ਇਰਾਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 217 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ 2600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਉੱਤੇ ਸੰਭਾਵੀ ਸੈਨਿਕ ਹਮਲਿਆਂ ਬਾਰੇ ਬ੍ਰੀਫਿੰਗ ਦਿੱਤੀ ਹੈ। ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ, ਜੇਕਰ ਇਰਾਨ ਸਰਕਾਰ ਪ੍ਰਦਰਸ਼ਕਾਰੀਆਂ ਉੱਤੇ ਸਖ਼ਤ ਕਾਰਵਾਈ ਕਰਦੀ ਹੈ ਤਾਂ ਟਰੰਪ ਹਮਲੇ ਵਰਗੇ ਸੈਨਿਕ ਕਦਮਾਂ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ।
ਸ਼ਨੀਵਾਰ ਨੂੰ ਟਰੰਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, “ਇਰਾਨ ਹੁਣ ਅਜ਼ਾਦੀ ਵੱਲ ਵੇਖ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ। ਅਮਰੀਕਾ ਮਦਦ ਲਈ ਤਿਆਰ ਹੈ।” ਉਧਰ ਇਰਾਨੀ ਸੰਸਦ ਦੇ ਸਪੀਕਰ ਮੋਹੰਮਦ ਬਾਗ਼ਰ ਕਾਲੀਬਾਫ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਜਾਂ ਇਜ਼ਰਾਇਲ ਨੇ ਇਰਾਨ ਉੱਤੇ ਹਮਲਾ ਕੀਤਾ ਤਾਂ ਦੋਹਾਂ ਨੂੰ ਸਖ਼ਤ ਜਵਾਬ ਮਿਲੇਗਾ।
ਇਰਾਨ ਉੱਤੇ ਅਮਰੀਕੀ ਹਮਲੇ ਦੀ ਸੰਭਾਵਨਾ ਦੇ ਚਲਦਿਆਂ ਇਜ਼ਰਾਇਲ ਵੀ ਹਾਈ ਅਲਰਟ ਉੱਤੇ ਹੈ। ਜੂਨ 2025 ਵਿੱਚ ਇਰਾਨ ਅਤੇ ਇਜ਼ਰਾਇਲ ਨੇ 12 ਦਿਨਾਂ ਦੀ ਜੰਗ ਲੜੀ ਸੀ, ਜਿਸ ਵਿੱਚ ਅਮਰੀਕਾ ਨੇ ਇਜ਼ਰਾਇਲ ਨਾਲ ਮਿਲ ਕੇ ਹਵਾਈ ਹਮਲੇ ਕੀਤੇ ਸਨ। ਇਰਾਨ ਨੇ ਅਮਰੀਕਾ ਅਤੇ ਇਜ਼ਰਾਇਲ ਨੂੰ ਚੇਤਾਵਨੀ ਜਾਰੀ ਕੀਤੀ ਹੈ। ਸੰਸਦੀ ਸਪੀਕਰ ਮੋਹੰਮਦ ਬਗ਼ਰ ਕਲੀਬਾਫ ਨੇ ਕਿਹਾ ਕਿ ਜੇਕਰ ਪ੍ਰਦਰਸ਼ਨਾਂ ਨੂੰ ਲੈ ਕੇ ਅਮਰੀਕਾ ਨੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਅਤੇ ਇਜ਼ਰਾਇਲ ਦੋਵੇਂ ਇਰਾਨ ਦੇ ਨਿਸ਼ਾਨੇ ਬਣਨਗੇ। ਇਹ ਪਹਿਲੀ ਵਾਰ ਹੈ, ਜਦੋਂ ਇਰਾਨੀ ਨੇਤਾ ਨੇ ਜਵਾਬੀ ਕਾਰਵਾਈ ਵਿੱਚ ਇਜ਼ਰਾਇਲ ਨੂੰ ਸਿੱਧਾ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਹੈ। ਇਸ ਨਾਲ ਤਲਖ਼ੀ ਹੋਰ ਤਿੱਖੀ ਹੋ ਗਈ ਹੈ।
ਇਰਾਨ ਦੇ ਅਟਾਰਨੀ ਜਨਰਲ ਮੋਹੰਮਦ ਮੋਵਾਹੇਦੀ ਅਜ਼ਾਦ ਨੇ ਚੇਤਾਵਨੀ ਦਿੱਤੀ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੂੰ ‘ਖ਼ੁਦਾ ਦਾ ਦੁਸ਼ਮਣ’ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਹ ਧਮਕੀਆਂ ਪ੍ਰਦਰਸ਼ਨਾਂ ਨੂੰ ਹੋਰ ਭੜਕਾਉਣ ਵਾਲੀਆਂ ਹਨ। ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਵੀ ਇਰਾਨੀ ਦੂਤਾਵਾਸ ਬਾਹਰ ਪ੍ਰਦਰਸ਼ਨ ਹੋਏ। ਇਸ ਦੌਰਾਨ ਇੱਕ ਪ੍ਰਦਰਸ਼ਕਾਰੀ ਨੇ ਇਰਾਨੀ ਦੂਤਾਵਾਸ ਦਾ ਇਸਲਾਮੀ ਗਣਰਾਜ ਦਾ ਝੰਡਾ ਹਟਾ ਕੇ 1979 ਦੇ ਇਸਲਾਮੀ ਇਨਕਲਾਬ ਤੋਂ ਪਹਿਲਾਂ ਵਾਲਾ ਝੰਡਾ ਲਗਾ ਦਿੱਤਾ। ਪ੍ਰਦਰਸ਼ਕਾਰੀ ਨੇ ਸ਼ੇਰ ਅਤੇ ਸੂਰਜ ਵਾਲਾ ਤਿਰੰਗਾ ਝੰਡਾ ਲਗਾਇਆ, ਜੋ ਸ਼ਾਹ ਦੇ ਸ਼ਾਸਨਕਾਲ ਵਿੱਚ ਵਰਤਿਆ ਜਾਂਦਾ ਸੀ। ਇਹ ਝੰਡਾ ਕੁਝ ਮਿੰਟ ਲੱਗਿਆ ਰਿਹਾ ਅਤੇ ਫਿਰ ਹਟਾ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ‘ਡੈਮੋਕਰੇਸੀ ਫ਼ਾਰ ਇਰਾਨ’ ਅਤੇ ‘ਫ਼੍ਰੀ ਇਰਾਨ’ ਵਰਗੇ ਨਾਅਰੇ ਲੱਗੇ।
ਇਸੇ ਦੌਰਾਨ ਇਰਾਨ ਦੇ ਜਲਾਵਤਨ ਕ੍ਰਾਊਨ ਪ੍ਰਿੰਸ ਰਜ਼ਾ ਪਹਿਲਵੀ ਨੇ ਦੇਸ਼ ਭਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ ਸੜਕਾਂ ਉੱਤੇ ਡਟੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲਗਾਤਾਰ ਪ੍ਰਦਰਸ਼ਨਾਂ ਨਾਲ ਸੁਪਰੀਮ ਲੀਡਰ ਖ਼ਾਮੇਨੇਈ ਦਾ ਦਮਨ-ਤੰਤਰ ਕਮਜ਼ੋਰ ਪੈ ਰਿਹਾ ਹੈ। ਪਹਿਲਵੀ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇਸਲਾਮੀ ਗਣਰਾਜ ਨੂੰ ਪ੍ਰਦਰਸ਼ਕਾਰੀਆਂ ਨਾਲ ਸਿੱਝਣ ਲਈ ਲੋੜੀਂਦੇ ਸੁਰੱਖਿਆ ਬਲ ਨਹੀਂ ਮਿਲ ਰਹੇ। ਉਨ੍ਹਾਂ ਮੁਤਾਬਕ ਬਹੁਤੇ ਸੁਰੱਖਿਆ ਮੁਲਾਜ਼ਮ ਜਨਤਾ ਵਿਰੁੱਧ ਕਾਰਵਾਈ ਦੇ ਹੁਕਮ ਨਹੀਂ ਮੰਨ ਰਹੇ। ਰਜ਼ਾ ਪਹਿਲਵੀ ਦੇਸ਼ ਵਾਪਸੀ ਦੀ ਤਿਆਰੀ ਕਰ ਰਹੇ ਹਨ। 65 ਸਾਲ ਦੇ ਰਜ਼ਾ ਪਹਿਲਵੀ ਲਗਭਗ 50 ਸਾਲਾਂ ਤੋਂ ਅਮਰੀਕਾ ਵਿੱਚ ਸ਼ਰਨਾਰਥੀ ਹਨ।
ਇਰਾਨ ਵਿੱਚ ਲੋਕਾਂ ਵੱਲੋਂ ਰਜ਼ਾ ਪਹਿਲਵੀ ਨੂੰ ਸੱਤਾ ਸੌਂਪਣ ਦੀ ਮੰਗ ਵੀ ਉੱਠੀ। 1979 ਦੇ ਇਸਲਾਮੀ ਇਨਕਲਾਬ ਤੋਂ ਬਾਅਦ ਅਯਾਤੁਲਾ ਰੂਹੋਲ੍ਹਾ ਖ਼ੁਮੈਨੀ ਸੱਤਾ ਵਿੱਚ ਆਏ, ਜੋ 1979 ਤੋਂ 1989 ਤੱਕ 10 ਸਾਲ ਸੁਪਰੀਮ ਲੀਡਰ ਰਹੇ। ਉਨ੍ਹਾਂ ਤੋਂ ਬਾਅਦ ਅਯਾਤੁਲਾ ਅਲੀ ਖ਼ਾਮੇਨੇਈ 1989 ਤੋਂ 37 ਸਾਲਾਂ ਤੋਂ ਸੱਤਾ ਵਿੱਚ ਹਨ। ਇਰਾਨ ਅੱਜ ਆਰਥਿਕ ਸੰਕਟ, ਭਾਰੀ ਮਹਿੰਗਾਈ, ਅੰਤਰਰਾਸ਼ਟਰੀ ਪਾਬੰਦੀਆਂ, ਬੇਰੁਜ਼ਗਾਰੀ, ਮੁਦਰਾ ਦੀ ਗਿਰਾਵਟ ਅਤੇ ਲਗਾਤਾਰ ਜਨ ਅੰਦੋਲਨਾਂ ਨਾਲ ਜੂਝ ਰਿਹਾ ਹੈ। ਨੌਜਵਾਨ ਅਤੇ ਜੈਨ ਜੀ ਪੀੜੀ ਨੂੰ ਲੱਗਦਾ ਹੈ ਕਿ ਪਹਿਲਵੀ ਦੀ ਵਾਪਸੀ ਨਾਲ ਇਰਾਨ ਨੂੰ ਆਰਥਿਕ ਸਥਿਰਤਾ, ਵਿਸ਼ਵ ਪ੍ਰਵਾਨਗੀ ਅਤੇ ਨਿੱਜੀ ਅਜ਼ਾਦੀ ਮਿਲ ਸਕੇਗੀ।
ਇਰਾਨ ਵਿੱਚ ਭਾਰੀ ਮਹਿੰਗਾਈ ਨੇ ਵੀ ਆਮ ਲੋਕਾਂ ਵਿੱਚ ਨਾਰਾਜ਼ਗੀ ਵਧਾ ਦਿੱਤੀ ਹੈ। ਦਸੰਬਰ 2025 ਵਿੱਚ ਇਰਾਨੀ ਮੁਦਰਾ ਰਿਆਲ ਡਿਗ ਕੇ ਲਗਭਗ 1.45 ਮਿਲੀਅਨ ਪ੍ਰਤੀ ਅਮਰੀਕੀ ਡਾਲਰ ਤੱਕ ਪਹੁੰਚ ਗਈ, ਜੋ ਅਜ ਤੱਕ ਦਾ ਸਭ ਤੋਂ ਨੀਵਾਂ ਪੱਧਰ ਹੈ। ਸਾਲ ਦੀ ਸ਼ੁਰੂਆਤ ਤੋਂ ਰਿਆਲ ਦੀ ਕੀਮਤ ਅੱਧੀ ਹੋ ਚੁੱਕੀ ਹੈ। ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ 72 ਫ਼ੀਸਦੀ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਵਾਧਾ ਹੋ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 2026 ਦੇ ਬਜਟ ਵਿੱਚ 62 ਫ਼ੀਸਦੀ ਟੈਕਸ ਵਧਾਉਣ ਦੇ ਪ੍ਰਸਤਾਵ ਨੇ ਆਮ ਲੋਕਾਂ ਵਿੱਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ।
ਸੁਪਰੀਮ ਲੀਡਰ ਅਲੀ ਖ਼ਾਮੇਨੇਈ ਨੇ ਪ੍ਰਦਰਸ਼ਨਾਂ ਵਿੱਚ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਰਾਨੀ ਸਰਕਾਰੀ ਟੀ.ਵੀ. ਨੇ ਉਨ੍ਹਾਂ ਦਾ ਭਾਸ਼ਣ ਪ੍ਰਸਾਰਿਤ ਕੀਤਾ। ਖ਼ਾਮੇਨੇਈ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਾਂ ਪਿੱਛੇ ਵਿਦੇਸ਼ੀ ਏਜੰਟ ਹਨ, ਜੋ ਦੇਸ਼ ਵਿੱਚ ਹਿੰਸਾ ਭੜਕਾ ਰਹੇ ਹਨ। ਖ਼ਾਮੇਨੇਈ ਨੇ ਕਿਹਾ ਕਿ ਦੇਸ਼ ਵਿੱਚ ਕੁਝ ਦੰਗਈ ਹਨ, ਜੋ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾ ਕੇ ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਕਰਨਾ ਚਾਹੁੰਦੇ ਹਨ; ਪਰ ਇਰਾਨ ਦੀ ਇੱਕਜੁਟ ਜਨਤਾ ਆਪਣੇ ਸਾਰੇ ਦੁਸ਼ਮਣਾਂ ਨੂੰ ਹਰਾਏਗੀ। ਉਨ੍ਹਾਂ ਨੇ ਟਰੰਪ ਨੂੰ ਕਿਹਾ ਕਿ ਉਹ ਇਰਾਨ ਦੇ ਮਾਮਲਿਆਂ `ਚ ਦਖ਼ਲ ਦੇਣ ਦੀ ਬਜਾਏ ਆਪਣੇ ਦੇਸ਼ ਦੀਆਂ ਸਮੱਸਿਆਵਾਂ ਉੱਤੇ ਧਿਆਨ ਦੇਣ। ਉਨ੍ਹਾਂ ਹੋਰ ਕਿਹਾ, “ਇਸਲਾਮੀ ਗਣਰਾਜ ਲੱਖਾਂ ਮਹਾਨ ਲੋਕਾਂ ਦੇ ਖ਼ੂਨ ਨਾਲ ਸੱਤਾ ਵਿੱਚ ਆਇਆ ਹੈ। ਜੋ ਲੋਕ ਸਾਨੂੰ ਤਬਾਹ ਕਰਨਾ ਚਾਹੁੰਦੇ ਹਨ, ਉਨ੍ਹਾਂ ਅੱਗੇ ਇਸਲਾਮੀ ਗਣਰਾਜ ਕਦੇ ਨਹੀਂ ਝੁਕੇਗਾ।”
ਜ਼ਿਕਰ-ਏ-ਖ਼ਾਸ ਹੈ ਕਿ ਇਰਾਨ ਦੀ ਅਰਥਵਿਵਸਥਾ ਤੇਲ ਐਕਸਪੋਰਟ ਉੱਤੇ ਨਿਰਭਰ ਹੈ। 2024 ਵਿੱਚ ਇਰਾਨ ਦਾ ਕੁੱਲ ਐਕਸਪੋਰਟ ਲਗਭਗ 22.18 ਅਰਬ ਡਾਲਰ ਸੀ, ਜਿਸ ਵਿੱਚ ਤੇਲ ਅਤੇ ਪੈਟਰੋ-ਕੈਮੀਕਲਜ਼ ਦਾ ਵੱਡਾ ਹਿੱਸਾ ਸੀ, ਜਦਕਿ ਦਰਾਮਦ 34.65 ਅਰਬ ਡਾਲਰ ਰਹੀ, ਜਿਸ ਨਾਲ ਵਪਾਰਕ ਘਾਟਾ 12.47 ਅਰਬ ਡਾਲਰ ਹੋ ਗਿਆ। 2025 ਵਿੱਚ ਤੇਲ ਐਕਸਪੋਰਟ ਵਿੱਚ ਕਮੀ ਅਤੇ ਪਾਬੰਦੀਆਂ ਕਾਰਨ ਇਹ ਘਾਟਾ 15 ਅਰਬ ਡਾਲਰ ਤੱਕ ਵਧ ਗਿਆ।
ਮੁੱਖ ਵਪਾਰਕ ਸਾਥੀਆਂ ਵਿੱਚ ਚੀਨ (35 ਫ਼ੀਸਦੀ ਐਕਸਪੋਰਟ), ਤੁਰਕੀ, ਯੂ.ਏ.ਈ. ਅਤੇ ਇਰਾਕ ਸ਼ਾਮਲ ਹਨ। ਇਰਾਨ ਚੀਨ ਨੂੰ 90 ਫ਼ੀਸਦੀ ਤੇਲ ਐਕਸਪੋਰਟ ਕਰਦਾ ਹੈ। ਇਰਾਨ ਨੇ ਗੁਆਂਢੀ ਦੇਸ਼ਾਂ ਅਤੇ ਯੂਰੇਸ਼ੀਅਨ ਯੂਨੀਅਨ ਨਾਲ ਵਪਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ, 2025 ਵਿੱਚ ਜੀ.ਡੀ.ਪੀ. ਸਿਰਫ਼ 0.3 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪਾਬੰਦੀਆਂ ਹਟਣ ਜਾਂ ਪਰਮਾਣੂ ਸਮਝੌਤੇ ਦੀ ਵਾਪਸੀ ਤੋਂ ਬਿਨਾਂ ਵਪਾਰ ਅਤੇ ਰਿਆਲ ਦੀ ਕੀਮਤ ਸਥਿਰ ਕਰਨਾ ਮੁਸ਼ਕਲ ਰਹੇਗਾ। ਅਮਰੀਕਾ ਅਤੇ ਇਜ਼ਰਾਇਲ ਨਾਲ ਤਣਾਅ ਵਧ ਰਿਹਾ ਹੈ। ਭਵਿੱਖ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
