ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ਿਕਾਗੋ ਦੇ ਮੈਟਰੋਪਾਲੀਟਨ ਖੇਤਰ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ 825 ਨਾਰਥ ਕ੍ਰਿਸਟੀਆਨਾ ਐਵੇਨਿਊ, ਸ਼ਿਕਾਗੋ ਵਿਖੇ ਸਥਿਤ ਸਾਲਵੇਸ਼ਨ ਆਰਮੀ ਵਿੱਚ ਥੈਂਕਸਗਿਵਿੰਗ ਡੇਅ ਮੌਕੇ ਲੋੜਵੰਦਾਂ ਨੂੰ ਭੋਜਨ ਪਰੋਸਿਆ ਅਤੇ ਸਾਲਵੇਸ਼ਨ ਆਰਮੀ ਨੂੰ ਵਿੱਤੀ ਇਮਦਾਦ ਦਿੱਤੀ। ਇਸ ਮੌਕੇ ਆਪਣੇ ਪਰਿਵਾਰਾਂ ਲਈ ਰਵਾਇਤੀ ਥੈਂਕਸਗਿਵਿੰਗ ਡੇਅ ਭੋਜਨ ਲੈਣ ਆਏ ਪਰਿਵਾਰਾਂ ਅਤੇ ਲੋੜਵੰਦਾਂ ਲਈ ਭੋਜਨ ਪੈਕ ਕੀਤਾ ਗਿਆ ਤੇ ਉਨ੍ਹਾਂ ਨੂੰ ਸੌਂਪਿਆ ਗਿਆ। ਮਾਣ ਵਾਲੀ ਗੱਲ ਇਹ ਸੀ ਕਿ ਵੱਖ-ਵੱਖ ਧਰਮਾਂ ਦੇ ਵਾਲੰਟੀਅਰਾਂ ਨੇ ਇਸ ਸਮਾਗਮ ਲਈ ਵਿੱਤੀ ਮਦਦ ਤਾਂ ਦਿੱਤੀ ਹੀ, ਸਗੋਂ ਸੇਵਾ ਵਿੱਚ ਵੀ ਯੋਗਦਾਨ ਪਾਇਆ। ਇਹ ਵੀ ਜ਼ਿਕਰਯੋਗ ਹੈ ਕਿ ਲੋੜਵੰਦ ਪਰਿਵਾਰ ਹਫ਼ਤੇ ਦੇ ਦਿਨਾਂ ਦੌਰਾਨ ਵੀ ਉਸੇ ਇਮਾਰਤ ਵਿੱਚ ਸਥਿਤ ਪੈਂਟਰੀ ਤੋਂ ਭੋਜਨ ਪ੍ਰਾਪਤ ਕਰਨ ਲਈ ਆਉਂਦੇ ਹਨ।
ਸਾਲਵੇਸ਼ਨ ਆਰਮੀ ਵਿਖੇ ਗਰਮ ਭੋਜਨ (ਟਰਕੀ, ਮੈਸ਼ਡ ਆਲੂ, ਬੀਨਜ਼, ਸਟਫਿੰਗ, ਬਰੈੱਡ ਰੋਲ ਅਤੇ ਕੱਦੂ ਪਾਈ ਆਦਿ) ਤਿਆਰ ਕੀਤਾ ਗਿਆ। ਸਿੱਖ ਭਾਈਚਾਰੇ ਦੇ ਪਰਿਵਾਰਾਂ ਅਤੇ ਦੋਸਤਾਂ ਦੁਆਰਾ ਖਰੀਦੀਆਂ ਗਈਆਂ ਡੱਬਾਬੰਦ ਭੋਜਨ ਤੇ ਹੋਰ ਚੀਜ਼ਾਂ ਨਾਲ ਭਰੀ ਇੱਕ ਕਾਰਗੋ ਵੈਨ ਇਟਾਸਕਾ ਤੇ ਸ਼ਾਮਬਰਗ ਦੀਆਂ ਪੈਂਟਰੀਆਂ ਅਤੇ ਸਾਲਵੇਸ਼ਨ ਆਰਮੀ ਲਈ ਦਾਨ ਕੀਤੀ ਗਈ। ਇਸ ਮੌਕੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ 1600 ਡਾਲਰ ਵੀ ਇਕੱਠੇ ਕੀਤੇ ਅਤੇ ਸਾਲਵੇਸ਼ਨ ਆਰਮੀ ਦੇ ਕੈਪਟਨ ਨਿੱਕੀ ਹਿਊਜ਼ ਅਤੇ ਕੈਪਟਨ ਕੋਰੀ ਹਿਊਜ਼ ਨੂੰ ਸੌਂਪੇ। ਦੋਹਾਂ ਕੈਪਟਨਾਂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਉਨ੍ਹਾਂ ਦੀਆਂ ਨਿਰੰਤਰ ਸੇਵਾਵਾਂ, ਪੈਂਟਰੀ ਲਈ ਭੋਜਨ ਅਤੇ ਨਕਦ ਯੋਗਦਾਨ ਲਈ ਧੰਨਵਾਦ ਕੀਤਾ।
ਇਸ ਮੌਕੇ ਸਿੱਖ ਫੌਜੀਆਂ ਸਬੰਧੀ ਜਾਣਕਾਰੀ ਵਾਲੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਸੀ। ਕੈਪਟਨ ਨਿੱਕੀ ਹਿਊਜ਼ ਅਤੇ ਕੈਪਟਨ ਕੋਰੀ ਹਿਊਜ਼ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜ ਵਿੱਚ ਸੇਵਾ ਕਰਨ ਵਾਲੇ ਸਾਰਜੈਂਟ ਭਗਤ ਸਿੰਘ ਥਿੰਦ ਦਾ ਪੋਸਟਰ ਪੜ੍ਹ ਕੇ ਹੈਰਾਨ ਰਹਿ ਗਏ। ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਆਪਣਾ ਸਮਾਂ ਅਤੇ ਮਿਹਨਤ ਦੀ ਕਮਾਈ ਦਾ ਯੋਗਦਾਨ ਪਾਇਆ ਅਤੇ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ।
ਚੇਤੇ ਰਹੇ, ਸਿੱਖ ਰਿਲੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ) ਸ਼ਿਕਾਗੋ ਨੂੰ ਜੁਲਾਈ 2019 ਵਿੱਚ ਸਾਲਵੇਸ਼ਨ ਆਰਮੀ ਵੱਲੋਂ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮਾਨਤਾ ਨੇ ਸਾਲਵੇਸ਼ਨ ਆਰਮੀ ਨਾਲ ਭਾਈਚਾਰੇ ਦੇ ਰਿਸ਼ਤੇ ਨੂੰ ਹੋਰ ਡੂੰਘਾ ਕੀਤਾ। ਇਸਨੇ ਭਾਈਚਾਰੇ ਨੂੰ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਲਈ ਵੀ ਉਤਸ਼ਾਹਿਤ ਕੀਤਾ। ਇਹ ਇੱਕ ਸਨਮਾਨ ਸੀ ਅਤੇ ਲੋੜਵੰਦਾਂ ਨੂੰ ਭੋਜਨ ਦੇਣ ਤੇ ਲੋੜਵੰਦਾਂ ਦੀ ਸੇਵਾ ਕਰਨ ਵਿੱਚ ਬਹੁਤ ਨਿੱਜੀ ਸੰਤੁਸ਼ਟੀ ਪ੍ਰਦਾਨ ਕੀਤੀ।
ਸੇਵਾਦਾਰਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਸੇਵਾ ਕਰਦੇ ਸਮੇਂ ਇਨਸਾਨ ਅੰਦਰ ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਸੇਵਾ ਕਰਨ ਨਾਲ ਮਨੁੱਖ ਜੀਵਨ ਵਿੱਚ ਆਪਣਾ ਹਉਮੈਵਾਦੀ ਸੁਭਾਅ ਤਿਆਗ ਕੇ ਹਲੀਮ ਹੁੰਦਾ ਹੈ ਅਤੇ ਇਸ ਤਰ੍ਹਾਂ ਸਮਾਜ ਤੋਂ ਸਤਿਕਾਰ ਪ੍ਰਾਪਤ ਕਰਦਾ ਹੈ। ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਰੱਬ ਦੀ ਕਿਰਪਾ ਵਿਸ਼ੇਸ਼ ਤੌਰ `ਤੇ ਉਦੋਂ ਮੌਜੂਦ ਹੁੰਦੀ ਹੈ, ਜਦੋਂ ਗਰੀਬਾਂ ਅਤੇ ਕਥਿਤ ਤੌਰ `ਤੇ ਨੀਚ ਸਮਝੇ ਜਾਂਦੇ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਸੇਵਾ ਕਰਨੀ ਸ਼ੁਰੂ ਕਰੀਏ, ਤਾਂ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਕਿੰਨੇ ਧੰਨਭਾਗ ਹਨ। ਮੇਜ਼ `ਤੇ ਖਾਣਾ ਹੋਣਾ, ਸਿਰ `ਤੇ ਛੱਤ ਹੋਣਾ ਅਤੇ ਪਰਿਵਾਰ ਤੇ ਦੋਸਤਾਂ ਨਾਲ ਛੁੱਟੀਆਂ ਦਾ ਆਨੰਦ ਮਾਣਨਾ ਇੱਕ ਵਰਦਾਨ ਹੈ। ਬਹੁਤ ਸਾਰੇ ਮਹਿਮਾਨ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਿਆਉਂਦੇ ਹਨ, ਜਿਨ੍ਹਾਂ ਨੇ ਸ਼ਾਇਦ ਗਰਮ ਰਵਾਇਤੀ ਭੋਜਨ ਨਹੀਂ ਖਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ ਸ਼ਿਕਾਗੋ ਦਾ ਸਿੱਖ ਭਾਈਚਾਰਾ 1992 ਤੋਂ 2008 ਤੱਕ ਸਾਲਵੇਸ਼ਨ ਆਰਮੀ ਟੌਮ ਸੇਅ ਸੈਂਟਰ ਸ਼ਿਕਾਗੋ ਵਿਖੇ ਮਹੀਨੇ ਵਿੱਚ ਇੱਕ ਵਾਰ ਸਵੈ-ਇੱਛਾ ਨਾਲ ਭੋਜਨ ਸਪਾਂਸਰ ਕਰਦਾ ਰਿਹਾ ਹੈ। ਟੌਮ ਸੇਅ ਸੈਂਟਰ ਸ਼ਿਕਾਗੋ ਵਿੱਚ ਸਨੀਸਾਈਡ ਅਤੇ ਬ੍ਰੌਡਵੇ ਦੇ ਕਰਾਸਿੰਗ `ਤੇ ਸਥਿਤ ਹੁੰਦਾ ਸੀ, ਪਰ 2008 ਵਿੱਚ ਸਥਾਈ ਤੌਰ `ਤੇ ਬੰਦ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਪ੍ਰੇਰਿਤ ਸਿੱਖ ਭਾਈਚਾਰੇ ਨੇ 2014 ਵਿੱਚ ਸਾਲਵੇਸ਼ਨ ਆਰਮੀ ਵਿਖੇ ਸਵੈ-ਇੱਛਾ ਨਾਲ ਥੈਂਕਸਗਿਵਿੰਗ ਅਤੇ ਕ੍ਰਿਸਮਸ ਡਿਨਰ ਨੂੰ ਮੁੜ ਸ਼ੁਰੂ ਕੀਤਾ।
