਿਆ ਗਿਆ, ਇੰਟਰਨੈਟ ਠੱਪ ਕਰਕੇ ਜਿਸ ਤਰ੍ਹਾਂ ਕਸ਼ਮੀਰ ਨੂੰ ਸਾਰੀ ਦੁਨੀਆਂ ਤੋਂ ਅਲੱਗ-ਥਲੱਗ ਕੀਤਾ ਗਿਆ ਅਤੇ ਇੱਕ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ, ਉਸ ਨੇ ਕਸ਼ਮੀਰੀਆਂ ਦੀ ਮਨੁੱਖੀ ਗੈਰਤ ਨੂੰ ਬਹੁਤ ਗਹਿਰੇ ਪ੍ਰਭਾਵਤ ਕੀਤਾ। ਜਿਸ ਸਖ਼ਤੀ ਨਾਲ ਲੋਕਾਂ ਦੇ ਜਨਤਕ ਪ੍ਰਤੀਕਰਮਾਂ ਨੂੰ ਦਬਾਇਆ ਗਿਆ, ਉਸ ਨਾਲ ਕਸ਼ਮੀਰ ਦੇ ਮਸਲੇ ਦੀ ਕਸਕ ਕਸ਼ਮੀਰੀ ਬੁੱਧੀਮਾਨ ਤਬਕੇ ਦੇ ਧੁਰ ਅੰਦਰ ਤੱਕ ਧਸ ਗਈ ਲਗਦੀ ਹੈ। ਉਵੇਂ ਜਿਵੇਂ ਦਬਾਏ ਹੋਏ ਰੋਗ ਨਾਜ਼ੁਕ ਅੰਗਾਂ ਨੂੰ ਜਾ ਚੰਬੜ ਜਾਂਦੇ ਹਨ। ਇਸ ਲਈ ਇਸ ਦੇ ਸਮਾਜਿਕ-ਸੱਭਿਆਚਰਕ ਅਤੇ ਹਿੰਸਕ ਪ੍ਰਗਟਾਵੇ ਹੁਣ ਵੱਖਰੀ ਤਰ੍ਹਾਂ ਦੇ ਹੋਣਗੇ।
ਦਿੱਲੀ ਲਾਲ ਕਿਲੇ ਦੇ ਨਜ਼ਦੀਕ ਹੋਇਆ ਬੰਬ ਧਮਾਕਾ ਸਾਨੂੰ ਇਸ ਪਾਸੇ ਵੱਲ ਜਾਂਦੇ ਵਹਿਣ ਦੀ ਹੀ ਸੂਹ ਦਿੰਦਾ ਹੈ। ਇਸ ਧਮਾਕੇ ਪਿੱਛੇ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਤ ਤਬਕੇ ਦੀ ਜਿੰਨੀ ਵੱਡੀ ਸ਼ਮੂਲੀਅਤ ਸਾਹਮਣੇ ਆਈ, ਇਸ ਨੇ ਖੁਦ ਭਾਰਤੀ ਸੁਰੱਖਿਆ ਏਜੰਸੀਆਂ ਦੇ ਆਗੂਆਂ/ਅਫਸਰਾਂ ਨੂੰ ਵੀ ਲਾਜ਼ਮੀ ਸਕਤੇ ਵਿੱਚ ਪਾਇਆ ਹੋਵੇਗਾ।
ਡਾ. ਉਮਰ ਉਨ ਨਬੀ, ਜਿਹੜਾ ਉਸ ਆਈ-20 ਕਾਰ ਨੂੰ ਚਲਾ ਰਿਹਾ ਸੀ, ਜਿਸ ਨੇ 10 ਨਵੰਬਰ ਨੂੰ ਲਾਲ ਕਿਲੇ ਲਾਗੇ ਆਤਮਘਾਤੀ ਧਮਾਕਾ ਕੀਤਾ, ਉਸ ਦੀ ਵੱਖ-ਵੱਖ ਏਜੰਸੀਆਂ ਵੱਲੋਂ ਜਾਰੀ ਕੀਤੀ ਫੁੱਟੇਜ ਦੀ ਕਹਾਣੀ ਵਿਖਾਉਂਦੀ ਹੈ ਕਿ ਉਹ ਕੋਈ ਪ੍ਰੋਫੈਸ਼ਨਲ ਕਿੱਲਰ ਨਹੀਂ ਸੀ। ਬੰਬ ਧਮਾਕਾ ਕਰਨ ਤੋਂ ਪਹਿਲਾਂ ਉਸ ਨੂੰ ਵੱਖ-ਵੱਖ ਥਾਵਾਂ `ਤੇ ਇੱਕ ਡਰ ਦੇ ਸਾਏ (ਪੈਨਿਕ) ਵਿੱਚ ਵੀ ਵੇਖਿਆ ਗਿਆ। ਉਹ ਜੇ ਕਿਸੇ ਕਸਬੀ ਕਾਤਲ ਵਾਂਗ ਆਪਣਾ ਕੰਮ ਕਰਦਾ ਤਾਂ ਲਾਲ ਕਿਲਾ ਮੈਟਰੋ ਸਟੇਸ਼ਨ ਤੋਂ ਕੁਝ ਹੀ ਮੀਟਰ ਦੀ ਦੂਰੀ `ਤੇ ਮੰਦਰ ਲਾਗੇ ਵੀ ਕਰ ਸਕਦਾ ਸੀ। ਇਸ ਨਾਲ ਜਾਨੀ-ਮਾਲੀ ਨੁਕਸਾਨ ਵੀ ਵਧੇਰੇ ਹੋਣਾ ਸੀ ਤੇ ਦਹਿਸ਼ਤ (ਟੈਰਰ) ਦੀ ਮਾਰ ਵੀ ਵੱਡੀ ਹੋਣੀ ਸੀ। ਆਪਣਾ ਬੰਬ ਵੀ ਉਸ ਨੇ ਇੱਕ ਪਾਰਕਿੰਗ ਵਿੱਚ ਕਾਰ ਲਗਾ ਕੇ ਗੱਡੀ ਦੇ ਵਿੱਚ ਹੀ ਤਿਆਰ ਕੀਤਾ। ਇਸ ਵਿਸਫੋਟਕ ਨੂੰ ਤਿਆਰ ਕਰਨ ਲਈ ਅਮੋਨੀਅਮ ਨਾਈਟਰੇਟ ਵੀ ਸਥਾਨਕ ਤੌਰ `ਤੇ ਹੀ ਖਰੀਦਿਆ ਗਿਆ। ਇਸ ਤੋਂ ਸਾਫ ਹੈ ਕਿ ਵਿਸਫੋਟਕ ਪਦਾਰਥ ਕਿਸੇ ਗੁਆਂਢੀ ਮੁਲਕ ਤੋਂ ਤਾਂ ਦਰਾਮਦ ਨਹੀਂ ਕੀਤਾ ਗਿਆ, ਸਗੋਂ ਪਿਛਲੇ ਤਕਰੀਬਨ ਇੱਕ ਸਾਲ ਦੇ ਸਮੇਂ ਵਿੱਚ ਇਸ ਨੂੰ ਸਥਾਨਕ ਤੌਰ `ਤੇ ਬਣਾਉਣ ਲਈ ਲੰਮੀ ਤਿਆਰੀ ਕੀਤੀ। ਇਸ ਧਮਾਕੇ ਵਿੱਚ ਸ਼ਾਮਲ ਵਿਕਅਤੀਆਂ ਦੀਆਂ ਟਰੇਸ ਕੀਤੀਆਂ ਗਈਆਂ ਕਾਲਾਂ ਤੋਂ ਇਹ ਵੀ ਹਾਲੇ ਸਾਬਤ ਨਹੀਂ ਹੋ ਸਕਿਆ ਕਿ ਇਸ ਟੈਰਰ ਮਡੀਊਲ ਨੂੰ ਚਲਾਉਣ ਵਾਲੇ ਲੋਕ ਪਾਕਿਸਤਾਨ ਵਿੱਚ ਬੈਠੇ ਸਨ। ਤੁਰਕੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਜਿਥੇ ਇਸ ਘਟਨਾ ਵਿੱਚ ਸ਼ਾਮਲ ਕਥਿਤ ਦੋਸ਼ੀ ਜੈਸ਼-ਏ-ਮੁਹੰਮਦ ਦੇ ਆਗੂਆਂ ਨੂੰ ਮਿਲੇ ਦੱਸੇ ਜਾਂਦੇ ਹਨ।
