ਗਿਆਨ ਦੀ ਗਰਦਨ ਅਤੇ ਹਿੰਦੂਤਵ ਦੀ ਤਲਵਾਰ

ਵਿਚਾਰ-ਵਟਾਂਦਰਾ

ਦਿੱਲੀ ਯੂਨੀਵਰਸਿਟੀ ਵਿੱਚ ਸਿਲੇਬਸ ਹੁਣ ਗਿਆਨ ਅਤੇ ਹਿੰਦੂਤਵਵਾਦੀ ਵਿਚਾਰਧਾਰਾ ਵਿਚਾਲੇ ਤਿੱਖੀ ਰੱਸਾਕਸ਼ੀ ਦਾ ਵਾਇਸ ਬਣ ਗਿਆ ਹੈ। ਜੈਂਡਰ, ਜਾਤੀ, ਵਿਤਕਰੇ ਅਤੇ ਵਿਸ਼ਵ ਇਤਿਹਾਸ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਹਟਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਇਹ ਨਾ ਸਿਰਫ਼ ਅਕਾਦਮਿਕ ਸੁਤੰਤਰਤਾ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ, ਸਗੋਂ ਯੂਨੀਵਰਸਿਟੀਆਂ ਦੀ ਬੌਧਿਕ ਗੁਣਵੱਤਾ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਵਿਸ਼ੇ ਉੱਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਦਾ ਇਹ ਲੇਖ ਡੂੰਘੀ ਝਾਤ ਪਾਉਂਦਾ ਹੈ।

ਪ੍ਰੋਫੈਸਰ ਅਪੂਰਵਾਨੰਦ

ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਸਟੈਂਡਿੰਗ ਕਮੇਟੀ ਨੇ ਅਰਥਸ਼ਾਸਤਰ ਅਤੇ ਇਤਿਹਾਸ ਵਿਭਾਗਾਂ ਨੂੰ ਆਪਣੇ ਸਿਲੇਬਸਾਂ ਉੱਤੇ ਫਿਰ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ। ਅਰਥਸ਼ਾਸਤਰ ਵਿਭਾਗ ਦੀ ‘ਜੈਂਡਰ ਅਤੇ ਅਰਥਵਿਵਸਥਾ’ ਨਾਮਕ ਇਕਾਈ ਉੱਤੇ ਵੱਡੇ ਇਤਰਾਜ਼ ਲਾਏ ਗਏ ਹਨ; ਖਾਸ ਕਰ ਕੇ ਇਸ ਵਿੱਚ ਸ਼ਾਮਲ ‘ਅਪਰਾਧ ਅਤੇ ਜੈਂਡਰ’ ਉਪ-ਇਕਾਈ ਨੂੰ ਲੈ ਕੇ। ਕਮੇਟੀ ਦੇ ਪ੍ਰਭਾਵਸ਼ਾਲੀ ਮੈਂਬਰਾਂ ਦਾ ਕਹਿਣਾ ਹੈ ਕਿ ਅਰਥਸ਼ਾਸਤਰ ਨੂੰ ਜੈਂਡਰ ਨਾਲ ਜੋੜਨਾ ਅਣਉਚਿਤ ਹੈ ਅਤੇ ਜੈਂਡਰ ਨਾਲ ਜੁੜੇ ਅਪਰਾਧਾਂ ਦਾ ਜ਼ਿਕਰ ਬਿਲਕੁਲ ਬਾਹਰੀ ਵਿਸ਼ਾ ਹੈ। ਵਿਭਾਗ ਅਥਾਰਟੀ ਨੇ ਵਿਆਖਿਆ ਕੀਤੀ ਕਿ ਔਰਤਾਂ ਵਿਰੁੱਧ ਘਰੇਲੂ ਜਾਂ ਸਮਾਜਿਕ ਹਿੰਸਾ ਅਰਥ ਵਿਵਸਥਾ ਨਾਲ ਸਿੱਧਾ ਜੁੜੀ ਹੈ, ਕਿਉਂਕਿ ਇਹ ਉਨ੍ਹਾਂ ਦੀ ਅਰਥਿਕ ਹਿੱਸੇਦਾਰੀ ਨੂੰ ਨੁਕਸਾਨ ਪਹੁੰਚਾਉਂਦੀ ਹੈ, ਪਰ ਕਮੇਟੀ ਨੇ ਇਤਰਾਜ਼ ਜਤਾਉਂਦਿਆਂ ਡਰਾਫਟ ਵਾਪਸ ਭੇਜ ਦਿੱਤਾ।
ਸਿਲੇਬਸ ਵਿੱਚ ‘ਵਿਤਕਰੇ ਦਾ ਅਰਥਸ਼ਾਸਤਰ’ (ਇਕਨਾਮਿਕਸ ਆਫ਼ ਡਿਸਕ੍ਰਿਮੀਨੇਸ਼ਨ) ਨਾਮਕ ਪੇਪਰ ਸੀ, ਜਿਸ ਨੂੰ ਕਮੇਟੀ ਨੇ ਹਟਾਉਣ ਦਾ ਹੁਕਮ ਦਿੱਤਾ। ਅਧਿਆਪਕਾਂ ਨੇ ਚੇਅਰਪਰਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ‘ਡਿਸਕ੍ਰਿਮੀਨੇਸ਼ਨ’ ਸ਼ਬਦ ਖੁਦ ਹੀ ਅਪਮਾਨਜਨਕ ਹੈ ਅਤੇ ਇਸ ਨੂੰ ਪਾਠਕ੍ਰਮ ਵਿੱਚ ਰੱਖਣਾ ਅਸੰਭਵ ਹੈ।
ਇਤਿਹਾਸ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ ‘ਵਿਸ਼ਵ ਇਤਿਹਾਸ’ ਉੱਤੇ ਇੰਨਾ ਜ਼ੋਰ ਕਿਉਂ? ਰਾਸ਼ਟਰੀ ਇਤਿਹਾਸ ਹੀ ਇੰਨਾ ਵਿਸ਼ਾਲ ਹੈ ਕਿ ਵਿਦੇਸ਼ੀ ਇਤਿਹਾਸ ਦੀ ਲੋੜ ਨਹੀਂ। ਵਿਭਾਗ ਨੇ ਜਵਾਬ ਦਿੱਤਾ ਕਿ ਪਾਠਕ੍ਰਮ (ਸਿਲੇਬਸ) ਦਾ 70 ਫ਼ੀਸਦੀ ਹਿੱਸਾ ਭਾਰਤੀ ਇਤਿਹਾਸ ਨਾਲ ਜੁੜਿਆ ਹੈ ਅਤੇ ਸਿਰਫ਼ 30 ਫ਼ੀਸਦੀ ਵਿਸ਼ਵ ਇਤਿਹਾਸ ਹੈ, ਜੋ ਵਿਦਿਆਰਥੀਆਂ ਨੂੰ ਲਾਈਲੱਗ ਬਣਨ ਤੋਂ ਬਚਾਉਂਦਾ ਹੈ, ਪਰ ਅਜੇ ਫ਼ੈਸਲਾ ਬਾਕੀ ਹੈ।
ਇਸੇ ਤਰ੍ਹਾਂ ‘ਪ੍ਰਾਚੀਨ ਭਾਰਤੀ ਅਰਥਵਿਵਸਥਾ ਅਤੇ ਸਮਾਜ’ ਪੇਪਰ ਵਿੱਚੋਂ ‘ਸਮਾਜ’ ਸ਼ਬਦ ਹਟਾਉਣ ਦੀ ਗੱਲ ਕੀਤੀ ਗਈ।
ਇਹ ਵੀ ਪਤਾ ਲੱਗਾ ਕਿ ਕੁਝ ਲੇਖਕਾਂ ਦੀਆਂ ਕਿਤਾਬਾਂ ਹਟਾਉਣ ਦੇ ਹੁਕਮ ਵੀ ਆਏ ਹਨ, ਜਿਵੇਂ ਸ਼ੀਰੀਨ ਮੂਸਵੀ, ਇੰਦਰਾਣੀ ਚਟਰਜੀ ਅਤੇ ਰਿਚਰਡ ਈਟਨ ਦੀਆਂ ਰਚਨਾਵਾਂ। ਇਸੇ ਸਾਲ ਮਨੋਵਿਗਿਆਨ, ਭੂਗੋਲ ਅਤੇ ਰਾਜਨੀਤੀ ਵਿਗਿਆਨ ਵਿਭਾਗਾਂ ਵਿੱਚ ਵੀ ਅਜਿਹੇ ਬਦਲਾਵਾਂ ਉੱਤੇ ਬਹਿਸ ਹੋਈ। ਰਾਜਨੀਤੀ ਵਿਗਿਆਨ ਵਿੱਚ ਪਾਕਿਸਤਾਨ, ਚੀਨ, ਧਾਰਮਿਕ ਰਾਸ਼ਟਰਵਾਦ, ਸੰਘ ਦੀ ਰਾਜਨੀਤੀ, ਅੰਤਰਰਾਸ਼ਟਰੀ ਸੰਬੰਧਾਂ ਵਿੱਚ ਇਸਲਾਮ ਅਤੇ ਸ੍ਰੀਲੰਕਾ ਗ੍ਰਹਿ ਯੁੱਧ ਨਾਲ ਜੁੜੇ ਚੈਪਟਰ ਹਟਾਉਣ ਨੂੰ ਕਿਹਾ ਗਿਆ। ਸਮਾਜ ਸ਼ਾਸਤਰ ਵਿੱਚ ਵੈਬਰ, ਡੂਰਖੇਮ ਅਤੇ ਮਾਰਕਸ ਵਰਗੇ ਵਿਦੇਸ਼ੀ ਵਿਚਾਰਕਾਂ ਨੂੰ ਘੱਟ ਕਰ ਕੇ ਭਾਰਤੀ ਵਿਚਾਰਕਾਂ ਅਤੇ ‘ਪਾਰਿਵਾਰਕ ਮੁੱਲਾਂ’ ਉੱਤੇ ਜ਼ੋਰ ਦੇਣ ਦੀ ਸਲਾਹ ਦਿੱਤੀ ਗਈ।
ਭੂਗੋਲ ਵਿਭਾਗ ਨੂੰ ਅੰਦਰੂਨੀ ਦਵੰਦ ਅਤੇ ਰਾਸ਼ਟਰ ਨਿਰਮਾਣ ਵਰਗੇ ਵਿਸ਼ਿਆਂ ਤੋਂ ਬਚਣ ਨੂੰ ਕਿਹਾ ਗਿਆ। ਸਮਾਜਿਕ ਭੂਗੋਲ ਨੂੰ ਵੀ ਹਟਾਉਣ ਦੀ ਗੱਲ ਹੋਈ, ਜੋ ਅਨੁਸੂਚਿਤ ਜਾਤੀਆਂ-ਜਨਜਾਤੀਆਂ ਦੇ ਸਮਾਜਿਕ ਸਥਾਨਾਂ ਦਾ ਅਧਿਐਨ ਕਰਦਾ ਹੈ। ‘ਜਾਤੀ’, ‘ਚਰਚ’, ‘ਕਲਟ’ ਵਰਗੇ ਵਿਦੇਸ਼ੀ ਸ਼ਬਦਾਂ ਨੂੰ ਹਟਾ ਕੇ ਸ਼੍ਰੀ-ਮੁਨੀ ਵਰਗੇ ਭਾਰਤੀ ਸ਼ਬਦ ਰੱਖਣ ਦਾ ਹੁਕਮ ਦੇ ਦਿੱਤਾ ਗਿਆ। ਪਾਲ ਬ੍ਰਾਸ ਅਤੇ ਨੰਦਨੀ ਸੁੰਦਰ ਵਰਗੇ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਬਾਹਰ ਕੀਤਾ ਗਿਆ। ਯਾਦ ਰੱਖੋ, ਦਿੱਲੀ ਪੁਲਿਸ ਨੇ ਸ਼ਰਜੀਲ ਇਮਾਮ ਉੱਤੇ ਇਲਜ਼ਾਮ ਲਗਾਇਆ ਸੀ ਕਿ ਉਹ ਪਾਲ ਬ੍ਰਾਸ ਦੀਆਂ ਕਿਤਾਬਾਂ ਪੜ੍ਹ ਕੇ ‘ਖਰਾਬ’ ਹੋ ਗਿਆ। ਹੁਣ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਸ ਤੋਂ ‘ਬਚਾਉਣ ਦੀ ਕੋਸ਼ਿਸ਼’ ਕਰ ਰਹੀ ਹੈ।
ਪਿਛਲੇ 11 ਸਾਲਾਂ ਤੋਂ ਪਾਠਕ੍ਰਮ ਬਣਾਉਣਾ ਨਿਰੰਤਰ ਰੱਸਾਕਸ਼ੀ ਹੋ ਗਿਆ ਹੈ। ਵਿਭਾਗ ਮੁਖੀਆਂ ਨੂੰ ਰਾਸ਼ਟਰਵਾਦੀ ਅਤੇ ਭਾਰਤੀਅਤਾਵਾਦੀ ਕੁਤਰਕਾਂ ਨਾਲ ਆਪਣੇ ਪਾਠਕ੍ਰਮਾਂ ਦੀ ਰੱਖਿਆ ਕਰਨੀ ਪੈਂਦੀ ਹੈ। ਮਾਨਵ ਵਿਗਿਆਨ ਅਤੇ ਸਮਾਜ ਵਿਗਿਆਨ ਵਿੱਚ ਜਾਤੀ, ਜੈਂਡਰ, ਵਿਤਕਰਾ, ਯੌਨਿਕਤਾ ਜਾਂ ਐਲਜੀਬੀਟੀ ਕਿਊਆਰ ਵਰਗੇ ਸ਼ਬਦ ਵੇਖਦੇ ਹੀ ਪ੍ਰਸ਼ਾਸਨੀ ਨੁਮਾਇੰਦੇ ਭੜਕ ਜਾਂਦੇ ਹਨ। ਵਿਦੇਸ਼ੀ ਲੇਖਕਾਂ ਅਤੇ ਵਿਚਾਰਕਾਂ ਤੋਂ ਵੀ ਉਨ੍ਹਾਂ ਨੂੰ ਡਰ ਹੈ। ਗਿਆਨ ਦੇ ਭਾਰਤੀਕਰਨ ਦੀ ਜਲਦਬਾਜ਼ੀ ਵਿੱਚ ਉਹ ਮਾਹਿਰ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ।
ਕੁਝ ਅਧਿਆਪਕ ਆਪਣੇ ਅਨੁਸ਼ਾਸਨ ਦੀ ਲਗਾਤਾਰਤਾ ਲਈ ਕਮੇਟੀ ਵਿੱਚ ਬਹਿਸ ਕਰਦੇ ਹਨ ਅਤੇ ਤਰਕ ਨਾਲ ਲੜਦੇ ਹਨ, ਪਰ ਕਈਆਂ ਨੂੰ ਇਹ ਸੰਘਰਸ਼ ਵਿਅਰਥ ਲੱਗਦਾ ਹੈ, ਇਸ ਲਈ ਉਹ ਪਹਿਲਾਂ ਹੀ ਪਾਠਕ੍ਰਮ ਦਾ ਭਾਰਤੀਕਰਨ ਅਤੇ ਹਿੰਦੂਕਰਨ ਕਰ ਲੈਂਦੇ ਹਨ। ਮੇਰੇ ਵਿਸ਼ੇ ਹਿੰਦੀ ਸਾਹਿਤ ਵਿੱਚ ‘ਭਾਰਤੀਅਤਾ ਬੋਧ’ ਨਾਮਕ ਪੇਪਰ ਸ਼ੁਰੂ ਹੋ ਗਿਆ ਹੈ ਅਤੇ ‘ਹਿੰਦੂ ਉਭਾਰ’ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰੇਮਚੰਦ ਦੇ ‘ਗੋਦਾਨ’ ਉੱਤੇ ਵੀ ਸਵਾਲ ਉੱਠੇ ਹਨ, ਕਿਉਂਕਿ ਇਸ ਵਿੱਚ ਇੱਕ ਹਿੰਦੂ ਗਊ ਹੱਤਿਆ ਕਰਦਾ ਹੈ; ਕਿਹਾ ਗਿਆ ਕਿ ਇਹ ‘ਹਿੰਦੂ ਵਿਰੋਧੀ’ ਹੈ ਅਤੇ ਧਰਮ ਧਰੋਹ ਹੈ। ਪਹਿਲੀਆਂ ਰਚਨਾਵਾਂ ਦੀ ਬਜਾਏ ਹਿੰਦੂ ਰਾਸ਼ਟਰਵਾਦ ਨੂੰ ਉਭਾਰਦੀ ਸਮੱਗਰੀ ਲੱਭੀ ਜਾ ਰਹੀ ਹੈ।
ਗ੍ਰੈਜੂਏਟ ਪੱਧਰ ਉੱਤੇ ਵੀ ‘ਨੈਤਿਕ ਮੁੱਲ ਅਤੇ ਹੁਨਰ’ ਦੇ ਨਾਂ ’ਤੇ ਅਕਾਦਮਿਕ ਮੁੱਲ ਰਹਿਤ ਪੇਪਰ ਜਿਵੇਂ ‘ਸਵੱਛਤਾ’ ਜਾਂ ‘ਪ੍ਰਸੰਨਤਾ’ ਪੜ੍ਹਾਏ ਜਾ ਰਹੇ ਹਨ। ਇਹ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਦੇ ਹਨ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਪੀਐੱਚ.ਡੀ. ਦਾਖਲਿਆਂ ਲਈ ਵੀ ਨਿਰਦੇਸ਼ ਹਨ ਕਿ ਜੇ.ਆਰ.ਐੱਫ. ਵਾਲਿਆਂ ਨੂੰ ਪ੍ਰਾਥਮਿਕਤਾ ਦਿਓ। ਪ੍ਰੀਖਿਆ ਵਿੱਚ ਬੇਲੋੜੇ ਵੇਰਵੇ ਜਿਵੇਂ ਕਹਾਣੀ ਦੇ ਪਾਤਰ ਦੀਆਂ ਚੱਪਲਾਂ ਦਾ ਰੰਗ ਪੁੱਛਿਆ ਜਾ ਰਿਹਾ ਹੈ। ਖੋਜ ਰੁਝਾਨ ਜਾਂ ਲਿਖਣ ਸਮਰੱਥਾ ਦੀ ਕੋਈ ਜਾਂਚ ਨਹੀਂ। ਕੁਝ ਵਿਭਾਗਾਂ ਵਿੱਚ ਸੈਂਕੜੇ ਖੋਜਾਰਥੀ ਹਨ। ਖੋਜ ਵਿਸ਼ੇ ਵੀ ਅਜੀਬ ਹਨ, ਜਿਵੇਂ ਪੋਖਰੀਆਲ (ਨਿਸ਼ੰਕ) ਦੇ ਸਾਹਿਤ ਉੱਤੇ ਖੋਜ, ਜੋ ਰਾਜਨੀਤਿਕ ਯੋਗਤਾ ਵਾਲੇ ਮੰਤਰੀ ਸਨ, ਨਾ ਕਿ ਸਾਹਿਤਕ।
ਪਰ ਸਭ ਕੁਝ ਖਤਮ ਨਹੀਂ ਹੋਇਆ। ਕਈ ਵਿਭਾਗ ਮੁਖੀ ਅਤੇ ਅਧਿਆਪਕ ਆਪਣੇ ਵਿਸ਼ੇ ਦੀ ਜਾਇਜ਼ਤਾ ਲਈ ਯਤਨ ਕਰਦੇ ਹਨ; ਕੁਝ ਸਫਲ ਹੁੰਦੇ ਹਨ ਤੇ ਕੁਝ ਸਮਝੌਤੇ ਕਰਦੇ ਹਨ। ਭਾਰਤੀ ਯੂਨੀਵਰਸਿਟੀਆਂ ਯੁੱਧਭੂਮੀ ਬਣ ਗਈਆਂ ਹਨ, ਜਿੱਥੇ ਗਿਆਨ ਅਤੇ ਹਿੰਦੂਤਵ ਵਿਚਕਾਰ ਯੁੱਧ ਚੱਲ ਰਿਹਾ ਹੈ।
ਦਿੱਲੀ ਯੂਨੀਵਰਸਿਟੀ ਜਾਂ ਜੇ.ਐੱਨ.ਯੂ. ਵਰਗੀਆਂ ਸਰਕਾਰੀ ਸੰਸਥਾਵਾਂ ਵਿੱਚ ਇਹ ਹਮਲੇ ਹੋ ਰਹੇ ਹਨ, ਪਰ ਅਸ਼ੋਕਾ ਜਾਂ ਸ਼ਿਵ ਨਾਦਰ ਵਰਗੀਆਂ ਨਿੱਜੀ ਯੂਨੀਵਰਸਿਟੀਆਂ ਵਿੱਚ ਨਹੀਂ। ਇਸ ਸਾਲ ਭਾਰਤ ਵਿੱਚ ਵਿਦੇਸ਼ੀ ਯੂਨੀਵਰਸਿਟੀ ਕੈਂਪਸ ਖੁੱਲ੍ਹੇ ਹਨ। ਕੀ ਉਨ੍ਹਾਂ ਦੇ ਸਿਲੇਬਸ ਵੀ ਹਿੰਦੂਤਵ ਨਾਲ ਜੁੜਨਗੇ? ਜੇ ਨਹੀਂ, ਤਾਂ ਕਿਉਂ ਵਿਦਿਆਰਥੀਆਂ ਨੂੰ ਰਾਸ਼ਟਰਵਾਦੀ ‘ਪ੍ਰਸਾਦ’ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ?
ਇਹ ਗਿਆਨ ਵਿੱਚ ਜ਼ਹਿਰ ਘੋਲਣ ਵਾਂਗ ਹੈ। ਇਸ ਅਸਮਾਨਤਾ ਦੇ ਗੰਭੀਰ ਨਤੀਜੇ ਹੋਣਗੇ। ਸਰਕਾਰੀ ਯੂਨੀਵਰਸਿਟੀਆਂ ਵਿੱਚ ਵਿਸ਼ਵ-ਪੱਧਰੀ ਵਿਦਵਾਨ ਪੈਦਾ ਨਹੀਂ ਹੋਣਗੇ। ਕੀ ਇਹ ਵਿਦਿਆਰਥੀ ਬਾਹਰੀ ਯੂਨੀਵਰਸਿਟੀਆਂ ਵਿੱਚ ਖੋਜਾਰਥੀ ਜਾਂ ਅਧਿਆਪਕ ਬਣਨਗੇ? ਉਹ ਅੰਤਰਰਾਸ਼ਟਰੀ ਗਿਆਨ ਸੰਸਾਰ ਦੇ ਹਿੱਸੇਦਾਰ ਬਣ ਸਕਣਗੇ?
ਉਹ ਨਿੱਜੀ ਯੂਨੀਵਰਸਿਟੀ ਵਿਦਿਆਰਥੀਆਂ ਨਾਲੋਂ ਪਿੱਛੇ ਰਹਿਣ ਨੂੰ ਮਜਬੂਰ ਹਨ, ਪਰ ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ। ਹਾਲੇ ‘ਰਾਸ਼ਟਰ ਵਿਰੋਧੀ’ ਕਿਤਾਬਾਂ ਪਾਠਕ੍ਰਮਾਂ ਤੋਂ ਹਟਾਈਆਂ ਜਾ ਰਹੀਆਂ ਹਨ; ਹੌਲ਼ੀ-ਹੌਲ਼ੀ ਇਹ ਲਾਇਬਰੇਰੀਆਂ ਵਿੱਚੋਂ ਵੀ ਗਾਇਬ ਹੋ ਜਾਣਗੀਆਂ ਅਤੇ ਇਨ੍ਹਾਂ ਦਾ ਜ਼ਿਕਰ ਤੱਕ ਬੰਦ ਹੋ ਜਾਵੇਗਾ। ਗਿਆਨ ਦੇ ਮੁਲਕ ਵਿੱਚ ਲੰਮੀ ਠੰਢੀ ਰਾਤ ਸ਼ੁਰੂ ਹੋ ਗਈ ਹੈ। ਕੀ ਭਾਰਤੀ ਹਿੰਦੂਆਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਕੀ ਅਨਿਆਂ ਹੋ ਰਿਹਾ ਹੈ? ਨਹੀਂ, ਕਿਉਂਕਿ ਉਨ੍ਹਾਂ ਨੇ ਹੀ ਇਨ੍ਹਾਂ ਹਮਲਾਵਰਾਂ ਨੂੰ ਤਲਵਾਰ ਫੜਾਈ ਹੈ ਕਿ ਉਹ ਗਿਆਨ ਦੀ ਗਰਦਨ ਉਤਾਰ ਦੇਣ।

Leave a Reply

Your email address will not be published. Required fields are marked *