ਜਸਵੀਰ ਸਿੰਘ ਸ਼ੀਰੀ
ਹਿੰਦੀ ਸਿਨੇਮਾ ਦੇ ਮਹਾਂਬਲੀ ਅਦਾਕਾਰ ਧਰਮਿੰਦਰ ਸਿੰਘ ਦਿਉਲ ਪਿਛਲੇ ਦਿਨੀਂ ਚਲਾਣਾ ਕਰ ਗਏ ਹਨ। ਲੁਧਿਆਣਾ ਦੇ ਪਿੰਡ ਨਸਰਾਲੀ ਵਿਖੇ 1935 ਵਿੱਚ ਜਨਮੇ ਇਸ ਖੂਬਸੂਰਤ/ਸੀਰਤ ਐਕਟਰ ਦੀ ਐਕਟਿੰਗ ਤੋਂ ਤਕਰੀਬਨ ਸਾਰੇ ਲੋਕ ਵਾਕਿਫ ਹੋਣਗੇ, ਪਰ ਇਹ ਸ਼ਖਸ ਇਨਸਾਨ ਕਿੰਨਾ ਕਮਾਲ ਦਾ ਸੀ ਇਸ ਬਾਰੇ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਚਰਣ ਵਾਲੇ ਲੋਕ ਹੀ ਮਹਿਸੂਸ ਕਰ ਸਕਦੇ ਹਨ। ਅੱਖੀ ਵੇਖੇ ਦ੍ਰਿਸ਼ਾਂ ਅਤੇ ਸੁਣੀਆਂ-ਸਣਾਈਆਂ ਗੱਲਾਂ ਵਿੱਚ ਸੌ ਕੋਹ ਦਾ ਫਰਕ ਹੁੰਦਾ ਹੈ, ਪਰ ਇਹ ਲਿਖਤ ਧਰਮਿੰਦਰ ਬਾਰੇ ਅੱਖੀਂ ਵੇਖੇ ਨਹੀਂ, ਸਗੋਂ ਸੁਣੇ-ਸੁਣਾਏ ਕਿੱਸਿਆਂ `ਤੇ ਆਧਾਰਤ ਹੈ।
ਵੱਖ-ਵੱਖ ਕਿਸਮ ਦੀਆਂ ਭੂਮਿਕਾਵਾਂ ਵਿੱਚ ਜਾਨ ਪਾ ਦੇਣ ਵਾਲੇ ਇਸ ਅਦਾਕਾਰ ਦੀ ਕਹਾਣੀ ਇਸ ਲਿਖਤ ਦੇ ਅੱਖਰਕਾਰ ਦੇ ਜਨਮ ਤੋਂ ਪਹਿਲਾਂ ਹੀ ਤੁਰ ਪਈ ਸੀ। ਮੇਰਾ ਜਨਮ ਜਨਵਰੀ 1964 ਦਾ ਹੈ ਅਤੇ ਧਰਮਿੰਦਰ ਦਾ ਜਨਮ 1935 ਵਿੱਚ ਹੋਇਆ। 1975-76 ਵਿੱਚ ਜਦੋਂ ਅਸੀਂ ਪੰਜਵੀਂ-ਛੇਵੀਂ ਵਿੱਚ ਪੜ੍ਹਦੇ ਸਾਂ ਤਾਂ ਧਰਮਿੰਦਰ ਦੀ ਗੁੱਡੀ ਸਿਖ਼ਰਾਂ `ਤੇ ਸੀ। ਸਾਡੇ ਪਿੰਡ ਦਾ ਇੱਕ ਪੰਡਿਤਾਂ ਦਾ ਮੁੰਡਾ ਜੀਹਨੂੰ ਨਿੱਕ ਨੇਮ ਵਜੋਂ ਲੋਕ ‘ਘਿੰਨਾ’ ਕਹਿੰਦੇ ਸਨ, ਪ੍ਰਚੂਨ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਸ਼ਕਲ ਹੂਬਹੂ ਧਰਮਿੰਦਰ ਨਾਮ ਮਿਲਦੀ ਸੀ। ਉਸ ਨੇ ਧਰਮਿੰਦਰ ਦੀ ਫੋਟੋ ਦੁਕਾਨ ਦੇ ਅੰਦਰ ਦੀਵਾਰ `ਤੇ ਲਾਈ ਹੋਈ ਸੀ। ਮੈਂ ਉਹਨੂੰ ਇੱਕ ਵਾਰ ਪੁੱਛ ਬੈਠਾ, ਬਾਈ ਜੀ ਇਹ ਫੋਟੋ ਤੁਹਾਡੀ ਹੈ? (ਛੋਟੇ ਹੁੰਦਿਆਂ ਹੀ ਘਰ ਵਾਲਿਆਂ ਨੇ ਆਦਤ ਪਾ ਦਿੱਤੀ ਸੀ ਕਿ ਆਪਣੇ ਤੋਂ ਵੱਡੇ ਮੁੰਡਿਆਂ ਨੂੰ ਬਾਈ ਜੀ ਕਹਿ ਕੇ ਬੁਲਾਉਣਾ ਹੈ) ਉਹ ਚੁੱਪ ਰਿਹਾ ਤੇ ਮੁਸਕੜੀਂ ਹੱਸਦਾ ਰਿਹਾ। ਮੈਂ ਸੌਦਾ ਲੈ ਕੇ ਜਦੋਂ ਜਾਣ ਲੱਗਾ ਤਾਂ ਉਹਨੇ ਮੈਨੂੰ ਰੋਕ ਕੇ ਪੁੱਛਿਆ, ‘ਇਹ ਫੋਟੋ ਤੈਨੂੰ ਮੇਰੀ ਲਗਦੀ?’ ਮੈਂ ਅਣਭੋਲ ਹੀ ‘ਹਾਂ’ ਵਿੱਚ ਜਵਾਬ ਦਿੱਤਾ। ਫਿਰ ਉਹਨੇ ਮੈਨੂੰ ਦੱਸਿਆ ਕਿ ਇਹ ਹਿੰਦੀ ਫਿਲਮਾਂ ਦਾ ਬਹੁਤ ਵੱਡਾ ਐਕਟਰ ਧਰਮਿੰਦਰ ਹੈ। ਸਾਹਨੇਵਾਲ ਦਾ ਰਾਹਿਣ ਵਾਲਾ ਹੈ ਇਹ, ਬੰਬਈ ਵਿੱਚ ਇਹਦੀਆਂ ਧੁੰਮਾਂ ਪਈਆਂ ਹੋਈਆਂ ਹਨ। ਇਸ ਤਰ੍ਹਾਂ ਐਕਟਰ ਧਰਮਿੰਦਰ ਬਾਰੇ ਮੈਨੂੰ ਪਹਿਲੀ ਜਾਣਕਾਰੀ ਵੀ ਕਿਸੇ ਤੋਂ ਸੁਣ-ਸੁਣਾ ਕੇ ਹੀ ਮਿਲੀ। ‘ਘਿੰਨੇ’ ਨੇ ਵੀ ਧਰਮਿੰਦਰ ਦੀ ਪੈੜ `ਚ ਪੈਰ ਧਰਨ ਦੇ ਬੜੇ ਯਤਨ ਕੀਤੇ, ਪਰ ਉਨ੍ਹਾਂ ਨੂੰ ਫ਼ਲ ਨਾ ਪਿਆ। ਹਰ ਕਿਸੇ ਨੂੰ ਕੁਦਰਤ ਸ਼ਾਇਦ ਇਹੋ ਜਿਹੀ ਪ੍ਰਤੀਭਾ ਨਹੀਂ ਬਖਸ਼ਦੀ।
ਧਰਮਿੰਦਰ ਨੇ ਇੱਕ ਇੰਟਰਵਿਊ `ਚ ਖੁਦ ਦੱਸਿਆ ਕਿ ਐਕਟਰ ਬਣਨ ਦਾ ਵਿਚਾਰ ਉਸ ਦੇ ਮਨ ਵਿੱਚ ਦਲੀਪ ਕੁਮਾਰ ਦੀ ਫਿਲਮ ‘ਸ਼ਹੀਦ’ ਵੇਖ ਕੇ ਆਇਆ ਸੀ। ਉਸ ਨੇ ਦੱਸਿਆ ਕਿ ਮੈਂ ਦਲੀਪ ਕੁਮਾਰ ਦਾ ਬਹੁਤ ਵੱਡਾ ਫੈਨ ਸਾਂ। ਉਨ੍ਹਾਂ ਜਿਹਾ ਹੀ ਬਣਨਾ ਚਾਹੁੰਦਾ ਸਾਂ।
1975-76 ਵਿੱਚ ਟੈਲੀਵਿਜ਼ਨ ਸਾਡੇ ਘਰਾਂ ਵਿੱਚ ਉਦੋਂ ਹੈ ਨਹੀਂ ਸਨ। ਘਰਾਂ ਵਾਲੇ ਉਦੋਂ ਫਿਲਮ ਵੇਖਣ ਨੂੰ ‘ਖੇਲ੍ਹ ਵੇਖਣਾ’ ਕਿਹਾ ਕਰਦੇ ਸਨ; ਖਾਸ ਕਰਕੇ ਬਜ਼ੁਰਗ ਬਾਬੇ। ‘ਖੇਲ੍ਹ ਵੇਖਣ’ ਨੂੰ ਬਾਬੇ ਬੁਰਾ ਵੀ ਮੰਨਦੇ ਸਨ, ਕਿਉਂਕਿ ਇਹਦੇ ਨਾਲ ਬੱਚੇ ਵਿਗੜ ਸਕਦੇ ਸਨ! ਖੈਰ ਦਸਵੀਂ ਤੱਕ ਸਾਨੂੰ ਕਿਸੇ ਸਿਨੇਮਾ ਵਗੈਰਾ ਵਿੱਚ ਜਾ ਕੇ ‘ਖੇਲ੍ਹ’ ਵੇਖਣ ਦੀ ਇਜਾਜ਼ਤ ਨਾ ਦਿੱਤੀ ਗਈ। ਉਦੋਂ ਗਵੱਈਆਂ ਅਤੇ ਉਨ੍ਹਾਂ ਦੇ ਨਾਲ ਗਾਉਣ ਵਾਲੀਆਂ ਔਰਤ ਕਲਾਕਾਰਾਂ ਨੂੰ ਵੀ ਲੋਕ ਮੈਲੀ ਅੱਖ ਨਾਲ ਵੇਖਿਆ ਕਰਦੇ ਸਨ। ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਜਸਵੰਤ ਸੰਦੀਲਾ ਵਗੈਰਾ ਦੇ ਕਈ ਅਖਾੜੇ ਅਸੀਂ ਘਰ ਵਾਲਿਆਂ ਤੋਂ ਚੋਰੀ ਛਿੱਪੇ ਹੀ ਵੇਖੇ।
ਫਿਰ 1978 ਦੇ ਲਾਗੇ-ਚਾਗੇ ਪਿੰਡਾਂ ਵਿੱਚ ਬਲੈਕ ਐਂਡ ਵਾਈਟ ਟੈਲੀਵਿਜ਼ਨ ਟਾਵੇਂ-ਟਾਵੇਂ ਘਰਾਂ ਵਿੱਚ ਆਏ। ਉਦੋਂ ਜਿਨ੍ਹਾਂ ਦੇ ਘਰ ਟੈਲੀਵਿਜ਼ਨ ਹੁੰਦਾ ਸੀ, ਸ਼ਾਮ ਨੂੰ ਵੇਖਣ ਵਾਲਿਆਂ ਦਾ ਮੇਲਾ ਲੱਗ ਜਾਂਦਾ। ਹਰ ਐਤਵਾਰ ਕੋਈ ਨਾ ਕੋਈ ਫਿਲਮ ਆਇਆ ਕਰਦੀ, ਅਸੀਂ ਵੀ ਬੱਚਿਆ ਨਾਲ ਗੁਆਂਢੀਆਂ ਦੇ ਘਰੀਂ ਇਹ ਵੇਖਣ ਚਲੇ ਜਾਣਾ। ਜੁਆਕ ਟੈਲੀਵਿਜ਼ਨਾਂ ਵਾਲੇ ਘਰੀਂ ਧੱਕੇ ਨਾਲ ਅੰਦਰ ਆ ਵੜਦੇ। ਇਹੋ ਵਕਤ ਸੀ ਜਦੋਂ ਸਾਨੂੰ ਫਿਲਮਾਂ ਵੇਖਣ ਦਾ ਮੌਕਾ ਮਿਲਣ ਲੱਗਾ। ਧਰਮਿੰਦਰ ਦੀਆਂ ਵੀ ਕਈ ਫਿਲਮਾਂ ਟੈਲੀਵਿਜ਼ਨ `ਤੇ ਹੀ ਵੇਖੀਆਂ। ਨਾਮ ਪਤਾ ਨਹੀਂ। 80ਵਿਆਂ ਤੱਕ ਆਉਂਦਿਆਂ ਅਮਿਤਾਭ ਬੱਚਨ ਸੁਪਰ ਸਟਾਰ ਬਣ ਚੁਕਾ ਸੀ। ਜਦੋਂ ਦਸਵੀਂ ਪਾਸ ਕਰਕੇ ਹਾਇਰ ਸੈਕੰਡਰੀ ਵਿੱਚ ਪੜ੍ਹਨ ਲੱਗੇ ਤਾਂ ਜਾ ਕੇ ਸਿਨੇਮਾ ਵਿੱਚ ਫਿਲਮਾਂ ਵੇਖਣ ਦਾ ਵਕਤ ਲੱਗਣ ਲੱਗਾ। ਧਰਮਿੰਦਰ ਅਤੇ ਅਮਿਤਾਭ ਬੱਚਨ ਦੀ ਫਿਲਮ ‘ਸ਼ੋਅਲੇ’ ਮੈਂ ਰਜਿੰਦਰਾ ਮੈਡੀਕਲ ਕਾਲਜ ਵਿੱਚ ਪਟਿਆਲੇ ਪੜ੍ਹਦੇ ਆਪਣੇ ਦੋਸਤਾਂ ਨਾਲ ਵੇਖੀ ਸੀ। ਇਹ ਫਿਲਮ ਜ਼ਬਰਦਸਤ ਐਕਸ਼ਨ ਪੈਕੇਜ ਸੀ, ਪਰ ਮੈਨੂੰ ਇਸ ਵਿੱਚ ਵੀ ਸੰਜੀਵ ਕੁਮਾਰ ਦੀ ਭੂਮਿਕਾ ਜ਼ਿਆਦਾ ਚੰਗੀ ਲੱਗੀ। ਅਮਿਤਾਭ ਅਤੇ ਧਰਮਿੰਦਰ ਲੋਹਫਰ ਲਾਣੇ ਵਿੱਚੋਂ ਸਨ। ਲੋਹਫਰ ਤੋਂ ਯਾਦ ਆਇਆ, ਧਰਮਿੰਦਰ ਦੀ ਫਿਲਮ ‘ਲੋਹਫਰ’ ਮੈਂ ਜਗਰਾਵਾਂ ਦੇ ਇੱਕ ਛੋਟੇ ਜਿਸੇ ਸਿਨੇਮਾ ਵਿੱਚ ਵੇਖੀ ਸੀ। ਧਰਮਿੰਦਰ ਦੀ ਦੇਖਣੀ ਪਾਖਣੀਂ, ਡੀਲ ਡੌਲ ਸੋਹਣੀ ਸੀ, ਗੀਤ ਚੰਗੇ ਲੱਗੇ ਪਰ ਫਿਲਮ ਵਿੱਚੋਂ ਫਿਰ ਵੀ ਕੁਝ ਨਾ ਲੱਭਿਆ। ਦਿਲ ਬਹਿਲਾਨੇ ਕੇ ਲੀਏ ਠੀਕ ਸੀ। ਸ਼ੋਅਲਾ ਔਰ ਸ਼ਬਨਮ, ਆਈ ਮਿਲਨ ਕੀ ਬੇਲਾ, ਅਨਪੜ੍ਹ, ਸਤਿਆਕਾਮ, ਫੂਲ ਔਰ ਪੱਥਰ ਅਤੇ ਨੀਲਾ ਆਕਾਸ਼ ਆਦਿ ਧਰਮਿੰਦਰ ਦੀਆਂ ਕਲਾਸਿਕ ਫਿਲਮਾਂ ਸਮਝੀਆਂ ਜਾਂਦੀਆਂ ਹਨ। ਪਰ ਬਦਕਿਸਮਤੀ ਵੱਸ ਮੈਂ ਇਨ੍ਹਾਂ ਵਿੱਚੋਂ ਕੋਈ ਵੀ ਵੇਖ ਨਾ ਸਕਿਆ। ਧਰਮਿੰਦਰ ਦੀ ਸਭ ਤੋਂ ਚੰਗੀ ਫਿਲਮ ਮੈਨੂੰ ‘ਗੁਲਾਮੀ’ ਲੱਗੀ। ਇਸ ਵਿੱਚ ਉਹ ਸੰਜੀਦਾ ਭੂਮਿਕਾ ਵਿੱਚ ਸੀ। ਇਸ ਵਿੱਚ ਰੀਨਾ ਰਾਏ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ, ਮਿਥੁਨ ਚੱਕਰਵਰਤੀ ਅਤੇ ਅਨੀਤਾ ਰਾਜ ਉਸ ਦੇ ਸਹਾਇਕ ਐਕਟਰ ਸਨ। ਮਿਥੁਨ ਚੱਕਰਵਰਤੀ ਦੀ ਭੂਮਿਕਾ ਵੀ ਮੈਨੂੰ ਇਸੇ ਫਿਲਮ ਵਿੱਚ ਜਚੀ, ਨਹੀਂ ਤਾਂ ਉਹਦੇ ਡਿਸਕੋ ਡਾਂਸ ਨਾਲ ਮੈਨੂੰ ਬੜੀ ਚਿੜ੍ਹ ਸੀ। ਦੱਸਣ ਵਾਲੇ ਦੱਸਦੇ ਹਨ ਕਿ ਧਰਮਿੰਦਰ ਹਰ ਕਿਸਮ ਦੀ ਭੂਮਿਕਾ ਦਿਲ ਨਾਲ ਨਿਭਾਉਂਦਾ ਸੀ। ‘ਚੁਪਕੇ-ਚੁਪਕੇ’ ਵਿੱਚ ਉਸ ਦੀ ਕਾਮੇਡੀ ਵੇਖਣ ਲਾਇਕ ਸੀ, ਪਰ ਮੈਨੂੰ ਅਜੀਬ ਜਿਹੇ ਐਕਟਰ ਪਸੰਦ ਸਨ, ਮਸਲਨ ਰਾਜ ਕੁਮਾਰ, ਪ੍ਰਾਣ, ਅਨਿਲ ਕਪੂਰ, ਕੁਲਭੂਸ਼ਨ ਖਰਬੰਦਾ, ਓਮ ਪ੍ਰਕਾਸ਼, ਓਮ ਪੁਰੀ, ਰਾਜ ਬੱਬਰ, ਮਨੋਜ ਕੁਮਾਰ, ਸੰਜੀਵ ਕੁਮਾਰ, ਚੰਦਰਚੂਹੜ, ਜਿੰਮੀ ਸ਼ੇਰਗਿੱਲ ਆਦਿ।
ਅਮਿਤਾਭ ਬੱਚਨ ਅਤੇ ਰੇਖਾ ਦੀਆਂ ਮੈਨੂੰ ਕਈ ਫਿਲਮਾਂ ਚੰਗੀਆਂ ਲੱਗੀਆਂ। ਗੁਜਰਾਂਵਾਲਾ ਸਕੂਲ ਵਿੱਚ ਹੋਏ ਜ਼ਿਲ੍ਹਾ ਸਕੂਲ ਹਾਕੀ ਦੇ ਇੱਕ ਮਹੱਤਵਪੂਰਨ ਮੁਕਾਬਲੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਹਾਇਰ ਸੈਕੰਡਰੀ ਸਕੂਲ ਤੋਂ ਹਾਰਨ ਤੋਂ ਬਾਅਦ ਫਿਲਮ ‘ਦੀਵਾਰ’ ਲੁਧਿਆਣੇ ਦੇ ਪ੍ਰੀਤ ਪੈਲਿਸ ਵਿੱਚ ਵੇਖ ਕੇ ਅਸੀਂ ਆਪਣਾ ਗਮ ਗਲਤ ਕੀਤਾ ਸੀ। ਮੁਕੱਦਰ ਕਾ ਸਿਕੰਦਰ ਵੇਖੀ ਤੇ ਸੀ, ਪਰ ਪਤਾ ਨਹੀ ਕਿੱਥੇ। ਸ਼ਰਾਬੀ ਕਾਲੀਆ ਅਤੇ ਜੰਜੀਰ ਵੀ ਵੇਖੀਆਂ ਸਨ, ਪਰ ਪਤਾ ਨਹੀਂ ਕਿਸ ਸਿਨੇਮਾ ਵਿੱਚ ਵੇਖੀਆਂ ਸਨ।
ਫਿਲਮਾਂ ਤੋਂ ਇਲਾਵਾ ਇੱਕ ਮਨੁੱਖ ਦੇ ਤੌਰ `ਤੇ ਧਰਮਿੰਦਰ ਦੀਆਂ ਢੇਰ ਸਾਰੀਆਂ ਸਿਫਤਾਂ ਸੁਣੀਆਂ ਹਨ, ਬਹੁਤ ਸਾਰੇ ਲੋਕਾਂ ਤੋਂ। ਕੋਈ ਉਸ ਦੀ ਬਦਖੋਈ ਕਰਦਾ ਨਹੀਂ ਸੁਣਿਆ। ਹਾਂ ਪੰਜਾਬ ਦੇ ਫਿਲਮੀ ਅਤੇ ਸਾਹਿਤਕ ਹਲਕਿਆਂ ਵਿੱਚ ਇਹ ਗਿਲਾ ਜ਼ਰੂਰ ਕੀਤਾ ਜਾਂਦਾ ਹੈ ਕਿ ਪੰਜਾਬ ਤੋਂ ਹੋਣ ਦੇ ਬਾਵਜੂਦ ਧਰਮਿੰਦਰ ਪਰਿਵਾਰ ਨੇ ਪੰਜਾਬੀ ਫਿਲਮਾਂ ਲਈ ਕੁਝ ਖਾਸ ਨਹੀਂ ਕੀਤਾ, ਜਦਕਿ ਉਹ ਕਰਨ ਦੇ ਸਮਰੱਥ ਸਨ। ਇੱਕ ਦੋਸਤ ਨੇ ਇਹ ਵੀ ਦੱਸਿਆ ਕਿ ਪੰਜਾਬ ਦਾ ਇੱਕ ਨਛੱਤਰ ਸਿੰਘ ਨਾਂ ਦਾ ਉਚਾ ਲੰਬਾ ਸੁਨੱਖਾ ਨੌਜਵਾਨ ਨਕਸਲੀ ਲਹਿਰ ਵਿੱਚ ਭਗੌੜਾ ਹੋ ਗਿਆ ਸੀ। ਉਹ ਧਰਮਿੰਦਰ ਦੇ ਸਹੁਰਿਆਂ ਦੇ ਪਿੰਡੋਂ ਸੀ। ਵਾਹਵਾ ਜ਼ਮੀਨ ਦਾ ਮਾਲਕ ਤੇ ਪਿੰਡ ਦਾ ਸਰਪੰਚ ਰਿਹਾ ਸੀ। 3-4 ਕੁ ਸਾਲ ਬਾਅਦ ਹੀ ਜਦੋਂ ਨਕਸਲੀ ਲਹਿਰ ਵਿੱਚ ਫੁੱਟ ਪੈ ਗਈ ਤਾਂ ਉਹ ਕਿਸੇ ਗਰੁੱਪ ਨਾਲ ਨਹੀਂ ਗਿਆ, ਵਾਪਸ ਧਰਮਿੰਦਰ ਕੋਲ ਆ ਗਿਆ ਅਤੇ ਸਾਰੀ ਉਮਰ ਉਸ ਦੇ ਕੋਲ ਹੀ ਰਿਹਾ। ਫਿਰ ਪਤਾ ਨਹੀਂ ਉਸ ਦਾ ਕੀ ਬਣਿਆ।
ਪਤਾ ਨਹੀਂ ਝੂਠੀਆਂ ਕਿ ਸੱਚੀਆਂ, ਇਹ ਗੱਲਾਂ ਵੀ ਸੁਣੀਆਂ ਹਨ ਕਿ ਪੰਜਾਬ ਦੇ ਕਈ ਖਾੜਕੂ ਮੁੰਡੇ ਵੀ ਉਸ ਕੋਲ ਚਲੇ ਜਾਂਦੇ ਸਨ। ਕੁਝ ਦਿਨ ਰਹਿ ਵੀ ਲੈਂਦੇ ਅਤੇ ਪੈਸਾ ਧੇਲਾ ਵੀ ਲੈ ਜਾਂਦੇ। ਉਨ੍ਹਾਂ ਨੂੰ ਧਰਮਿੰਦਰ ਬੜੇ ਪਿਆਰ ਨਾਲ ਰੱਖਦਾ ਸੀ। ਪਰ ਲਹਿਰ ਦੀ ਗਿਰਾਵਟ ਦੇ ਦੌਰ ਵਿੱਚ ਖਾੜਕੂਆਂ ਦੇ ਕਿਸੇ ਗੁੱਟ ਨੇ ਉਸ ਤੋਂ ਫਰੌਤੀ ਮੰਗ ਲਈ ਤੇ ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਸ ਪਾਸਿਉਂ ਉਸ ਦਾ ਸੰਪਰਕ ਟੁੱਟ ਗਿਆ ਸੀ।
ਆਪਣਾ ਆਖਰੀ ਸਮਾਂ ਧਰਮਿੰਦਰ ਨੇ ਆਪਣੇ ਫਾਰਮ ਦੇ ਹਰੇ-ਭਰੇ ਮਾਹੌਲ ਵਿੱਚ ਗੁਜ਼ਾਰਿਆ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੇਰੇ ਅੰਦਰੋਂ ਸਾਹਨੇਵਾਲ ਵਾਲਾ ਬਚਪਨ ਕਦੇ ਨਹੀਂ ਮਰਿਆ। ਇਸ ਮਿੱਟੀ ਦੀ ਖੁਸ਼ਬੂ ਹੀ ਉਸ ਦੇ ਰਾਹੀਂ ਹਰ ਥਾਂ ਮਹਿਕੀ ਹੈ। ਉਹਨੇ ਕਿਹਾ, ‘ਮੇਰੇ ਖੇਤਾਂ ਦੀ ਮਿੱਟੀ ਨੇ ਮੇਰੀ ਦਿਲਦਾਰੀ ਨੂੰ ਕਾਇਮ ਰੱਖਿਆ।’ ਧਰਮਿੰਦਰ ਨਾਲ ਕੰਮ ਕਰਨ ਵਾਲੀ ਐਕਟਰ ਸ਼ਰਮੀਲਾ ਟੈਗੋਰ ਨੇ ਚੈਨਲ ‘ਇੰਡੀਆ ਟੂਡੇ’ ਨਾਲ ਇੱਕ ਗੱਲਬਾਤ ਵਿੱਚ ਕਿਹਾ ਕਿ ਧਰਮਿੰਦਰ ਦੀ ਮੁਸਕਰਾਹਟ ਉਸ ਨੂੰ ਸਭ ਤੋਂ ਜ਼ਿਆਦਾ ਪਸੰਦ ਸੀ। ਇਹ ਉਸ ਦੇ ਸਿੱਧੀ ਦਿਲ ਨਾਲ ਜੁੜੀ ਹੋਈ ਸੀ। ਉੱਤਰੀ ਅਮਰੀਕਾ ਵਿੱਚ ਅਟਾਰਨੀ ਵਜੋਂ ਕੰਮ ਕਰਦੇ ਇੱਕ ਵਕੀਲ ਜਸਪ੍ਰੀਤ ਸਿੰਘ ਦਾ ਉਸ ਨਾਲ ਮਿਲਣ ਜੁਲਣ ਸੀ, ਬੀਤੇ ਦਿਨੀਂ ਜਦੋਂ ਧਰਮਿੰਦਰ ਦੀ ਮੌਤ ਦੀ ਝੂਠੀ ਖ਼ਬਰ ਉਡੀ ਤਾਂ ਉਨ੍ਹਾਂ ਇੱਕ ਟੀ.ਵੀ. ਚੈਨਲ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਧਰਮਿੰਦਰ ਬਹੁਤ ਜ਼ਿਆਦਾ ਚੰਗੇ ਇਨਸਾਨ ਹਨ। ਆਪਣੀ ਇੱਕ ਇੰਟਰਵਿਊ ਵਿੱਚ ਫਿਲਮ ਐਕਟਰ ਅਤੇ ਪਹਿਲਵਾਨ ਦਾਰਾ ਸਿੰਘ ਨੇ ਦੱਸਿਆ ਸੀ ਕਿ ਧਰਮਿੰਦਰ ਦਾ ਕੱਦ ਮੇਰੇ ਨਾਲੋਂ ਛੋਟਾ ਸੀ, ਪਰ ਉਸ ਦੇ ਹੱਥ ਮੇਰੇ ਨਾਲੋਂ ਵੱਡੇ ਸਨ। ਦਾਰਾ ਸਿੰਘ ਨੇ ਕਿਹਾ ਸੀ ਕਿ ਜੇ ਐਕਟਰ ਨਾ ਹੁੰਦਾ ਤਾਂ ਧਰਮਿੰਦਰ ਨੇ ਪਹਿਲਵਾਨ ਹੋਣਾ ਸੀ।
ਹੇਮਾ ਮਾਲਿਨੀ ਨਾਲ ਧਰਮਿੰਦਰ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਫਿਲਮ ਐਕਟਰ ਜਤਿੰਦਰ ਨਾਲ ਹੇਮਾ ਨਾਲ ਹੋਈ ਮੰਗਣੀ ਧੱਕੇ ਨਾਲ ਤੁੜਵਾਈ ਅਤੇ ਆਪ ਵਿਆਹ ਕਰਵਾਇਆ। ਧਰਮਿੰਦਰ ਦੇ ਪਹਿਲੇ ਵਿਆਹ ਤੋਂ ਉਸ ਦੇ ਦੋ ਕੁੜੀਆਂ ਅਤੇ ਦੋ ਮੁੰਡੇ- ਸੰਨੀ ਦਿਓਲ ਅਤੇ ਬਾਬੀ ਦਿਓਲ ਹਨ। ਹੇਮਾ ਤੋਂ ਦੋ ਕੁੜੀਆਂ ਇਸ਼ਾ ਦਿਓਲ ਅਤੇ ਆਇਨਾ ਦਿਓਲ। ਹੇਮਾ ਮਾਲਿਨੀ ਨੇ ਇੱਕ ਟੈਲੀਵਿਜ਼ਨ ਚੈਨਲ ਨਾਲ ਇੰਟਰਵਿਊ ਵਿੱਚ ਦੱਸਿਆ ਕਿ ਦੋਹਾਂ ਦੇ ਜਨਮ ਵੇਲੇ ਧਰਮਿੰਦਰ ਨੇ ਪੂਰਾ ਹਸਪਤਾਲ ਬੁੱਕ ਕਰਵਾ ਦਿੱਤਾ ਸੀ। ਕਹਿੰਦਾ ਸੀ ਰੈਗੂਲਰ ਹਸਪਤਾਲ ਵਿੱਚ ਨਹੀਂ ਜਾਣਾ। ਈਸ਼ਾ ਦਿਓਲ ਨੇ ਜਦੋਂ ਫਿਲਮ ਐਕਟਰਸ ਬਣਨ ਦੀ ਇੱਛਾ ਪ੍ਰਗਟ ਕੀਤੀ ਤਾਂ ਕਹਿੰਦੇ ਧਰਮਿੰਦਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਫਿਲਮਾਂ ਵਿੱਚ ਦਿਸਦੇ ਮਾਸੂਮ ਹੀਰੋ ਦੇ ਅੰਦਰਲਾ ‘ਜੱਟ’ ਇੱਥੇ ਪੂਰੀ ਤਰ੍ਹਾਂ ਅੜ ਖਲੋਤਾ ਸੀ; ਪਰ ਹੇਮਾ ਮਾਲਿਨੀ ਅਨੁਸਾਰ ਕਾਫੀ ਦੇਰ ਬਾਅਦ ਫਿਰ ਅਸਾਂ ਉਨ੍ਹਾਂ ਨੂੰ ਮਨਾ ਲਿਆ ਸੀ। ਉਸ ਦੇ ਚਲਾਣੇ `ਤੇ ਇਕੱਲੀ ਫਿਲਮ ਇੰਡਸਟਰੀ ਹੀ ਨਹੀਂ, ਹਿੰਦੁਸਤਾਨ ਦੀ ਸਾਰੀ ਸੀਨੀਅਰ ਰਾਜਨੀਤਿਕ ਲੀਡਰਸ਼ਿਪ ਵੀ ਸੋਗ ਵਿੱਚ ਡੁੱਬ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਿੰਦਰ ਦੇ ਚਲਾਣੇ ਉੱਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਧਰਮਿੰਦਰ ਦੀ ਮੌਤ ਨਾਲ ਭਾਰਤੀ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟ ਕਰਨ ਜੌਹਰ ਨੇ ਵੀ ਤਕਰੀਬਨ ਏਸੇ ਕਿਸਮ ਦੇ ਵਿਚਾਰ ਪ੍ਰਗਟ ਕੀਤੇ। ਐਕਟਰ ਫਰਹਾਨ ਖਾਨ, ਕਾਜੋਲ ਅਤੇ ਅਜੇ ਦੇਵਗਨ ਨੇ ਕਿਹਾ ਕਿ ਧਰਮਿੰਦਰ ਦੇ ਚਲੇ ਜਾਣ ਨਾਲ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
