ਮੋਦੀ-ਆਰ.ਐੱਸ.ਐੱਸ. ਦਾ ਵਿਰੋਧ ‘ਦੇਸ਼-ਵਿਰੋਧ’ ਨਹੀਂ, ਜੀਵੰਤ ਲੋਕਤੰਤਰ ਦੇ ਸਾਹ ਲੈਣ ਦੀ ਆਵਾਜ਼ ਹੈ

ਸਿਆਸੀ ਹਲਚਲ ਵਿਚਾਰ-ਵਟਾਂਦਰਾ

ਅਖਿਲੇਸ਼ ਯਾਦਵ
ਇਹ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਰਾਹਾਂ ਤੋਂ ਲੰਘਦੇ ਹੋਏ, ਹਵਾ ਵਿੱਚ ਦਿੱਲੀ ਦੀਆਂ ਸਰਦੀਆਂ ਦਾ ਸਮੌਗ ਨਹੀਂ, ਬਲਕਿ ਨਵੇਂ ‘ਮੀਡੀਆ ਟ੍ਰਾਇਲ’ ਦਾ ਜ਼ਹਿਰੀਲਾ ਧੂੰਆਂ ਵੀ ਘੁਲਿਆ ਮਹਿਸੂਸ ਹੁੰਦਾ ਹੈ। ਗੇਟ ’ਤੇ ਕੈਮਰੇ ਤਾਇਨਾਤ, ਸੋਸ਼ਲ ਮੀਡੀਆ ’ਤੇ ਹੈਸ਼ਟੈਗ ਟ੍ਰੈਂਡਿੰਗ ਅਤੇ ਪ੍ਰਾਈਮ ਟਾਈਮ ਐਂਕਰ ਆਪਣੀ ਅਦਾਲਤ ਸਜਾ ਚੁੱਕੇ ਹਨ।

ਫ਼ੈਸਲਾ: ਜੇ.ਐੱਨ.ਯੂ. ‘ਦੇਸ਼ ਵਿਰੋਧੀ’ ਹੈ।
ਇਲਜ਼ਾਮ ਕੀ ਹੈ? ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਰ.ਐੱਸ.ਐੱਸ. ਵਿਰੁੱਧ ਨਾਅਰੇ ਲਗਾਏ। 2016 ਵਾਲਾ ‘ਟੁਕੜੇ-ਟੁਕੜੇ ਗੈਂਗ’ ਜਿੰਨ ਫਿਰ ਬੋਤਲੋਂ ਬਾਹਰ ਅਤੇ ਡਿਜੀਟਲ ਸੰਸਾਰ ਵਿੱਚ ‘ਜੇ.ਐੱਨ.ਯੂ. ਬੰਦ ਕਰੋ’ ਦਾ ਸ਼ੋਰ।
ਪਰ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਅਤੇ ਸੰਵਿਧਾਨ ਵਿੱਚ ਯਕੀਨ ਰੱਖਣ ਵਾਲੇ ਕਾਰਜਕਰਤਾ ਵਜੋਂ, ਮੈਂ ਰੁਕ ਕੇ ਪੁੱਛਦਾ ਹਾਂ: ਮੋਦੀ-ਆਰ.ਐੱਸ.ਐੱਸ. ਵਿਰੋਧ ‘ਦੇਸ਼-ਵਿਰੋਧ’ ਕਦੋਂ ਬਣ ਗਿਆ?
ਅਸੀਂ ਲੋਕਤੰਤਰ ਦੇ ਖ਼ਤਰਨਾਕ ਮੋੜ ’ਤੇ ਹਾਂ, ਜਿੱਥੇ ‘ਸਰਕਾਰ’ ਅਤੇ ‘ਰਾਸ਼ਟਰ’ ਵਿਚਕਾਰ ਅੰਤਰ ਨੂੰ ਧੁੰਧਲਾ ਕੀਤਾ ਜਾ ਰਿਹਾ ਹੈ। ਜੇ.ਐੱਨ.ਯੂ. ਵਿਰੋਧ ਨੂੰ ਸਮਝਣ ਲਈ, ਸਨਸਨੀਖੇਜ਼ ਹੈਡਲਾਈਨਾਂ ਤੋਂ ਪਰੇ ਇਤਿਹਾਸ, ਕਿਤਾਬਾਂ ਅਤੇ ਯੂਨੀਵਰਸਿਟੀ ਦੇ ਮੂਲ ਨੂੰ ਵੇਖੋ। ਇਹ ਨਾ ਸਿਰਫ਼ ਕਾਨੂੰਨੀ, ਬਲਕਿ ਡੂੰਘੀ ਦੇਸ਼ ਭਗਤੀ ਵੀ ਹੈ।
ਯੂਨੀਵਰਸਿਟੀਆਂ: ਆਪਣੀ ਹੀ ਦੁਨੀਆ
ਵਿਦਿਆਰਥੀ ਗੁੱਸੇ ਨੂੰ ਸਮਝਣ ਲਈ ਯੂਨੀਵਰਸਿਟੀਆਂ ਦੇ ਉਦੇਸ਼ ਨੂੰ ਜਾਣੋ। ਅੰਧ-ਭਗਤ ਸਾਨੂੰ ‘ਰਾਜਨੀਤੀ ਕਰਨ ਵਾਲੇ’ ਕਹਿੰਦੇ ਹਨ, ਪਰ ਇਹ ਉੱਚ ਸਿੱਖਿਆ ਦੀ ਬੁਨਿਆਦ ਨੂੰ ਅਪਮਾਨਿਤ ਕਰਨਾ ਹੈ। ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਹੱਕ-ਹਕੂਕ ਦੇ ਸੰਘਰਸ਼ ਤਾਂ ਸਮਾਜ ਲਈ ਬੇਹੱਦ ਜ਼ਰੂਰੀ ਹਨ।
ਸੰਖੇਪ ਵਿੱਚ, ਵਿਸ਼ਵ ਵਿਦਿਆਲੇ ਆਪਣੀ ਦੁਨੀਆ ਹੈ।
ਆਰ.ਐੱਸ.ਐੱਸ. ਦੀਆਂ ਨੀਤੀਆਂ ਜਾਂ ਗ੍ਰਹਿ ਮੰਤਰੀ ਦੇ ਵਿਜ਼ਨ ’ਤੇ ਸਵਾਲ ਉਠਾਉਣਾ ਦੇਸ਼ ’ਤੇ ਹਮਲਾ ਨਹੀਂ, ਸਿੱਖਿਅਕ ਧਰਮ ਹੈ: ਤਰਕ ਨਾਲ ਪਰਖਣਾ ਹੈ। ਜੇ ਵਿਸ਼ਵ ਵਿਦਿਆਲੇ ਸੱਤਾ ਜਾਂ ਤਾਕਤਵਰਾਂ ਦੀ ਆਲੋਚਨਾ ਨਾ ਕਰਨ, ਤਾਂ ਉਹ ਗਿਆਨ ਕੇਂਦਰ ਨਹੀਂ, ਸੱਤਾ ਦੇ ਪ੍ਰਚਾਰ ਕੇਂਦਰ ਬਣ ਜਾਣਗੇ।
ਅਕਸਰ ਪੁੱਛਿਆ ਜਾਂਦਾ ਹੈ: ਵਿਦਿਆਰਥੀ ਵਿਰੋਧ ਕਿਉਂ ਕਰਦੇ ਹਨ? ਪੜ੍ਹਾਈ ’ਤੇ ਧਿਆਨ ਕਿਉਂ ਨਹੀਂ ਦਿੰਦੇ? ਵਿਦਿਆਰਥੀ ਅੰਦੋਲਨਾਂ ਦੇ ਮਾਹਿਰ ਫਿਲਿਪ ਜੀ. ਆਲਟਬੈਕ ਮੁਤਾਬਕ ਵਿਦਿਆਰਥੀ ਵਿਰੋਧ ਸਮਾਜਿਕ ਵਿਸਫੋਟ ਜਾਂ ਰਾਜਸੀ ਸੰਕਟ ਦੇ ਸੰਕੇਤ ਹਨ। ਜੇ.ਐੱਨ.ਯੂ. ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ, ਆਰ.ਐੱਸ.ਐੱਸ. ਜਾਂ ਗ੍ਰਹਿ ਮੰਤਰਾਲੇ ਵਿਰੁੱਧ ਨਾਅਰੇ ਅਜਿਹੀਆਂ ਚੰਗਿਆੜੀਆਂ ਹਨ, ਜੋ ਦੇਸ਼ ਦੇ ਜ਼ਹਿਰੀਲੇ ਮਾਹੌਲ ਦੀ ਚੇਤਾਵਨੀ ਦਿੰਦੀਆਂ ਹਨ। ਕਿਸੇ ਨੂੰ ਜਬਰੀ ਚੁੱਪ ਕਰਾਉਣਾ ਵਿਸਫੋਟ ਨੂੰ ਸੱਦਾ ਹੈ।
ਨਹਿਰੂ ਦਾ ਵਿਜ਼ਨ: ਵਿਦਿਆਰਥੀ, ਰਾਸ਼ਟਰ ਦੀ ਅੰਤਰਾਤਮਾ
ਵਿਦਿਆਰਥੀਆਂ ਨੂੰ ‘ਦੇਸ਼ਵਿਰੋਧੀ’ ਕਹਿਣਾ ਤ੍ਰਾਸਦੀ ਹੈ। ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਵਿਦਿਆਰਥੀਆਂ ਨੇ ਹੀ ਅੰਗਰੇਜ਼ੀ ਕਾਨੂੰਨ ਤੋੜ ਕੇ ਆਜ਼ਾਦੀ ਜਿੱਤੀ, ਜਿਸ ਕਰ ਕੇ ਅੱਜ ਭਾਰਤ ਦੀ ਸਰਕਾਰ ਚੱਲ ਰਹੀ ਹੈ।
ਨਹਿਰੂ ਨੇ ਵਿਦਿਆਰਥੀ ਸਿਆਸਤ ਨੂੰ ਨੈਤਿਕ-ਕ੍ਰਾਂਤੀਕਾਰੀ ਸ਼ਕਤੀ ਮੰਨਿਆ, ਜੋ ‘ਰਾਸ਼ਟਰ ਦੀ ਅੰਤਰਾਤਮਾ ਅਤੇ ਹੌਸਲਾ’ ਲੈ ਕੇ ਚੱਲਦੀ ਹੈ। 1936 ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ਼.) ਦੇ ਗਠਨ ਮੌਕੇ ਉਨ੍ਹਾਂ ਨੇ ਸਾਮਰਾਜਵਾਦ-ਫਾਸ਼ੀਵਾਦ ਵਿਰੁੱਧ ਜਵਾਨੀ ਨੂੰ ਸੰਯੁਕਤ ਮੋਰਚੇ ਵਿੱਚ ਸ਼ਾਮਲ ਕੀਤਾ। ਉਹ ਵਿਦਿਆਰਥੀਆਂ ਦੇ ਉਤਸ਼ਾਹ ਦੇ ਪ੍ਰਸ਼ੰਸਕ ਸਨ।
ਫਿਰ ਵੀ, ਨਹਿਰੂ ਨੇ 1945 ਵਿੱਚ ਚੇਤਾਵਨੀ ਦਿੱਤੀ: ਉਦੇਸ਼ ਬਿਨਾਂ ਜਨੂਨ ਦੇ ਅਰਾਜਕਤਾ ਬਣਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੁੱਧੀ, ਸਾਹਸ ਅਤੇ ਸੇਵਾ ਵਿਕਸਿਤ ਕਰਨ ਨੂੰ ਕਿਹਾ। ਇਹ ਨਿਆਂਪੂਰਨ ਵਿਵਸਥਾ ਬਣਾਉਣ ਵੱਲ ਵਧਾਏ ਹੋਏ ਕਦਮ ਸਨ।
ਅੱਜ ਦਾ ਵਿਦਿਆਰਥੀ ਵਿਰੋਧ ਉਹੀ ਵਿਰਾਸਤ ਹੈ। ਨਾਅਰੇ ਅਰਾਜਕਤਾ ਨਹੀਂ, ਨਹਿਰੂ ਵਾਲੀ ‘ਉਦੇਸ਼ਪੂਰਨ ਕਾਰਵਾਈ’ ਹਨ।
ਦੋ ਵਿਰੋਧਾਂ ਦੀ ਕਹਾਣੀ: ਇਲਾਹਾਬਾਦ ਬਨਾਮ ਜੇ.ਐੱਨ.ਯੂ.
ਅਸਹਿਮਤੀ ਅਤੇ ਸਹਿਣਸ਼ੀਲਤਾ ਦੀ ਗਿਰਾਵਟ ਵੇਖਣ ਲਈ ਇਤਿਹਾਸ ਦੇ ਭੁੱਲੇ ਚੈਪਟਰ ਨੂੰ ਯਾਦ ਕਰੋ: ਇੰਦਰਾ ਗਾਂਧੀ ਅਤੇ ਇਲਾਹਾਬਾਦ ਵਿਸ਼ਵ ਵਿਦਿਆਲੇ ਦੀ ਮਿਸਾਲ ਹੈ। ਪ੍ਰੋ. ਜੀ.ਆਰ. ਸ਼ਰਮਾ ਨੇ ਉਨ੍ਹਾਂ ਨੂੰ ਅਜਾਇਬ ਘਰ ਦਾ ਉਦਘਾਟਨ ਕਰਨ ਲਈ ਬੁਲਾਇਆ। ਉਹ ਕੈਂਪਸ ਵੀ ਰਾਜਨੀਤੀ ਦਾ ਕੇਂਦਰ ਸੀ। ਇੰਦਰਾ ਗਾਂਧੀ ਦੇ ਉਥੇ ਪਹੁੰਚਣ ’ਤੇ ਸਵਾਗਤ ਨਹੀਂ, ਬਲਕਿ ਜ਼ਬਰਦਸਤ ਵਿਰੋਧ ਹੋਇਆ: ਕਾਲੇ ਝੰਡੇ, ਨਾਅਰੇ, ਪੱਥਰਬਾਜ਼ੀ। ਉਸ ਵੇਲੇ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਵਿਰੁੱਧ ਅਰਾਜਕ ਹਿੰਸਾ।
ਪਰ ਅੰਤਰ ਦੇਖੋ: ਕਿਸੇ ਨੇ ਇਸ ਵਿਰੋਧ ਨੂੰ ‘ਦੇਸ਼ ਵਿਰੋਧੀ’ ਨਹੀਂ ਕਿਹਾ। ਨਿਊਜ਼ ਐਂਕਰ ਨੇ ਇਲਾਹਾਬਾਦ ਵਿਸ਼ਵ ਵਿਦਿਆਲੇ ਨੂੰ ਬੰਦ ਕਰਨ ਦੀ ਮੰਗ ਨਹੀਂ ਕੀਤੀ, ਪੁਲਿਸ ਨੇ ਵਿਦਿਆਰਥੀਆਂ ਨੂੰ ਕੁੱਟਿਆ ਨਹੀਂ। ਇਹ ਜਵਾਨੀ ਅਤੇ ਸੱਤਾ ਦੇ ਵਿਚਾਲੇ ਰਾਜਨੀਤਿਕ ਮਤਭੇਦ ਸੀ।
ਜੇ.ਪੀ. ਅੰਦੋਲਨ ਵਿੱਚ ਵੀ ਵਿਦਿਆਰਥੀ ਵਿਦਰੋਹ ਨੂੰ ‘ਦੂਜੀ ਆਜ਼ਾਦੀ’ ਮੰਨਿਆ ਗਿਆ ਅਤੇ ਜੈਪ੍ਰਕਾਸ਼ ਨਾਰਾਇਣ ਨੂੰ ਦੇਸ਼ ਭਗਤ।
ਫਿਰ ਨਿਯਮ ਕਦੋਂ ਬਦਲੇ? ਮੋਦੀ ‘ਭਾਰਤ’ ਕਦੋਂ ਬਣੇ? ਸ਼ਾਹ ‘ਰਾਜ’ ਕਦੋਂ ਬਣ ਗਏ? 1970 ਵਿੱਚ ਇੰਦਰਾ ਗਾਂਧੀ ਵੇਲੇ ਸਵਾਲ ਕਰਨਾ ਲੋਕਤੰਤਰ ਸੀ, 2026 ਵਿੱਚ ਮੋਦੀ ਵੇਲੇ ਸਵਾਲ ਦੇਸ਼ਧ੍ਰੋਹ ਕਿਵੇਂ ਹੋ ਗਿਆ?
ਝੂਠੀ ਬਰਾਬਰਤਾ
ਅੱਜ ਦੀ ਕਹਾਣੀ ਖ਼ਤਰਨਾਕ ਭਰਮ ’ਤੇ ਟਿਕੀ ਹੋਈ ਹੈ: ਭਾਜਪਾ-ਆਰ.ਐੱਸ.ਐੱਸ. ਨੂੰ ‘ਰਾਸ਼ਟਰ’ ਬਣਾ ਕੇ ਮੀਡੀਆ ਆਲੋਚਨਾ ਤੋਂ ਬਚਾਉਂਦਾ ਹੈ। ਆਰ.ਐੱਸ.ਐੱਸ. ਆਲੋਚਨਾ ਨੂੰ ਸੱਭਿਆਚਾਰ ’ਤੇ ਹਮਲਾ ਕਹਿੰਦੀ ਹੈ ਅਤੇ ਪ੍ਰਧਾਨ ਮੰਤਰੀ ਆਲੋਚਨਾ ਨੂੰ ਦੇਸ਼ ਦੇ ਗੌਰਵ ’ਤੇ ਹਮਲਾ ਕਹਿੰਦੇ ਹਨ।
ਇਹ ਧੋਖਾ ਹੈ। ਆਰ.ਐੱਸ.ਐੱਸ. ਗੈਰ-ਸਰਕਾਰੀ, ਭਾਜਪਾ ਸਿਆਸੀ ਪਾਰਟੀ, ਨਰਿੰਦਰ ਮੋਦੀ ਚੁਣੇ ਹੋਏ ਸੇਵਕ। ਕੋਈ ‘ਦੇਸ਼’ ਨਹੀਂ।
ਦੇਸ਼ ਸੰਵਿਧਾਨ, ਲੋਕ, ਧਰਤੀ ਅਤੇ ਸੁਤੰਤਰਤਾ-ਸਮਾਨਤਾ ਅਤੇ ਭਾਈਚਾਰੇ ਤੋਂ ਬਣਦਾ ਹੈ।
‘ਸੰਘ’ ਵਿਰੁੱਧ ਨਾਅਰੇ ਦੇਸ਼ ਦੇ ਬਹੁ-ਸੱਭਿਆਚਾਰ ਅਤੇ ਵੰਨ-ਸੁਵੰਨਤਾ ਬਚਾਉਣ ਲਈ ਹਨ। ਗ੍ਰਹਿ ਮੰਤਰੀ ਦੀ ਆਲੋਚਨਾ ਦੇਸ਼ ਦੀਆਂ ਨੀਤੀਆਂ ’ਤੇ ਸਵਾਲ ਹੈ। ਇਹ ਗੱਦਾਰੀ ਨਹੀਂ, ਨਾਗਰਿਕ ਦੇਸ਼ ਭਗਤੀ ਹੈ।
ਜੇ.ਐੱਨ.ਯੂ. ਦੇ ਵਿਦਿਆਰਥੀ ਭਾਰਤ ਵਿਰੁੱਧ ਨਹੀਂ, ਭਾਰਤ ਲਈ ਲੜਦੇ ਹਨ।
ਅਸੀਂ ਨਹਿਰੂ ਦੀ ਵਿਰਾਸਤ ਦੇ ਵਾਰਸ ਹਾਂ-ਜਾਗ੍ਰਿਤ ਮਨ, ਕਰੁਣਾਮਈ ਦਿਲ, ਸੁਤੰਤਰਤਾ ਦੇ ਪਹਿਰੇਦਾਰ। ਇਲਾਹਾਬਾਦ ਵਿਦਿਆਰਥੀਆਂ ਵਾਂਗ, ਸੱਤਾ ਦੇ ਡਰ ਬੇਖ਼ੌਫ਼।
ਮੋਦੀ ਅਤੇ ਆਰ.ਐੱਸ.ਐੱਸ. ਦਾ ਵਿਰੋਧ ਦੇਸ਼ ਦਾ ਵਿਰੋਧ ਨਹੀਂ। ਇਹ ਜੀਵੰਤ ਲੋਕਤੰਤਰ ਦੀ ਸਾਹ ਲੈਣ ਵਾਲੀ ਆਵਾਜ਼ ਹੈ।

(ਲੇਖਕ ਜੇ.ਐੱਨ.ਯੂ. ਸੈਂਟਰ ਫ਼ਾਰ ਹਿਸਟੌਰੀਕਲ ਸਟੱਡੀਜ਼ ਦੇ ਖੋਜਾਰਥੀ ਹਨ)

Leave a Reply

Your email address will not be published. Required fields are marked *