‘ਰਾਤ ਦੇ ਰਾਜ਼ ਤੋਂ ਸੂਰਜ ਅਨਜਾਣ ਹੈ ਅਗਰ…’
ਪੰਜਾਬੀ ਦੇ ਸਹਿਜ ਪ੍ਰਵਿਰਤੀ ਵਾਲੇ ਚਰਚਿਤ ਸ਼ਾਇਰ ਰਹੇ ਮਰਹੂਮ ਪ੍ਰੋ. ਰਮਨ ਦੀ ਇਸ ਨਜ਼ਮ ਵਿੱਚ ਮਾਸੂਮ ਬਾਲ ਦਾ ਆਪਣੀ ਮਾਂ ਨੂੰ ਪਾਇਆ ਸਵਾਲ ਸਿਰਫ਼ ਉਹਦੇ ਮਾਂ-ਪਿਓ ਹੀ ਨਹੀਂ ਸਗੋਂ ਸਾਡੇ ਸਾਰਿਆਂ ਲਈ ਹੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਅੱਜ ਭਾਰਤੀ ਬਚਪਨ ਨੂੰ ਪੂਰੀ ਤਰ੍ਹਾਂ ‘ਪੜ੍ਹਾਈ ਦੀ ਦਹਿਸ਼ਤ’ ਨੇ ਆਪਣੇ ਸਿਕੰਜੇ ਵਿੱਚ ਲੈ ਲਿਆ ਹੈ। ਇਹ ਅੱਜ ਦੀ ਅਖੌਤੀ ਪੜ੍ਹਾਈ ਦੀ ਦਹਿਸ਼ਤ ਹੀ ਹੈ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ `ਚੋਂ ਪ੍ਰੀਖਿਆਵਾਂ ਅਤੇ ਨਤੀਜਿਆਂ ਦੇ ਦਿਨਾਂ ਦੌਰਾਨ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਲੱਗਦੀਆਂ ਹਨ।
ਸੁਸ਼ੀਲ ਦੁਸਾਂਝ
“ਅੰਬਿਕਾ ਮੈਡਮ
ਪਬਲਿਕ ਸਕੂਲ ਦੀ ਪ੍ਰਿੰਸੀਪਲ
ਸਕੂਲ ਅੰਦਰ
ਅਧਿਆਪਕਾਂ ਵਿਦਿਆਰਥੀਆਂ ਦੀ
ਹਰ ਹਰਕਤ ਹਰ ਗਤੀਵਿਧੀ
ਕਰੜੀ ਨਜ਼ਰ ਹੇਠ ਲਿਆਉਂਦੀ ਹੈ
ਦਫ਼ਤਰ ਅੰਦਰਲੀ
ਟੀ.ਵੀ. ਸਕਰੀਨ
ਉਸ ਨੂੰ ਹਰ ਕਲਾਸ ਰੂਮ ਦਾ
ਕੋਨਾ-ਕੋਨਾ ਵਿਖਾਉਂਦੀ ਹੈ
ਹਰ ਅਧਿਆਪਕ ਉਸ ਦੀ ਨਜ਼ਰ ਵਿਚ
ਬੱਚਾ-ਬੱਚਾ ਉਸ ਦੀ ਨਿਗ੍ਹਾ ਹੇਠ
ਬੱਚਾ ਘਰ ਆ ਕੇ ਵੀ
ਬਸਤਾ ਗਲੋਂ ਲਾਹ ਕੇ ਵੀ
ਸਹਿਮਿਆ ਸਹਿਮਿਆ
ਉੱਠਦਾ-ਬਹਿੰਦਾ
ਖਾਂਦਾ-ਪੀਂਦਾ, ਤੁਰਦਾ-ਫਿਰਦਾ
ਮਾਂ ਆਪਣੀ ਤੋਂ
ਪੁੱਛਦਾ ਰਹਿੰਦਾ ਹੈ,
ਮੰਮਾ, ਅੰਬਿਕਾ ਮੈਮ
ਹੁਣ ਵੀ ਮੈਨੂੰ ਦੇਖ ਰਹੀ ਹੈ…।”
ਪੰਜਾਬੀ ਦੇ ਸਹਿਜ ਪ੍ਰਵਿਰਤੀ ਵਾਲੇ ਚਰਚਿਤ ਸ਼ਾਇਰ ਰਹੇ ਮਰਹੂਮ ਪ੍ਰੋ. ਰਮਨ ਦੀ ਇਸ ਨਜ਼ਮ ਵਿੱਚ ਮਾਸੂਮ ਬਾਲ ਦਾ ਆਪਣੀ ਮਾਂ ਨੂੰ ਪਾਇਆ ਸਵਾਲ ਸਿਰਫ਼ ਉਹਦੇ ਮਾਂ-ਪਿਓ ਹੀ ਨਹੀਂ ਸਗੋਂ ਸਾਡੇ ਸਾਰਿਆਂ ਲਈ ਹੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਅੱਜ ਭਾਰਤੀ ਬਚਪਨ ਨੂੰ ਪੂਰੀ ਤਰ੍ਹਾਂ ‘ਪੜ੍ਹਾਈ ਦੀ ਦਹਿਸ਼ਤ’ ਨੇ ਆਪਣੇ ਸਿਕੰਜੇ ਵਿੱਚ ਲੈ ਲਿਆ ਹੈ। ਇਹ ਅੱਜ ਦੀ ਅਖੌਤੀ ਪੜ੍ਹਾਈ ਦੀ ਦਹਿਸ਼ਤ ਹੀ ਹੈ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ `ਚੋਂ ਪ੍ਰੀਖਿਆਵਾਂ ਅਤੇ ਨਤੀਜਿਆਂ ਦੇ ਦਿਨਾਂ ਦੌਰਾਨ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਲੱਗਦੀਆਂ ਹਨ।
ਇਹ ਕਹਿਣ `ਚ ਹੁਣ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਖੁੰਭਾਂ ਵਾਂਗ ਉਗਾਏ ਜਾ ਰਹੇ ਪ੍ਰਾਈਵੇਟ ਵਿਦਿਅਕ ਅਦਾਰੇ ਸਾਡੇ ਸਰਕਾਰੀ ਸਿਖਿਆ ਤੰਤਰ ਦੀ ਪੂਰੀ ਤਰ੍ਹਾਂ ਨਾਕਾਮੀ ਦਾ ਹੀ ਸਿੱਟਾ ਹਨ। ਹਰ ਭਾਰਤੀ ਮਾਂ-ਪਿਓ ਆਪਣੇ ਬੱਚੇ ਨੂੰ ਬੇਹਤਰੀਨ ਸਿਖਿਆ ਦਿਵਾਉਣ ਦੀ ਇੱਛਾ ਪਾਲਦਾ ਹੈ। ਇਸ ਇੱਛਾ ਵਿੱਚ ਹੀ ਸਰਦੇ-ਪੁੱਜਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅੰਤਹੀਣ ਦੌੜ ਵਿੱਚ ਫਸ ਜਾਂਦੇ ਹਨ। ਇਸੇ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਵਿੱਚ ਅਜੀਬ ਕਿਸਮ ਦੀ ਅਫ਼ਰਾ-ਤਫ਼ਰੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਸਿਖਿਆ ਤੰਤਰ ਦੀ ਅਸਫਲਤਾ ਦਾ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਬੇਹੱਦ ਮਾੜੇ ਆਉਣ ਲੱਗ ਪਏ ਹਨ। ਆਪਣਾ ਪੰਜਾਬ ਵੀ ਇਸ ਮਾਮਲੇ ਵਿੱਚ ਲਗਾਤਾਰ ਪੱਛੜ ਰਿਹਾ ਹੈ। ਪੰਜਾਬ ਵਿੱਚ ਵੀ ਸਰਕਾਰੀ ਸਕੂਲੀ ਸਿਖਿਆ ਦੀਆਂ ਚੂਲਾਂ ਹੁਣ ਪੂਰੀ ਤਰ੍ਹਾਂ ਹਿੱਲ ਗਈਆਂ ਹਨ। ਪਾਸ ਹੋ ਰਹੇ ਵਿਦਿਆਰਥੀ ਕਿੰਨੇ ਕੁ ਫੀਸਦੀ ਅੰਕਾਂ ਨਾਲ ਪਾਸ ਹੁੰਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੈ। ਨਾਲ ਹੀ ਇਹ ਦੇਖਣ-ਸਮਝਣ ਵਾਲਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਨਕਲ ਇਹਦੇ `ਚ ਕਿੰਨੀ ਭੂਮਿਕਾ ਨਿਭਾਉਂਦੀ ਹੈ। ਬਿਨਾ ਸ਼ੱਕ ਇਹ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੀ ਘੋਰ ਅਸਫਲਤਾ ਹੀ ਹੈ। ਲਗਭਗ ਇਹੋ ਸਥਿਤੀ ਕੇਰਲ ਨੂੰ ਛੱਡ ਕੇ ਮੁਲਕ ਦੇ ਬਾਕੀ ਸੂਬਿਆਂ ਦੀ ਬਣਨ ਜਾ ਰਹੀ ਹੈ। ਇਹ ਠੀਕ ਹੈ ਕਿ ਮੁਢਲੀ ਸਿਖਿਆ ਦੀ ਜ਼ਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੈ, ਪਰ ਕੇਂਦਰ ਨੂੰ ਇਸ ਮਾਮਲੇ ਵਿੱਚ ਬਿਲਕੁਲ ਹੀ ਬਰੀ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਪੂਰੀ ਤਰ੍ਹਾਂ ਸਿੱਖਿਆ ਨੂੰ ਆਮ ਜਨ ਤੋਂ ਦੂਰ ਕਰਨ ਵੱਲ ਸੇਧਿਤ ਹੈ। ਮੰਨ ਲਿਆ ਕਿ ਮੁੱਢਲੀ ਸਿਖਿਆ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਪਰ ਕੇਂਦਰ ਕਿਉਂ ਨਹੀਂ ਸਿਖਿਆ ਦੇ ਮਾਮਲੇ ਵਿੱਚ ਸੂਬਾਈ ਸਰਕਾਰਾਂ ਦੀ ਅਗਵਾਈ ਕਰਦਾ। ਕੁਲ ਘਰੇਲੂ ਉਤਪਾਦਨ ਦਾ 6 ਫੀਸਦੀ ਸਿਖਿਆ `ਤੇ ਖਰਚ ਕਰਨ ਦਾ ਮਾਮਲਾ ਸਿਰਫ਼ ਗੱਲੀਬਾਤੀਂ ਹੀ ਕਿਉਂ ਉਛਾਲਿਆ ਜਾਂਦਾ ਹੈ, ਇਹ ਸਖਤੀ ਨਾਲ ਲਾਗੂ ਕਰਨ-ਕਰਵਾਉਣ ਲਈ ਕੇਂਦਰ ਸਰਕਾਰ ਨੂੰ ਹੀ ਪਹਿਲ ਕਰਨੀ ਪੈਣੀ ਹੈ। ਸਾਡਾ ਸੰਵਿਧਾਨ 14 ਸਾਲ ਤੱਕ ਦੇ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿਖਿਆ ਦੇਣ ਦੀ ਗੱਲ ਕਰਦਾ ਹੈ, ਪਰ ਸੰਵਿਧਾਨ ਦੀਆਂ ਸਹੁੰਆਂ ਖਾ ਕੇ ਸੰਸਦ ਵਿੱਚ ਫਜ਼ੂਲ ਕਿਸਮ ਦੇ ਮਾਮਲਿਆਂ `ਤੇ ਇੱਕ-ਦੂਜੇ ਵੱਲ ਕੁਰਸੀਆਂ ਚਲਾਉਣ ਵਾਲਿਆਂ ਦੇ ਏਜੰਡੇ `ਤੇ ਮੁਲਕ ਦਾ ਬਚਪਨ ਕਦੇ ਕਿਉਂ ਨਹੀਂ ਆਉਂਦਾ?
ਦਰਅਸਲ, ਕੁਨੈਨ ਦੀ ਗੋਲੀ ਵਰਗਾ ਸੱਚ ਇਹ ਹੈ ਕਿ ਹਾਕਮਾਂ ਦੀਆਂ ਤਰਜੀਹਾਂ ਹੋਰ ਹਨ। ਇਨ੍ਹਾਂ ਤਾਂ ਉਹ ਹੀ ਕਰਨਾ ਹੈ, ਜੋ ਵਿਸ਼ਵ ਵਪਾਰ ਸੰਸਥਾ ਜਾਂ ਵਿਸ਼ਵ ਬੈਂਕ ਨੇ ਇਨ੍ਹਾਂ ਤੋਂ ਕਰਵਾਉਣਾ ਹੈ। ਗਰੀਬਾਂ ਦੇ ਸਕੂਲਾਂ ਵਿੱਚ ਹੁਣ ਇਸ ਕਰ ਕੇ ਗਰੀਬ ਵੀ ਜਾਣੋਂ ਕਤਰਾਉਣ ਲੱਗ ਪਏ ਹਨ, ਕਿਉਂਕਿ ਇਹ ਹੁਣ ਨਾਂ ਦੇ ਹੀ ਸਕੂਲ ਰਹਿ ਗਏ ਹਨ। ਸਰਕਾਰੀ ਅੰਕੜੇ ਹੀ ਦੱਸਦੇ ਹਨ ਕਿ ਇਸ ਵਕਤ ਕੋਈ 40 ਕਰੋੜ ਬੱਚੇ ਸਕੂਲ ਜਾਣ ਲਾਇਕ ਹਨ, ਪਰ ਕੋਈ 20 ਕਰੋੜ ਬੱਚੇ ਸਕੂਲ ਜਾਂਦੇ ਹੀ ਨਹੀਂ। ਇਹ ਜਿਹੜੇ 20 ਕਰੋੜ ਬੱਚੇ ਸਕੂਲ ਜਾਂਦੇ ਹੀ ਨਹੀਂ, ਇਹ ਕਿੱਥੇ ਜਾਂਦੇ ਹਨ, ਤੇ ਕੀ ਕਰਦੇ ਹਨ? ਇਹਦੀ ਡੂੰਘੀ ਪੜਤਾਲ ਦੀ ਲੋੜ ਇਸ ਕਰ ਕੇ ਨਹੀਂ ਕਿਉਂਕਿ ਸਭ ਕੁੱਝ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈ। ਇਹ ਬੱਚੇ ਹੀ ਹਨ, ਜਿਹੜੇ ਬਾਲ ਮਜ਼ਦੂਰੀ ਅਤੇ ਨਸ਼ਿਆਂ ਦੇ ਸੰਸਾਰ ਵਿੱਚ ਗੁਆਚ ਰਹੇ ਹਨ। ਇਹ ਕਿਸ ਤਰ੍ਹਾਂ ਦੇ ‘ਮਹਾਨ ਭਾਰਤ’ ਦੀ ਸਿਰਜਣਾ ਵਿੱਚ ਹਿੱਸਾ ਪਾ ਰਹੇ ਹਨ, ਇਹਦਾ ਅੰਦਾਜ਼ਾ ਲਾਓ ਜ਼ਰਾ! ਹੁਣ ਜਿਹੜੇ 20 ਕੁ ਕਰੋੜ ਬੱਚੇ ਸਕੂਲਾਂ ਵਿੱਚ ਜਾ ਵੀ ਰਹੇ ਹਨ, ਉਨ੍ਹਾਂ ਲਈ ਇੱਕ ਸਾਰ ਸਿਖਿਆ ਦਾ ਕੋਈ ਪ੍ਰਬੰਧ ਆਪਣੇ ਮੁਲਕ ਕੋਲ ਨਹੀਂ ਹੈ। ਇਹ ਤਿੰਨ-ਚਾਰ ਵਰਗਾਂ ਵਿੱਚ ਵੰਡੀ ਹੋਈ ਸਿਖਿਆ ਹਾਸਲ ਕਰ ਰਹੇ ਹਨ। ਇਹਦੇ `ਚੋਂ ਵੱਡੀ ਗਿਣਤੀ ਸਰਕਾਰੀ ਸਕੂਲਾਂ ਵਿੱਚ ‘ਟਾਈਮ ਪਾਸ’ ਕਰਨ ਜਾਂਦੀ ਹੈ। ਕੁੱਝ ਬੱਚੇ ਪਿੰਡਾਂ, ਕਸਬਿਆਂ ਵਿੱਚ ਖੁਲ੍ਹੇ ਅਖੌਤੀ ਮਾਡਲ ਸਕੂਲਾਂ ਵਿੱਚ ਜਾਂਦੇ ਹਨ, ਕੁੱਝ ਸ਼ਹਿਰਾਂ ਵਿੱਚ ਚੱਲਦੇ ਦਰਮਿਆਨੇ ਕਿਸਮ ਦੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਹੁੰਦੇ ਹਨ ਤੇ ਹਰ ਖਰਚਾ ਚੁੱਕਣ ਸਕੂਲ ਦੀ ਸਮਰੱਥਾ ਵਾਲੇ ਵੱਡੇ ਲੋਕਾਂ ਦੇ ਬੱਚੇ ਮਹਾਨਗਰਾਂ ਵਿੱਚ ਫਾਈਵ ਸਟਾਰ ਸਕੂਲਾਂ ਦਾ ਸ਼ਿੰਗਾਰ ਬਣਦੇ ਹਨ।
ਆਪਣਾ ਮੁਲਕ ਜਿਸ ਵਿਦਿਅਕ ਸੰਕਟ ਵਿੱਚੋਂ ਲੰਘ ਰਿਹਾ ਹੈ, ਇਹਦਾ ਇਲਾਜ ਮੁਲਕ ਦੇ ਅਵਾਮ ਕੋਲ ਹੀ ਹੈ। ਸਰਕਾਰੀ ਸਿਖਿਆ ਤੰਤਰ ਬੁਰੀ ਤਰ੍ਹਾਂ ਫੇਲ੍ਹ ਹੋ ਰਿਹਾ ਹੈ ਤੇ ਵਰਗਾਂ ਵਿੱਚ ਵੰਡੀ ਪ੍ਰਾਈਵੇਟ ਸਿਖਿਆ ਅੰਨ੍ਹੀ ਲੁੱਟ ਦਾ ਹਥਿਆਰ ਬਣੀ ਹੋਈ ਹੈ। ਲੁੱਟ ਦੇ ਨਾਲ-ਨਾਲ ਬਾਲ ਮਨਾਂ `ਤੇ ਫੈਲ ਰਿਹਾ ਖੌਫ਼ ਬਚਪਨ ਨੂੰ ਨਿਗਲਦਾ ਜਾ ਰਿਹਾ ਹੈ। ਅਜਿਹੀਆਂ ਪ੍ਰਸਥਿਤੀਆਂ ਭਾਰਤੀ ਅਵਾਮ ਨੂੰ ਬੇਚੈਨ ਤਾਂ ਕਰ ਰਹੀਆਂ ਹਨ, ਪਰ ਹਾਲੇ ਇਹ ਬੇਚੈਨੀ ਰੋਹ ਵਿੱਚ ਤਬਦੀਲ ਨਹੀਂ ਹੋ ਰਹੀ। ਬੇਚੈਨੀ ਜਥੇਬੰਦਕ ਰੋਹ ਵਿੱਚ ਤਬਦੀਲ ਹੋਵੇ ਇਹਦੇ ਲਈ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਲੋਕ-ਮੁਖੀ ਜਥੇਬੰਦੀਆਂ ਨੂੰ ਉਚੇਚੇ ਯਤਨ ਕਰਨੇ ਹੀ ਪੈਣਗੇ। ਨਹੀਂ ਤਾਂ ਭਵਿੱਖ ਸਾਨੂੰ ਕੱਤਈ ਮੁਆਫ਼ ਨਹੀਂ ਕਰੇਗਾ। ਪ੍ਰੋ. ਰਮਨ ਦੇ ਹੀ ਇਸ ਸ਼ਿਅਰ ਨਾਲ ਆਗਿਆ ਦਿਓ,
‘ਰਾਤ ਦੇ ਰਾਜ਼ ਤੋਂ ਸੂਰਜ ਅਨਜਾਣ ਹੈ ਅਗਰ,
ਕਦੀ ਨਹੀਂ ਮੁੱਕਣਾ ਫਿਰ, ਘੁੱਪ ਹਨੇਰੇ ਦਾ ਸਫ਼ਰ।’
