ਖਤਰਨਾਕ ਮੋੜ ’ਤੇ ਦੁਨੀਆਂ
*ਪੂਤਿਨ ਦੀ ਰਿਹਾਇਸ਼ `ਤੇ ਹਮਲੇ ਦਾ ਦੋਸ਼
ਜਸਵੀਰ ਸਿੰਘ ਸ਼ੀਰੀ
ਨਵਾਂ ਸਾਲ ਬਰੂਹਾਂ `ਤੇ ਹੈ, ਪਰ ਸੰਸਾਰ ਇਉਂ ਲਗਦਾ ਹੈ ਜਿਵੇਂ ਕਿਸੇ ਵੱਡੀ ਜੰਗ ਦੇ ਮੁਹਾਣੇ `ਤੇ ਖੜ੍ਹਾ ਹੈ। ਸੰਸਾਰ ਰਾਜਨੀਤੀ ਅੰਧਰਾਤੇ ਦਾ ਸ਼ਿਕਾਰ ਹੈ। ਅਮਰੀਕਾ ਦੇ ਫਲੋਰੀਡਾ ਵਿੱਚ ਯੂਕਰੇਨ ਜੰਗਬੰਦੀ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਜੇਲੰਸਕੀ ਵਿਚਕਾਰ ਗੱਲਬਾਤ ਚੱਲ ਰਹੀ ਸੀ। ਗੱਲਬਾਤ ਤੋਂ ਬਾਅਦ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਪੂਤਿਨ ਨਾਲ ਮਸ਼ਵਰਾ ਕਰਨ ਲਈ ਫੋਨ ਕੀਤਾ ਤਾਂ ਅੱਗੋਂ ਖ਼ਬਰ ਮਿਲੀ ਕਿ ਯੂਕਰੇਨ ਨੇ ਉਸ ਦੀ ਰਿਹਾਇਸ਼ `ਤੇ 91 ਮਿਜ਼ਾਈਲਾਂ ਫਾਇਰ ਕੀਤੀਆਂ ਹਨ! ਟਰੰਪ ਹੱਕਾਬੱਕਾ ਰਹਿ ਗਿਆ, ਜਮ੍ਹਾ ‘ਸ਼ੌਕਡ’।
ਅਮਰੀਕਾ ਦੇ ਬੋਲ ਭੜੱਕ ਰਾਸ਼ਟਰਪਤੀ ਨੂੰ ਸ਼ਾਇਦ ਪਤਾ ਨਹੀਂ ਕਿ ਹੰਢੀਆਂ ਹੋਈਆਂ ਕੌਮਾਂ/ਸੱਭਿਅਤਾਵਾਂ ਦੇ ਆਗੂ ਕਿੰਨੇ ਘਾਗ ਹੁੰਦੇ ਹਨ। ਯੂਕਰੇਨ ਦਾ ਪ੍ਰਧਾਨ ਮੰਤਰੀ ਵਲਾਦੀਮੀਰ ਜੇਲੰਸਕੀ ਵੀ ਇਸੇ ਮਰਜ਼ ਦਾ ਸ਼ਿਕਾਰ ਲਗਦਾ ਹੈ। ਖੈਰ! ਗੱਲ ਅਸਲੀ ਅਤੇ ਘੜੇ ਗਏ (ਮੈਨੂਫੈਕਚਰਡ) ਤੱਥਾਂ ਦੇ ਆਧਾਰ `ਤੇ ਕਰਨੀ ਬਣਦੀ ਹੈ।
ਪੂਤਿਨ ਦੇ ਕੂਟਨੀਤਿਕ ਭੂਚਾਲ ਤੋਂ ਬਾਅਦ ਯੂਕਰੇਨ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਜੇਲੰਸਕੀ ਨੇ ਦੋਸ਼ ਲਾਇਆ ਕਿ ਰੂਸ ਜੰਗ ਦੇ ਖਾਤਮੇ ਲਈ ਚੱਲ ਰਹੀ ਗੱਲਬਾਤ ਅਤੇ ਕੂਟਨੀਤਿਕ ਕੋਸ਼ਿਸ਼ਾਂ ਨੂੰ ਲੀਹੋਂ ਲਾਹੁਣ ਦਾ ਖਤਰਨਾਕ ਯਤਨ ਕਰ ਰਿਹਾ ਹੈ। ਜੇਲੰਸਕੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ‘ਰੂਸ ਦੀ ਘਰ `ਤੇ ਹਮਲੇ ਦੀ ਕਥਿੱਤ ਕਹਾਣੀ, ‘ਖਾਲਸ ਰੂਸੀ ਝੂਠ’ ਦਾ ਨਮੂਨਾ ਹੈ। ਯੂਕਰੇਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰ `ਤੇ ਹਮਲੇ ਦੀ ਕਥਿਤ ਰੂਸੀ ਕਹਾਣੀ ਇੱਕ ਘੜਿਆ-ਘੜਾਇਆ ਝੂਠ ਹੈ ਤਾਂ ਕਿ ਕੀਵ ਸਮੇਤ ਯੂਕਰੇਨ ਦੇ ਧੁਰ ਅੰਦਰ ਤੱਕ ਹਮਲੇ ਕੀਤੇ ਜਾ ਸਕਣ। ਯੇਲੰਸਕੀ ਨੇ ਫਿਕਰ ਜ਼ਾਹਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜਧਾਨੀ ਕੀਵ ਵਿੱਚ ਪ੍ਰਮੁੱਖ ਸਰਕਾਰੀ ਇਮਾਰਤਾਂ ਅਤੇ ਆਗੂਆਂ `ਤੇ ਹਮਲੇ ਕੀਤੇ ਜਾ ਸਕਦੇ ਹਨ।
ਅਸਲ ਵਿੱਚ ਰੂਸ ਦੀ ਕਥਿੱਤ ਘੜੀ ਹੋਈ ਕਹਾਣੀ ਵੀ ਅੱਧੀ ਦੁਨੀਆਂ ਨੂੰ ਸੱਚ ਲਗਦੀ ਹੈ; ਕਿਉਂਕਿ ਸੀਨੀਅਰ ਰੂਸੀ ਫੌਜੀ/ਸਿਆਸੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਤਹਿਤ ਯੂਕਰੇਨ ਰੂਸੀ ਫੌਜ ਦੇ ਇੱਕ ਵੱਡੇ ਜਰਨੈਲ ਦੀ ਹੱਤਿਆ ਕਰਕੇ ਹਟਿਆ ਹੈ। ਇਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਦਾਅਵਾ ਕੀਤਾ ਕਿ ਯੂਕਰੇਨ ਨੇ ਸੇਂਟ ਪੀਟਰਸਬਰਗ ਦੇ ਨੋਵਗਰੋਡ ਖੇਤਰ ਵਿੱਚ ਪੂਤਿਨ ਦੇ ਘਰ `ਤੇ ਹਮਲਾ ਕਰਨ ਦਾ ਯਤਨ ਕੀਤਾ। ਇਸ ਲਈ ਮਾਸਕੋ ਦੇ ਯੂਕਰੇਨ ਨਾਲ ਸਮਝੌਤੇ ਦੇ ਯਤਨਾ `ਤੇ ਮੁੜ-ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਵੱਲੋਂ ਪੂਤਿਨ ਦੇ ਘਰ `ਤੇ 91 ਮਿਜ਼ਾਈਲਾਂ ਫਾਇਰ ਕੀਤੀਆਂ ਹਨ। ਇੱਕ ਭਾਰਤੀ ਨਿਊਜ਼ ਚੈਨਲ ‘ਨਿਊਜ਼-18’ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੂਤਿਨ ਦੀ ਰਿਹਾਇਸ਼ `ਤੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਜੰਗਬੰਦੀ ਲਈ ਕੂਟਨੀਤਿਕ ਗੱਲਬਾਤ ਨੂੰ ਹੀ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਕੂਟਨੀਤਿਕ ਗੱਲਬਾਤ ਨੂੰ ਅੱਗੇ ਵਧਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਵੀ ‘ਕੂਟਨੀਤਿਕ’ ਹੀ ਹੈ। ‘ਕੁੱਟ ਨੀਤੀ’ ਨਾ ਚੱਲੇ ਤਾਂ ਕੂਟਨੀਤੀ ਵਰਤਣੀ ਪੈਂਦੀ ਹੈ। ਪੰਜਾਬ ਦੇ ਇੱਕ ਮਰਹੂਮ ਬਜ਼ੁਰਗ ਪੱਤਰਕਾਰ ਕਿਹਾ ਕਰਦੇ ਸਨ ਕਿ ਕੂਟਨੀਤੀ ਦਾ ਮਤਲਬ ਹੈ- ਮੂੰਹ ਵਿੱਚ ਰਾਮ ਰਾਮ ਤੇ ਬਗਲ ਵਿੱਚ ਛੁਰੀਆਂ। ਕੂਟਨੀਤੀ ਦੀ ਇਹ ਬਹੁਤ ਸਟੀਕ ਪਰਿਭਾਸ਼ਾ ਹੈ। ਲਗਦਾ ਜੇਲੰਸਕੀ ਤੇ ਡੋਨਾਲਡ ਟਰੰਪ ਹਾਲੇ ਕੂਟਨੀਤੀ ਦੇ ਸਿਖਾਂਦਰੂ ਵਿਦਿਆਰਥੀ ਹਨ ਅਤੇ ਕੇ.ਜੀ.ਬੀ. ਦਾ ਸਾਬਕਾ ਸੀਨੀਅਰ ਅਫਸਰ ਵਲਾਦੀਮੀਰ ਪੂਤਿਨ ਇਸ ਦਾ ਹੰਢਿਆ ਹੋਇਆ ਮਾਹਿਰ ਹੈ।
ਰੂਸੀ ਵਿਦੇਸ਼ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਕਿਸਮ ਦਾ ਮੂੜ੍ਹ ਹਮਲਾ ਨਿਰਉੱਤਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦਾ ਮਤਲਬ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰੂਸ ਯੂਕਰੇਨ `ਤੇ ਹਮਲਿਆਂ ਦੀ ਧਾਰ ਤਿੱਖੀ ਕਰੇਗਾ। ਇਹ ਕਿਸੇ ਸਮਝੌਤੇ `ਤੇ ਅੱਪੜਨ ਤੋਂ ਪਹਿਲਾਂ ਦੋਹਾਂ ਮੁਲਕਾਂ ਵੱਲੋਂ ਇਹ ਇੱਕ ਦੂਜੇ `ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾ ਵੀ ਹੋ ਸਕਦੀਆਂ ਹਨ। ਯਾਦ ਰਹੇ, ਅਮਰੀਕੀ ਰਾਸ਼ਟਰਪਤੀ ਅਤੇ ਯੂਕਰੇਨੀ ਪ੍ਰਧਾਨ ਮੰਤਰੀ ਵਿਚਕਾਰ ਫਲੋਰੀਡਾ ਵਾਲੀ ਗੱਲਬਾਤ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੇਲੰਸਕੀ ਨੂੰ ਥਾਪੀ ਦਿੰਦਿਆਂ ਕਿਹਾ ਸੀ ਕਿ ਗੱਲਬਾਤ ਦੀ ਟੇਬਲ `ਤੇ ਲਿਆਉਣ ਲਈ ਪੂਤਿਨ `ਤੇ ਦਬਾਅ ਬਣਾਉਣਾ ਜ਼ਰੂਰੀ ਹੈ। ਯਾਦ ਰਹੇ, ਇਨ੍ਹੀਂ ਦਿਨੀਂ ਕੈਨੇਡਾ ਦਾ ਝੁਕਾਅ ਯੂਰਪ ਵੱਲ ਹੈ ਅਤੇ ਯੂਰਪ ਦਾ ਯੂਕਰੇਨ ਵੱਲ। ਅਮਰੀਕਾ ਦੇ ਟੈਰਿਫਾਂ ਦਾ ਸਤਾਇਅ ਕੈਨੇਡਾ ਕੂਹਣੀ ਮੋੜ ਕੱਟ ਗਿਆ ਹੈ। ਵੱਡਾ ਭਾਈ ਸਮਝੌਤਾ ਕਰਵਾਉਣ ਲਈ ਤਹੂ ਹੈ, ਛੋਟਾ ਹਮਲਿਆਂ ਲਈ ਥਾਪੜ ਰਿਹਾ ਹੈ। ਕੂਟਨੀਤੀ ਵਿੱਚ ਜੋ ਕਿਹਾ ਜਾ ਰਿਹਾ ਹੁੰਦਾ ਹੈ, ਅਮਲ ਉਸ ਦੇ ਬਿਲਕੁਲ ਉਲਟ ਚਲੇ ਜਾਂਦੇ ਹਨ। ਯੇਲੰਸਕੀ ਦੇ ਅੜੀਅਲ ਰਵੱਈਏ ਤੋਂ ਦੁਖੀ ਟਰੰਪ ਨੇ ਹੀ ਪਤਾ ਨਹੀਂ ਪੂਤਿਨ ਨੂੰ ਥਾਪੜ ਦਿੱਤਾ ਹੋਵੇ ਕਿ ਇਸ ਛਲਾਰੂ ਦੀ ਜ਼ਰਾ ਅਕਲ ਟਿਕਾਣੇ ਕਰ! ਇੰਗਲੈਂਡ ਦੇ ਇੱਕ ਵੱਕਾਰੀ ਅਖਬਾਰ ‘ਦਾ ਗਾਰਡੀਅਨ’ ਅਨੁਸਾਰ “ਕਰੈਮਲਿਨ ਦੀ ਇਹ ਜੰਗਬਾਜ਼ ਧਮਕੀ ਕੇ.ਜੀ.ਬੀ. ਸਟਾਈਲ ਸੂਚਨਾ ਮੁਹਿੰਮ ਜਾਪਦੀ ਹੈ, ਜਿਸ ਦੀ ਧਾਰ ਰੂਸ ਦੇ ਆਪਣੇ ਲੋਕਾਂ ਵੱਲ ਸੇਧਿਤ ਹੈ।”
ਰੂਸੀ ਰਾਸ਼ਟਰਪਤੀ ਦੇ ਸਲਾਹਕਾਰ ਯੂਰੀ ਓਸ਼ੋਕੋਵ ਨੇ ਦਾਅਵਾ ਕੀਤਾ ਕਿ ਜੇਲੰਸਕੀ ਨਾਲ ਗੱਲਬਾਤ ਤੋਂ ਬਾਅਦ ਜਦੋਂ ਟਰੰਪ ਨੇ ਪੂਤਿਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਯੂਕਰੇਨ ਵੱਲੋਂ ਰੂਸੀ ਰਾਸ਼ਟਰਪਤੀ ਦੀ ਰਿਹਾਇਸ਼ `ਤੇ ਕੀਤੇ ਗਏ ਹਮਲੇ ਬਾਰੇ ਸੂਚਨਾ ਦਿੱਤੀ। ਸਲਾਹਕਰ ਓਸ਼ੋਕੋਵ ਅਨੁਸਾਰ ਇਹ ਖ਼ਬਰ ਸੁਣ ਕੇ ਟਰੰਪ ਸੁੰਨ (ਸ਼ੌਕਡ) ਰਹਿ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਯੂਕਰੇਨ ਦੇ ਇਸ ਹਮਲੇ ਤੋਂ ਬੇਹੱਦ ‘ਨਾਰਾਜ਼’ (ਐਂਗਰੀ) ਹਨ। ਟਰੰਪ ਨੇ ਕਿਹਾ, “ਮੈਨੂੰ ਇਹ ਪਸੰਦ ਨਹੀਂ… ਇਹ ਠੀਕ ਨਹੀਂ ਹੈ। ਇਸ ਨਾਲ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਅਮਨ ਵਾਰਤਾ ਲੀਹੋਂ ਲਹਿ ਸਕਦੀ ਹੈ।” ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਹਮਲੇ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਹਮਲੇ ਦੇ ਸ਼ੱਕੀ ਹੋਣ ਬਾਰੇ ਪੁੱਛੇ ਜਾਣ `ਤੇ ਟਰੰਪ ਨੇ ਕਿਹਾ ਕਿ ਹੋ ਸਕਦੈ ਹੈ ਕਿ ਹਮਲਾ ਨਾ ਵੀ ਹੋਇਆ ਹੋਵੇ, ਪਰ ਪੂਤਿਨ ਨੇ ਮੇਰੇ ਨਾਲ ਗੱਲਬਾਤ ਵਿੱਚ ਮੈਨੂੰ ਇਹ ਦੱਸਿਆ ਹੈ। ਅਸੀਂ ਇਸ ਦੀ ਅਸਲੀਅਤ ਜਾਨਣ ਬਾਰੇ ਪੜਤਾਲ ਕਰਾਂਗੇ।
