ਆਸਟਰੇਲੀਆ ਦੀ ਬੌਂਦੀ ਬੀਚ `ਤੇ ਅਤਿਵਾਦੀ ਹਮਲਾ

ਖਬਰਾਂ

*15 ਵਿਅਕਤੀਆਂ ਦੀ ਮੌਤ, 30 ਜ਼ਖਮੀ
*ਅਹਿਮਦ-ਅਲ-ਅਹਿਮਦ ਬੰਦੂਕਧਾਰੀਆਂ ਨਾਲ ਉਲਝਣ ਕਾਰਨ ਬਣਿਆ ਨਾਇਕ
ਪੰਜਾਬੀ ਪਰਵਾਜ਼ ਬਿਊਰੋ
ਦੁਨੀਆਂ ਭਰ ਵਿੱਚ ਵਧੇਰੇ ਸੁਰੱਖਿਅਤ ਮੁਲਕਾਂ ਵਿੱਚ ਗਿਣੇ ਜਾਂਦੇ ਆਸਟਰੇਲੀਆ ਦੇ ਸਿਡਨੀ ਸ਼ਹਿਰ ਦੀ ਬੌਂਦੀ ਬੀਚ `ਤੇ ਬੀਤੇ ਐਤਵਾਰ ਪਾਕਿਸਤਾਨੀ ਮੂਲ ਦੇ ਇੱਕ ਪਿਓ-ਪੁੱਤਰ ਵੱਲੋਂ ਯਹੂਦੀ ਭਾਈਚਾਰੇ ਦੇ ਲੋਕਾਂ `ਤੇ ਹਥਿਆਰਬੰਦ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਦੋ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ 30 ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬੰਦੂਕਧਾਰੀਆਂ ਨਾਲ ਹੱਥੋਪਾਈ ਹੋਣ ਵਾਲਾ ਸੀਰੀਆਈ ਮੂਲ ਦਾ ਅਹਿਮਦ-ਅਲ-ਅਹਿਮਦ ਵੀ ਜ਼ਖਮੀ ਹੋਣ ਪਿੱਛੋਂ ਹਸਪਤਾਲ ਵਿੱਚ ਦਾਖਲ ਹੈ। ਇੱਕ ਹਮਲਾਵਰ ਵੀ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਇੱਕ ਫਲਾਂ ਦੇ ਦੁਕਾਨਦਾਰ ਅਹਿਮਦ –ਅਲ-ਅਹਿਮਦ ਵੱਲੋਂ ਇੱਕ ਬੰਦੂਕਧਾਰੀ ਤੋਂ ਜ਼ਬਰਦਸਤੀ ਝਪਟ ਕੇ ਬੰਦੂਕ ਨਾ ਖੋਹੀ ਗਈ ਹੁੰਦੀ ਤਾਂ ਮੌਤਾਂ ਦੀ ਗਿਣਤੀ ਵਧੇਰੇ ਹੋ ਸਕਦੀ ਸੀ। ਇਸ ਘਟਨਾ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥੋਨੀ ਅਲਬਨੀਜ਼ ਵੱਲੋਂ ਤੁਰੰਤ ਸੱਦੀ ਗਈ ਨੈਸ਼ਨਲ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਹਮਲੇ ਦੀ ਨਿੰਦਾ ਕੀਤੀ ਗਈ। ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਅਜਿਹਾ ਹਮਲਾ ਕਿਆਸ ਤੋਂ ਬਾਹਰ ਦੀ ਘਟਨਾ ਹੈ। ਉਨ੍ਹਾਂ ਕਿਹਾ ਕਿ ਯਹੂਦੀ ਤਿਉਹਾਰ ਹਨੂਕਾਹ ਮੌਕੇ ਆਸਟਰੇਲੀਅਨ ਯਹੂਦੀ ਭਾਈਚਾਰੇ `ਤੇ ਕੀਤਾ ਗਿਆ ਇਹ ਹਮਲਾ ਸ਼ੈਤਾਨੀਅਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਨੇਰੇ ਪਲਾਂ ਵਿੱਚ ਸਾਡੀਆਂ ਸੁਰੱਖਿਆ ਏਜੰਸੀਆਂ ਉਨ੍ਹਾਂ ਵਿਅਕਤੀਆਂ ਦੀ ਨਿਸ਼ਨਦੇਹੀ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ, ਜਿਨ੍ਹਾਂ ਦੀ ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਭਾਗੇਦਾਰੀ ਹੈ। ਇਸ ਦੌਰਾਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਸਟਰੇਲੀਆ ਦੀ ਮੌਜੂਦਾ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਾਮੀਵਾਦ ਦੇ ਖਿਲਾਫ ਇਹ ਹਮਲਾ ਆਸਟਰੇਲੀਅਨ ਸਰਕਾਰ ਵੱਲੋਂ ਫਲਿਸਤੀਨ ਨੂੰ ਮਾਨਤਾ ਦੇਣ ਅਤੇ ਹਮਾਸ ਦੇ ਅਤਿਵਾਦੀਆਂ ਖਿਲਾਫ ਅਪਣਾਈ ਗਈ ਨਰਮ ਪਹੁੰਚ ਦਾ ਨਤੀਜਾ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਘਟਨਾ ਦਾ ਬਦਲਾ ਲਿਆ ਜਾਵੇਗਾ।
ਨਵੀਦ ਅਕਰਮ ਅਤੇ ਸਜਾਦ ਅਕਰਮ ਨਾਂ ਦੇ ਦੋ ਪਿਓ-ਪੁੱਤਰਾਂ ਵੱਲੋਂ ਯਹੂਦੀ ਭੀੜ `ਤੇ ਕੀਤੀ ਗਈ ਇਸ ਅੰਨ੍ਹੇਵਾਹ ਫਾਇਰਿੰਗ ਨੂੰ ਆਪਣੇ ਲਾਇਸੰਸੀ ਹਥਿਆਰਾਂ ਨਾਲ ਅੰਜ਼ਾਮ ਦਿੱਤਾ ਗਿਆ। 24 ਸਾਲਾ ਨਵੀਦ ਅਕਰਮ ਨੂੰ ਘਟਨਾ ਮੌਕੇ ਪੁਲਿਸ ਵੱਲੋਂ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਵਿੱਚ ਦਾਖਲ ਹੈ; ਜਦਕਿ ਉਸ ਦੇ ਪਿਤਾ ਸਾਜਿਦ ਅਕਰਮ (50) ਦੀ ਇਸ ਹਮਲੇ ਦੌਰਾਨ ਸੁਰੱਖਿਆ ਮੁਲਾਜ਼ਮਾਂ ਨਾਲ ਹੋਈ ਝੜਪ ਵਿੱਚ ਮੌਤ ਹੋ ਗਈ। ਸੁਰੱਖਿਆ ਅਧਿਕਾਰੀਆਂ ਦਾ ਆਖਣਾ ਹੈ ਕਿ ਨਵੀਦ ਅਕਰਮ `ਤੇ ਪੁਲਿਸ ਪਿਛਲੇ ਕੁਝ ਸਮੇਂ ਤੋਂ ਨਜ਼ਰ ਰੱਖ ਰਹੀ ਸੀ, ਪਰ ਉਸ ਤੋਂ ਫੌਰੀ ਕਿਸੇ ਖਤਰੇ ਦੀ ਉਮੀਦ ਨਹੀਂ ਸੀ ਕੀਤੀ ਜਾ ਰਹੀ। ਉਸ ਦੇ ਪਿਤਾ ਸਾਜਿਦ ਅਕਰਮ ਦੇ ਨਾਂ `ਤੇ 6 ਹਥਿਆਰਾਂ ਦੇ ਲਾਈਸੈਂਸ ਸਨ। ਇੱਕ ਰਾਈਫਲ ਅਤੇ ਸ਼ੂਟ ਗੰਨ ਸਮੇਤ, ਇਨ੍ਹਾਂ ਵਿੱਚੋਂ ਚਾਰ ਵਾਰਦਾਤ ਮੌਕੇ ਹੀ ਬਰਾਮਦ ਕਰ ਲਏ ਗਏ, ਜਦਕਿ ਬਾਕੀ ਦੱਖਣ ਪੱਛਮੀ ਸਿਡਨੀ ਦੇ ਕੈਂਪਾਈਜ਼ ਵਿੱਚ ਮੌਜੂਦ ਹਮਲਾਵਰਾਂ ਦੇ ਘਰ `ਤੇ ਪੁਲਿਸ ਵੱਲੋਂ ਕੀਤੀ ਗਈ ਰੇਡ ਵਿੱਚ ਬਰਾਮਦ ਕੀਤੇ ਗਏ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਅਨੁਸਾਰ ਨਵੀਦ ਮਕਾਨ ਉਸਾਰੀ ਦਾ ਕੰਮ ਕਰਦਾ ਸੀ ਅਤੇ ਇਸਲਾਮਿਕ ਸਟੇਟ ਦੇ ਇੱਕ ਸੈਲ ਨਾਲ ਉਸ ਦੀ ਵਾਕਫੀਅਤ ਕਾਰਨ ਅਕਤੂਬਰ 2019 ਵਿੱਚ ਉਸ ਕੋਲੋਂ ਆਸਟਰੇਲੀਅਨ ਇੰਟੈਲੀਜੈਂਸ ਸਿਕਿਉਰਿਟੀ ਆਰਗੇਨਾਈਜੇਸ਼ਨ ਵੱਲੋਂ ਪੁੱਛ-ਪੜਤਾਲ ਕੀਤੀ ਗਈ ਸੀ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਲਲੇਨਿਓਨ ਨੇ ਕਿਹਾ ਕਿ ਦੋ ਹੋਰ ਵਿਅਕਤੀ ਜਿਹੜੇ ਪੱਛਮੀ ਸਿਡਨੀ ਵਿੱਚ ਰਹਿੰਦੇ ਹਨ, ਤੋਂ ਪੁਲਿਸ ਵੱਲੋਂ ਪੁੱਛ-ਪੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਕਾਰ ਵਿੱਚੋਂ ਇਸਲਾਮਿਕ ਸਟੇਟ ਦਾ ਝੰਡਾ ਵੀ ਬਰਾਮਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਆਸਟਰੇਲੀਅਨ ਸਰਕਾਰ ਲਾਈਸੈਂਸੀ ਹਥਿਆਰਾਂ ਦੀ ਸਪਲਾਈ ਨੂੰ ਸੀਮਤ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬੁਰਕ ਨੇ ਕਿਹਾ ਕਿ ਨਵੀਦ ਅਕਰਮ ਆਸਟਰੇਲੀਆ ਦਾ ਜੰਮਪਲ ਸ਼ਹਿਰੀ ਸੀ, ਜਦਕਿ ਉਸ ਦਾ ਪਿਤਾ ਸਾਜਿਦ ਅਕਰਮ 1998 ਵਿੱਚ ਸਟਡੀ ਵੀਜ਼ੇ `ਤੇ ਪਾਕਿਸਤਾਨ ਤੋਂ ਆਸਟਰੇਲੀਆ ਆਇਆ ਸੀ। ਘਟਨਾ ਮੌਕੇ ਬੰਦੂਕਧਾਰੀ ਨਾਲ ਉਲਝਣ ਵਾਲੇ ਅਹਿਮਦ-ਅਲ-ਅਹਿਮਦ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਨਿਹੱਥੇ ਲੋਕਾਂ ਨੂੰ ਮਰਦੇ ਨਾ ਵੇਖ ਸਕਣ ਕਾਰਨ ਹੀ ਅਹਿਮਦ ਨੇ ਬੰਦੂਕਧਾਰੀਆਂ ਨਾਲ ਉਲਝਣ ਦਾ ਖਤਰਾ ਮੁੱਲ ਲਿਆ। ਨਿਊ ਸਾਊਥ ਵੇਲਜ਼ ਦੇ ਮੁੱਖ ਮੰਤਰੀ ਕਰਿਸ ਮਿਨਸ ਨੇ ਉਸ ਦਾ ਹਸਪਤਾਲ ਵਿੱਚ ਹਾਲ-ਚਾਲ ਪੁੱਛਿਆ ਅਤੇ ਉਸ ਨੂੰ ਅਸਲੀ ਹੀਰੋ ਕਰਾਰ ਦਿੱਤਾ। ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ, ਇੰਗਲੈਂਡ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ਵੀ ਅਹਿਮਦ ਨੂੰ ਅਸਲ ਜ਼ਿੰਦਗੀ ਦਾ ਨਾਇਕ ਕਰਾਰ ਦਿੱਤਾ ਹੈ।
ਨਿਸ਼ਚਤ ਹੀ ਬੌਂਦੀ ਬੀਚ ਵਿਖੇ ਆਸਟਰੇਲੀਆ ਦੇ ਯਹੂਦੀ ਨਾਗਰਿਕਾਂ ਉੱਪਰ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ, ਪਰ ਨਾਲ ਹੀ ਜਿਸ ਮੁਸਲਮਾਨ ਨੇ ਬੰਦੂਕਧਾਰੀਆਂ ਵਿੱਚੋਂ ਇੱਕ ਨਾਲ ਹੱਥੋਪਾਈ ਹੋ ਕੇ ਹਥਿਆਰ ਖੋਹਿਆ, ਉਸ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਘਟਨਾ ਸਾਬਤ ਕਰਦੀ ਹੈ ਕਿ ਕਿਸੇ ਇੱਕ ਘਟਨਾ ਕਰਕੇ ਕਿਸੇ ਸਮੁੱਚੇ ਧਾਰਮਿਕ ਭਾਈਚਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਪਿੱਛੋਂ ਫਲਿਸਤੀਨ `ਤੇ ਹਮਲਾ ਕਰਨ ਵੇਲੇ ਇਜ਼ਰਾਇਲ ਨੇ ਸਮੁੱਚੇ ਫਲਿਸਤੀਨੀਆਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਕਿਸਮ ਦੇ ਵਿਚਾਰ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਵਿੱਚ ਵੀ ਪ੍ਰਗਟ ਕੀਤੇ ਸਨ। ਉਪਰੋਕਤ ਨੀਤੀ ਤਹਿਤ ਫਲਿਸਤੀਨ `ਤੇ ਇਜ਼ਰਾਇਲੀ ਫੌਜ ਦੇ ਹਮਲੇ ਦੌਰਾਨ ਲਗਪਗ ਸਾਰਾ ਫਲਿਸਤੀਨ ਤਬਾਹ ਕਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ, ਜੰਗਬੰਦੀ ਦੇ ਚਲਦੇ ਵੀ ਇਜ਼ਰਾਇਲ ਗਾਜ਼ਾ ਵਿੱਚ ਫਲਿਸਤੀਨੀਆਂ ਲਈ ਮਾੜੀ ਮੋਟੀ ਪਨਾਹ ਵਾਸਤੇ ਬਚਦੀਆਂ ਇਮਾਰਤਾਂ ਨੂੰ ਢਾਹੀ ਜਾ ਰਿਹਾ ਹੈ। ਹਾਲ ਹੀ ਵਿੱਚ ਇੱਕ ਵੱਡੇ ਹਮਲੇ ਵਿੱਚ ਇਜ਼ਰਾਇਲੀ ਫੌਜ ਨੇ ਹਮਾਸ ਦੇ ਇੱਕ ਪ੍ਰਮੁੱਖ ਆਗੂ ਦੀ ਹੱਤਿਆ ਕੀਤੀ।
ਇੱਕ ਸੂਚਨਾ ਅਨੁਸਾਰ 10 ਅਕਤੂਬਰ ਨੂੰ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਇਲ ਗਾਜ਼ਾ ਪੱਟੀ ਦੇ ਹਮਾਸ ਦੇ ਅਧਿਕਾਰ ਵਿਚਲੇ ਖੇਤਰ `ਤੇ 738 ਹਮਲੇ ਕਰ ਚੁੱਕਾ ਹੈ। ਇਸ ਦੌਰਾਨ ਇਜ਼ਰਾਇਲ ਵੱਲੋਂ ਫਲਿਸਤੀਨੀ ਆਮ ਨਾਗਰਿਕਾਂ `ਤੇ 205 ਵਾਰ ਫਾਇਰਿੰਗ ਕੀਤੀ ਗਈ ਹੈ। ਇਜ਼ਰਾਇਲ ਫੌਜ ਲਈ ਹੱਦਬੰਦੀ ਵਜੋਂ ਗਾਜ਼ਾ ਵਿੱਚ ਖਿੱਚੀ ਗਈ ਯੈਲੋ ਲਾਈਨ ਦੇ ਅੰਦਰ ਯਹੂਦੀ ਫੌਜ ਵੱਲੋਂ 37 ਵਾਰ ਹਮਲੇ ਕੀਤੇ ਗਏ ਹਨ। ਗਾਜ਼ `ਤੇ 358 ਵਾਰ ਹਵਾਈ ਵਾਹਨਾਂ ਰਾਹੀਂ ਬੰਬ ਸੁੱਟੇ ਗਏ ਹਨ। ਜੰਗਬੰਦੀ ਦੇ ਬਾਅਦ ਲੋਕਾਂ ਦੀਆਂ ਜਾਇਦਾਦਾਂ `ਤੇ 138 ਹਮਲੇ ਅਤੇ 43 ਫਲਿਸਤੀਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਜ ਇਹ ਜੰਗ ਬੰਦੀ ਫਲਿਸਤੀਨੀਆਂ ਲਈ ਇੱਕ ਧੀਮੀ ਪਰ ਜਾਰੀ ਜੰਗ ਦਾ ਹੀ ਰੂਪ ਹੈ। ਅਜਿਹੇ ਹਾਲਤ ਵਿੱਚ ਕਿਸੇ ਮੁਸਲਿਮ ਵਿਅਕਤੀ ਦਾ ਭਾਵੁਕਤਾ ਅਤੇ ਬਦਲਾਖੋਰੀ ਦੇ ਤਹਿਤ ਕਿਸੇ ਹੋਰ ਦੇਸ਼ ਵਿੱਚ ਯਹੂਦੀ ਭਾਈਚਾਰੇ `ਤੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਿਸਮ ਦੀਆਂ ਘਟਨਵਾਂ ਹੋਰ ਮੁਲਕਾਂ ਵਿੱਚ ਵੀ ਵਾਪਰ ਸਕਦੀਆਂ ਹਨ।
ਪਿਛਲੀ ਸਦੀ ਦੇ ਪਹਿਲੇ ਅੱਧ ਵਿੱਚ ਜਰਮਨੀ ਵਿੱਚ ਨਸਲਕੁਸ਼ੀ ਦਾ ਸਾਹਮਣਾ ਕਰਨ ਵਾਲੇ ਯਹੂਦੀ ਫਲਿਸਤੀਨ ਵਿੱਚ ਇੰਨੀ ਬਰਬਰਤਾ ਨਾਲ ਨਸਲਕੁਸ਼ੀ ਕਰ ਸਕਦੇ ਹਨ, ਇਹ ਪੱਖ ਮਨੁੱਖੀ ਸਿਆਣਪ ਦੇ ਅੱਤਿ ਮਹੀਨ ਹਲਕਿਆਂ ਦੀ ਸਮਝ ਤੋਂ ਵੀ ਬਾਹਰ ਹੈ। ਇਸੇ ਲਈ ਸ਼ਾਇਦ ਇਰਾਨ ਨੇ ਕਿਹਾ ਹੈ ਕਿ ਫਲਿਸਤੀਨ ਵਿੱਚ ਆਪਣੀਆਂ ਕਰਤੂਤਾਂ ਨੂੰ ਜਾਇਜ਼ ਠਹਿਰਾਉਣ ਲਈ ਇਜ਼ਰਾਇਲ ਖੁਦ ਆਪ ਵੀ ਸਿਡਨੀ ਵਰਗੇ ਹਮਲੇ ਕਰਵਾ ਸਕਦਾ ਹੈ। ਇਹ ਫਲਿਸਤੀਨ ਦੇ ਹੱਕ ਵਿੱਚ ਉਠ ਰਹੀ ਆਵਾਜ਼L ਨੂੰ ਸਾਬੋਤਾਜ਼ ਕਰਨ ਦਾ ਤਰੀਕਾ ਵੀ ਹੈ। ਸਾਰੀ ਦੁਨੀਆਂ ਦੇ ਸਾਹਮਣੇ ਇਜ਼ਰਾਇਲ ਨੇ ਸਾਰਾ ਹੀ ਫਲਿਸਤੀਨ ਬੇਰਹਿਮੀ ਨਾਲ ਭੰਨ ਸੁੱਟਿਆ, ਸਮੂਹਿਕ ਕਤਲੇਆਮ ਕੀਤਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅਤੇ ਯੂ.ਐਨ.ਓ. ਪਹਿਲਾਂ ਹੀ ਇਸ ਨੂੰ ਨਸਲਕੁਸ਼ੀ ਕਰਾਰ ਦੇ ਚੁੱਕੇ ਹਨ। ਇਸ ਕਰਕੇ ਇਰਾਨ ਦੀ ਇਸ ਮੰਗ ਤੋਂ ਮੁੱਖ ਨਹੀਂ ਮੋੜਿਆ ਜਾਣਾ ਚਾਹੀਦਾ ਕਿ ਸਿਡਨੀ ਹਮਲੇ ਦੀ ਬਾਰੀਕੀ ਨਾਲ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ; ਕਿਉਂਕਿ ਇਜ਼ਰਾਇਲ ਖੁਦ ਵੀ ਐਸੇ ਹਮਲਿਆਂ ਨੂੰ ਅੰਜਾਮ ਦੇ ਸਕਦਾ ਹੈ।

Leave a Reply

Your email address will not be published. Required fields are marked *