ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਪੰਜਵੀਂ ਕਿਸ਼ਤ, ਜਿਸ ਵਿੱਚ ਕਿਰਤ ਦੇ ਪ੍ਰਤੀਕ ਕਰਤਾਰਪੁਰ ਸਾਹਿਬ ਦੇ ਨਾਲ ਨਾਲ ਪਾਕਿ ਟੀ ਹਾਊਸ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਦਸੰਬਰ ਦੀ ਦੋ ਤਰੀਕ। ਰਾਤੀਂ ਮੁਸ਼ਤਾਕ ਸੂਫ਼ੀ ਹੋਰਾਂ ਨਾਲ਼ ਗੱਲ ਹੋਈ ਤਾਂ ਉਨ੍ਹਾਂ ਪੁੱਛਿਆ ਕਿ ਕੱਲ੍ਹ ਦਾ ਕੀ ਪ੍ਰੋਗਰਾਮ ਹੈ। ਮੈਂ ਕਿਹਾ ਕਰਤਾਰਪੁਰ ਸਾਹਿਬ ਚੱਲਾਂਗੇ। ਸੂਫ਼ੀ ਹੋਰੀਂ ਕਹਿੰਦੇ, “ਯਾਰ ਗਿਆ ਤਾਂ ਅਜੇ ਤੱਕ ਮੈਂ ਵੀ ਨਹੀਂ ਉਥੇ। ਮੈਂ ਵੀ ਚੱਲਾਂਗਾ ਤੁਹਾਡੇ ਨਾਲ਼। ਅਜੇ ਤਕ ਕੋਈ ਸਬੱਬ ਹੀ ਨਹੀਂ ਬਣ ਸਕਿਆ।” ਸਾਨੂੰ ਖ਼ੁਸ਼ੀ ਹੋਈ। ਐਹੋ ਜਿਹੇ ਸੂਝਵਾਨ ਸ਼ਖ਼ਸ ਦੀ ਸੰਗਤ ਕੌਣ ਨਹੀਂ ਚਾਹੇਗਾ! ਉਂਜ ਤਾਹਿਰ ਸੰਧੂ ਨੇ ਸਾਨੂੰ ਪਹਿਲਾਂ ਹੀ ਕਹਿ ਛੱਡਿਆ ਸੀ ਕਿ ਜੇਕਰ ਸੂਫ਼ੀ ਹੋਰੀਂ ਨਾ ਜਾ ਸਕਣ ਤਾਂ ਸ਼ਾਹਜੇਬ ਤੁਹਾਡੇ ਨਾਲ਼ ਜਾਏਗਾ। ਮੁਸ਼ਤਾਕ ਹੋਰੀਂ ਉਸੇ ਵਕਤ ਪ੍ਰੋ. ਕਲਿਆਣ ਸਿੰਘ ਕਲਿਆਣ ਨੂੰ ਜਾਣ ਬਾਰੇ ਦੱਸਿਆ ਤੇ ਉਨ੍ਹਾਂ ਅੱਗੋਂ ਉਥੋਂ ਪ੍ਰਬੰਧਕੀ ਅਮਲੇ ਨੂੰ ਇਤਲਾਹ ਕਰ ਦਿੱਤੀ।
ਲਾਹੌਰ ਤੋਂ ਕਰਤਾਰਪੁਰ ਸਾਹਿਬ (ਜ਼ਿਲ੍ਹਾ ਨਾਰੋਵਾਲ) ਕੋਈ 130 ਕਿਲੋਮੀਟਰ ਜਾਂ 78 ਕੁ ਮੀਲ ਹੈ। ਪਰ ਪਹੁੰਚਣ ਨੂੰ ਢਾਈ ਘੰਟੇ ਲੱਗ ਜਾਂਦੇ ਹਨ। ਥੋੜ੍ਹੀ ਦੇਰ ਮੋਟਰਵੇ ’ਤੇ ਅੱਗੋਂ ਲੋਕਲ ਸੜਕਾਂ ਲੈਣੀਆਂ ਪੈਂਦੀਆਂ ਹਨ। ਪਿੰਡ ਦੀਆਂ ਸੜਕਾਂ ਦੀ ਹਾਲਤ ਵੀ ਏਨੀ ਵਧੀਆ ਨਹੀਂ ਹੁੰਦੀ। ਸੂਫ਼ੀ ਹੋਰਾਂ ਨੂੰ ਘਰੋਂ ਲੈ ਕੇ ਤੁਰਦਿਆਂ ਥੋੜ੍ਹਾ ਸਮਾਂ ਲੱਗ ਗਿਆ। ਅਸੀਂ ਤਕਰੀਬਨ ਇੱਕ ਵਜੇ ਦੀ ਕਰੀਬ ਗੁਰੂ ਘਰ ਦੇ ਲਾਗੇ ਹੀ ਸੀ ਕਿ ਸਿਕਿਓਰਿਟੀ ਵਾਲਿਆਂ ਦੇ ਫ਼ੋਨ ਆਉਣ ਲੱਗ ਪਏ ਪਈ ਅਸੀਂ ਕਿੰਨੇ ਕੁ ਵਜੇ ਪਹੁੰਚ ਰਹੇ ਹਾਂ। ਸੂਫ਼ੀ ਹੋਰੀਂ ਦੱਸਿਆ ਕਿ ਬੱਸ ਦਸ ਪੰਦਰਾਂ ਮਿੰਟ ਹੋਰ ਲੱਗਣਗੇ। ਪਹੁੰਚਣ ਦੀ ਦੇਰ ਸੀ ਕਿ ਇੱਕ ਨੌਜਵਾਨ (ਵਕਫ਼ ਬੋਰਡ ਦਾ) ਸਾਡੀ ਕਾਰ ਕੋਲ ਆਇਆ ਤੇ ਪੁੱਛਿਆ, ‘ਮੁਸ਼ਤਾਕ ਸੂਫ਼ੀ?’ ਇਹ ਸਪੈਸ਼ਲ ਪ੍ਰੋਟੋਕੋਲ ਅਫ਼ਸਰ ਅਕਰਮ ਖ਼ਾਨ ਸੀ। ਇਹ ਚੈੱਕ ਪੋਸਟ ਗੁਰੂ ਘਰ ਤੋਂ ਕੋਈ ਇੱਕ ਕਿਲੋਮੀਟਰ ਬਾਹਰ ਹੈ। ਉਸਨੇ ਕਿਹਾ ਕਿ ਮੈਨੂੰ ਫਾਲੋ ਕਰੋ। ਅਸੀਂ ਉਹਦੀ ਕਾਰ ਦੇ ਮਗਰ ਆਪਣੀ ਕਾਰ ਲਾ ਲਈ ਤੇ ਇਮੀਗ੍ਰੇਸ਼ਨ ਦਫ਼ਤਰ ਅੱਗੇ ਜਾ ਕੇ ਪਾਰਕ ਕਰ ਦਿੱਤੀ। ਬੜੀ ਜਲਦੀ ਅਸੀਂ ਉਥੋਂ ਵਿਹਲੇ ਹੋ ਗਏ। ਦਰਸ਼ਨੀ ਡਿਉਢੀ ਮੂਹਰੇ ਉਨ੍ਹੇ ਸਾਡੀਆਂ ਤਸਵੀਰਾਂ ਵੀ ਖਿੱਚੀਆਂ। ਫਿਰ ਉਹ ਸਾਨੂੰ ਇੱਕ ਗਾਈਡ ਵਾਂਗ ਹਰ ਚੀਜ਼ ਦਿਖਾਉਣ ਲਈ ਸਾਡੇ ਨਾਲ਼-ਨਾਲ਼ ਰਿਹਾ। ਸੂਫ਼ੀ ਹੋਰੀਂ ਉੱਕਰੀਆਂ ਹੋਈਆਂ ਕੁਝ ਲਿਖਤਾਂ ’ਚ ਗ਼ਲਤੀਆਂ ਵੱਲ ਧਿਆਨ ਦੁਆਇਆ ਤਾਂ ਉਹਨੇ ਕਿਹਾ ਜੀ ਸਾਨੂੰ ਲਿਖ ਕੇ ਭੇਜ ਦਿਉ ਅਸੀਂ ਠੀਕ ਕਰਵਾ ਦਿਆਂਗੇ। ਉਹਨੇ ਸ਼ੁਕਰੀਆ ਕੀਤਾ ਤੇ ਕਿਹਾ ਤੁਸੀਂ ਆਪ ਹੀ ਘੁੰਮ ਫਿਰ ਕੇ ਸਾਰਾ ਕੁਝ ਦੇਖੋ। ਅਗਰ ਕਿਸੇ ਕਿਸਮ ਦੀ ਤਕਲੀਫ਼ ਆਵੇ ਤਾਂ ਮੈਨੂੰ ਫ਼ੋਨ ਕਰ ਦੇਣਾ। ਅਸੀਂ ਉਹਦਾ ਧੰਨਵਾਦ ਕੀਤਾ।
ਗੁਰੂਘਰ ਨੂੰ ਦਰਬਾਰ ਡੇਰਾ ਬਾਬਾ ਨਾਨਕ ਵੀ ਕਿਹਾ ਜਾਂਦਾ ਹੈ। ਭਾਰਤ ਦੀ ਸਰਹੱਦ ਤੋਂ ਇਹ ਸਿਰਫ਼ ਚਾਰ ਕਿਲੋਮੀਟਰ ਹੈ। ਹੁਣ ਵਾਲੀ ਵਿਸ਼ਾਲ ਉਸਾਰੀ ਬਾਬਾ ਨਾਨਕ ਦੀ ਪੰਜ ਸੌ ਪੰਜਾਹਵੀਂ ਜਨਮ ਸ਼ਤਾਬਦੀ ਸਮੇਂ 12 ਨਵੰਬਰ 2019 ਵਿੱਚ ਤਿਆਰ ਕਰਵਾਈ ਗਈ। ਇਮਰਾਨ ਖ਼ਾਨ ਦੀ ਸਰਕਾਰ ਨੇ ਇਹ ਮਹਾਂ ਪ੍ਰਾਜੈਕਟ ਦਸ ਮਹੀਨਿਆਂ ਵਿੱਚ ਮੁਕੰਮਲ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦਸ ਏਕੜ ਦੇ ਖੁੱਲ੍ਹੇ ਵਿਹੜੇ ਦੇ ਦੁਆਲ਼ੇ ਖ਼ੂਬਸੂਰਤ ਸੰਗਮਰਮਰੀ ਬਰਾਂਡੇ, ਲੰਗਰ ਹਾਲ ਅਤੇ ਵਾਤਾਨੁਕੂਲ ਸੈਂਕੜੇ ਕਮਰੇ ਹਨ। ਪੁਰਾਣੀ ਇਮਾਰਤ ਜੋ ਪਟਿਆਲੇ ਦੇ ਮਹਾਰਾਜੇ ਭੁਪਿੰਦਰ ਸਿੰਘ ਵੱਲੋਂ ਤਿਆਰ ਕਰਵਾਈ ਗਈ ਦੱਸੀ ਜਾਂਦੀ ਹੈ, ਨੂੰ ਵੀ ਸੰਭਾਲ ਕੇ ਰੱਖਿਆ ਗਿਆ ਹੈ। 22 ਸਤੰਬਰ 1539 ਨੂੰ ਬਾਬਾ ਨਾਨਕ 18 ਸਾਲ ਕਿਰਤ (ਖੇਤੀ) ਕਰਨ ਤੋਂ ਬਾਅਦ ਇਸੇ ਜਗ੍ਹਾ ਜੋਤੀ ਜੋਤ ਸਮਾਏ ਸਨ। ਮੁਸਲਮਾਨ ਭਾਈਚਾਰੇ ਵੱਲੋਂ ਇੱਥੇ ਉਨ੍ਹਾਂ ਦੀ ਮਜ਼ਾਰ ਵੀ ਬਣਾਈ ਗਈ ਸੀ। ਉਹ ਖ਼ੂਹ ਵੀ ਸਾਂਭਿਆ ਹੋਇਆ ਹੈ, ਜਿਹਦੇ ਨਾਲ਼ ਬਾਬਾ ਜੀ ਖੇਤਾਂ ਨੂੰ ਪਾਣੀ ਦਿਆ ਕਰਦੇ ਸਨ। ਇਹ ਗੁਰੂਘਰ ਰਾਵੀ ਦਰਿਆ ਦੇ ਕੰਢੇ ਉਪਰ ਹੈ। ਰੇਲਵੇ ਸਟੇਸ਼ਨ ਵੀ ਏਥੋਂ ਚਾਰ ਕਿਲੋਮੀਟਰ ਹੈ। 1972 ਦੀ ਭਾਰਤ-ਪਾਕਿ ਜੰਗ ਸਮੇਂ ਇੱਥੇ ਬੰਬ ਵੀ ਡਿੱਗਿਆ ਸੀ। ਜਿਸਦਾ ਖੋਲ ਵੀ ਉਥੇ ਸਾਂਭਿਆ ਹੋਇਆ ਹੈ। ਖੰਡੇ ਅਤੇ ਕਿਰਪਾਨ ਦੀ ਸ਼ਕਲ ਵਿੱਚ ਇੱਕ ਵੱਡ ਅਕਾਰੀ ਥੜ੍ਹੇ ਦੀ ਵੀ ਉਸਾਰੀ ਕੀਤੀ ਗਈ ਹੈ। ਕਿਰਪਾਨ ਵਾਲੇ ਥੜ੍ਹੇ ਤੋਂ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਰਦਾ ਹਟਾਇਆ ਸੀ। ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ। ਅੱਜ ਜੇ ਬਾਬਾ ਜੀ ਜਿਉਂਦੇ ਹੁੰਦੇ ਤਾਂ ਸੋਨੇ ਦੀਆਂ ਪਾਲਕੀਆਂ ਚੜ੍ਹਾਉਣ ਵਾਲਿਆਂ ਨੂੰ ਜ਼ਰੂਰ ਫਿਟਕਾਰ ਪਾਉਂਦੇ। ਹੱਥੀਂ ਕਿਰਤ ਕਰਨ ਵਾਲੇ ਬਾਬਾ ਜੀ ਭਲਾ ਸੋਨੇ ਨੂੰ ਕਿੰਨਾ ਕੁ ਮੋਹ ਕਰ ਸਕਦੇ ਸਨ!
ਗੁਰਦਵਾਰਾ ਸਾਹਿਬ ਦੀ ਪੁਰਾਣੀ ਛੋਟੀ ਜਿਹੀ ਇਮਾਰਤ ਵਿੱਚ ਅਸੀਂ ਪੌੜੀਆਂ ਚੜ੍ਹ ਕੇ ਉਪਰ ਗਏ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਸਾਨੂੰ ਅਤੇ ਮੁਸ਼ਤਾਕ ਸੂਫ਼ੀ ਜੀ ਨੂੰ ਵੀ ਸਿਰੋਪਾ ਦਿੱਤਾ ਗਿਆ। ਬਾਹਰ ਆਏ ਤਾਂ ਕਈ ਮੁਸਲਿਮ ਯਾਤਰੀਆਂ ਸਾਡੇ ਨਾਲ਼ ਫ਼ੋਟੋਆਂ ਖਿਚਵਾਈਆਂ। ਉਨ੍ਹਾਂ ’ਚੋਂ ਕਈ ਆਸਟ੍ਰੇਲੀਆ ਅਤੇ ਕੈਨੇਡਾ ਤੋਂ ਸਨ। ਇੱਕ-ਦੋ ਸੱਜਣ ਗੁਆਂਢੀ ਪਿੰਡ ਤੋਂ ਸਨ ਤੇ ਸਾਨੂੰ ਉਥੇ ਰੁਕ ਕੇ ਚਾਹ ਪਾਣੀ ਪੀ ਕੇ ਜਾਣ ਦੀ ਸੁਲਾਹ ਮਾਰੀ; ਪਰ ਸਾਡੇ ਕੋਲ ਵਕਤ ਹੀ ਬੜਾ ਘੱਟ ਸੀ। ਸੋ ਅਸਾਂ ਉਨ੍ਹਾਂ ਤੋਂ ਮਾਜ਼ਰਤ ਚਾਹੀ। ਲੰਗਰ ਛਕਿਆ ਤੇ ਮੁੜ ਲਾਹੌਰ ਵਾਲੇ ਪਾਸੇ ਕਾਰ ਮੋੜ ਲਈ।
ਬਾਬਾ ਜੀ ਦੀ ਕਿਰਤ ਭੋਇੰ ਦੇ ਦੀਦਾਰੇ ਕਰਕੇ ਸਾਡੀਆਂ ਰੂਹਾਂ ਰੱਜ ਗਈਆਂ। ਅਸੀਂ ਸਾਰੇ ਜਣੇ ਇੱਕ ਵੱਖਰੇ ਜਿਹੇ ਅਹਿਸਾਸ ਨਾਲ਼ ਉੱਡੂੰ-ਉੱਡੂੰ ਕਰ ਰਹੇ ਸੀ। ਮੁਸ਼ਤਾਕ ਸੂਫ਼ੀ ਹੋਰੀਂ ਵੀ ਧੰਨ-ਧੰਨ ਹੋ ਗਏ ਸਨ। ਪੰਦਰਾਂ-ਵੀਹ ਮੀਲ ਦੂਰ ਆ ਕੇ ਅਸੀਂ ਇੱਕ ਪੈਟਰੋਲ ਪੰਪ ’ਤੇ ਰੁਕੇ ਕਿ ਚਲੋ ਚਾਹ ਦਾ ਕੱਪ-ਕੱਪ ਹੀ ਪੀ ਲੈਂਦੇ ਆਂ। ਅਸੀਂ ਅਜੇ ਗੱਡੀ ’ਚੋਂ ਉਤਰੇ ਹੀ ਸੀ ਕਿ ਲਾਗਲੀ ਗਰਾਊਂਡ ਵਿੱਚ ਪੰਦਰਾਂ-ਵੀਹ, ਦਸ-ਬਾਰਾਂ ਸਾਲ ਦੀ ਉਮਰ ਦੇ ਬੱਚੇ ਕ੍ਰਿਕਟ ਖੇਡ ਰਹੇ ਸਨ ਤੇ ਸਾਨੂੰ ਦੇਖ ਕੇ ਭੱਜੇ ਆਏ। ਮੇਰੇ ਨਾਲ਼ ਫ਼ੋਟੋ ਕਰਵਾਉਣ ਦੀ ਮੰਗ ਕਰਨ ਤੇ ਅਸੀਂ ਫ਼ੋਟੋ ਕਰਵਾਈ। ਇੱਕ ਬੱਚਾ ਕਹਿੰਦਾ, “ਤੁਸੀਂ ਮੈਨੂੰ ਵੀ ਪਗੜੀ ਬੰਨ੍ਹਣੀ ਸਿਖਾਉ।” ਮੈਂ ਕਿਹਾ, ਕਾਕਾ ਹੁਣ ਨਹੀਂ ਫਿਰ ਕਦੀ ਸਹੀ। ਅਸੀਂ ਸਾਰਿਆਂ ਲਈ ਚਿਪਸ ਖ਼ਰੀਦ ਕੇ ਦੇਣ ਦੀ ਪੇਸ਼ਕਸ਼ ਕੀਤੀ। ਇੱਕ-ਦੋ ਨੂੰ ਛੱਡ ਕੇ ਉਨ੍ਹਾਂ ਨਾਹ ਕਰ ਦਿੱਤੀ। ਉਨ੍ਹਾਂ ਦੀ ਰੀਸੇ ਦੂਜਿਆਂ ਨੇ ਵੀ ਕਿਹਾ, ਨਹੀਂ ਜੀ ਅਸੀਂ ਤਾਂ ਸਿਰਫ਼ ਫ਼ੋਟੋ ਹੀ ਕਰਵਾਉਣੀ ਸੀ। ਨੀਰੂ ਕਹਿੰਦੀ ਇੱਕ ਵੇਰ ਫਿਰ ਸੋਚ ਲਉ। ਤੁਸੀਂ ਜੋ ਵੀ ਖਾਣਾ ਚਾਹੁੰਦੇ ਹੋ, ਮੈਂ ਸਾਰਿਆਂ ਦੇ ਪੈਸੇ ਦਿਆਂਗੀ। ਇੱਕ ਸੱਤ-ਅੱਠ ਸਾਲ ਦਾ ਬੜਾ ਸ਼ਰਾਰਤੀ ਜਿਹਾ ਤੇ ਹਾਜ਼ਰ ਜੁਆਬ ਬੱਚਾ ਕਹਿੰਦਾ, “ਨਾਂਹ ਜੀ ਨਾਂਹ! ਅਸੀਂ ਸਾਰੇ ਪੰਜਾਬੀ ਆਂ ਤੇ ਪੰਜਾਬੀ ਹੀ ਪੰਜਾਬੀਆਂ ਦੇ ਕੰਮ ਔਂਦੇ ਆ।” ਸਾਨੂੰ ਹਾਸਾ ਵੀ ਆਇਆ ਤੇ ਉਨ੍ਹਾਂ ਉਪਰ ਰਸ਼ਕ ਵੀ ਆਇਆ।
ਉਧਰ ਤਾਹਿਰ ਦਾ ਫ਼ੋਨ ’ਤੇ ਫ਼ੋਨ ਆ ਰਿਹਾ ਸੀ ਕਿ ਕਿੱਥੇ ਕੁ ਪਹੁੰਚੇ ਹੋ। ਉਸ ਨੇ ਕੋਈ ਪ੍ਰੋਗਰਾਮ ਬਣਾਇਆ ਸੀ, ਲਾਹੌਰੋਂ ਲੇਟ ਚੱਲਣ ਕਾਰਨ ਸਾਰਾ ਕੰਮ ਲੇਟ ਹੋ ਰਿਹਾ ਸੀ। ਅਸੀਂ ਮਿੱਥੇ ਪ੍ਰੋਗਰਾਮ ਮੁਤਾਬਕ ਤਿੰਨ ਚਾਰ ਵਜੇ ਲਾਹੌਰ ਪਹੁੰਚ ਜਾਣਾ ਸੀ, ਪਰ ਅਸੀਂ ਤਾਂ ਅਜੇ ਲਾਹੌਰ ਨਾਰੋਵਾਲ ਰਿੰਗ ਰੋਡ ਦੇ ਵਿਚਕਾਰ ਜਿਹੇ ਸੀ। ਮੁਸ਼ਤਾਕ ਹੋਰਾਂ ਦੀਆਂ ਗੱਲਾਂ ਵੀ ਸੁਣਨ ਵਾਲੀਆਂ ਸਨ। ਉਹ ਦੱਸ ਰਹੇ ਸੀ ਕਿ ਦਰਿਆ ਰਾਵੀ ਭਾਵੇਂ ਦੂਜੇ ਦਰਿਆਵਾਂ ਦੇ ਮੁਕਾਬਲੇ ਛੋਟਾ ਹੈ, ਪਰ ਇਹਦੀ ਮਹੱਤਤਾ ਕਿਤੇ ਜ਼ਿਆਦਾ ਹੈ। ਇਹ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਕੋਲ ਦੀ ਖ਼ਾਸ ਕਰਕੇ ਲਾਹੌਰ ਦੇ ਨਾਲ਼ ਦੀ ਲੰਘਦਾ ਹੈ। ਮੈਨੂੰ ਲਹਿੰਦੇ ਪੰਜਾਬ ਦੀ ਇੱਕ ਅਗਿਆਤ ਬੀਬੀ ਦੇ ਗਾਏ ਬੋਲ ਯਾਦ ਆ ਗਏ:
ਜੇ ਏਥੋਂ ਕਿਤੇ ਰਾਵੀ ਲੰਘ ਜਾਵੇ
ਹਯਾਤੀ ਪੰਜ ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ ’ਚੋਂ ਸਾਹ ਨਿਚੋੜ ਲਾਂ
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਜੇ ਰਾਵੀ ਵਿੱਚ ਪਾਣੀ ਕੋਈ ਨਹੀਂ
ਤੇ ਆਪਣੀ ਕਹਾਣੀ ਕੋਈ ਨਈਂ
ਜੇ ਸੰਗ ਬੇਲੀ ਯਾਰ ਕੋਈ ਨਹੀਂ
ਤਾਂ ਕਿਸੇ ਨੂੰ ਸੁਣਾਈ ਕੋਈ ਨਹੀਂ
ਅੱਖਾਂ ’ਚ ਦਰਿਆ ਘੋਲ ਕੇ
ਮੈਂ ਜ਼ਖ਼ਮਾਂ ਦੀ ਥਾਂ ਰੋੜ ਲਾਂ
ਜੇ ਐਥੋਂ ਕਿਤੇ ਰਾਵੀ ਲੰਘ ਜਾਵੇ
ਇਹ ਕੇਹੀ ਮਜਬੂਰੀ ਹੋ ਗਈ
ਕਿ ਸੱਜਣਾਂ ਤੋਂ ਦੂਰੀ ਹੋ ਗਈ
ਤੇ ਦਿਲਿਆਂ ਦੇ ਨਾਲ਼ ਵਗਦੀ
ਇਹ ਜਿੰਦ ਕਦੋਂ ਪੂਰੀ ਹੋ ਗਈ
ਬਿਗਾਨਿਆਂ ਦੀ ਰਾਹ ਛੋੜ ਕੇ
ਮੈਂ ਆਪਣੀ ਮੁਹਾਰ ਮੋੜ ਲਾਂ
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜ ਆਬੀ ਬਣ ਜਾਵੇ।
ਪਾਕਿ ਟੀ ਹਾਊਸ
ਜਿਵੇਂ ਪਹਿਲਾਂ ਦੱਸਿਆ ਕਿ ਕਰਤਾਰਪੁਰ ਤੋਂ ਆਉਂਦਿਆਂ ਤਾਹਿਰ ਸੰਧੂ ਵਾਰ-ਵਾਰ ਫ਼ੋਨ ਕਰਕੇ ਪੁੱਛ ਰਿਹਾ ਸੀ ਕਿ ਕਿੱਥੇ ਕੁ ਪਹੁੰਚ ਗਏ ਹੋ? ਮਿੱਥੇ ਸਮੇਂ ਤੋਂ ਅਸੀਂ ਕਾਫ਼ੀ ਲੇਟ ਸੀ। ਡਰਾਈਵਰ ਸਾਨੂੰ ਉਸਦੇ ਦਫ਼ਤਰ ਮੂਹਰੇ ਲੈ ਆਇਆ। ਉਸਨੇ ਕੁਝ ਦੋਸਤ ਬੁਲਾਏ ਹੋਏ ਸਨ, ਸਾਨੂੰ ਮਿਲਾਉਣ ਲਈ। ਹੁਣ ਤਾਂ ਛੇ ਵੱਜ ਚੁੱਕੇ ਸਨ। ਹਲਕਾ ਜਿਹਾ ਨ੍ਹੇਰਾ ਵੀ ਉਤਰ ਆਇਆ ਸੀ ਅਤੇ ਉਹ ਸਾਡੀ ਉਡੀਕ ਕਰਕੇ ਜਾ ਚੁੱਕੇ ਸਨ। ਸਾਨੂੰ ਦੇਖ ਤਾਹਿਰ ਥੋੜ੍ਹਾ ਜਿਹਾ ਰੀਲੈਕਸ ਹੋਇਆ; ਪਰ ਅਸੀਂ ਤਾਂ ਮੁਸ਼ਤਾਕ ਜੀ ਦੇ ਹਵਾਲੇ ਸੀ ਅਤੇ ਮੁਸ਼ਤਾਕ ਹੋਰਾਂ ਦਾ ਸੁਭਾਅ ਐਹੋ ਜਿਹਾ ਹੈ ਕਿ ਤੁਸੀਂ ਕੋਈ ਗੱਲ ਉਨ੍ਹਾਂ ਨੂੰ ਧੱਕੇ ਨਾਲ਼ ਨਹੀਂ ਮੰਨਵਾ ਸਕਦੇ। ਇਨ੍ਹਾਂ ਸੱਜਣਾਂ ਦਾ ਇੱਕ ਗਰੁੱਪ ਕਿਸੇ ਵੇਲੇ ਯਾਹੀਆ ਖਾਂ ਦੀ ਫ਼ੌਜੀ ਹਕੂਮਤ ਦਾ ਵਿਰੋਧ ਕਰਦਾ ਹੁੰਦਾ ਸੀ ਤੇ ਇਨ੍ਹਾਂ ਦੀ ਜੀਵਨ ਸ਼ੈਲੀ ਅਜਿਹੀ ਬਣ ਚੁੱਕੀ ਹੈ ਕਿ ਤੁਸੀਂ ਉਸਦੇ ਮੇਚ ਸੌਖਿਆਂ ਹੀ ਨਹੀਂ ਆ ਸਕਦੇ। ਖ਼ੈਰ! ਅਸੀਂ ਕਾਹਲੀ ਨਾਲ਼ ਚਾਹ ਪੀਤੀ ਤੇ ਡਰਾਈਵਰ ਨੂੰ ਕਿਹਾ ਕਿ ਮੁਸ਼ਤਾਕ ਹੋਰਾਂ ਨੂੰ ਉਨ੍ਹਾਂ ਦੇ ਘਰ ਛੱਡ ਆ।
ਤਾਹਿਰ ਕਹਿੰਦਾ ਡਰਾਈਵਰ ਏਥੇ ਆ ਕੇ ਸਾਨੂੰ ਉਡੀਕ ਲਵੇਗਾ ਜਾਂ ਫ਼ੋਨ ਕਰਕੇ ਉਨ੍ਹਾਂ ਨੂੰ ਕਹਿ ਦਿਆਂਗੇ ਕਿ ਤੂੰ ਅੱਜ ਛੁੱਟੀ ਕਰ। ਕਹਿੰਦਾ ਫਟਾਫਟ ਮੇਰੀ ਕਾਰ ਵਿੱਚ ਬੈਠੋ। ਭਾਜੀ ਮੈਂ ਤੁਹਾਡੀ ਪਸੰਦ ਦੀ ਥਾਂ ਦਿਖਾਉਣੀ ਹੈ। ਦਸ-ਪੰਦਰਾਂ ਮਿੰਟਾਂ ਬਾਅਦ ਉਸਦੀ ਕਾਰ ਰੁਕੀ ਤੇ ਸਾਨੂੰ ਉਤਰਨ ਲਈ ਕਿਹਾ। ਉਹਨੇ ਕਾਰ ਪਾਰਕ ਕੀਤੀ। ਇਹ ਬਿਲਕੁਲ ਫੂਡ ਸਟਰੀਟ ’ਤੇ ਅਨਾਰਕਲੀ ਬਾਜ਼ਾਰ ਦੇ ਨੇੜੇ-ਤੇੜੇ ਸੀ। ਉਹ ਸਾਡੇ ਵੱਲ ਆਇਆ ਤੇ ਇੱਕ ਛੋਟੀ ਜਿਹੀ ਦੋ ਮੰਜ਼ਲੀ ਇਮਾਰਤ ਵੱਲ ਇਸ਼ਾਰਾ ਕੀਤਾ। ਉੱਪਰ ਲਿਖਿਆ ਹੋਇਆ- ਫੳਖ ਠਓੳ ੍ਹੌੂSਓ (ਪਾਕਿ ਟੀ ਹਾਊਸ)! ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਇਸ ਬਾਰੇ ਮੈਂ ਪਹਿਲਾਂ ਸੁਣ/ਪੜ੍ਹ ਤਾਂ ਰੱਖਿਆ ਸੀ, ਪਰ ਮੇਰੀ ਜਾਣਕਾਰੀ ਮੁਤਾਬਕ ਇਹ ਹੁਣ ਬੰਦ ਹੋ ਚੁੱਕਿਆ ਸੀ। ਇਸ ਨੂੰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਇਕਦਮ ਜਲੰਧਰ ਦਾ ਕੌਫ਼ੀ ਹਾਊਸ ਆ ਗਿਆ। ਕੰਪਨੀ ਬਾਗ਼ ਦੇ ਐਨ ਸਾਹਮਣੇ ਨਿੱਕੀਆਂ-ਨਿੱਕੀਆਂ ਪੌੜੀਆਂ ਚੜ੍ਹ ਕੇ ਉਪਰ ਹੁੰਦਾ ਸੀ ਇਹ ਕੌਫ਼ੀ ਹਾਊਸ। ਜੋ ਲੇਖਕਾਂ ਨੇ ਸਾਰਾ ਦਿਨ ਇੱਕ ਕੱਪ ਕੌਫ਼ੀ (ਪੈਂਤੀ ਪੈਸੇ ਦੀ) ਪੀ ਕੇ ਬੈਠੇ ਰਹਿਣਾ ਤੇ ਆਖ਼ਰ ਉਹ ਬੰਦ ਹੋ ਗਿਆ। ਮੈਂ ਖ਼ਾਬਾਂ ’ਚੋਂ ਨਿਕਲ ਕੇ ਮੁੜ ਲਾਹੌਰ ਦੇ ਟੀ-ਹਾਊਸ ਆ ਜਾਂਦਾ ਹਾਂ।
ਅਸੀਂ ਉਸ ਟੀ-ਹਾਊਸ ਅੰਦਰ ਦਾਖ਼ਲ ਹੋ ਗਏ, ਜਿਸ ਦੀ ਅਦਬੀ ਹਲਕਿਆਂ ਵਿੱਚ ਇਤਿਹਾਸਕ ਮਹੱਤਤਾ ਹੈ। ਇਹ ਕੋਈ ਇੱਕ ਸਦੀ ਪੁਰਾਣਾ ਹੈ। ਖੱਬੇ ਪੱਖੀ ਅਦੀਬਾਂ ਦਾ ਇਹ ਮੱਕਾ ਸੀ। ਜਿੱਥੇ ਉਹ ਜੁੜ ਬਹਿੰਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਇਹਦਾ ਨਾਂ ਇੰਡੀਆ ਟੀ-ਹਾਊਸ ਦੱਸਿਆ ਜਾਂਦਾ ਹੈ। 1940 ਵਿੱਚ ਇੱਕ ਸਿੱਖ ਪਰਿਵਾਰ ਨੇ ਬਣਾਇਆ ਦੱਸਿਆ ਜਾਂਦਾ ਹੈ। ਵੰਡ ਮਗਰੋਂ ਇਹਦਾ ਨਾਂ ਪਾਕਿ ਟੀ-ਹਾਊਸ ਪੈ ਗਿਆ ਜਾਂ ਰੱਖ ਦਿੱਤਾ ਗਿਆ। ਅੰਦਰ ਤਸਵੀਰਾਂ ਦੇਖ ਕੇ ਤਾਹਿਰ ਦੇ ਦੱਸਣ ਮੁਤਾਬਕ ਫ਼ੈਜ਼ ਅਹਿਮਦ ਫ਼ੈਜ਼, ਇਬਨੇ ਇੰਸ਼ਾ, ਅਹਿਮਦ ਫਰਾਜ਼, ਸਆਦਤ ਹਸਨ ਮੰਟੋ, ਮੁਨੀਰ ਨਿਆਜ਼ੀ, ਕਮਾਲ ਰਿਜ਼ਵੀ, ਨਾਸਿਰ ਕਾਜ਼ਮੀ, ਉਸਤਾਦ ਅਮਾਨਤ ਅਲੀ ਖਾਂ, ਡਾ. ਮੁਹੰਮਦ ਬਾਰਿਕ, ਇਫ਼ਤਿਖਾਰ ਜਾਨਿਬ, ਸ਼ਾਹਿਦ ਹਮੀਦ, ਸਲੀਮ ਸਾਹਿਦ ਵਰਗੇ ਕਿੰਨੇ ਹੀ ਮਹਾਨ ਅਦੀਬ ਇੱਥੇ ਆ ਕੇ ਬਹਿੰਦੇ ਤੇ ਚਾਹ ਪੀਂਦੇ ਰਹੇ ਹਨ। ਇਹ ਲੋਕ ਖ਼ਾਸ ਮੀਟਿੰਗਾਂ ਲਈ ਉਪਰ ਵਾਲੇ ਹਿੱਸੇ ਵਿੱਚ ਬਹਿੰਦੇ ਅਤੇ ਵਿਚਾਰ-ਵਟਾਂਦਰਾ ਕਰਦੇ ਸਨ। ਨੌਜੁਆਨ ਮੁੰਡੇ ਇਨ੍ਹਾਂ ਨੂੰ ਦੇਖਣ ਲਈ ਏਥੇ ਆਉਂਦੇ ਸਨ।
ਦੱਸਦੇ ਨੇ ਕਿ 2000 ਦੇ ਕਰੀਬ ਇਹ ਬੰਦ ਹੋ ਗਿਆ। ਕੁਝ ਜਾਇਦਾਦ ਦਾ ਝਗੜਾ ਵੀ ਸੀ; ਜੋ ਤਾਹਿਰ ਸੰਧੂ ਤੇ ਹੋਰ ਖੱਬੇ ਪੱਖੀ ਵਕੀਲਾਂ ਨੇ ਸੁਲਝਾਇਆ। 8 ਮਾਰਚ 2013 ਨੂੰ ਨਵਾਜ ਸ਼ਰੀਫ਼ ਦੀ ਸਰਕਾਰ ਨੇ ਕੋਈ 80 ਲੱਖ ਰੁਪਏ ਖ਼ਰਚ ਕੇ ਇਸ ਨੂੰ ਬਿਹਤਰ ਬਣਾ ਕੇ ਫਿਰ ਦੁਬਾਰਾ ਖੁਲ੍ਹਵਾਇਆ। ਫਿਰ ਰੌਣਕਾਂ ਲੱਗਣ ਲੱਗੀਆਂ। ਹਰ ਵਿਚਾਰਧਾਰਾ ਦੇ ਲੇਖਕ, ਨੌਜੁਆਨ ਇੱਥੇ ਬਹਿ ਕੇ ਵਿਚਾਰ ਸਾਂਝੇ ਕਰਨ ਲੱਗ ਪਏ। ਹੁਣ ਫਿਰ ਦੁਬਾਰਾ ਇਹ ਸਥਾਨ ਬੌਧਿਕ ਬਹਿਸ ਮੁਬਾਹਸੇ ਦਾ ਕੇਂਦਰ ਬਣ ਗਿਆ ਹੈ।
ਅਸੀਂ ਥੱਲੇ ਅਤੇ ਉੱਪਰ- ਦੋਵੇਂ ਹਿੱਸੇ ਦੇਖੇ। ਮੰਟੋ ਅਜੇ ਵੀ ਕੰਧ ਉਪਰ ਟੰਗਿਆ ਤਨਜ਼ਾਂ ਕੱਸ ਰਿਹਾ ਸੀ। ਫ਼ੈਜ਼ ਆਪਣੀ ਗੰਭੀਰ ਤੱਕਣੀ ਨਾਲ਼ ਜਿਵੇਂ ਹਕੂਮਤਾਂ ਨੂੰ ਵੰਗਾਰ ਰਿਹਾ ਹੋਵੇ। ਕੁੱਝ ਅਦੀਬ ਜੋ ਤਾਹਿਰ ਨੂੰ ਜਾਨਣ ਵਾਲੇ ਸਨ, ਵੀ ਉਥੇ ਮਿਲੇ। ਉਪਰਲੇ ਹਿੱਸੇ ਵਿੱਚ ਕੋਈ ਮੀਟਿੰਗ ਹੋਣ ਜਾ ਰਹੀ ਸੀ। ਅਸੀਂ ਕਾਹਲੀ-ਕਾਹਲੀ ਚਾਹ ਪੀਤੀ, ਕੁਝ ਤਸਵੀਰਾਂ ਖਿਚਵਾਈਆਂ ਤੇ ਬਾਹਰ ਆ ਗਏ। ਸੱਚਮੁੱਚ ਹੀ ਇੱਥੇ ਬਿਤਾਇਆ ਕੋਈ ਅੱਧਾ ਘੰਟਾ ਯਾਦਗਾਰੀ ਹੋ ਨਿਬੜਿਆ।
