ਮਦੂਰੋ ਖਿਲਾਫ ਅਮਰੀਕੀ ਕਾਰਵਾਈ ਨਾਲ ਸੰਸਾਰ ਸਿਆਸਤ ਵਿੱਚ ਨਵੀਂ ਸਫਬੰਦੀ

ਸਿਆਸੀ ਹਲਚਲ ਖਬਰਾਂ

*ਤੇਜ਼ ਹੋਵੇਗਾ ਸਮੁੰਦਰੀ ਵਪਾਰ ਯੁੱਧ
*ਛੋਟੇ ਮੁਲਕਾਂ ਦੇ ਆਰਥਕ ਸੋਮਿਆਂ `ਤੇ ਕਬਜ਼ੇ ਦੀ ਦੌੜ ਵਧੀ
ਜਸਵੀਰ ਸਿੰਘ ਮਾਂਗਟ
ਲੰਘੀ 3 ਜਨਵਰੀ ਦੀ ਅੱਧੀ ਰਾਤ ਤੋਂ ਬਾਅਦ ਦੇ ਹਨੇਰੇ ਵਿੱਚ ਵੈਨੇਜ਼ੂਏਲਾ ਦੀ ਰਾਜਧਾਨੀ ਕਾਰਕਸ ਵਿੱਚ 150 ਹਵਾਈ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਕੀਤੀ ਗਈ ਇੱਕ ਕਾਰਵਾਈ ਵਿੱਚ ਅਮਰੀਕਾ ਦੀਆਂ ਐਲੀਟ ਫੋਰਸਾਂ, ਨੇਵੀ ਅਤੇ ਹਵਾਈ ਫੌਜ ਨੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਮਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਬੈੱਡਰੂਮ ਵਿੱਚੋਂ ਚੁੱਕ ਲਿਆ ਅਤੇ ਬਾਅਦ ਵਿੱਚ ਨਿਊ ਯਰਾਕ ਲੈ ਗਏ। ਉਨ੍ਹਾਂ ਨੂੰ ਇੱਕ ਦਿਨ ਬਾਅਦ ਲੋਅਰ ਮੈਨਹਟਨ ਦੀ ਇੱਕ ਫੈਡਰਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਵਿੱਚ ਪੇਸ਼ ਹੋਣ ਮੌਕੇ ਨਿਕੋਲਸ ਮਦੂਰੋ ਤੇ ਉਨ੍ਹਾਂ ਦੀ ਪਤਨੀ ਸੀਲੀਆ ਨੇ ਕਿਹਾ ਕਿ ਉਹ ਬੇਗੁਨਾਹ ਹਨ ਅਤੇ ਨਸ਼ਿਆਂ ਦੀ ਸਮਗਲਿੰਗ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਵੈਨੇਜ਼ੂਏਲਾ ਦੀ ਨਵੀਂ ਬਣੀ ਐਕਟਿੰਗ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਅਨੁਸਾਰ ਇਸ ਫੌਜੀ ਕਾਰਵਾਈ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚ ਫੌਜ ਨਾਲ ਸੰਬੰਧਤ ਵਿਅਕਤੀ ਵੀ ਸ਼ਾਮਲ ਹਨ। ਯਾਦ ਰਹੇ, ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਨੇ ਵੈਨੇਜ਼ੂਏਲਾ ਦੀ ਸਮੁੰਦਰੀ ਘੇਰਾਬੰਦੀ ਕੀਤੀ ਹੋਈ ਸੀ ਅਤੇ ਰਾਸ਼ਟਰਪਤੀ ਨਿਕੋਲਸ ਮਦੂਰੋ `ਤੇ ਸੱਤਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਦੌਰਾਨ ਅਮਰੀਕੀ ਸਮੁੰਦਰੀ ਫੋਰਸਾਂ ਨੇ ਵੈਨੇਜ਼ੂਏਲਾ ਨਾਲ ਸੰਬੰਧਤ ਕਈ ਸਮੁੰਦਰੀ ਵਾਹਨਾਂ ਉੱਤੇ ਇਹ ਕਹਿ ਕੇ ਬੰਬਾਰੀ ਕੀਤੀ ਸੀ ਕਿ ਇਨ੍ਹਾਂ ਵਿੱਚ ਮਦੂਰੋ ਵੱਲੋਂ ਨਸ਼ੀਲੇ ਪਦਾਰਥਾਂ ਦੀ ਅਮਰੀਕਾ ਵੱਲ ਸਪਲਾਈ ਕੀਤੀ ਜਾ ਰਹੀ ਹੈ।
ਜਿਵੇਂ ਇਰਾਕ ਵਿੱਚ ਹਮਲਾ ਕਰਨ ਲਈ ਅਮਰੀਕਾ ਨੇ ਪ੍ਰਮਾਣੂ ਅਤੇ ਕੈਮੀਕਲ ਹਥਿਆਰਾਂ ਦਾ ਬਹਾਨ ਬਣਾਇਆ ਸੀ, ਵੈਨੇਜ਼ੂਏਲਾ ਵਿੱਚ ਹਮਲਾ ਕਰਨ ਲਈ ਮਦੂਰੋ `ਤੇ ਲਗਾਤਾਰ ਦੋਸ਼ ਲਗਾਏ ਗਏ ਕਿ ਉਹ ਅਮਰੀਕਾ ਲਈ ਜਾਣ ਵਾਲੇ ਨਸ਼ਿਆਂ ਦਾ ਡਰੱਗ ਕਾਰਟਲ ਚਲਾ ਰਿਹਾ। ਪਰ ਵੈਨੇਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਮਦੂਰੋ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਵੈਨੇਜ਼ੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਦੂਰੋ ਹਾਂ, ਮੈਨੂੰ ਅਮਰੀਕਾ ਵੱਲੋਂ ਕਿਡਨੈਪ ਕੀਤਾ ਗਿਆ ਹੈ।”
ਇਹ ਕਾਰਵਾਈ ਜਿਸ ਤਰ੍ਹਾਂ ਅਤੇ ਜਿਸ ਸਟਾਈਲ ਵਿੱਚ ਕੀਤੀ ਗਈ ਹੈ, ਇਸ ਵਿੱਚ ਇਜ਼ਰਾਇਲੀ ਖ਼ੁਫੀਆ ਏਜੰਸੀ ‘ਮੋਸਾਦ’ ਦੀ ਮਿਲੀ ਭੁਗਤ ਅਤੇ ਯੋਜਨਾਬੰਦੀ ਸਾਫ ਵਿਖਾਈ ਦਿੰਦੀ ਹੈ। ਵੈਨੇਜ਼ੂਏਲਾ ਦੀ ਨਵੀਂ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਇਹ ਗੱਲ ਆਪਣੇ ਇੱਕ ਬਿਆਨ ਵਿੱਚ ਕਹੀ ਵੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਰਵਾਈ ਤੋਂ ਬਾਅਦ ਦਿੱਤੇ ਗਏ ਆਪਣੇ ਬਿਆਨ ਵਿੱਚ ਕਿਹਾ ਕਿ ਡੈਲਸੀ ਅਮਰੀਕੀ ਯੋਜਨਾ ਅਨੁਸਾਰ ਕੰਮ ਕਰੇਗੀ। ਜਦਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡੈਲਸੀ ਰੋਡਗਰਿਜ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਵੈਨੇਜ਼ੂਏਲਾ ਮੁੜ ਕੇ ਕਿਸੇ ਦੇਸ਼ ਦੀ ਬਸਤੀ ਨਹੀਂ ਬਣੇਗਾ। ਟਰੰਪ ਨੇ ਇਹ ਵੀ ਕਿਹਾ, ਅਸੀਂ ਡੈਲਸੀ ਰੋਡਗਰਿਜ਼ ਨਾਲ ਕਈ ਵਾਰ ਗੱਲਬਾਤ ਕੀਤੀ ਹੈ ਅਤੇ “ਉਹ ਚੀਜ਼ਾਂ ਨੂੰ ਸਮਝਦੀ ਹੈ।” ਇਸ ਤੋਂ ਇਹ ਵੀ ਲਗਦਾ ਹੈ ਕਿ ਮਦੂਰੋ ਦੇ ਅਧੀਨ ਕੰਮ ਕਰਨ ਵਾਲੀ ਇਸ ਉੱਪ ਰਾਸ਼ਟਰਪਤੀ ਅਤੇ ਅਮਰੀਕਾ ਵਿਚਕਾਰ ਕੋਈ ਸਾਜ਼ਬਾਜ਼ ਵੀ ਹੋਇਆ ਹੋ ਸਕਦਾ ਹੈ। ਡੈਲਸੀ ਅਤੇ ਉਸ ਦੇ ਸਾਥੀਆਂ ਵੱਲੋਂ ਵੈਨੇਜ਼ੂਏਲਾ ਦੇ ਮੁੜ ਬਸਤੀ ਨਾ ਬਣਨ ਜਿਹੇ ਆਜ਼ਾਦੀ ਪੱਖੀ ਬਿਆਨ ਲਗਦਾ ਹੈ ਕਿ ਲੋਕਾਂ ਦਾ ਦਿਲ ਰੱਖਣ ਲਈ ਦਿੱਤੇ ਜਾ ਰਹੇ ਹਨ। ਉਂਝ ਦੇਸ਼ ਨੂੰ ਅੱਗੇ ਦਿਸ਼ਾ ਦੇਣ ਲਈ ਰੋਡਗਰਿਜ਼ ਨੇ ਬ੍ਰਾਜ਼ੀਲ, ਕੋਲੰਬੀਆ ਅਤੇ ਸਪੇਨ ਦੇ ਪ੍ਰਤੀਨਿਧਾਂ ਨਾਲ ਸਲਾਹ ਮਸ਼ਵਰਾ ਕੀਤਾ ਹੈ। ਇਸ ਤੋਂ ਇਲਾਵਾ ਵੈਨੇਜ਼ੂਏਲਾ ਦੀ ਨਵੀਂ ਐਕਟਿੰਗ ਰਾਸ਼ਟਰਪਤੀ ਅਮਰੀਕਾ ਨਾਲ ਕੂਟਨੀਤਿਕ ਸੰਬੰਧ ਪੁਨਰ ਸਥਾਪਤ ਕਰਨ ਲਈ ਵੀ ਵਿਚਾਰ ਕਰ ਰਹੀ ਹੈ।
ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਵੈਨੇਜ਼ੂਏਲਾ ਜੇ ਸਾਡੀ ਯੋਜਨਾ ਅਨੁਸਾਰ ਕੰਮ ਨਹੀਂ ਕਰੇਗਾ ਤਾਂ ਮੁੜ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਟਰੰਪ ਨੇ ਇਸ ਕਾਰਵਾਈ ਦੇ ਮਕਸਦ ਬਾਰੇ ਕੋਈ ਲੁਕ-ਲੁਕਾ ਵੀ ਨਹੀਂ ਰੱਖਿਆ। ਉਨ੍ਹਾਂ ਕਿਹਾ ਹੈ ਕਿ ਮਦੂਰੋ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਵੈਨੇਜ਼ੂਏਲਾ ਦਾ ਸਾਰਾ ਤੇਲ ਉਨ੍ਹਾਂ ਦਾ ਹੋ ਗਿਆ ਹੈ। ਹੁਣ ਅਮਰੀਕੀ ਕੰਪਨੀਆਂ ਇਸ ਤੋਂ ਪੈਸਾ ਬਣਾਉਣਗੀਆਂ, ਜਿਸ ਨੂੰ ਅਮਰੀਕਾ ਅਤੇ ਵੈਨੇਜ਼ੂਏਲਾ ਦੇ ਲੋਕਾਂ ਦਾ ਜੀਵਨ ਸੁਧਾਰਨ ਲਈ ਵੀ ਵਰਤਿਆ ਜਾਵੇਗਾ।
ਵੈਨੇਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਦੂਰੋ ਦੀ ਗ੍ਰਿਫਤਾਰੀ `ਤੇ ਦੁਨੀਆਂ ਪੱਧਰ `ਤੇ ਵੀ ਮਿਲੀ-ਜੁਲੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ। ਇਸ ਘਟਨਾਕ੍ਰਮ `ਤੇ ਜਿੱਥੇ ਭਾਰਤ ਅਤੇ ਯੂਰਪ ਨੇ ਚੁੱਪ ਵੱਟ ਲਈ ਹੈ, ਉਥੇ ਰੂਸ, ਚੀਨ, ਉੱਤਰੀ ਕੋਰੀਆ, ਕਿਊਬਾ, ਕੋਲੰਬੀਆ ਅਤੇ ਇਰਾਨ ਜਿਹੇ ਮੁਲਕਾਂ ਨੇ ਇਸ ਦੀ ਨਿਖੇਧੀ ਕੀਤੀ ਹੈ। ਅਮਰੀਕਾ ਅਤੇ ਇਜ਼ਰਾਇਲ ਦੇ ਲੋਕਾਂ ਨੇ ਇਸ ਕਾਰਵਾਈ ਦੀ ਸਰਾਹਨਾ ਕੀਤੀ ਹੈ। ਅਮਰੀਕਾ ਮਦੂਰੋ ਨੂੰ ਕਾਰਕਸ ਵਿੱਚੋਂ ਚੁੱਕ ਲੈਣ ਨੂੰ ਆਪਣੇ ਸੁਰੱਖਿਆ ਦਸਤਿਆਂ ਦੀ ਵੱਡੀ ਅਤੇ ਤੇਜ਼ ਤਰਾਰ ਕਾਰਵਾਈ ਦੱਸ ਕੇ ਵਡਿਆ ਰਿਹਾ ਹੈ। ਉਸ ਅਨੁਸਾਰ ਅਮਰੀਕਾ ਦੇ ਇਲਾਵਾ ਦੁਨੀਆਂ ਦਾ ਕੋਈ ਹੋਰ ਮੁਲਕ ਇਸ ਕਿਸਮ ਦੀ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ। ਅਮਰੀਕਾ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕਰ ਰਹੇ ਮੁਲਕਾਂ ਦਾ ਆਖਣਾ ਹੈ ਕਿ ਅਮਰੀਕਾ ਨੇ ਸਾਰੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ ਕਾਰਵਾਈ ਕੀਤੀ ਹੈ। ਕਿਸੇ ਖੁਦਮੁਖਤਾਰ (ਸਾਵਰਨ) ਮੁਲਕ ਦੇ ਰਾਸ਼ਟਰਪਤੀ `ਤੇ ਹਮਲਾ ਕਰਕੇ ਉਸ ਨੂੰ ਉਹਦੇ ਬੈੱਡਰੂਮ ਵਿੱਚੋਂ ਗ੍ਰਿਫਤਾਰ ਕਰਨਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਇਹ ਇੱਕ ਆਜ਼ਾਦ ਦੇਸ਼ ਦੀ ਪ੍ਰਭੂਸੱਤਾ `ਤੇ ਹਮਲਾ ਹੈ।
ਵੱਡੀ ਗੱਲ ਇਹ ਕਿ ਅਮਰੀਕਾ ਵੱਲੋਂ ਵੈਨੇਜ਼ੂਏਲਾ ਵਿੱਚ ਕੀਤੀ ਇਸ ਕਾਰਵਾਈ ਲਈ ਅਮਰੀਕੀ ਕਾਂਗਰਸ ਦੀ ਵੀ ਮਨਜ਼ੂਰੀ ਨਹੀਂ ਲਈ ਗਈ। ਇਸ ਨੁਕਤੇ ਤੋਂ ਇਹ ਅਮਰੀਕੀ ਵਿਧਾਨ ਅਨੁਸਾਰ ਵੀ ਇਹ ਗੈਰ-ਕਾਨੂੰਨੀ ਕਾਰਵਾਈ ਹੈ। ਇਸੇ ਕਾਰਨ ਅਮਰੀਕੀ ਸੰਸਦ ਵਿੱਚ ਵੀ ਵੈਨੇਜ਼ੂਏਲਾ `ਤੇ ਕੀਤੀ ਗਈ ਫੌਜੀ ਕਾਰਵਾਈ ਦਾ ਵਿਰੋਧ ਹੋ ਰਿਹਾ ਹੈ। ਖੱਬੇ ਪੱਖ ਵੱਲ ਝੁਕਾਅ ਰੱਖਣ ਵਾਲੇ ਅਮਰੀਕੀ ਆਗੂ ਬਰਨੀ ਸੈਂਡਰ ਨੇ ਵੈਨੇਜ਼ੂਏਲਾ ਖਿਲਾਫ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਤਰ੍ਹਾਂ ਮਦੂਰੋ ਖਿਲਾਫ ਕੀਤੀ ਗਈ ਕਾਰਵਾਈ ਦਾ ਅਮਰੀਕਾ ਦੇ ਅੰਦਰ ਅਤੇ ਬਾਹਰ- ਦੋਨੋਂ ਪਾਸੇ ਵਿਰੋਧ ਹੋ ਰਿਹਾ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਨੈਨਸੀ ਪੇਲੋਸੀ ਨੇ ਵੈਨੇਜ਼ੂਏਲਾ ਵਿੱਚ ਦਿੱਤੇ ਗਏ ਫੌਜੀ ਦਖਲ ਦਾ ਵਿਰੋਧ ਕੀਤਾ ਹੈ। ਪੇਲੋਸੀ ਨੇ ਟਵਿੱਟਰ (ਐਕਸ) `ਤੇ ਲਿਖਿਆ ਕਿ ਵੈਨੇਜ਼ੂਏਲਾ ਵਿੱਚ ਮਦੂਰੋ ਦੀ ਸੱਤਾ ਭਾਵੇਂ ਜਾਇਜ਼ ਨਹੀਂ ਸੀ, ਪਰ ਟਰੰਪ ਪ੍ਰਸ਼ਾਸਨ ਵੱਲੋਂ ਇਸ ਖਿਲਾਫ ਕਾਰਵਾਈ ਲਈ ਕਾਂਗਰਸ ਦੀ ਮਨਜ਼ੂਰੀ ਨਾ ਲੈਣਾ ਇਸ ਨੂੰ ਵੀ ਗੈਰ-ਕਾਨੂੰਨੀ ਬਣਾ ਦਿੰਦਾ ਹੈ। ਇਸ ਦੇ ਬਾਵਜੂਦ ਟਰੰਪ ਦੀ ਚੀਫ ਆਫ ਸਟਾਫ ਸੂਸੀ ਵਾਈਲਜ਼ ਨੇ ਕਿਹਾ ਕਿ ਅਮਰੀਕੀ ਫੌਜ ਨੇ ਵੈਨੇਜ਼ੂਏਲਾ ਦੀ ਧਰਤੀ `ਤੇ ਕਾਰਵਾਈ ਕਰਕੇ ਸਾਰੀ ਦੁਨੀਆਂ ਨੂੰ ਆਪਣੀ ਅਸੀਮ ਸਮਰੱਥਾ ਦਾ ਸਬੂਤ ਦਿੱਤਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਕੋਲੰਬੀਆ ਅਤੇ ਕਿਊਬਾ ਜਿਹੇ ਮੁਲਕਾਂ ਨੇ ਤਤਕਾਲ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਪੰਜ ਜਨਵਰੀ ਨੂੰ ਬੁਲਾਈ ਗਈ ਇਸ ਮੀਟਿੰਗ ਵਿੱਚ ਅਮਰੀਕਾ ਪੱਖੀ ਕਈ ਮੁਲਕਾਂ ਦੇ ਦੂਤਾਂ ਨੇ ਵੀ ਅਮਰੀਕਾਂ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ। ਫਰਾਂਸ ਦੇ ਡਿਪਟੀ ਅੰਬੈਸਡਰ ਨੇ ਕਿਹਾ ਕਿ ਮਦੂਰੋ ਖਿਲਾਫ ਇਸ ਕਾਰਵਾਈ ਦੌਰਾਨ ਅਮਰੀਕਾ ਨੇ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਤਾਕ `ਤੇ ਰੱਖ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਨਤੋਨੀਓ ਗੁਟਰੇਸ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਕੋਲੰਬੀਆ, ਰੂਸ, ਚੀਨ ਅਤੇ ਇਰਾਨ ਨੇ ਵੀ ਅਮਰੀਕੀ ਫੌਜੀ ਕਾਰਵਾਈ ਦਾ ਵਿਰੋਧ ਕੀਤਾ। ਅਮਰੀਕੀ ਦੂਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਮਰੀਕਾ ਵੈਨੇਜ਼ੂਏਲਾ ਦੇ ਲੋਕਾਂ ਖਿਲਾਫ ਜੰਗ ਨਹੀਂ ਲੜ ਰਿਹਾ; ਪਰ ਮਦੂਰੋ ਡਰੱਗ ਮਾਮਲੇ ਦਾ ਭਗੌੜਾ ਸੀ, ਵੈਨੇਜ਼ੂਏਲਾ ਦਾ ਜਾਇਜ਼ ਰਾਸ਼ਟਰਪਤੀ ਨਹੀਂ ਸੀ। ਅਮਰੀਕਾ ਦੇ ਦੂਤ ਮਾਈਕ ਵਾਲਟਜ਼ ਨੇ ਕਿਹਾ ਕਿ ਮਦੂਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਿਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਨਾਲ ਵੈਨੇਜ਼ੂਏਲਾ ਦੇ ਲੋਕ ਵਧੇਰੇ ਸੁਰੱਖਿਅਤ ਹੋ ਗਏ ਹਨ। ਬਰਤਾਨੀਆ ਅਤੇ ਲਾਤਵੀਆ ਨੇ ਵੀ ਕਿਹਾ ਕਿ ਅਮਰੀਕਾ ਵੱਲੋਂ ਕੀਤੀ ਗਈ ਕਾਰਵਾਈ ਕਾਨੂੰਨਾਂ ਦੀ ਉਲੰਘਣਾ ਹੈ; ਪਰ ਉਨ੍ਹਾਂ ਨਾਲ ਹੀ ਕਿਹਾ ਕਿ ਮਦੂਰੋ ਵੀ ਵੈਨੇਜ਼ੂਏਲਾ ਦਾ ਜਾਇਜ਼ ਰਾਸ਼ਟਰਪਤੀ ਨਹੀਂ ਸੀ। ਉਸ ਨੇ ਚੋਣਾਂ ਚੁਰਾਈਆਂ ਸਨ।
ਕੁਝ ਵੀ ਹੋਵੇ ਵੈਨੇਜ਼ੂਏਲਾ `ਤੇ ਅਮਰੀਕਾ ਦੀ ਇਸ ਕਾਰਵਾਈ ਨੇ ਚੀਨ ਦੇ ਤਾਇਵਾਨ ਅਤੇ ਰੂਸ ਦੇ ਯੂਕਰੇਨ `ਤੇ ਹਮਲੇ ਨੂੰ ਜਾਇਜ਼ ਬਣਾ ਦਿੱਤਾ ਹੈ। ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀਆਂ 66 ਮਾਨਵੀ ਸੰਸਥਾਵਾਂ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਲਗਦਾ ਹੈ, ਦੁਨੀਆਂ ਕਾਨੂੰਨ ਆਧਾਰਤ ਅਸੂਲੀ ਚਲਣ ਤੋਂ ਤੇਜ਼ੀ ਨਾਲ ਬਾਹਰ ਨਿਕਲ ਰਹੀ ਹੈ। ਅਮਰੀਕੀ ਸਮੁੰਦਰੀ ਜਹਾਜ਼ `ਤੇ ਅਮਰੀਕੀ ਤੱਟੀ ਦਸਤਿਆਂ ਦਾ ਕਬਜ਼ਾ ਰੂਸ ਵੱਲੋਂ ਮੋੜਵੇਂ ਹੱਲੇ ਵਜੋਂ ਅਮਰੀਕੀ ਜਹਾਜ਼ਾਂ `ਤੇ ਕਬਜਾ ਵੀ ਇਹੀ ਦਰਸਾਉਂਦਾ ਹੈ। ਇਹ ਅਮਲ ਦੁਨੀਆਂ ਨੂੰ ਭਿਆਨਕ ਖੇਤਰੀ ਜਾਂ ਤੀਜੀ ਸੰਸਾਰ ਜੰਗ ਵੱਲ ਧੱਕ ਸਕਦਾ ਹੈ।

Leave a Reply

Your email address will not be published. Required fields are marked *