ਪਨਾਮਾ ਨਾਲ 175 ਸਾਲ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਗੂੰਜਦਾ ਮੈਦਾਨ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਖ਼ੈਰ! ਹਥਲੀ ਲਿਖਤ ਵਿੱਚ ਪਨਾਮਾ ਦੀ ਧਰਤੀ ਨਾਲ ਪੰਜਾਬੀਆਂ ਦੀ 175 ਸਾਲ ਪੁਰਾਣੀ ਸਾਂਝ ਦਾ ਸੰਖੇਪ ਜ਼ਿਕਰ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਂਜ ਜ਼ਿਆਦਾਤਰ ਪੰਜਾਬੀਆਂ ਨੇ ਪਨਾਮਾ ਦਾ ਨਾਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਸਮੇਂ ਪਨਾਮਾ ਦੇ ਜੰਗਲਾਂ ’ਚੋਂ ਲੰਘ ਜਾਣ ਦੇ ਸੰਦਰਭ ਵਿਚ ਹੀ ਸੁਣਿਆ ਜਾਂ ਪੜ੍ਹਿਆ ਹੈ।

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ+91-9781646008

ਮੱਧ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਸਥਿਤ ਪਨਾਮਾ ਇੱਕ ਮਹੱਤਵਪੂਰਨ ਮੁਲਕ ਹੈ। ਇਸ ਮੁਲਕ ਦੇ ਦੱਖਣ ਵਿੱਚ ਪੈਸੇਫ਼ਿਕ ਓਸ਼ਨ ਭਾਵ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਕੋਲੰਬੀਆ, ਪੱਛਮ ਵਿੱਚ ਕੋਸਟਾ ਰੀਕਾ ਅਤੇ ਉੱਤਰ ਵਿੱਚ ਕੈਰੀਬਿਅਨ ਸਾਗਰ ਸਥਿਤ ਹੈ। ਇਸਦੀ ਰਾਜਧਾਨੀ ਪਨਾਮਾ ਸਿਟੀ ਹੈ, ਜਿਸਦੇ ਮੈਟਰੋਪਾਲੀਟਨ ਭਾਗ ਵਿੱਚ ਇਸ ਮੁਲਕ ਦੀ ਅੱਧੀ ਆਬਾਦੀ ਭਾਵ 20 ਲੱਖ ਤੋਂ ਵੱਧ ਲੋਕ ਵੱਸਦੇ ਹਨ। ਇੱਥੋਂ ਦੇ 91 ਫ਼ੀਸਦੀ ਨਾਗਰਿਕ ਈਸਾਈ ਧਰਮ ਨਾਲ ਜੁੜੇ ਹਨ, ਜਦੋਂ ਕਿ 7.6 ਫ਼ੀਸਦੀ ਆਬਾਦੀ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ। ਇੱਥੋਂ ਦੀ ਵੱਸੋਂ ਘਣਤਾ 56 ਵਿਅਕਤੀ ਪ੍ਰਤੀ ਕਿਲੋਮੀਟਰ ਹੈ। ਇਸ ਮੁਲਕ ਦਾ ਕੁੱਲ ਖੇਤਰਫ਼ਲ 75,417 ਵਰਗ ਕਿਲੋਮੀਟਰ ਭਾਵ 29,119 ਵਰਗ ਮੀਲ ਹੈ। ਇੱਥੋਂ ਦੀ ਅੰਦਾਜ਼ਨ ਪ੍ਰਤੀ ਵਿਅਕਤੀ ਸਾਲਾਨਾ ਆਮਦਨ 20 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ। ਇੱਥੇ ਜ਼ਿਆਦਾਤਰ ਲੋਕ ਸਪੈਨਿਸ਼ ਭਾਸ਼ਾ ਵਿੱਚ ਗੱਲ ਕਰਦੇ ਹਨ, ਪਰ ਅੰਗਰੇਜ਼ੀ ਸਣੇ ਕੁਝ ਇੱਕ ਭਾਰਤੀ ਭਾਸ਼ਾਵਾਂ ਵੀ ਇੱਥੇ ਸਮਝੀਆਂ ਤੇ ਬੋਲੀਆਂ ਜਾਂਦੀਆਂ ਹਨ। ਕੁਦਰਤੀ ਪੱਖੋਂ ਮਾਲਮਾਲ ਇਸ ਮੁਲਕ ਦੀ 40 ਫ਼ੀਸਦੀ ਧਰਤੀ ‘ਬਰਸਾਤੀ ਜੰਗਲਾਂ’ ਨਾਲ ਢਕੀ ਹੋਈ ਹੈ, ਜਿੱਥੇ ਕਈ ਪ੍ਰਜਾਤੀਆਂ ਦੇ ਪਸ਼ੂ ਤੇ ਪੰਛੀ ਵੱਸਦੇ ਹਨ।
ਇੱਕ ਅੰਦਾਜ਼ੇ ਅਨੁਸਾਰ ਪਨਾਮਾ ਵਿਖੇ ਵੱਸਣ ਵਾਲੇ ਭਾਰਤੀਆਂ ਦੀ ਸੰਖਿਆ 15 ਹਜ਼ਾਰ ਤੋਂ 33,000 ਦੇ ਵਿਚਕਾਰ ਹੈ। ਇਹ ਜ਼ਿਕਰਯੋਗ ਹੈ ਕਿ ਮੱਧ ਅਮਰੀਕਾ ਵਿੱਚ ਵੱਸਣ ਵਾਲੇ ਭਾਰਤੀਆਂ ਦੀ ਵੱਡੀ ਗਿਣਤੀ ਪਨਾਮਾ ਅੰਦਰ ਹੀ ਪਾਈ ਜਾਂਦੀ ਹੈ। ਭਾਰਤੀ ਲੋਕ ਇੱਥੇ ਹੋਲਸੇਲ ਅਤੇ ਪ੍ਰਚੂਨ ਵਪਾਰ ਕਰਨ ਦੇ ਨਾਲ-ਨਾਲ ਜਹਾਜ਼ਰਾਨੀ ਭਾਵ ਸ਼ਿਪਿੰਗ ਇੰਡਸਟਰੀ ਅਤੇ ਵਿੱਤੀ ਪ੍ਰਬੰਧਨ ਦੇ ਖੇਤਰਾਂ ਵਿੱਚ ਸਰਗਰਮ ਹਨ। ਭਾਰਤੀਆਂ ਨੇ ਆਪੋ-ਆਪਣੇ ਧਾਰਮਿਕ ਅਕੀਦੇ ਅਨੁਸਾਰ ਇੱਥੇ ਮੰਦਿਰ, ਮਸਜਿਦ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੋਈ ਹੈ। ਜਨਵਰੀ 2021 ਵਿੱਚ ਪਨਾਮਾ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕਰਕੇ ‘ਨੈਸ਼ਨਲ ਕੌਂਸਲ ਫ਼ਾਰ ਇੰਡੀਅਨ ਐਥਨੀਸਿਟੀ’ ਦੀ ਸਥਾਪਨਾ ਕੀਤੀ ਗਈ ਸੀ, ਜਿਸਦਾ ਮੁੱਖ ਕਾਰਜ ਕਿ ਪਨਾਮਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਆਪਣੀ ਕੀਮਤੀ ਸਲਾਹ ਦੇਣਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮੇਹਰ ਐਲੀਜ਼ਰ ਨੇ ਸੰਨ 2019 ਵਿੱਚ ਹੋਏ ‘ਮਿਸ ਪਨਾਮਾ ਮੁਕਾਬਲੇ’ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ‘ਮਿਸ ਯੂਨੀਵਰਸ’ ਮੁਕਾਬਲੇ ਵਿੱਚ ਪਨਾਮਾ ਦੀ ਪ੍ਰਤੀਨਿਧਤਾ ਕੀਤੀ ਸੀ। ਇਹ ਮੁਟਿਆਰ ਦਰਅਸਲ ਭਾਰਤ ਦੇ ਨਵੀਂ ਦਿੱਲੀ ਵਿਖੇ ਜਨਮੀ ਸੀ ਤੇ ਪਨਾਮਾ ਵਿਖੇ ਆ ਕੇ ਪਲੀ ਸੀ।
ਜ਼ਿਆਦਾਤਰ ਪੰਜਾਬੀਆਂ ਨੇ ਪਨਾਮਾ ਦਾ ਨਾਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਸਮੇਂ ਪਨਾਮਾ ਦੇ ਜੰਗਲਾਂ ’ਚੋਂ ਲੰਘ ਜਾਣ ਦੇ ਸੰਦਰਭ ਵਿਚ ਹੀ ਸੁਣਿਆ ਜਾਂ ਪੜ੍ਹਿਆ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਨਾਮਾ ਦੀ ਧਰਤੀ ਨਾਲ ਤਾਂ ਪੰਜਾਬੀਆਂ ਦੀ 175 ਸਾਲ ਪੁਰਾਣੀ ਸਾਂਝ ਹੈ। ਇਸ ਮੁਲਕ ਨਾਲ ਪੰਜਾਬੀਆਂ ਦੇ ਰਿਸ਼ਤੇ ਦੀ ਕਹਾਣੀ ਸੰਨ 1850 ਵਿੱਚ ਉਸ ਸਮੇਂ ਸ਼ੁਰੂ ਹੋਈ ਸੀ, ਜਦੋਂ ਅਟਲਾਂਟਿਕ ਅਤੇ ਪੈਸੇਫ਼ਿਕ ਸਮੁੰਦਰਾਂ ਦਰਮਿਆਨ ਰੇਲ ਅਤੇ ਸੜਕ ਨਿਰਮਾਣ ਦਾ ਵੱਡਾ ਪ੍ਰਾਜੈਕਟ ਸ਼ੁਰੂ ਹੋਇਆ ਸੀ ਤੇ ਪੰਜਾਬੀਆਂ ਨੂੰ ਸਖ਼ਤ ਮਿਹਨਤ ਕਰਨ ਦੇ ਸਮਰੱਥ ਮੰਨਦਿਆਂ ਉਨ੍ਹਾ ਨੂੰ ਇਸ ਮੁਸ਼ਕਿਲ ਕਾਰਜ ਦੀ ਪੂਰਤੀ ਲਈ ਸੱਤ ਸਮੁੰਦਰੋਂ ਪਾਰ ਇੱਥੇ ਲੈ ਕੇ ਆਉਣ ਦੀ ਲੋੜ ਮਹਿਸੂਸ ਹੋਈ ਸੀ ਤੇ ਪੰਜਾਬੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਹਿਤ ਇੱਥੇ ਪੁੱਜ ਵੀ ਗਏ ਸਨ।
ਕਿੰਨੀ ਦਿਲਚਸਪ ਗੱਲ ਹੈ ਕਿ ਸੰਨ 1864 ਵਿੱਚ ‘ਨਿਊ ਗ੍ਰੇਨਾਡ’ ਖਿੱਤਾ, ਜਿਸਦੇ ਅਧੀਨ ਪਨਾਮਾ ਵੀ ਆਉਂਦਾ ਸੀ, ਦੀ ਕੁੱਲ ਆਬਾਦੀ 20 ਲੱਖ, 70 ਹਜ਼ਾਰ ਸੀ ਤੇ ਇਸ ਖਿੱਤੇ ਵਿੱਚ ਪੰਜਾਬੀਆਂ ਦੀ ਸੰਖਿਆ 1 ਲੱਖ 60 ਹਜ਼ਾਰ ਸੀ ਤੇ ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਹੀ ਸੀ। ਪੰਜਾਬੀਆਂ ਨੇ ਇੱਥੇ ਉਪਲਬਧ ਬਹੁਤ ਹੀ ਘੱਟ ਮਸ਼ੀਨਰੀ ਸਹਿਤ ਕੇਵਲ ਆਪਣੇ ਹੱਥਾਂ ਦੀ ਮਿਹਨਤ ਨਾਲ ਹੀ ਸਾਰਾ ਕਾਰਜ ਮੁਕੰਮਲ ਕਰ ਦਿੱਤਾ ਸੀ, ਜਦੋਂ ਕਿ ਸਬੰਧਿਤ ਖਿੱਤੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਖ਼ਤਰਨਾਕ ‘ਯੈਲੋ ਫ਼ੀਵਰ’ ਹੋਣ ਦਾ ਖ਼ਤਰਾ ਸਦਾ ਮੰਡਰਾਉਂਦਾ ਰਹਿੰਦਾ ਸੀ, ਪਰ ਪੰਜਾਬੀਆਂ ਨੇ ਆਪਣੇ ਬੁਲੰਦ ਹੌਂਸਲੇ ਨਾਲ ਹਰੇਕ ਮੁਸੀਬਤ ਅਤੇ ਮੁਸ਼ਕਿਲ ਦਾ ਸਾਹਮਣਾ ਬੜੀ ਦਲੇਰੀ ਨਾਲ ਕੀਤਾ ਸੀ।
ਉਕਤ ਵੱਡ-ਆਕਾਰੀ ਅਤੇ ਅਤਿ ਮੁਸ਼ਕਿਲ ਕਾਰਜ ਦੇ ਸੰਪੂਰਨ ਹੋ ਜਾਣ ਤੋਂ ਬਾਅਦ ਕਾਫੀ ਸਾਰੇ ਪੰਜਾਬੀ ਇੱਥੇ ਪਨਾਮਾ ਵਿੱਚ ਹੀ ਵੱਸ ਗਏ ਸਨ ਤੇ ਉਨ੍ਹਾਂ ਨੇ ਇੱਥੇ ਬਤੌਰ ਜ਼ਿਮੀਂਦਾਰ, ਸੁਰੱਖਿਆ ਗਾਰਡ, ਦੁਕਾਨਦਾਰ ਜਾਂ ਵਪਾਰੀ ਦੇ ਤੌਰ ’ਤੇ ਵੱਸਣਾ ਸ਼ੁਰੂ ਕਰ ਦਿੱਤਾ ਸੀ। ਫਿਰ ਕੁਝ ਦੇਰ ਬਾਅਦ ਜਦੋਂ ਸੰਨ 1904 ਵਿੱਚ ‘ਪਨਾਮਾ ਨਹਿਰ’ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਤਾਂ ਪੰਜਾਬੀ ਲੋਕ ਫਿਰ ਅੱਗੇ ਆਏ ਤੇ ਇਸ ਨਹਿਰ ਦੇ ਨਿਰਮਾਣ ਵਿੱਚ ਜੁਟ ਗਏ। ਸੰਨ 1914 ਵਿੱਚ ਇਸ ਨਹਿਰ ਦਾ ਨਿਰਮਾਣ ਕਾਰਜ ਪੂਰਾ ਹੋਣ ਪਿੱਛੋਂ ਕੁਝ ਪੰਜਾਬੀ ਲੋਕ ਵਾਪਿਸ ਵਤਨ ਪਰਤ ਗਏ, ਪਰ ਜ਼ਿਆਦਾਤਰ ਪਨਾਮਾ ਵਿਖੇ ਹੀ ਵੱਸ ਗਏ ਤੇ ਵੱਖ-ਵੱਖ ਕੰਮ-ਧੰਦੇ ਕਰਨ ਲੱਗ ਪਏ। ਉਕਤ ਨਹਿਰ ਦੇ ਨਿਰਮਾਣ ਲਈ ਉਨ੍ਹਾਂ ਨੂੰ ਚੰਗੀ ਮਜ਼ਦੂਰੀ ਮਿਲੀ ਸੀ, ਜਿਸ ਕਰਕੇ ਉਹ ਖ਼ੁਸ਼ ਸਨ। ਉਨ੍ਹਾਂ ਵਿੱਚੋਂ ਸ. ਰਤਨ ਸਿੰਘ ਨੇ ਆਪਣੀ ਵਿੱਤੀ ਸੂਝ ਦਾ ਲਾਭ ਉਠਾਉਣ ਲਈ ‘ਫ਼ਾਇਨਾਂਸ ਕੰਪਨੀ’ ਖੋਲ੍ਹੀ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਸ਼ਖ਼ਸ ਨੇ ਹੀ ਬਾਅਦ ਵਿੱਚ ਸ. ਪਰਕਾਸ਼ ਸਿੰਘ ਅਤੇ ਕੁਝ ਹੋਰ ਅਮੀਰ ਸਿੱਖਾਂ ਨਾਲ ਸਾਂਝੇ ਤੌਰ ’ਤੇ ਪੈਸਾ ਦਾਨ ਕਰਕੇ ਸੰਨ 1986 ਵਿੱਚ ‘ਗੁਰਦੁਆਰਾ ਗੁਰੂ ਨਾਨਕ ਸਾਹਿਬ ਪਨਾਮਾ’ ਦਾ ਨਿਰਮਾਣ ਕੀਤਾ ਸੀ, ਜਿਸਨੂੰ ਅੱਜ ਕੱਲ੍ਹ ‘ਗੁਰੂ ਨਾਨਕ ਸਾਹਿਬ ਸਿਵਿਕ ਸੁਸਾਇਟੀ’ ਵੱਲੋਂ ਸੰਭਾਲਿਆ ਤੇ ਚਲਾਇਆ ਜਾ ਰਿਹਾ ਹੈ। ਉਸ ਵੇਲੇ ਵੀ ਇੱਥੇ ਰਹਿਣ ਵਾਲੇ ਪੰਜਾਬੀ ਲੋਕ ਹਫ਼ਤੇ ਦੇ ਇੱਕ ਦਿਨ ਲੜੀਵਾਰ ਇੱਕ-ਦੂਜੇ ਦੇ ਘਰਾਂ ਅੰਦਰ ਇਕੱਤਰਤਾ ਕਰਦੇ ਸਨ ਅਤੇ ਗੁਰਬਾਣੀ ਪਾਠ ਤੇ ਕੀਰਤਨ ਕਰਿਆ ਕਰਦੇ ਸਨ ਭਾਵ ਬੇਗਾਨੇ ਮੁਲਕ ਵਿੱਚ ਆ ਕੇ ਵੀ ਉਹ ਆਪਣੇ ਧਰਮ ਅਤੇ ਵਿਰਸੇ ਤੋਂ ਦੂਰ ਨਹੀਂ ਹੋਏ ਸਨ।
ਪਨਾਮਾ ਵਿਖੇ ਵੱਸਦੇ ਪੰਜਾਬੀਆਂ ਨੇ ਸਿੰਧੀ ਸਮਾਜ ਦੇ ਲੋਕਾਂ ਨਾਲ ਮਿਲ ਕੇ ਸੰਨ 1947 ਵਿਚ ਇੱਥੇ ‘ਇੰਡੀਅਨ ਸੁਸਾਇਟੀ ਆਫ਼ ਪਨਾਮਾ’ ਦੀ ਨੀਂਹ ਰੱਖੀ ਸੀ। ਇਸ ਵੇਲੇ ਪਨਾਮਾ ਦੀ ਹੱਦ ਅੰਦਰ ਵੱਸ ਰਹੇ ਭਾਰਤੀਆਂ ਵਿਚ ਵੱਡੀ ਸੰਖਿਆ ਗੁਜਰਾਤੀ, ਸਿੰਧੀ ਅਤੇ ਪੰਜਾਬੀ ਲੋਕਾਂ ਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੰਖਿਆ ਵਿੱਚ ਘੱਟ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਬਲਬੂਤੇ ਪਨਾਮਾ ਦੇ ਵਪਾਰ ਅਤੇ ਸੱਭਿਆਚਾਰ ਵਿੱਚ ਆਪਣੀ ਵੱਖਰੀ ਤੇ ਜ਼ਬਰਦਸਤ ਪਛਾਣ ਬਣਾਈ ਹੈ।
ਪਨਾਮਾ ਵਿਖੇ ‘ਅਮਰੀਕਨ ਮਿਲਟਰੀ ਬੇਸ’ ਦੀ ਸਥਾਪਨਾ ਤੋਂ ਬਾਅਦ ਬਹੁਤ ਸਾਰੇ ਪੰਜਾਬੀ ‘ਪੀ.ਆਰ.’ ਲੈ ਕੇ ਪਨਾਮਾ ਵਿਖੇ ਹੀ ਪੱਕੇ ਤੌਰ ’ਤੇ ਵੱਸ ਗਏ ਹਨ। ਪਨਾਮਾ ਵਿਖੇ ਵੱਸ ਰਹੇ ਕੁਝ ਚੌਥੀ ਪੀੜ੍ਹੀ ਦੇ ਸਿੱਖ ਨੌਜਵਾਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਹੈ ਕਿ ਪਨਾਮਾ ਵਿਖੇ ਹੁਣ ਪੰਜਾਬੀਆਂ ਨੇ ਵਿੱਤੀ ਅਤੇ ਵਪਾਰਕ ਸੰਸਥਾਵਾਂ ਚਲਾਉਣ ਦੇ ਨਾਲ-ਨਾਲ ਕੇਲੇ ਅਤੇ ਹੋਰ ਵਪਾਰਕ ਫ਼ਸਲਾਂ ਦੀ ਖੇਤੀ ਕਰਨ ਹਿਤ ਜ਼ਮੀਨਾਂ ਦੀ ਮਾਲਕੀ ਹਾਸਿਲ ਕਰ ਲਈ ਹੈ। ਕੁਝ ਕੁ ਸਿਰੜੀ ਅਤੇ ਸੂਝਵਾਨ ਪੰਜਾਬੀ ਨੌਜਵਾਨ ਇੱਥੇ ਰੈਸਟੋਰੈਂਟ ਅਤੇ ਡਿਪਾਰਟਮੈਂਟਲ ਸਟੋਰ ਵੀ ਬੜੀ ਸਫ਼ਲਤਾ ਨਾਲ ਚਲਾ ਰਹੇ ਹਨ। ਇੱਥੇ ਹੋਈ ਪੰਜਾਬੀਆਂ ਦੀ ਇਕ ਹਫ਼ਤਾਵਾਰੀ ਇਕੱਤਰਤਾ ਦੌਰਾਨ ‘ਪੀ.ਐਮ.ਐਮ.ਸੀ.’ ਭਾਵ ‘ਪਨਾਮਾ ਮੈਡੀਕਲ ਐਂਡ ਮੈਨੇਜਮੈਂਟ ਕਾਰਪੋਰੇਸ਼ਨ ਆਫ਼ ਹਾਇਰ ਐਜੂਕੇਸ਼ਨ’ ਦਾ ਗਠਨ ਕਰ ਦਿੱਤਾ ਗਿਆ ਸੀ, ਜਿਸਦੇ ਅਧੀਨ ਪਨਾਮਾ ਵਿਖੇ ‘ਮੈਡੀਕਲ ਡਿਗਰੀ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ ਸੀ। ਫ਼ਖ਼ਰ ਦੀ ਗੱਲ ਤਾਂ ਇਹ ਵੀ ਹੈ ਕਿ ਕੁਝ ਕੁ ਪੰਜਾਬੀ ਨੌਜਵਾਨ ਆਪਣੀ ਪੜ੍ਹਾਈ ਅਤੇ ਕਾਬਲੀਅਤ ਦੇ ਬਲਬੂਤੇ ਪਨਾਮਾ ਵਿਖੇ ਸਿਵਲ ਅਤੇ ਮਿਲਟਰੀ ਵਿਭਾਗਾਂ ਵਿੱਚ ਉੱਚ ਅਹੁਦਿਆਂ ’ਤੇ ਵੀ ਕੰਮ ਕਰ ਰਹੇ ਹਨ। ਸ਼ਲਾਘਾਯੋਗ ਗੱਲ ਤਾਂ ਇਹ ਵੀ ਹੈ ਕਿ ਸਿੰਧੀ ਸਿੱਖਾਂ ਦੀ ਜ਼ਿਆਦਾਤਰ ਆਬਾਦੀ ਪੂਰੇ ਨੇਮ ਨਾਲ ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ ਜਾਂਦੀ ਹੈ।

Leave a Reply

Your email address will not be published. Required fields are marked *