ਪੰਜਾਬੀ ਜਿੱਥੇ ਵੀ ਗਏ, ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ; ਪਰ ਹਥਲੀ ਲਿਖਤ ਵਿੱਚ ਇਹ ਜ਼ਿਕਰ ਵੀ ਹੈ ਕਿ ਉਥੇ ਪੰਜਾਬੀ ਕਿਵੇਂ ਨਸਲੀ ਵਿਤਕਰੇ ਦਾ ਸ਼ਿਕਾਰ ਰਹੇ! ਉਂਜ ਵੇਲਜ਼ ਵਿਖੇ ਸਭ ਤੋਂ ਪਹਿਲਾ ਗੁਰਦੁਆਰਾ ‘ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ’ ਸੰਨ 1989 ਵਿੱਚ ਕਾਰਡਿਫ਼ ਵਿਖੇ ਸਥਾਪਿਤ ਕੀਤਾ ਗਿਆ ਸੀ।
ਇੱਥੇ ਵੱਸਦੇ ਭਾਰਤੀਆਂ ਤੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਾਣਾ ਖੱਟਿਆ ਹੈ ਅਤੇ ‘ਇੰਡੀਅਨ ਸੁਸਾਇਟੀ ਆਫ਼ ਸਾਊਥ ਵੈਸਟ ਵੇਲਜ਼’ ਬਣਾ ਕੇ ਤੇ ਹੋਰ ਖੇਤਰਾਂ ਵਿੱਚ ਖ਼ੁਦ ਨੂੰ ਸਥਾਪਿਤ ਕਰ ਕੇ ਮਾਣ ਹਾਸਿਲ ਕੀਤਾ ਹੈ। ਨਤੀਜਨ, ਵੇਲਜ਼ ਦੇ ਸੰਸਦ ਭਵਨ ਅੰਦਰ ‘ਸਿੱਖਜ਼ ਇਨ ਵੇਲਜ਼’ ਸਿਰਲੇਖ ਹੇਠ ਚਿੱਤਰ-ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ। ਪੇਸ਼ ਹੈ, ਇਸ ਸਾਂਝ ਦਾ ਸੰਖੇਪ ਜ਼ਿਕਰ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਯੂਨਾਈਟਿਡ ਕਿੰਗਡਮ ਕਹਾਉਣ ਵਾਲਾ ਯੂ.ਕੇ. ਦਰਅਸਲ ਇੰਗਲੈਂਡ, ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਆਦਿ ਨੂੰ ਮਿਲਾ ਕੇ ਬਣਿਆ ਹੈ। ਵੇਲਜ਼ ਦਰਅਸਲ ਗ੍ਰੇਟ ਬ੍ਰਿਟੇਨ ਦੇ ਦੱਖਣ-ਪੱਛਮ ਵਿੱਚ ਸਥਿਤ ਹੈ। ਇਸਦੇ ਸੱਤ ਸਭ ਤੋਂ ਮਹੱਤਵਪੂਰਨ ਸ਼ਹਿਰ ਕਾਰਡਿਫ਼, ਨਿਊਪੋਰਟ, ਸਵੈਨਸੀ, ਬੈਂਗਰ, ਸੇਂਟ ਡੇਵਿਡਸ, ਸੇਂਟ ਐਸਫ਼ ਅਤੇ ਰੈਗ਼ਜ਼ਮ ਹਨ। ਇਸ ਮੁਲਕ ਦੀ ਰਾਜਧਾਨੀ ਦਾ ਨਾਂ ਕਾਰਡਿਫ਼ ਹੈ, ਜੋ ਕਿ ਵੇਲਜ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਸਦੇ ਉੱਤਰ ਵਿੱਚ ਆਇਰਿਸ਼ ਸਾਗਰ, ਪੂਰਬ ਵਿੱਚ ਇੰਗਲੈਂਡ ਅਤੇ ਦੱਖਣ ਵਿੱਚ ਬ੍ਰਿਸਟਲ ਚੈਨਲ ਸਥਿਤ ਹੈ। ਸਾਲ 2021 ਦੀ ਜਨਗਣਨਾ ਅਨੁਸਾਰ ਇੱਥੋਂ ਦੀ ਆਬਾਦੀ 32 ਕੁ ਲੱਖ ਦੇ ਕਰੀਬ ਸੀ, ਜਦੋਂ ਕਿ ਇੱਥੇ ਵੱਸੋਂ ਦੀ ਘਣਤਾ 154 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਕਰੀਬ ਸੀ। ਇੱਥੋਂ ਦੇ ਬਾਸ਼ਿੰਦਿਆਂ ਦੀ ਪ੍ਰਤੀ ਵਿਅਕਤੀ ਆਮਦਨ ਅੰਦਾਜ਼ਨ 26 ਕੁ ਹਜ਼ਾਰ ਪੌਂਡ ਸਾਲਾਨਾ ਸੀ। ਇਸਦਾ ਕੁੱਲ ਰਕਬਾ 21,218 ਵਰਗ ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ, ਜਿਸ ਵਿੱਚੋਂ 2700 ਕਿਲੋਮੀਟਰ ਤਾਂ ਇਸਦਾ ਸਮੁੰਦਰੀ ਕਿਨਾਰਾ ਹੈ। ਇਸ ਮੁਲਕ ਅੰਦਰ ਕਈ ਉੱਚੇ-ਉੱਚੇ ਪਰਬਤ ਹਨ, ਜਿਨ੍ਹਾਂ ਵਿੱਚੋਂ ‘ਸਨੋਅਡਨ’ ਨਾਂ ਦੀ ਇਸਦੀ ਸਭ ਤੋਂ ਉੱਚੀ ਚੋਟੀ ਵੀ ਸ਼ਾਮਿਲ ਹੈ।
ਵੇਲਜ਼ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਵੱਸਦੇ ਭਾਰਤੀਆਂ ਦੀ ਸੰਖਿਆ ਨਿਰੰਤਰ ਵਧ ਰਹੀ ਹੈ ਤੇ ਇੱਥੇ ਆਉਣ ਵਾਲੇ ਜ਼ਿਆਦਾਤਰ ਭਾਰਤੀ ਲੋਕਾਂ ਨੇ ਇੱਥੋਂ ਦੇ ਵਿਭਿੰਨਤਾਪੂਰਨ ਸੱਭਿਆਚਾਰ, ਮਜਬੂਤ ਹੁੰਦੀ ਅਰਥ-ਵਿਵਸਥਾ ਅਤੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤੇ ਪਾ ਵੀ ਰਹੇ ਹਨ। ਸਾਲ 2021 ਦੀ ਜਨਗਣਨਾ ਵੇਲੇ ਇੱਥੇ ਵੱਸਣ ਵਾਲੇ ਭਾਰਤੀਆਂ ਦੀ ਸੰਖਿਆ 21 ਹਜ਼ਾਰ ਦੇ ਕਰੀਬ ਸੀ, ਜੋ ਕਿ ਸਾਲ 2024 ਵਿੱਚ 30 ਹਜ਼ਾਰ ਹੋ ਗਈ ਸੀ। ਇੱਥੇ ਵੱਸਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਡੀ ਸੰਖਿਆ ਭਾਰਤਵਾਸੀਆਂ ਦੀ ਸੀ ਤੇ ਅੱਜ ਵੀ ਹੈ। ਇੱਥੇ ‘ਇੰਡੀਅਨ ਸੁਸਾਇਟੀ ਆਫ਼ ਸਾਊਥ ਵੈਸਟ ਵੇਲਜ਼’ ਬਹੁਤ ਸਾਰੇ ਸੱਭਿਆਚਾਰਕ ਸਮਾਗਮ ਆਯੋਜਿਤ ਕਰਦੀ ਰਹਿੰਦੀ ਹੈ, ਜੋ ਕਿ ਭਾਈਚਾਰੇ ਦੀ ਭਾਵਨਾ ਨੂੰ ਮਜਬੂਤ ਕਰਨ ਵਿੱਚ ਮਦਦ ਕਰਦੇ ਹਨ। ਉਂਜ ਜ਼ਿਕਰਯੋਗ ਹੈ ਕਿ 11 ਅਕਤੂਬਰ 1875 ਨੂੰ ਮਹਾਰਾਣੀ ਵਿਕਟੋਰੀਆ ਦੇ ਵੱਡੇ ਬੇਟੇ ਅਤੇ ਵੇਲਜ਼ ਦੇ ਰਾਜਕੁਮਾਰ ਐਲਬਰਟ ਐਡਵਰਡ ਨੇ ਚਾਰ ਮਹੀਨਿਆਂ ਤੱਕ ਭਾਰਤੀ ਉਪ-ਮਹਾਂਦੀਪ ਦਾ ਦੌਰਾ ਵੀ ਕੀਤਾ ਸੀ।
ਉਂਜ ਤਾਂ ਇਹ ਸੱਚ ਹੈ ਕਿ ਯੂ.ਕੇ. ਵਿੱਚ ਰਹਿਣ ਵਾਲੇ ਜ਼ਿਆਦਾਤਰ ਪੰਜਾਬੀਆਂ ਦਾ ਵਾਸ ਇੰਗਲੈਂਡ ਵਿਖੇ ਹੈ, ਪਰ ਇਹ ਵੀ ਸੱਚ ਹੈ ਕਿ ਵੇਲਜ਼ ਵਿਖੇ ਵੀ ਚਾਰ ਹਜ਼ਾਰ ਤੋਂ ਵੱਧ ਸੰਖਿਆ ਵਿੱਚ ਪੰਜਾਬੀ ਵੱਸਦੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2001 ਵਿੱਚ ਇੱਥੇ ਵੱਸਣ ਵਾਲੇ ਪੰਜਾਬੀਆਂ ਦੀ ਸੰਖਿਆ 2 ਹਜ਼ਾਰ ਦੇ ਕਰੀਬ ਸੀ, ਜੋ ਕਿ ਸੰਨ 2011 ਵਿੱਚ ਤਿੰਨ ਹਜ਼ਾਰ ਅਤੇ ਫਿਰ ਸੰਨ 2021 ਵਿੱਚ ਚਾਰ ਹਜ਼ਾਰ ਤੋਂ ਵਧ ਗਈ ਸੀ। ਵੇਲਜ਼ ਵਿਖੇ ਸਭ ਤੋਂ ਪਹਿਲਾ ਗੁਰਦੁਆਰਾ ‘ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ’ ਸੰਨ 1989 ਵਿੱਚ ਕਾਰਡਿਫ਼ ਵਿਖੇ ਸਥਾਪਿਤ ਕੀਤਾ ਗਿਆ ਸੀ। ਇੱਥੇ ਪੁੱਜੇ ਅਤੇ ਵੱਸ ਰਹੇ ਬਹੁਤੇ ਪੰਜਾਬੀ ਆਪਣੇ ਮਿਹਨਤੀ ਸੁਭਾਅ ਕਰਕੇ ਵੱਡੇ-ਵੱਡੇ ਘਰਾਂ ਦੇ ਮਾਲਕ ਹਨ ਤੇ ਇਨ੍ਹਾਂ ਦਾ ਵਪਾਰਕ ਖੇਤਰ ਵਿੱਚ ਵੀ ਚੰਗਾ ਪ੍ਰਭਾਵ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਇੱਥੇ ਵੱਸਣ ਵਾਲੇ ਪੰਜਾਬੀਆਂ ਨੂੰ ਤੇ ਖ਼ਾਸ ਕਰਕੇ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਕਰਕੇ ਭਾਰੀ ਮੁਸ਼ਕਿਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੰਨ 2000 ਦੌਰਾਨ ਵੇਲਜ਼ ਦੇ ਪੋਰਟ ਟੈਲਬਟ ਨਾਮਕ ਸਥਾਨ ’ਤੇ ਮਿੱਥ ਕੇ ਕੀਤੇ ਨਸਲੀ ਹਮਲੇ ਵਿੱਚ ਵੇਲਜ਼ ਦੀ ਇੱਕ ਨਾਮਵਰ ਸਿੱਖ ਸ਼ਖ਼ਸੀਅਤ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਠੀਕ ਅੱਠ ਸਾਲ ਬਾਅਦ ਸੰਨ 2008 ਵਿੱਚ ਲੜਕੀਆਂ ਦੇ ਇੱਕ ਸਕੂਲ ਵਿੱਚ ਪੜ੍ਹਦੀ ਇਕਲੌਤੀ ਸਿੱਖ ਲੜਕੀ ਨੂੰ ਸਕੂਲ ਅੰਦਰ ਪ੍ਰਵੇਸ਼ ਕਰਨ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਸੀ, ਕਿਉਂਕਿ ਉਸਨੇ ਕੜਾ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਆਖ਼ਿਰ ਹਾਈਕੋਰਟ ਤੱਕ ਚਲਾ ਗਿਆ ਸੀ, ਜਿੱਥੇ ਅਦਾਲਤ ਨੇ ਇਨਸਾਫ਼ ਦੀ ਗੱਲ ਕਰਦਿਆਂ ਸਕੂਲ ਪ੍ਰਸ਼ਾਸਨ ਦੇ ਰਵੱਈਏ ਨੂੰ ਗ਼ਲਤ ਠਹਿਰਾਇਆ ਸੀ।
ਪੰਜਾਬੀਆਂ ਨੇ ਵੇਲਜ਼ ਵਿਖੇ ਵੱਸਦਿਆਂ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਇਹ ਖੇਤਰ ਹਨ- ਆਰਥਿਕ ਮਾਮਲੇ, ਕਮਿਊਨਿਟੀ ਕਾਊਂਸਲਿੰਗ, ਜਸਟਿਸ ਆਫ਼ ਪੀਸ, ਵਪਾਰ ਅਤੇ ਟੈਕਸੀ ਸੰਚਾਲਨ ਆਦਿ। ਦਰਅਸਲ ਸੰਨ 1950 ਤੋਂ ਬਾਅਦ ਯੂ.ਕੇ. ਵਿਖੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਣ ਕਰਕੇ ਬਹੁਤ ਸਾਰੇ ਪੰਜਾਬੀ ਇੱਥੇ ਆਣ ਪੁੱਜੇ ਸਨ, ਪਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਇੱਥੇ ਸਵੈ-ਰੁਜ਼ਗਾਰ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਸਨ। ਵੇਲਜ਼ ਵਿਖੇ ਵੱਖ-ਵੱਖ ਗੁਰਪੁਰਬ ਅਤੇ ਭਾਰਤੀ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਤੇ ਲੰਗਰ ਵੀ ਲਗਾਏ ਜਾਂਦੇ ਹਨ, ਜਿਨ੍ਹਾਂ ਨਾਲ ਸਥਾਨਕ ਨਾਗਰਿਕਾਂ ਨੂੰ ਪੰਜਾਬੀਆਂ ਦੇ ਖੁੱਲ੍ਹ-ਦਿਲੇ ਸੁਭਾਅ ਅਤੇ ਸੇਵਾ ਭਾਵਨਾ ਬਾਰੇ ਪਤਾ ਲੱਗਦਾ ਹੈ। ਇੱਥੇ ‘ਸਿੱਖਜ਼ ਇਨ ਵੇਲਜ਼’ ਸਿਰਲੇਖ ਹੇਠ ਵੇਲਜ਼ ਦੇ ਸੰਸਦ ਭਵਨ ਅੰਦਰ ਚਿੱਤਰ-ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ, ਜਿਸ ਵਿੱਚ ਪੰਜਾਬੀਆਂ ਦੇ ਇਤਿਹਾਸ, ਸੱਭਿਆਚਾਰ, ਪਰਵਾਸ ਬਾਰੇ ਭਾਵਪੂਰਤ ਤਸਵੀਰਾਂ ਦੇ ਨਾਲ-ਨਾਲ ਪੰਜਾਬੀਆਂ ਵੱਲੋਂ ਵੇਲਜ਼ ਦੇ ਵਿਕਾਸ ਵਿੱਚ ਪਾਏ ਯੋਗਦਾਨ ਸਬੰਧੀ ਪ੍ਰਭਾਵਸ਼ਾਲੀ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ।
ਵੇਲਜ਼ ਵਿਖੇ ਆ ਕੇ ਨਾਮਣਾ ਖੱਟਣ ਵਾਲੇ ਪਹਿਲੇ ਭਾਰਤੀ ਡਾਕਟਰ ਦਾ ਨਾਂ ਡਾ. ਗਣੇਸ਼ ਸੁਬਰਾਮਣੀਅਮ ਹੈ, ਜਦੋਂ ਕਿ ਸ੍ਰੀ ਰਾਜ ਕੁਮਾਰ ਅਗਰਵਾਲ ਨੂੰ ਵੇਲਜ਼ ਦੇ ਪਹਿਲੇ ਭਾਰਤੀ ਰਾਜਦੂਤ ਹੋਣ ਦਾ ਸ਼ਰਫ਼ ਹਾਸਿਲ ਹੈ। ਡੌਰਥੀ ਬੈਨਰਜੀ, ਜੋ ਕਿ ਆਈ ਤਾਂ ਇੱਥੇ ਬਤੌਰ ਵਿਦਿਆਰਥਣ ਸੀ ਪਰ ਛੇਤੀ ਹੀ ਉਸਨੇ ਆਪਣੀ ਮਦਮਸਤ ਗਾਇਕੀ ਸਦਕਾ ਵੇਲਜ਼ ਵਾਸੀਆਂ ਨੂੰ ਆਪਣੇ ਦੀਵਾਨੇ ਬਣਾ ਲਿਆ ਸੀ। ਡਾ. ਅਕਸ਼ੇ ਪੀਰ ਸਾਹਿਬ ਦਾ ਤਕਨਾਲੋਜੀ ਦੇ ਖੇਤਰ ਵਿੱਚ ਚੰਗਾ ਨਾਂ ਹੈ। ਕਨਿਸ਼ਕਾ ਨਾਰਾਇਣ ਇੱਥੋਂ ਦੀ ਸੰਸਦ ਮੈਂਬਰ ਹੈ ਤੇ ਉਸਨੂੰ ਇੱਥੇ ਵੱਸਦੇ ਘੱਟ-ਗਿਣਤੀ ਫ਼ਿਰਕਿਆਂ ਦੀ ਪਹਿਲੀ ਸੰਸਦ ਮੈਂਬਰ ਹੋਣ ਦਾ ਮਾਣ ਹਾਸਿਲ ਹੈ। ਅਜਿਹੇ ਬਹੁਤ ਸਾਰੇ ਹੋਰ ਭਾਰਤੀ ਲੋਕ ਵੀ ਹਨ, ਜਿਨ੍ਹਾਂ ਨੇ ਵੇਲਜ਼ ਵਿਖੇ ਦਵਾਈਆਂ, ਕਾਰੋਬਾਰ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸ੍ਰੀ ਜਸਨੂਪ ਚੀਮਾ ਨੇ ਕਾਨੂੰਨ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਕਲਾ ਦੇ ਖੇਤਰ ਵਿੱਚ ਪੰਜਾਬਣ ਬਨਿਤਾ ਸੰਧੂ ਦਾ ਚੰਗਾ ਨਾਂ ਹੈ।
ਬਨਿਤਾ ਸੰਧੂ ਦਾ ਜਨਮ ਸੰਨ 1997 ਵਿੱਚ ਵੇਲਜ਼ ਦੇ ਕੈਰਲਿਓਨ ਨਗਰ ਵਿਖੇ ਹੋਇਆ ਸੀ ਅਤੇ ਗਿਆਰਾਂ ਵਰਿ੍ਹਆਂ ਦੀ ਉਮਰ ਵਿੱਚ ਹੀ ਇਸ ਕੁੜੀ ਨੂੰ ਅਦਾਕਾਰੀ ਦਾ ਸ਼ੌਕ ਪੈ ਗਿਆ ਸੀ ਤੇ 18 ਵਰਿ੍ਹਆਂ ਦੀ ਉਮਰ ਵਿੱਚ ਉਹ ਅੰਗਰੇਜ਼ੀ ਸਾਹਿਤ ਦੀ ਉਚੇਰੀ ਪੜ੍ਹਾਈ ਹਿਤ ਲੰਦਨ ਚਲੀ ਗਈ ਸੀ। 21 ਵਰਿ੍ਹਆਂ ਦੀ ਉਮਰ ਵਿੱਚ ਉਸਨੇ ਪਹਿਲਾਂ ਵੋਡਾਫ਼ੋਨ ਅਤੇ ਰਿਗਲੀਜ਼ ਡਬਲਮਿੰਟ ਨਾਮੀਂ ਉਤਪਾਦਾਂ ਲਈ ਇਸ਼ਤਿਹਾਰਾਂ ਵਿੱਚ ਕੰਮ ਕੀਤਾ ਸੀ ਤੇ ਫਿਰ ਉਹ ਬਾਲੀਵੁੱਡ ਜਾ ਪੁੱਜੀ ਸੀ, ਜਿੱਥੇ ਉਸਨੂੰ ਮਸ਼ਹੂਰ ਅਦਾਕਾਰ ਵਰੁਣ ਧਵਨ ਦੇ ਨਾਲ ‘ਅਕਤੂਬਰ’ ਨਾਂ ਦੀ ਫ਼ਿਲਮ ਲਈ ਮੁੱਖ ਭੂਮਿਕਾ ਵਿੱਚ ਲੈ ਲਿਆ ਗਿਆ ਸੀ। ਅਗਲੇ ਹੀ ਸਾਲ ਉਸਨੇ ਤਾਮਿਲ ਫ਼ਿਲਮ ‘ਆਦਿਤਯ ਵਰਮਾ’ ਅਤੇ ਅਮਰੀਕੀ ਟੀ.ਵੀ. ਲੜੀਵਾਰ ‘ਪੰਡੋਰਾ’ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਸਨ। ਇਸ ਉਪਰੰਤ ਉਸਨੇ ‘ਸਰਦਾਰ ਊਧਮ ਸਿੰਘ’, ‘ਕਵਿਤਾ’ ਅਤੇ ਟੈਰੇਸਾ’ ਨਾਮੀਂ ਫ਼ਿਲਮਾਂ ਵੀ ਸਾਈਨ ਕੀਤੀਆਂ ਸਨ। ਉਸਦੇ ਅਭਿਨੈ ਨਾਲ ਸਜੀਆਂ ਕੁਝ ਹੋਰ ਫ਼ਿਲਮਾਂ ਵਿੱਚ ਹਿੰਦੀ ਫ਼ਿਲਮ ‘ਡਿਟੈਕਟਿਵ ਸ਼ੇਰਦਿਲ’ ਅਤੇ ਅੰਗਰੇਜ਼ੀ ਫ਼ਿਲਮ ‘ਈਟੱਰਨਲ ਬਿਊਟੀ’ ਆਦਿ ਦੇ ਨਾਂ ਵੀ ਸ਼ਾਮਿਲ ਹਨ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤਕ ਵੀਡੀਓ ‘ਜਿੰਦ ਮਾਹੀ’ ਤੋਂ ਇਲਾਵਾ ਗਾਇਕ ਏ.ਪੀ. ਢਿੱਲੋਂ ਦੇ ਸੰਗੀਤਕ ਵੀਡੀਓ ‘ਵਿਦ ਯੂ’ ਵਿੱਚ ਵੀ ਬਨਿਤਾ ਸੰਧੂ ਨੇ ਅਦਾਕਾਰੀ ਦੇ ਜਲਵੇ ਵਿਖਾਏ ਸਨ।
