ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ

ਸਿਆਸੀ ਹਲਚਲ ਖਬਰਾਂ

*ਸਾਬਕਾ ਗ੍ਰਹਿ ਮੰਤਰੀ ਨੂੰ ਵੀ ਮਿਲੀ ਫਾਂਸੀ ਦੀ ਸਜ਼ਾ
*ਬੰਗਲਾਦੇਸ਼ ਸਰਕਾਰ ਨੇ ਭਾਰਤ ਤੋਂ ਦੋਵਾਂ ਦੀ ਹਵਾਲਗੀ ਮੰਗੀ
ਪੰਜਾਬੀ ਪਰਵਾਜ਼ ਬਿਊਰੋ
ਪਿਛਲੇ ਸਾਲ ਅਗਸਤ ਮਹੀਨੇ ਤੋਂ ਭਾਰਤ ਅੰਦਰ ਸਵੈ-ਜਲਾਵਤਨੀ ਭੋਗ ਰਹੀ ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਅੰਤ੍ਰਿਮ ਸਰਕਾਰ ਵੱਲੋਂ ਬਣਾਏ ਗਏ ਇੱਕ ਟ੍ਰਿਬਿਊਨਲ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਮੌਤ ਤੱਕ ਦੀ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। ਟ੍ਰਿਬਿਊਨਲ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਹਦਇਤ ਕੀਤੀ ਹੈ ਕਿ ਸ਼ੇਖ ਹਸੀਨਾ ਦੀ ਸਪੁਰਦਗੀ ਲਈ ਭਾਰਤ ਨਾਲ ਗੱਲਬਾਤ ਚਲਾਈ ਜਾਵੇ।

ਅਗਸਤ 2024 ਵਿੱਚ ਇੱਕ ਵਿਆਪਕ ਵਿਦਿਆਰਥੀ ਲਹਿਰ ਦੇ ਸ਼ੇਖ ਹਸੀਨਾ ਦੀ ਰਿਹਾਇਸ਼ ਵੱਲ ਚਾਲੇ ਪਾ ਦੇਣ ਤੋਂ ਬਾਅਦ ਉਹ ਇੱਕ ਬੰਗਲਦੇਸ਼ੀ ਮਿਲਟਰੀ ਹਵਾਈ ਵਾਹਨ ਵਿੱਚ ਭਾਰਤ ਪਹੁੰਚੀ ਸੀ ਅਤੇ ਉਦੋਂ ਤੋਂ ਭਾਰਤ ਵਿੱਚ ਰਹਿ ਰਹੀ ਹੈ। ਇਸ ਫੈਸਲੇ ਵਿੱਚ ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ `ਤੇ ਦੋਸ਼ ਲਾਇਆ ਕਿ ਉਸ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰ ਵਿਰੁੱਧ ਪ੍ਰਦਸ਼ਨ ਕਰ ਰਹੇ ਲੋਕਾਂ `ਤੇ ਆਪਣੀ ਪੁਲਿਸ ਅਤੇ ਪਾਰਟੀ ਕੇਡਰ ਰਾਹੀਂ ਜੁLਲਮ ਕਰਵਾਏ ਤੇ ਇਨ੍ਹਾਂ ਨੂੰ ਰੋਕਣ ਦਾ ਜ਼ਰਾ ਵੀ ਜਤਨ ਨਹੀਂ ਕੀਤਾ।
ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਜਲਾਵਤਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, “ਬੰਗਲਾਦੇਸ਼ ਦੀ ਅਣਚੁਣੀ (ਨੋਨ ਇਲੈਕਟਿਡ) ਸਰਕਾਰ ਦੇ ਇੱਕ ਸੰਦ ਵਜੋਂ ਕੰਮ ਕਰ ਰਹੇ ਟ੍ਰਿਬਿਊਨਲ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ, ਇਸ ਦਾ ਮਕਸਦ ਅਵਾਮੀ ਲੀਗ ਨੂੰ ਬੰਗਲਾਦੇਸ਼ ਵਿੱਚੋਂ ਇੱਕ ਰਾਜਨੀਤਿਕ ਤਾਕਤ ਵਜੋਂ ਖਤਮ ਕਰਨਾ ਹੈ।” ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਅਤੇ ਨੋਬਲ ਅਮਨ ਇਨਾਮ ਜੇਤੂ ਮੁਹੰਮਦ ਯੂਨਿਸ ਨੇ ਇਸ ਦੌਰਾਨ ਕਿਹਾ, “ਕੋਈ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਹੀਂ ਹੈ।”
ਇਸ ਫੈਸਲੇ ਦੇ ਆਉਣ ਤੋਂ ਇੱਕ ਘੰਟਾ ਬਾਅਦ ਹੀ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਸਪੁਰਦਗੀ ਮੰਗ ਲਈ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਸੁਦਜਮਾਨ ਖਾਨ ਦੀ ਸਪੁਰਦਗੀ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਦੁਵੱਲੀ ਸਪੁਰਦਗੀ ਸੰਧੀ ਪਹਿਲਾਂ ਹੀ ਦੋਹਾਂ ਮੁਲਕਾਂ ਵਿੱਚ ਮੌਜੂਦ ਹੈ, ਪਰ ਲਗਦਾ ਨਹੀਂ ਕਿ ਭਾਰਤ ਸਰਕਾਰ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਸਪੁਰਦ ਕਰੇਗੀ। ਬੰਗਲਾਦੇਸ਼ ਦੀ ਸਰਕਾਰ ਵੱਲੋਂ ਬਣਾਏ ਗਏ ਇੰਟਰਨੈਸ਼ਨਲ ਕਰਾਈਮ ਟ੍ਰਿਬਿਊਨਲ ਦੇ ਮੁਖੀ ਮੁਹੰਮਦ ਗੁਲਾਮ ਮੁਰਤਜਾ ਮਜੂਮਦਾਰ ਨੇ 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਦੋ ਸਾਥੀਆਂ ਵਿਰੁੱਧ ਸਜ਼ਾ ਪੜ੍ਹ ਕੇ ਸੁਣਾਈ ਤਾਂ ਅਦਾਲਤ ਵਿੱਚ ਮੌਜੂਦ ਕੁਝ ਵਕੀਲ ਅਤੇ ਹੋਰ ਲੋਕ ਤਾੜੀਆਂ ਮਾਰਨ ਲੱਗੇ; ਪਰ ਜੱਜ ਨੇ ਉਨ੍ਹਾਂ ਨੂੰ ਅਦਾਲਤੀ ਮਰਯਾਦਾ ਕਾਇਮ ਰੱਖਣ ਦੀ ਹਦਾਇਤ ਦਿੱਤੀ।
ਭਾਵੇਂ ਕਿ ਮੌਜੂਦਾ ਬੰਗਲਾਦੇਸ਼ ਸਰਕਾਰ ਵੱਲੋਂ ਸ਼ੇਖ ਹਸੀਨਾ ਖਿਲਾਫ ਪ੍ਰਦਰਸ਼ਨਕਾਰੀਆਂ ਨੂੰ ਮਾਰਨ, ਤਸ਼ੱਦਦ ਕਰਨ ਅਤੇ ਗਾਇਬ ਕਰਨ ਦੀ ਛੂਟ ਦੇਣ ਦੇ ਦੋਸ਼ ਲਾਏ ਗਏ, ਪਰ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਹਸੀਨਾ ਦੇ ਰਾਜ ਵੇਲੇ ਅਮਨ, ਸ਼ਾਂਤੀ, ਸਥਿਰਤਾ ਅਤੇ ਜਮਹੂਰੀਅਤ ਦਾ ਬੋਲਬਾਲਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਕਾਰਨ ਉਨ੍ਹਾਂ ਦੇ ਕਾਰਜਕਾਲ ਵਿੱਚ ਬੰਗਲਾਦੇਸ਼ ਨੇ ਤੇਜ਼ੀ ਨਾਲ ਆਰਥਕ ਵਿਕਾਸ ਕੀਤਾ ਅਤੇ ਮੁਲਕ ਉਪਰਲੀਆਂ 40 ਆਰਥਿਕਤਾਵਾਂ ਵਿੱਚ ਸ਼ੁਮਾਰ ਕਰਨ ਵਾਲਾ ਸੀ, ਜਦੋਂ ਉਨ੍ਹਾਂ ਦਾ ਤਖਤਾ ਪਲਟ ਕੀਤਾ ਗਿਆ। ਇਹ ਤੱਥ ਉਂਝ ਨਿਰਪੱਖ ਵਿਸ਼ਲੇਸ਼ਕ ਵੀ ਮੰਨਦੇ ਹਨ ਕਿ ਸ਼ੇਖ ਹਸੀਨਾ ਦੇ ਦੌਰ ਵਿੱਚ ਬੰਗਲਾਦੇਸ਼ ਦੀ ਬਣੇ-ਬਣਾਏ ਕੱਪੜਿਆਂ ਦੀ ਸਨਅਤ ਨੇ ਵੱਡਾ ਵਿਕਾਸ ਕੀਤਾ। ਵਿਕਸਤ ਮੁਲਕਾਂ ਨੂੰ ਇੱਥੋਂ ਬਹੁਤ ਵੱਡੀ ਮਾਤਰਾ ਵਿੱਚ ਪਹਿਨਣ ਲਈ ਤਿਆਰ ਕੱਪੜੇ ਐਕਸਪੋਰਟ ਕੀਤੇ ਜਾਂਦੇ ਹਨ। ਪਰ 2022 ਵਿੱਚ ਰੂਸ ਵੱਲੋਂ ਯੂਕਰੇਨ `ਤੇ ਕੀਤੇ ਗਏ ਹਮਲੇ ਤੋਂ ਬਾਅਦ ਕੱਪੜਾ ਸਨਅਤ ਵਿੱਚ ਵਰਤੇ ਜਾਣ ਵਾਲੀਆਂ ਵਸਤਾਂ ਅਤੇ ਤੇਲ ਵਗੈਰਾ ਦੀਆਂ ਕੀਮਤਾਂ ਅਚਾਨਕ ਵਧਣ ਲੱਗੀਆਂ। ਇਸ ਨਾਲ ਬੰਗਲਾਦੇਸ਼ ਦੀ ਕੱਪੜਾ ਸਨਅਤ ਵੀ ਸੁੰਗੜਨ ਲੱਗੀ ਅਤੇ ਦੇਸ਼ ਦੀ ਆਰਥਕਤਾ ਵੀ। ਸੰਕਟ ਵਿੱਚੋਂ ਨਿਕਲਣ ਲਈ ਬੰਗਲਾਦੇਸ਼ ਨੂੰ ਬੀਤੇ ਸਾਲ ਆਈ.ਐਮ.ਐਫ. ਤੋਂ 4.7 ਅਰਬ ਡਾਲਰ ਦਾ ਬੇਲ ਆਊਟ ਪੈਕੇਜ ਲੈਣਾ ਪਿਆ।
ਸ਼ੇਖ ਹਸੀਨਾ ਨੇ ਬੀਤੇ ਸਾਲ ਅਗਸਤ ਵਿੱਚ ਜਦੋਂ ਆਪਣਾ ਘਰ ਛੱਡਿਆ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਨੂੰ ਬੁਰੀ ਤਰ੍ਹਾਂ ਲੁੱਟ ਲਿਆ ਗਿਆ। ਲੁਟੇਰੇ ਨਿੱਕਾ ਨਿੱਕਾ ਸਮਾਨ ਵੀ ਚੁੱਕ ਕੇ ਲੈ ਗਏ ਸਨ। ਬੀਤੇ ਸਾਲ ਜੁਲਾਈ-ਅਗਸਤ ਮਹੀਨੇ ਵਿੱਚ ਅੰਤ੍ਰਿਮ ਸਰਕਾਰ ਨੇ ਸੱਤਾ ਸੰਭਾਲੀ ਸੀ। ਇਸੇ ਵਰ੍ਹੇ ਨਵੰਬਰ ਮਹੀਨੇ ਵਿੱਚ ਇੰਟਰਨੈਸ਼ਨਲ ਕਰਾਈਮ ਟ੍ਰਿਬਿਊਨਲ ਵੱਲੋਂ ਹਸੀਨਾ ਅਤੇ ਉਨ੍ਹਾਂ ਦੇ 45 ਹੋਰ ਸਾਥੀਆਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਟ੍ਰਿਬਿਊਨਲ ਵੱਲੋਂ ਦਸੰਬਰ 2024 ਤੱਕ ਇਸ ਕੇਸ ਦੀ ਪੜਤਾਲ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ। ਫਰਵਰੀ 2025 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਤਕਰੀਬਨ 1400 ਲੋਕ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਵਿਰੁੱਧ ਹੋਏ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਸਨ। ਇਸ ਰਿਪੋਰਟ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ ਬਹੁਤੇ ਸੁਰੱਖਿਆ ਦਸਤਿਆਂ ਦੀ ਗੋਲੀ ਨਾਲ ਮਾਰੇ ਗਏ ਸਨ ਅਤੇ ਪ੍ਰਦਰਸ਼ਨਾਂ ਨੂੰ ਹਿੰਸਾਤਮਕ ਢੰਗ ਨਾਲ ਦਬਾਉਣਾ ਇੱਕ ਬਾਕਾਇਦਾ ਸਰਕਾਰੀ ਨੀਤੀ ਸੀ।
ਯਾਦ ਰਹੇ, ਇਹ ਮੁਕੱਦਮਾ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਦੀ ਗੈਰ-ਮੌਜੂਦਗੀ ਵਿੱਚ ਚੱਲਿਆ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮੋਸ਼ੀਜੁਮਾਨ ਨੂੰ ਉਨ੍ਹਾਂ ਦਾ ਅਮਿਕਸ ਕਿਉਰੀ ਨਿਯੁਕਤ ਕੀਤਾ ਗਿਆ। ਇਸੇ ਸਾਲ ਜੁਲਾਈ ਮਹੀਨੇ ਵਿੱਚ ਸੇLਖ ਹਸੀਨਾ ਦੀ ਗੈਰ-ਹਾਜ਼ਰੀ ਵਿੱਚ ਚੱਲੇ ਮੁਕੱਦਮੇ ਵਿੱਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਗ੍ਰਹਿ ਮੰਤਰੀ ਰਹੇ ਅਸਾਦੁਲ ਜੰਮਾਨ ਖਾਨ ਅਤੇ ਪੁਲਿਸ ਮੁਖੀ ਚੌਧਰੀ ਅਬਦੁੱਲਾ ਅਲ ਮਾਮੂ ਖਿਲਾਫ ਦੋਸ਼ ਆਇਦ ਕੀਤੇ ਗਏ ਸਨ। ਇਸ ਤਰ੍ਹਾਂ ਲੰਘੀ 17 ਨਵੰਬਰ ਨੂੰ ਸੇLਖ ਹਸੀਨਾ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਅਬਦੁਜ਼ ਜ਼ਮਾਨ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਦਕਿ ਪੁਲਿਸ ਮੁਖੀ ਮਾਮੂ ਨੂੰ ਸਰਕਾਰੀ ਗਵਾਹ ਬਣ ਜਾਣ ਦੇ ਇਵਜ਼ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ ਦਾ ਜਨਮ 1947 ਵਿੱਚ ਬੰਗਲਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੇਖ ਮੁਜ਼ੀਬ-ਉਲ-ਰਹਿਮਾਨ ਦੇ ਘਰ ਹੋਇਆ। ਉਹ ਉਨ੍ਹਾਂ ਦੇ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੈ। ਉਸ ਨੇ 1973 ਵਿੱਚ ਢਾਕਾ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਵਿੱਚ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿੱਚ ਉਹ ਆਪਣੇ ਪਿਤਾ ਅਤੇ ਉਨ੍ਹਾਂ ਦੇ ਵਿਦਿਆਰਥੀ ਚੇਲਿਆਂ ਵਿਚਕਾਰ ਸੱਤਾ ਵਿੱਚ ਹੱਥ ਵਟਾਉਂਦੀ ਰਹੀ। ਇੱਥੇ ਹੀ ਉਸ ਨੇ ਆਪਣਾ ਰਾਜਨੀਤਿਕ ਤਜਰਬਾ ਹਸਲ ਕੀਤਾ। ਫੌਜ ਵੱਲੋਂ ਤਖਤਾਪਲਟ ਹੋਣ ਅਤੇ ਆਪਣੇ ਪਿਤਾ ਦੇ ਮਾਰੇ ਜਾਣ ਤੋਂ ਬਾਅਦ ਉਹ ਭਾਰਤ ਵਿੱਚ ਜਲਾਵਤਨ ਹੋ ਗਈ ਸੀ। 1981 ਵਿੱਚ ਮੁੜ ਬੰਗਲਾਦੇਸ਼ ਪਰਤੀ ਅਤੇ ਅਵਾਮੀ ਲੀਗ ਪਾਰਟੀ ਦੀ ਮੁਖੀ ਚੁਣ ਲਈ ਗਈ। ਉਸ ਨੇ ਆਪਣੀ ਰਾਜਨੀਤਿਕ ਵਿਰੋਧੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜੀਆ ਨਾਲ ਮਿਲ ਕੇ ਫੌਜੀ ਸੱਤਾ ਖਿਲਾਫ ਜਮਹੂਰੀਅਤ ਦੀ ਬਹਾਲੀ ਲਈ ਸੰਘਰਸ਼ ਸ਼ੁਰੂ ਕੀਤਾ ਤੇ 1990 ਵਿੱਚ ਹੁਸੈਨ ਮੁਹੰਮਦ ਇਰਸ਼ਾਦ ਦੀ ਸਰਕਾਰ ਦਾ ਤਖਤਾਪਲਟ ਦਿੱਤਾ। ਪਰ ਦੋਹਾਂ ਔਰਤ ਆਗੂਆਂ ਵਿਚਕਾਰ ਇਸ ਤੋਂ ਬਾਅਦ ਗੱਠਜੋੜ ਕਾਇਮ ਨਾ ਰਹਿ ਸਕਿਆ ਅਤੇ ਹਸੀਨਾ 1996 ਵਿੱਚ ਸੱਤਾ ਵਿੱਚ ਆਈ। ਪੰਜ ਸਾਲ ਰਾਜ ਕਰਨ ਤੋਂ ਬਾਅਦ ਉਹ 2009 ਵਿੱਚ ਮੁੜ ਸੱਤਾ ਵਿੱਚ ਆਈ ਅਤੇ ਜੁਲਾਈ 2024 ਤੱਕ ਉਸ ਦੀ ਪਾਰਟੀ ਦਾ ਰਾਜ ਕਾਇਮ ਰਿਹਾ। ਉਸ ਦੀ ਦੂਜੀ ਟਰਮ ਵਿੱਚ ਵੱਡੇ ਪ੍ਰਦਰਸ਼ਨ ਹੋਏ। ਉਸ ਦਾ ਹਕੂਮਤ ਕਰਨ ਦਾ ਰੰਗ-ਢੰਗ ਵੀ ਬਦਲਦਾ ਗਿਆ ਸੀ। ਇਸ ਮਾਮਲੇ ਵਿੱਚ ਉਹ ਆਪਮੱਤੀ (ਆਟੋਕਰੇਟਿਕ) ਹੁੰਦੀ ਗਈ। ਇਸ ਤਾਨਾਸ਼ਾਹ ਰਵੱਈਏ ਅਤੇ ਪ੍ਰਦਸ਼ਨਕਾਰੀਆਂ ਖਿਲਾਫ ਕੀਤੇ ਜੁਲਮਾਂ ਕਾਰਨ ਵਿਦਿਆਰਥੀ ਸੰਘਰਸ਼ ਨੇ ਪਿਛਲੇ ਸਾਲ ਉਸ ਨੂੰ ਗੱਦੀਉਂ ਲਾਹ ਮਾਰਿਆ ਅਤੇ ਦੇਸਬਦਰ ਹੋਣ ਲਈ ਮਜਬੂਰ ਕਰ ਦਿੱਤਾ। ਉਂਝ ਕਿਹਾ ਇਹ ਵੀ ਜਾ ਰਿਹਾ ਹੈ ਕਿ ਹਸੀਨਾ ਦੇ ਦੌਰ ਵਿੱਚ ਬੰਗਲਾਦੇਸ਼ ਵਿੱਚ ਚੀਨ ਦੀ ਦਖਲਅੰਦਾਜ਼ੀ ਅਤੇ ਪ੍ਰਭਾਵ ਵਧਦਾ ਜਾ ਰਿਹਾ ਸੀ। ਇਸ ਨੂੰ ਰੋਕਣ ਲਈ ਅਮਰੀਕਾ ਅਤੇ ਹੋਰ ਪੱਛਮੀ ਤਾਕਤਾਂ ਨੇ ਪ੍ਰਦਰਸ਼ਨਕਾਰੀਆਂ ਅਤੇ ਨਵੇਂ ਹਾਕਮਾਂ ਦੀ ਮੱਦਦ ਕੀਤੀ।

Leave a Reply

Your email address will not be published. Required fields are marked *