*ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨ ਦੀ ਸਲਾਹ
ਪੰਜਾਬੀ ਪਰਵਾਜ਼ ਬਿਊਰੋ
2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਸੀਨੀਅਰ ਲੀਡਰਾਂ ਨੇ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੁਕਤੇ ਤੋਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਤੌਰ `ਤੇ ਸਰਗਰਮ ਵਿਖਾਈ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਚੈਨਲ ਨਾਲ ਹੋਈ ਇੱਕ ਲੰਮੀ ਗੱਲਬਾਤ ਵਿੱਚ ਕਿਹਾ ਕਿ ਭਾਜਪਾ 2027 ਵਿੱਚ ਜੇ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ। ਜੇ ਇਕੱਲਿਆਂ ਚੋਣਾਂ ਲੜਨੀਆਂ ਹਨ ਤਾਂ ਆਪਣੀ ਪਾਰਟੀ ਦਾ ਕਾਡਰ ਤਿਆਰ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਇਕੱਲਿਆਂ ਚੋਣਾਂ ਲੜ ਕੇ ਭਾਰਤੀ ਜਨਤਾ ਪਾਰਟੀ ਘੱਟੋ ਘੱਟ ਅਗਲੀਆਂ ਤਿੰਨ ਚੋਣਾਂ ਪੰਜਾਬ ਵਿੱਚ ਜਿੱਤ ਨਹੀਂ ਸਕਦੀ। ਆਪਣੀ ਪਾਰਟੀ ਨਾਲ ਮਤਭੇਦਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਆਪਣੀ ਪਾਰਟੀ ਪ੍ਰਤੀ ਵਫਦਾਰ ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਸਮਰਥਕ ਹਾਂ। ਫਿਰ ਵੀ ਉਨ੍ਹਾਂ ਨੇ ਦੱਬੀ ਜ਼ੁਬਾਨ ਵਿੱਚ ਗਿਲਾ ਜ਼ਾਹਰ ਕੀਤਾ ਕਿ ਪੰਜਾਬ ਬਾਰੇ ਕੋਈ ਫੈਸਲਾ ਕਰਨ ਵੇਲੇ ਪਾਰਟੀ ਲੀਡਰਸ਼ਿੱਪ ਨੂੰ ਇੱਥੇ ਵੱਸਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ; ਪਰ ਨਹੀਂ ਕੀਤਾ ਜਾ ਰਿਹਾ।
ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਿੱਚੋਂ ਭਾਜਪਾ ਵਿੱਚ ਆਏ ਇੱਕ ਹੋਰ ਵੱਡੇ ਲੀਡਰ ਅਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਾਫੀ ਸਮੇਂ ਤੋਂ ਇਹ ਕਹਿ ਰਹੇ ਹਨ, ‘ਅਕਾਲੀ-ਭਾਜਪਾ ਸਮਝੌਤਾ ਹੋਣਾ ਚਾਹੀਦਾ ਹੈ।’ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦਾ ਧਿਆਨ ਰੱਖਦਿਆਂ ਭਾਜਪਾ ਨੂੰ ਅਕਾਲੀਆਂ ਨਾਲ ਸਮਝੌਤਾ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਨਸ਼ਰ ਹੋਣ `ਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਕਾਲੀ ਦਲ (ਬ) ਨਾਲ ਸਮਝੌਤੇ ਦੇ ਮੁੱਦੇ `ਤੇ ਉਨ੍ਹਾਂ ਦੇ ਕੀ ਵਿਚਾਰ ਹਨ ਤਾਂ ਜਾਖੜ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਹੀ ਇਸ ਬਾਰੇ ਆਪਣੀ ਰਾਏ ਰੱਖ ਚੁੱਕੇ ਹਨ। ਅਕਾਲੀ-ਭਾਜਪਾ ਸਮਝੌਤੇ ਨੂੰ ਲੈ ਕਿ ਕਾਂਗਰਸ ਵਿੱਚੋਂ ਭਾਜਪਾ ਵਿੱਚ ਗਿਆ ਇੱਕ ਹੋਰ ਆਗੂ ਰਵਨੀਤ ਸਿੰਘ ਬਿੱਟੂ ਵਿਰੋਧ ਦਾ ਪੈਂਤੜਾ ਲਈ ਖੜ੍ਹਾ ਹੈ। ਉਨ੍ਹਾਂ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਅਕਾਲੀਆਂ ਵੱਲੋਂ ਬੀਤੇ ਵਿੱਚ ਕੀਤੀਆਂ ਗਈਆਂ ਗਲਤੀਆਂ ਦਾ ਭਾਰ ਨਹੀਂ ਚੁੱਕਣਾ ਚਾਹੀਦਾ। ਉਨ੍ਹਾਂ ਦਾ ਇਹ ਇਸ਼ਾਰਾ ਅਕਾਲੀ ਸਰਕਾਰ ਵੇਲੇ ਫੈਲਾਏ ਨਸ਼ਿਆਂ, ਬੇਅਦਬੀਆਂ ਅਤੇ ਵਿਗੜੀ ਅਮਨ ਕਨੂੰਨ ਦੀ ਸਥਿਤੀ ਬਾਰੇ ਸੀ। ਬਿੱਟੂ ਦੀ ਧਾਰਨਾ ਇਹ ਹੈ ਕਿ ਪਾਰਟੀ ਨੂੰ ਪੰਜਾਬ ਵਿੱਚ ਬਿਨਾ ਕਿਸੇ ਭਾਈਵਾਲ ਦੇ ਇਕੱਲਿਆਂ ਚੱਲਣਾ ਚਾਹੀਦਾ ਹੈ ਅਤੇ ਆਜ਼ਾਦ ਰੂਪ ਵਿੱਚ ਆਪਣਾ ਆਧਾਰ ਖੜ੍ਹਾ ਕਰਨਾ ਚਾਹੀਦਾ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਵੀ ਇਸ ਮੁੱਦੇ `ਤੇ ਸਪਸ਼ਟ ਪੁਜੀਸ਼ਨ ਨਹੀਂ ਹੈ। ਤਰਨਤਾਰਨ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਦੀ ਦੁਬਿਧਾ ਹੋਰ ਵਧ ਗਈ ਹੈ। ਇੱਧਰ ਅਕਾਲੀ ਸਫਾਂ ਵਿੱਚ ਵੀ ਏਕਾ ਨਹੀਂ ਹੈ। ਅੱਜ ਪੰਜਾਬ ਦੇ ਸਿੱਖ ਸਿਆਸੀ ਖੇਤਰ ਵਿੱਚ ਛੋਟੇ ਗਰੁੱਪਾਂ ਤੋਂ ਇਲਾਵਾ ਤਿੰਨ ਅਕਾਲੀ ਦਲ ਵਿਚਰ ਰਹੇ ਹਨ। ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਵਾਰਸ ਪੰਜਾਬ ਦੇ)। ਅਕਾਲੀ ਸਫਾਂ ਵਿੱਚ ਪਈ ਇਹ ਫੁੱਟ ਵੀ ਭਾਰਤੀ ਜਨਤਾ ਪਾਰਟੀ ਦੇ ਸਮਝੌਤਾ ਕਰਨ ਦੇ ਰਾਹ ਵਿੱਚ ਅੜਿਕਾ ਬਣ ਰਹੀ ਹੈ। ਲਗਦਾ ਆ ਰਹੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਇਹ ਸਾਫ ਕਰਨ ਵਿੱਚ ਸਹਾਈ ਹੋਣਗੇ ਕਿ ਕਿਹੜਾ ਅਕਾਲੀ ਦਲ ਸਭ ਤੋਂ ਮਜਬੂਤ ਹੋ ਕੇ ਨਿਕਲਦਾ ਹੈ। ਜੇ ਸਾਧਨਾਂ ਅਤੇ ਕਾਡਰ ਦੇ ਪੱਖੋਂ ਵੇਖਣਾ ਹੋਵੇ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਭਾਰੂ ਵਿਖਾਈ ਦਿੰਦਾ ਹੈ। ਤਰਨਤਾਰਨ ਜ਼ਿਮਨੀ ਚੋਣ ਨੇ ਇਹ ਸਾਬਤ ਵੀ ਕੀਤਾ ਹੈ। ਫਿਰ ਵੀ ਸਿੱਖ ਭਾਈਚਾਰੇ ਵਿੱਚ ਅਕਾਲੀ ਦਲ ਦੀ ਸੰਪੂਰਨ ਪ੍ਰਵਾਨਗੀ ਦਾ ਮਸਲਾ ਹਾਲੇ ਵੀ ਜਿਉਂ ਦਾ ਤਿਉਂ ਖੜ੍ਹਾ ਹੈ। ਸੁਖਬੀਰ ਬਾਦਲ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਵੀ ਮੁਕੰਮਲ ਤੌਰ `ਤੇ ਨਹੀਂ ਭੁਗਤੀ ਹੈ। ਇਸ ਕਰਕੇ ਬਹੁਤੇ ਸਿੱਖ ਹਲਕੇ ਹਾਲੇ ਵੀ ਅਕਾਲੀ ਦਲ (ਬਾਦਲ) ਤੋਂ ਦੂਰੀ ਬਣਾ ਕੇ ਰੱਖ ਰਹੇ ਹਨ; ਪਰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੀ ਬੱਝਵੀਂ ਸਰਗਰਮੀ ਅਤੇ ਹੜ੍ਹਾਂ ਵਿੱਚ ਲੋਕਾਂ ਦੀ ਕੀਤੀ ਗਈ ਮਦਦ ਨੇ ਉਸ ਦਾ ਅਕਸ ਕੁਝ ਬਦਲ ਦਿੱਤਾ ਹੈ। ਕੰਚਨਪ੍ਰੀਤ ਦੇ ਮਾਮਲੇ ਵਿੱਚ ਆਪਣੇ ਕਾਡਰ ਨਾਲ ਖੜੇ ਹੋਣ ਨਾਲ ਵੀ ਇਸ ਧੜੇ ਦੀ ਦਿਖ ਕੁਝ ਹੋਰ ਸੁਧਰੀ ਹੈ।
ਪਰ ਇਸ ਦੇ ਉਲਟ ਵਿਰੋਧੀ ਅਕਾਲੀ ਧੜੇ ਨੇ ਵੀ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਇਸੇ ਮਹੀਨੇ ਦੇ ਮੱਧ ਵਿੱਚ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵੀ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪ੍ਰੈੱਸ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਧੜੇ ਦੀ ਸਰਗਰਮੀ ਕੁਝ ਵਧੀ ਹੈ। ਇਸ ਤੋਂ ਲਗਦਾ ਹੈ ਕਿ ਆਉਣ ਵਾਲੇ ਸਮੇਂ ਦੋਹਾਂ ਅਕਾਲੀ ਧੜਿਆਂ ਵਿੱਚ ਟਕਰਾਅ ਵਧੇਗਾ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਕਾਲੀ ਅਤੇ ਕਾਂਗਰਸੀ ਧੜੇ ਰਲ ਕੇ ਖੇਡ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਰਲ-ਮਿਲ ਕੇ ਪੰਜਾਬ ਵਿੱਚ ਆਪਣੀ ਸੱਤਾ ਬਣਾਉਣੀ ਚਾਹੁੰਦੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017 ਤੋਂ 2022 ਵਿਚਕਾਰ ਆਪਣੀ ਸੱਤਾ ਵੇਲੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨਾਲੋਂ ਬੀ.ਜੇ.ਪੀ. ਦੇ ਮੁੱਖ ਮੰਤਰੀ ਵਜੋਂ ਵਧੇਰੇ ਵਿਚਰੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕੱਲਿਆਂ ਪੰਜਾਬ ਵਿੱਚ ਕੁਝ ਵੀ ਹਾਸਲ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਮੁਕੰਮਲ ਤੌਰ `ਤੇ ਸਹਿਮਤ ਹਨ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲਿਆਂ ਸੱਤਾ ਵਿੱਚ ਨਹੀਂ ਆ ਸਕਦੀ। ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਦਾ ਜ਼ਾਬਤੇ ਤੋਂ ਬਾਹਰ ਜਾ ਕੇ ਦਿੱਤਾ ਗਿਆ ਇਹ ਬਿਆਨ ਪੰਜਾਬ ਵਿੱਚ ਬੀ.ਜੇ.ਪੀ. ਦੀ ਹਾਲਤ ਨੂੰ ਹੋਰ ਪਤਲੀ ਕਰੇਗਾ। ਕੈਪਟਨ ਅਮਰਿੰਦਰ ਸਿੰਘ ਦੀ ਤਾਜ਼ਾ ਸਰਗਰਮੀ ਤੋਂ ਲੋਕ ਇਸ ਕਿਸਮ ਦੀ ਕਿਆਸ-ਅਰਾਈਆਂ ਲਾਉਣ ਲੱਗੇ ਹਨ ਕਿ ਉਹ ਮੁੜ ਕਾਂਗਰਸ ਪਾਰਟੀ ਵਿੱਚ ਜਾਣ ਦਾ ਯਤਨ ਕਰ ਰਹੇ ਹਨ। ਕਾਂਗਰਸੀ ਆਗੂਆਂ ਵਿਚਲੀ ਫੁੱਟ ਇਸ ਤਬਦੀਲੀ ਨੂੰ ਹੋਰ ਸਾਹਿਲ ਬਣਾ ਰਹੀ ਹੈ।
ਚੇਤੇ ਰਹੇ, ਭਾਰਤੀ ਜਨਤਾ ਪਾਰਟੀ ਵਿੱਚ ਐਂਟਰੀ ਤੋਂ ਬਾਅਦ ਕੈਪਟਨ ਦੀ ਸਰਗਰਮੀ ਸੀਜ਼ ਹੋ ਕੇ ਰਹਿ ਗਈ ਸੀ। ਪਾਰਟੀ ਆਗੂ ਵਜੋਂ ਭਾਜਪਾ ਵਿੱਚ ਉਨ੍ਹਾਂ ਦੀ ਕੋਈ ਖਾਸ ਪੁੱਛ-ਪ੍ਰਤੀਤ ਨਹੀਂ ਹੈ। ਇਸੇ ਕਾਰਨ ਉਹ ਆਪਣੀ ਸਰਗਰਮੀ ਨੂੰ ਤੇਜ਼ ਕਰਕੇ ਇਹ ਦਰਸਾਉਣਾ ਚਾਹੁੰਦੇ ਹਨ ਕਿ ਰਾਜ ਵਿੱਚ ਉਹ ਭਾਜਪਾ ਦਾ ਚਿਹਰਾ ਬਣ ਸਕਦੇ ਹਨ। ਇਸ ਮਾਮਲੇ ਵਿੱਚ ਸੁਨੀਲ ਜਾਖੜ ਵੀ ਉਨ੍ਹਾਂ ਦੇ ਸ਼ਰੀਕ ਬਣ ਸਕਦੇ ਹਨ। ਜਾਖੜ ਦੇ ਪੰਜਾਬ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਸਿਆਸਤ ਵਿੱਚ ਉਨ੍ਹਾਂ ਦੀ ਪੁੱਛ-ਪ੍ਰਤੀਤ ਵਧੇਰੇ ਹੈ। ਕੈਪਟਨ ਆਪਣੇ ਸੁਭਾਅ ਵੱਲੋਂ ਹੀ ਡੌਮੀਨੇਟਿੰਗ ਪ੍ਰਸਨੈਲਟੀ ਹਨ। ਇਸ ਕਰਕੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਕਦੀ ਨਹੀਂ ਸਮਾਅ ਸਕਦੀਆਂ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਨਾਲੋਂ ਵਧੇਰੇ ਸਿਆਣੇ ਹੋ ਗਏ ਜਾਪਦੇ ਹਨ। ਇਸ ਦਾ ਉਨ੍ਹਾਂ ਦੀ ਪਾਰਟੀ ਨੂੰ ਫਾਇਦਾ ਹੋਏਗਾ।
