ਪ੍ਰਤਿਭਾ ਦੀ ਹਿਜਰਤ: ‘ਬ੍ਰੇਨ ਗੇਨ’ ਜਾਂ ‘ਬ੍ਰੇਨ ਡਰੇਨ’?

ਖਬਰਾਂ ਵਿਚਾਰ-ਵਟਾਂਦਰਾ

*5 ਹਜ਼ਾਰ ਡਾਕਟਰਾਂ, 11 ਹਜ਼ਾਰ ਇੰਜੀਨੀਅਰਾਂ ਅਤੇ 13 ਹਜ਼ਾਰ ਅਕਾਊਂਟੈਂਟਾਂ ਨੇ ਛੱਡਿਆ ਪਾਕਿਸਤਾਨ
ਪੰਜਾਬੀ ਪਰਵਾਜ਼ ਬਿਊਰੋ
ਕਿਸੇ ਵੀ ਦੇਸ਼ ਦੀ ਅਸਲੀ ਤਾਕਤ ਉਸ ਦੇ ਟੈਂਕਾਂ, ਮਿਜ਼ਾਈਲਾਂ ਜਾਂ ਭਾਸ਼ਣਾਂ ਵਿੱਚ ਨਹੀਂ ਹੁੰਦੀ ਬਲਕਿ ਉਹ ਲੋਕ ਹੁੰਦੇ ਹਨ, ਜੋ ਹਸਪਤਾਲ ਚਲਾਉਂਦੇ ਹਨ, ਪੁਲ ਬਣਾਉਂਦੇ ਹਨ, ਉਦਯੋਗ ਖੜ੍ਹੇ ਕਰਦੇ ਹਨ ਅਤੇ ਭਵਿੱਖ ਦੀ ਤਕਨੀਕ ’ਤੇ ਕੰਮ ਕਰਦੇ ਹਨ। ਪਰ ਜਦੋਂ ਇਹ ਲੋਕ ਵੱਡੀ ਗਿਣਤੀ ਵਿੱਚ ਦੇਸ਼ ਛੱਡਣ ਲੱਗ ਜਾਣ, ਤਾਂ ਇਹ ਸਿਰਫ਼ ਹਿਜਰਤ ਨਹੀਂ, ਸਗੋਂ ਸਿਸਟਮ ਦੀ ਅਸਫਲਤਾ ਦਾ ਸੰਕੇਤ ਹੁੰਦਾ ਹੈ। ਪਾਕਿਸਤਾਨ ਲਈ ਇਹ ਪ੍ਰਤਿਭਾ ਦੀ ਹਿਜਰਤ ਇੱਕ ਚੇਤਾਵਨੀ ਨਹੀਂ ਸਗੋਂ ਇੱਕ ਵੱਡਾ ਨੁਕਸਾਨ ਹੈ।

ਪਾਕਿਸਤਾਨ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ‘ਬ੍ਰੇਨ ਡਰੇਨ’ (ਮਾਨਸਿਕ ਹਿਜਰਤ) ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਪਾਕਿਸਤਾਨੀ ਸੋਸ਼ਲ ਮੀਡੀਆ ’ਤੇ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਫੌਜ ਦੇ ਮੁਖੀ ਅਸੀਮ ਮੁਨੀਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਸ ਵੱਡੀ ਹਿਜਰਤ ਨੂੰ ‘ਬ੍ਰੇਨ ਗੇਨ’ (ਮਾਨਸਿਕ ਲਾਭ) ਕਿਹਾ ਸੀ।
ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 24 ਮਹੀਨਿਆਂ ਵਿੱਚ (ਜਨਵਰੀ 2024 ਤੋਂ ਦਸੰਬਰ 2025 ਤੱਕ) ਪਾਕਿਸਤਾਨ ਨੇ ਲਗਭਗ 5,000 ਡਾਕਟਰਾਂ, 11,000 ਇੰਜੀਨੀਅਰਾਂ ਅਤੇ 13,000 ਅਕਾਊਂਟੈਂਟਾਂ ਨੂੰ ਗੁਆਇਆ ਹੈ। ਅਗਸਤ 2025 ਵਿੱਚ ਅਮਰੀਕਾ ਦੌਰੇ ਦੌਰਾਨ ਵਿਦੇਸ਼ ਵੱਲ ਹਿਜਰਤ ਕਰਨ ਵਾਲੇ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਅਸੀਮ ਮੁਨੀਰ ਨੇ ਕਿਹਾ ਸੀ ਕਿ ਵਿਦੇਸ਼ ਜਾਣਾ ‘ਬ੍ਰੇਨ ਡਰੇਨ ਨਹੀਂ, ਬਲਕਿ ਬ੍ਰੇਨ ਗੇਨ ਹੈ।’ ਕਿਉਂਕਿ ਵਿਦੇਸ਼ ਵੱਲ ਹਿਜਰਤ ਕਰਨ ਵਾਲੇ ਪਾਕਿਸਤਾਨੀ ਰੈਮਿਟੈਂਸ (ਵਿਦੇਸ਼ਾਂ ਤੋਂ ਭੇਜੇ ਪੈਸੇ) ਭੇਜਦੇ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਇਹ ਬਿਆਨ ਸੁਣਨ ਵਿੱਚ ਚੰਗਾ ਲੱਗਦਾ ਹੈ, ਪਰ ਆਲੋਚਕਾਂ ਅਨੁਸਾਰ ਇਹ ਅਸਲੀਅਤ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਲਿਖਿਆ, “ਜਿਵੇਂ-ਜਿਵੇਂ ਪਾਕਿਸਤਾਨ 2026 ਵਿੱਚ ਦਾਖਲ ਹੋ ਰਿਹਾ ਹੈ, ‘ਐਕਸੋਡਸ ਆਫ਼ 2025’ (2025 ਦੀ ਵੱਡੀ ਹਿਜਰਤ) ਇਸ ਦੌਰ ਦੀ ਮੁੱਖ ਨਿਸ਼ਾਨੀ ਬਣ ਗਿਆ ਹੈ। ਪਾਕਿਸਤਾਨ ਇੱਕ ‘ਬ੍ਰੇਨ ਡਰੇਨ ਇਕਾਨਮੀ’ ਵਿੱਚ ਬਦਲ ਚੁੱਕਾ ਹੈ, ਜੋ ਆਪਣੇ ਭਵਿੱਖ ਨੂੰ ਬਣਾਉਣ ਲਈ ਜਿਨ੍ਹਾਂ ਲੋਕਾਂ ਦੀ ਲੋੜ ਹੈ, ਉਨ੍ਹਾਂ ਨੂੰ ਹੀ ਵੇਚ ਰਿਹਾ ਹੈ।”

ਅਸੀਮ ਮੁਨੀਰ ’ਤੇ ਪਾਕਿਸਤਾਨੀ ਲੋਕਾਂ ਦਾ ਵਿਅੰਗ
ਡਾਕਟਰਾਂ ਅਤੇ ਇੰਜੀਨੀਅਰਾਂ ਦੇ ਵੱਡੇ ਪੈਮਾਨੇ ’ਤੇ ਦੇਸ਼ ਛੱਡਣ ਨਾਲ ਜੁੜੇ ਨਵੇਂ ਅੰਕੜਿਆਂ ਨੇ ਸੋਸ਼ਲ ਮੀਡੀਆ ’ਤੇ ਵਿਅੰਗ ਅਤੇ ਮਖੌਲ ਦੀ ਬਾਰਿਸ਼ ਲਿਆ ਦਿੱਤੀ ਹੈ। ਹੁਣ ਅਸੀਮ ਮੁਨੀਰ ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣ ਗਏ ਹਨ। ਇੱਕ ਯੂਜ਼ਰ ਨੇ ਟਵੀਟ ਕੀਤਾ, “ਇਸ ਜਿਹਨੀ ਮਰੀਜ਼ ਦੇ ਅਨੁਸਾਰ, ਇਹ ਬ੍ਰੇਨ ਗੇਨ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਉਹ ਇਸ ਨੂੰ ‘ਬ੍ਰੇਨ ਗੇਨ’ ਕਹਿੰਦੇ ਹਨ…। ਇਨ੍ਹਾਂ ਲੋਕਾਂ ਦੀ ਅਗਿਆਨਤਾ ਇੰਨੀ ਵਧ ਗਈ ਹੈ ਕਿ ਇਹ ਦੇਸ਼ ਨੂੰ ਗੰਭੀਰ ਤਬਾਹੀ ਵੱਲ ਲੈ ਜਾ ਸਕਦੀ ਹੈ, ਪਰ ਫਿਰ ਵੀ ਉਹ ਯਾਹਿਆ ਖਾਨ ਵਾਂਗੂੰ ਗੌਰਵ ਅਤੇ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆਉਂਦੇ ਹਨ, ਜਿਵੇਂ ਕੁਝ ਵੀ ਨਾ ਹੋਇਆ ਹੋਵੇ।” ਇੰਟਰਨੈੱਟ ਤੇ #ਭਰਅਨਿਧਰਅਨਿਫਅਕਸਿਟਅਨ ਅਤੇ #ੰੋਚਕੁੰਨਰਿ ਹੈਸ਼ਟੈਗ ਟ੍ਰੈਂਡਿੰਗ ਹਨ। ਇੱਕ ਯੂਜ਼ਰ ਨੇ ਲਿਖਿਆ, “ਬ੍ਰੇਨ ਗੇਨ ਨਹੀਂ, ਬ੍ਰੇਨ ਗੋਨ (ਚਲਾ ਗਿਆ) ਹੈ!”
ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਸਾਜਿਦ ਸਿਕੰਦਰ ਅਲੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਬ੍ਰੇਨ ਡਰੇਨ ਕੋਈ ਰਹੱਸ ਨਹੀਂ ਹੈ। ਉਨ੍ਹਾਂ ਨੇ ਟਵੀਟ ਕੀਤਾ, “ਨਾ ਉਦਯੋਗ ਹਨ, ਨਾ ਰਿਸਰਚ ਫੰਡਿੰਗ, ਨਾ ਨੌਕਰੀਆਂ। ਪੀਐੱਚ.ਡੀ. ਵਾਲੇ ਖਾਲੀ ਲੈਬਾਂ ਵਿੱਚ ਵਾਪਸ ਆਉਂਦੇ ਹਨ ਅਤੇ ਪੇਸ਼ੇਵਰ ਬੰਦ ਬਜ਼ਾਰਾਂ ਵਿੱਚ। ਤੁਸੀਂ ਏਅਰਪੋਰਟ ’ਤੇ ਅਪਮਾਨ ਕਰ ਕੇ ਪ੍ਰਤਿਭਾ ਨੂੰ ਨਹੀਂ ਰੋਕ ਸਕਦੇ, ਇਸ ਨੂੰ ਸਿਰਫ਼ ਮੌਕੇ ਪੈਦਾ ਕਰ ਕੇ ਹੀ ਰੋਕਿਆ ਜਾ ਸਕਦਾ ਹੈ।”

ਕੀ ਦੱਸਦੇ ਹਨ ਪਾਕਿਸਤਾਨੀ ਹਿਜਰਤ ਦੇ ਅੰਕੜੇ?
ਪਾਕਿਸਤਾਨ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਟੈਲੇਂਟ ਐਕਸੋਡਸ (ਪ੍ਰਤਿਭਾ ਹਿਜਰਤ) ਦਾ ਸਾਹਮਣਾ ਕਰ ਰਿਹਾ ਹੈ। ਵਿਗੜਦੀ ਆਰਥਿਕ ਹਾਲਤ ਅਤੇ ਰਾਜਨੀਤਿਕ ਅਸਥਿਰਤਾ ਵਿੱਚ ਪਿਛਲੇ ਦੋ ਸਾਲਾਂ ਵਿੱਚ ਹਜ਼ਾਰਾਂ ਡਾਕਟਰਾਂ, ਇੰਜੀਨੀਅਰਾਂ ਅਤੇ ਅਕਾਊਂਟੈਂਟਾਂ ਨੇ ਦੇਸ਼ ਛੱਡਿਆ ਹੈ। ਹਾਲ ਹੀ ਵਿੱਚ ਆਈ ਇੱਕ ਸਰਕਾਰੀ ਰਿਪੋਰਟ ਨੂੰ ਪਾਕਿਸਤਾਨ ਦੇ ਸਾਬਕਾ ਸੈਨੇਟਰ ਮੁਸਤਫਾ ਨਵਾਜ਼ ਖੋਖਰ ਨੇ ਸਾਹਮਣੇ ਰੱਖਿਆ। ਉਨ੍ਹਾਂ ਨੇ ਟਵੀਟ ਕੀਤਾ, “ਅਰਥਵਿਵਸਥਾ ਨੂੰ ਸੁਧਾਰਨਾ ਹੈ ਤਾਂ ਪਹਿਲਾਂ ਰਾਜਨੀਤੀ ਨੂੰ ਸੁਧਾਰੋ। ਪਾਕਿਸਤਾਨ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਫ੍ਰੀਲਾਂਸਿੰਗ ਹੱਬ ਵੀ ਹੈ, ਪਰ ਇੰਟਰਨੈੱਟ ਸ਼ਟਡਾਊਨ ਨਾਲ 1.62 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ 23.7 ਲੱਖ ਫ੍ਰੀਲਾਂਸ ਨੌਕਰੀਆਂ ਖ਼ਤਰੇ ਵਿੱਚ ਪੈ ਗਈਆਂ ਹਨ।” ਉਨ੍ਹਾਂ ਨੇ ਇਹ ਟਿੱਪਣੀ ਹਿਜਰਤ ਨਾਲ ਜੁੜੇ ਅੰਕੜਿਆਂ ਦੇ ਹਵਾਲੇ ਨਾਲ ਸਾਂਝੀ ਕੀਤੀ।

ਨਰਸਾਂ ਵੀ ਜਾ ਰਹੀਆਂ ਹਨ ਵਿਦੇਸ਼
ਪਾਕਿਸਤਾਨ ਦੇ ਬਿਊਰੋ ਆਫ਼ ਇਮੀਗ੍ਰੇਸ਼ਨ ਐਂਡ ਓਵਰਸੀਜ਼ ਐਮਪਲਾਇਮੈਂਟ (ਬੀ.ਈ. ਐਂਡ. ਓ.ਈ) ਵੱਲੋਂ ਹਾਲ ਹੀ ਵਿੱਚ ਜਾਰੀ ਅੰਕੜੇ ਹਾਲਾਤ ਦੀ ਗੰਭੀਰ ਤਸਵੀਰ ਪੇਸ਼ ਕਰਦੇ ਹਨ। ਸਾਲ 2024 ਵਿੱਚ 7,27,381 ਪਾਕਿਸਤਾਨੀ ਨਾਗਰਿਕਾਂ ਨੇ ਵਿਦੇਸ਼ ਵਿੱਚ ਨੌਕਰੀ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਸਾਲ ਨਵੰਬਰ ਤੱਕ 6,87,246 ਲੋਕ ਇਹ ਕੰਮ ਕਰ ਚੁੱਕੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਹਿਜਰਤ ਹੁਣ ਸਿਰਫ਼ ਖਾੜੀ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਵਾਲਿਆਂ ਜਾਂ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲਿਆਂ ਤੱਕ ਸੀਮਿਤ ਨਹੀਂ ਰਹੀ। ਸਭ ਤੋਂ ਵੱਧ ਅਸਰ ਸਿਹਤ ਖੇਤਰ ’ਤੇ ਪਿਆ ਹੈ। 2011 ਤੋਂ 2024 ਤੱਕ ਪਾਕਿਸਤਾਨ ਵਿੱਚ ਨਰਸਾਂ ਦੇ ਵਿਦੇਸ਼ ਜਾਣ ਦੀ ਗਿਣਤੀ ਵਿੱਚ 2,144 ਫੀਸਦੀ ਦਾ ਹੈਰਾਨੀਜਨਕ ਵਾਧਾ ਰਿਕਾਰਡ ਕੀਤਾ ਗਿਆ। ‘ਐਕਸਪ੍ਰੈੱਸ ਟ੍ਰਿਬਿਊਨ’ ਅਨੁਸਾਰ 2026 ਦੀ ਸ਼ੁਰੂਆਤ ਤੱਕ ਦੋ ਸਾਲਾਂ ਵਿੱਚ ਦੇਸ਼ ਛੱਡਣ ਵਾਲਿਆਂ ਦੀ ਕੁੱਲ ਗਿਣਤੀ 15 ਲੱਖ ਤੋਂ ਵੱਧ ਹੋ ਸਕਦੀ ਹੈ। ਇਹ ਗਿਣਤੀ ਅੱਗੇ ਵੀ ਜਾਰੀ ਰਹਿ ਸਕਦੀ ਹੈ।

ਇੰਟਰਨੈੱਟ ਸ਼ਟਡਾਊਨ ਨੇ ਸੰਕਟ ਨੂੰ ਹੋਰ ਵਧਾਇਆ
ਇਸ ਸੰਕਟ ਨੂੰ ਹੋਰ ਗੰਭੀਰ ਬਣਾਉਣ ਵਾਲਾ ਕਾਰਕ 2024 ਅਤੇ 2025 ਵਿੱਚ ਵਾਰ-ਵਾਰ ਹੋਏ ਇੰਟਰਨੈੱਟ ਸ਼ਟਡਾਊਨ ਅਤੇ ਰਾਸ਼ਟਰੀ ਫਾਇਰਵਾਲ ਦੀ ਸ਼ੁਰੂਆਤ ਰਿਹਾ, ਜਿਸ ਨੇ ਪੇਸ਼ੇਵਰਾਂ ਅਨੁਸਾਰ ਡਿਜੀਟਲ ਫ੍ਰਿਕਸ਼ਨ ਨੂੰ ਵਧਾ ਦਿੱਤਾ। ਟੌਪ10 ਵੀ.ਪੀ.ਐੱਨ. ਰਿਸਰਚ ਦੀ ਇੱਕ ਰਿਪੋਰਟ ਅਨੁਸਾਰ ਸਾਲ 2024 ਵਿੱਚ ਇੰਟਰਨੈੱਟ ਬੰਦੀ ਕਾਰਨ ਪਾਕਿਸਤਾਨ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਆਰਥਿਕ ਨੁਕਸਾਨ ਝੱਲਣਾ ਪਿਆ, ਲਗਭਗ 1.62 ਅਰਬ ਡਾਲਰ। ਇਸ ਦੌਰਾਨ ਲਗਭਗ 9,735 ਘੰਟੇ ਇੰਟਰਨੈੱਟ ਪ੍ਰਭਾਵਤ ਰਿਹਾ, ਜਿਸ ਨਾਲ 8.29 ਕਰੋੜ ਯੂਜ਼ਰ ਪ੍ਰਭਾਵਿਤ ਹੋਏ। ਫ੍ਰੀਲਾਂਸਰਾਂ ਨੇ, ਜਿਨ੍ਹਾਂ ਕਾਰਨ ਪਾਕਿਸਤਾਨ ਨੂੰ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਗਿਗ ਵਰਕਫੋਰਸ ਦੇਸ਼ ਮੰਨਿਆ ਜਾਂਦਾ ਹੈ, ਕੰਮ ਦੇ ਮੌਕਿਆਂ ਵਿੱਚ 70 ਫੀਸਦੀ ਤੱਕ ਗਿਰਾਵਟ ਦੀ ਗੱਲ ਕੀਤੀ ਹੈ।

ਹਵਾਈ ਅੱਡਿਆਂ ’ਤੇ ਸ਼ਰੀਫ਼ ਸਰਕਾਰ ਨੇ ਵਧਾਈ ਸਖ਼ਤੀ
ਸਫੈਦਪੋਸ਼ ਪੇਸ਼ੇਵਰਾਂ ਦੇ ਅਚਾਨਕ ਵਧਦੀ ਹਿਜਰਤ ਕਾਰਨ ਸ਼ਹਿਬਾਜ਼ ਸ਼ਰੀਫ਼ ਸਰਕਾਰ ਨੇ ਹਵਾਈ ਅੱਡਿਆਂ ’ਤੇ ਸਖ਼ਤੀ ਵਧਾ ਦਿੱਤੀ ਹੈ। ਸਾਲ 2025 ਵਿੱਚ ਹੁਣ ਤੱਕ 66,154 ਯਾਤਰੀਆਂ ਨੂੰ ਪਾਕਿਸਤਾਨੀ ਏਅਰਪੋਰਟਾਂ ਤੋਂ ਆਫਲੋਡ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ ਲਗਭਗ ਦੁੱਗਣਾ ਹੈ। ਇਹ ਕਦਮ ਤਸਕਰੀ ਅਤੇ ਭੀਖ ਮੰਗਣ ਵਾਲੇ ਗਿਰੋਹਾਂ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਵਿੱਚ ਚੁੱਕਿਆ ਗਿਆ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਅਤੇ ਹੋਰ ਦੇਸ਼ਾਂ ਤੋਂ ਹਜ਼ਾਰਾਂ ਪਾਕਿਸਤਾਨੀਆਂ ਨੂੰ ਭੀਖ ਮੰਗਣ ਅਤੇ ਗੈਰ-ਕਾਨੂੰਨੀ ਹਿਜਰਤ ਦੇ ਦੋਸ਼ ਵਿੱਚ ਵਾਪਸ ਭੇਜਿਆ ਗਿਆ। ਕੁੱਲ ਮਿਲਾ ਕੇ, ਪਾਕਿਸਤਾਨ ਵਿੱਚ ਸਿਰਫ਼ ਹੁਨਰਮੰਦ ਪੇਸ਼ੇਵਰਾਂ ਦੀ ਕਮੀ ਹੀ ਨਹੀਂ ਵਧ ਰਹੀ, ਬਲਕਿ ਅਸੀਮ ਮੁਨੀਰ ਵਰਗੇ ਨੇਤਾਵਾਂ ਦੀ ਬਿਆਨਬਾਜ਼ੀ ਅਤੇ ਦੇਸ਼ ਦੀ ਜ਼ਮੀਨੀ ਹਕੀਕਤ ਵਿਚਕਾਰ ਦੀ ਖਾਈ ਵੀ ਲਗਾਤਾਰ ਡੂੰਘੀ ਹੋ ਰਹੀ ਹੈ।

ਅਸੀਮ ਮੁਨੀਰ ਦਾ ‘ਬ੍ਰੇਨ ਗੇਨ’ ਦਾਅਵਾ
ਪਾਕਿਸਤਾਨ ਦੀ ਇਸ ਗੰਭੀਰ ਹਾਲਤ ਨੇ ਅਮਰੀਕਾ ਯਾਤਰਾ ਦੌਰਾਨ ਅਸੀਮ ਮੁਨੀਰ ਦੇ ਬ੍ਰੇਨ ਗੇਨ ਵਾਲੇ ਬਿਆਨ ਨੇ ਫਿਰ ਧਿਆਨ ਖਿੱਚਿਆ ਹੈ। ਵਿਦੇਸ਼ ਵੱਲ ਹਿਜਰਤ ਕਰਨ ਵਾਲੇ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਮੁਨੀਰ ਨੇ ਉਨ੍ਹਾਂ ਨੂੰ ਗੌਰਵ ਅਤੇ ਸਨਮਾਨ ਦਾ ਸਰੋਤ ਕਿਹਾ ਸੀ ਅਤੇ ‘ਬ੍ਰੇਨ ਡਰੇਨ’ ਦੀ ਧਾਰਨਾ ਨੂੰ ਖਾਰਜ ਕਰਦੇ ਹੋਏ ਇਸ ਨੂੰ ‘ਬ੍ਰੇਨ ਗੇਨ’ ਕਿਹਾ ਸੀ। ਇੱਕ ਐਕਸ ਯੂਜ਼ਰ ਨੇ ਲਿਖਿਆ ਕਿ ਇਹ ਪਾਕਿਸਤਾਨ ਤੋਂ ਬਾਹਰ ਜਾਣ ਵਾਲਿਆਂ ਦੇ ਅਧਿਕਾਰਕ ਅੰਕੜੇ ਹਨ। 2022 ਤੋਂ ‘ਹਾਈਲੀ ਕੁਆਲੀਫਾਈਡ’ ਅਤੇ ‘ਹਾਈਲੀ ਸਕਿਲਡ’ ਕਾਲਮ ਦੇ ਅੰਕੜੇ ਵੇਖੋ। ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਅਨੁਸਾਰ ਇਹ ਹੀ ‘ਬ੍ਰੇਨ ਗੇਨ’ ਹੈ। ਇੱਕ ਯੂਜ਼ਰ ਨੇ ਕਿਹਾ ਕਿ ਹੈਰਾਨੀਜਨਕ ਬ੍ਰੇਨ ਡਰੇਨ ਜਾਰੀ ਹੈ। ਜਿਸ ਨੂੰ ਵੀ ਵਿਦੇਸ਼ ਵਿੱਚ ਨੌਕਰੀ ਮਿਲ ਸਕਦੀ ਹੈ, ਉਹ ਜਾ ਰਿਹਾ ਹੈ। ਇਸ ਨਾਲ ਪਾਕਿਸਤਾਨ ਘੱਟੋ-ਘੱਟ ਇੱਕ ਦਹਾਕਾ ਪਿੱਛੇ ਚਲਾ ਜਾਵੇਗਾ। ਇਹ ਬੇਹੱਦ ਖ਼ਰਾਬ ਨੀਤੀਗਤ ਸੋਚ ਦਾ ਨਤੀਜਾ ਹੈ।

ਵਿਸ਼ਵ ਪੱਧਰੀ ਤੁਲਨਾ
ਵਿਸ਼ਵ ਬੈਂਕ ਦੀ 2025 ਰਿਪੋਰਟ ਅਨੁਸਾਰ ਪਾਕਿਸਤਾਨ ਬ੍ਰੇਨ ਡਰੇਨ ਵਾਲੇ ਦੇਸ਼ਾਂ ਵਿੱਚ ਅੱਗੇ ਹੈ। ਭਾਰਤ ਵਿੱਚ ਵੀ ਬ੍ਰੇਨ ਡਰੇਨ ਹੈ, ਪਰ ਉੱਥੇ ਵਾਪਸ ਆਉਣ ਵਾਲੇ ਪੇਸ਼ੇਵਰ ਵੱਧ ਹਨ। ਲਿਬਨਾਨ ਅਤੇ ਵੈਨੇਜ਼ੂਏਲਾ ਵਰਗੇ ਦੇਸ਼ਾਂ ਵਿੱਚ ਵੀ ਇਹ ਸਮੱਸਿਆ ਹੈ, ਪਰ ਪਾਕਿਸਤਾਨ ਵਿੱਚ ਇਹ ਰਫ਼ਤਾਰ ਨਾਲ ਵਧ ਰਹੀ ਹੈ। ਯੂ.ਐੱਨ. ਦੇ ਅੰਕੜਿਆਂ ਅਨੁਸਾਰ 2025 ਵਿੱਚ ਦੱਖਣੀ ਏਸ਼ੀਆ ਵਿੱਚ ਪਾਕਿਸਤਾਨੀ ਪਲੈਟਫਾਰਮ ਵਰਕਰਾਂ ਦੀ ਗਿਣਤੀ 20 ਫੀਸਦੀ ਵਧੀ ਹੈ, ਜੋ ਉਨ੍ਹਾਂ ਨੂੰ ਵਿਦੇਸ਼ੀ ਕੰਪਨੀਆਂ ਵੱਲ ਖਿੱਚ ਰਹੀ ਹੈ।
ਸੋਸ਼ਲ ਮੀਡੀਆ ’ਤੇ ਪਾਕਿਸਤਾਨੀ ਲੋਕ ਆਪਣੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਉਹ ਕਹਿ ਰਹੇ ਹਨ ਕਿ ‘ਹਾਰਡ ਸਟੇਟ’ (ਸਖ਼ਤ ਰਾਜ) ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਨੂੰ ਭਜਾਇਆ ਹੈ। ਕਈ ਯੰਗ ਇੰਜੀਨੀਅਰਾਂ ਨੇ ਟਵੀਟ ਕੀਤਾ ਹੈ ਕਿ ‘ਪਾਕਿਸਤਾਨ ਵਿੱਚ ਨੌਕਰੀ ਨਹੀਂ, ਤਾਂ ਵਿਦੇਸ਼ ਜਾਣਾ ਪੈਂਦਾ ਹੈ।’

ਹੱਲ ਕੀ ਹੈ?
ਇਸ ਸੰਕਟ ਨੂੰ ਰੋਕਣ ਲਈ ਪਾਕਿਸਤਾਨ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਪਹਿਲਾਂ ਤਾਂ ਤਨਖ਼ਾਹਾਂ ਵਧਾਈਆਂ ਜਾਣ, ਨੌਕਰੀਆਂ ਵਧਾਈਆਂ ਜਾਣ ਅਤੇ ਬੁਨਿਆਦੀ ਸਹੂਲਤਾਂ ਸੁਧਾਰੀਆਂ ਜਾਣ। ਡਾਕਟਰਾਂ ਲਈ ਹਸਪਤਾਲਾਂ ਵਿੱਚ ਨਵੇਂ ਯੰਤਰ ਲਿਆਉਣੇ ਚਾਹੀਦੇ ਹਨ। ਇੰਜੀਨੀਅਰਾਂ ਲਈ ਵੱਡੇ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਹਨ। ਅਕਾਊਂਟੈਂਟਾਂ ਲਈ ਟੈਕਸ ਵਿਵਸਥਾ ਨੂੰ ਆਧੁਨਿਕ ਬਣਾਇਆ ਜਾਵੇ। ਨਾਲ ਹੀ, ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀਆਂ ਨੂੰ ਵਾਪਸ ਬੁਲਾਉਣ ਲਈ ਇਨਸੈਂਟਿਵ ਦੇਣੇ ਚਾਹੀਦੇ ਹਨ, ਜਿਵੇਂ ਘਰ ਵਿੱਚ ਨੌਕਰੀ ਅਤੇ ਟੈਕਸ ਛੋਟ।
ਜੇਕਰ ਇਹ ਨਾ ਹੋਇਆ, ਤਾਂ ਪਾਕਿਸਤਾਨ ਦਾ ਵਿਕਾਸ ਰੁਕ ਜਾਵੇਗਾ। ਇਹ ਸੰਕਟ ਨਾ ਸਿਰਫ਼ ਆਰਥਿਕ ਹੈ, ਸਗੋਂ ਸਮਾਜਿਕ ਵੀ ਹੈ। ਲੋਕਾਂ ਨੂੰ ਆਪਣੇ ਮੁਲਕ ਵਿੱਚ ਰਹਿਣ ਲਈ ਉਮੀਦ ਦੇਣੀ ਪਵੇਗੀ। ਅੰਤ ਵਿੱਚ, ਇਹ ਰਿਪੋਰਟ ਇੱਕ ਚੇਤਾਵਨੀ ਹੈ ਕਿ ਪਾਕਿਸਤਾਨ ਨੂੰ ਹੁਣ ਜਾਗਣਾ ਹੀ ਪਵੇਗਾ, ਨਹੀਂ ਤਾਂ ਇਹ ਬ੍ਰੇਨ ਡਰੇਨ ਇੱਕ ਵੱਡੀ ਤਬਾਹੀ ਲਿਆਵੇਗਾ।

Leave a Reply

Your email address will not be published. Required fields are marked *