*ਨਵੀਂ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਰਚਾ ਛਿੜੀ
ਕੁਲਜੀਤ ਸਿੰਘ
ਹੈ ਤਾਂ ਇਹ ਪਾਣੀ ਤੋਂ ਪਹਿਲਾਂ ਮੌਜੇ ਲਾਹੁਣ ਜਿਹੀ ਗੱਲ, ਪਰ ਹੈ ਇਹ ਚਰਚਾ ਦਾ ਵਿਸ਼ਾ; ਕਿਉਂਕਿ ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਮਾਹੌਲ ਮਘਣ ਲੱਗ ਪਿਆ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਕਿਹੜੇ ਖੇਮੇ ਵਾਲੀ ਹੋਵੇਗੀ ਜਾਂ ਇਸ ਦਾ ਪ੍ਰਧਾਨ ਕੌਣ ਹੋਵੇਗਾ? ਇਹ ਕਿਆਫੇ ਹੁਣੇ ਤੋਂ ਲੱਗਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸਿੱਖ ਰਿਲੀਜੀਅਸ ਸੁਸਾਇਟੀ (ਸ਼ਿਕਾਗੋ) ਯਾਨੀ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਲਈ ਚੋਣਾਂ ਸਾਲ 2026 ਦੇ ਅਪਰੈਲ ਮਹੀਨੇ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ (ਸਿਲੈਕਸ਼ਨ/ਸਰਬਸੰਮਤੀ ਵੀ ਹੋ ਸਕਦੀ ਹੈ) ਦੇ ਮੱਦੇਨਜ਼ਰ ਹੁਣੇ ਤੋਂ ਸੰਗਤੀ ਧਿਰਾਂ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ।
ਪ੍ਰਬੰਧਕੀ ਬੋਰਡ ਦੇ ਪੰਜ ਨਵੇਂ ਮੈਂਬਰਾਂ ਅਤੇ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੇ ਇੱਕ ਮੈਂਬਰ ਦੀ ਚੋਣ ਸਬੰਧੀ ਕਿਹੜੇ ਕਿਹੜੇ ਉਮੀਦਵਾਰ ਮੈਦਾਨ ਵਿੱਚ ਨਿੱਤਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇੰਨਾ ਜ਼ਰੂਰ ਹੈ ਕਿ ਗੁਰਦੁਆਰੇ ਦੇ ਮਾਹੌਲ ਵਿੱਚ ਸ਼ਗੂਫੇ ਜ਼ਰੂਰ ਛੱਡੇ ਜਾਣ ਲੱਗੇ ਹਨ। ਦੱਸ ਦਈਏ ਕਿ ਪੰਜ ਮੈਂਬਰਾਂ ਦਾ ਸੇਵਾ-ਕਾਲ (ਕਾਰਜਕਾਲ) ਇਸ ਸਾਲ ਦੀ ਵਿਸਾਖੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਉਨ੍ਹਾਂ ਦੀ ਥਾਂ ਨਵੇਂ ਬੋਰਡ ਆਫ ਟਰੱਸਟੀ ਚੁਣੇ ਜਾਣੇ ਹਨ। ਇਸ ਸਭ ਦੇ ਚੱਲਦਿਆਂ ਚਰਚਾ ਇਹ ਵੀ ਹੈ ਕਿ ਕੁਝ ਨੇ ਆਪਣੇ ਆਪ ਦੀ ਅਤੇ ਕੁਝ ਨੇ ਆਪਣੇ ਚਹੇਤਿਆਂ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ ਹੈ; ਤੇ ਕੁਝ ਸੱਜਣ ਨਵੇਂ ਚਿਹਰਿਆਂ ਦੀ ਤਲਾਸ਼ ਵਿੱਚ ਵੀ ਹਨ, ਜੋ ਗੁਰੂ ਘਰ ਦੀ ਸੇਵਾ ਲਈ ਸਮਰਪਿਤ ਭਾਵਨਾ ਨਾਲ ਸਮਾਂ ਕੱਢ ਸਕਣ ਅਤੇ ਸਭ ਧਿਰਾਂ ਨੂੰ ਨਾਲ ਲੈ ਕੇ ਗੁਰਦੁਆਰੇ ਦੀ ਬਿਹਤਰੀ ਲਈ ਉਪਰਾਲੇ ਕਰ ਸਕਣ।
ਗੁਰਦੁਆਰੇ ਨਾਲ ਜੁੜੀਆਂ ਧੜੇਬੰਦਕ ਧਿਰਾਂ ਪ੍ਰਬੰਧਕੀ ਕਮੇਟੀ ਸਬੰਧੀ ਸਿਲੈਕਸ਼ਨ ਦੇ ਹੱਕ ਵਿੱਚ ਭੁਗਤਦੀਆਂ ਹਨ ਜਾਂ ਇਲੈਕਸ਼ਨ (ਚੋਣ) ਕਰਵਾਏ ਜਾਣ ਨੂੰ ਤਵੱਜੋ ਦਿੰਦੀਆਂ ਹਨ, ਇਹ ਹਾਲੇ ਕੁਝ ਵੀ ਤੈਅ ਨਹੀਂ। ਉਂਜ ਇਸ ਸਾਰੇ ਵਰਤਾਰੇ ਸਬੰਧੀ ਸੰਗਤਾਂ ਦੇ ਕੁਝ ਹਿੱਸੇ ਵਿੱਚ ਆਪੋ-ਆਪਣੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਦਿਲਚਸਪ ਤਾਂ ਇਹ ਚਰਚਾ ਵੀ ਹੈ ਕਿ ਦੇਖੋ ਐਤਕੀਂ ਪ੍ਰਧਾਨਗੀ ਦਾ ਗੁਣੀਆ ਕਿਸ `ਤੇ ਪੈਂਦਾ ਹੈ? ਉਂਜ ਇਹ ਗੱਲ ਵੀ ਕੁਝ ਲੋਕਾਂ ਦੀ ਜ਼ੁਬਾਨ `ਤੇ ਹੈ ਕਿ ਗੁਰਦੁਆਰਾ ਪ੍ਰਬੰਧ ਹੱਥਾਂ ਵਿੱਚ ਲੈਣ ਲਈ ਕੁਝ ਸ਼ਖਸੀਅਤਾਂ ਅੰਦਰੋ-ਅੰਦਰ ਸਰਗਰਮ ਹੋ ਗਈਆਂ ਹਨ। ਕੁਝ ਤਾਂ ਆਪਣੇ ਕਰੀਬੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਫਿੱਟ ਕਰਨ ਲਈ ਸਕੀਮਾਂ ਨੂੰ ਜਰਬਾਂ ਵੀ ਦੇਣ ਲੱਗ ਗਏ ਹਨ। ਵੱਖ-ਵੱਖ ਧਿਰਾਂ ਵੱਲੋਂ ਜੇ ਚੋਣ ਨਾ ਕਰਵਾਏ ਜਾਣ ਨੂੰ ਲੈ ਕੇ ਸਹਿਮਤੀ ਬਣਦੀ ਹੈ, ਤਾਂ ਵੀ ਸਿਲੈਕਸ਼ਨ ਦੀ ਵਿਧੀ ਅਪਣਾਏ ਜਾਣ ਸਬੰਧੀ ਧਿਰਾਂ ਦੇ ਆਪੋ-ਆਪਣੇ ਸਾਂਝੇ ਬੰਦਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਲ਼ਾਅ ਦੇ ਰੁਝਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਭਾਈਚਾਰੇ ਦੇ ਸਾਂਝੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਾਂ ਫਿਰ ਧਿਰ-ਪੱਧਰੀ ਪੱਲੜਾ ਭਾਰੂ ਹੁੰਦਾ ਹੈ! ਉਂਜ ਇਸ ਵਾਰ ਕੁਝ ਲੋਕ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਤਹੂ ਹਨ।
ਗੁਰਦੁਆਰਾ ਪੈਲਾਟਾਈਨ ਵਿੱਚ ਸਾਲ 2026 ਦੀ ਵਿਸਾਖੀ ਮੌਕੇ ਨਵਾਂ ਪ੍ਰਧਾਨ ਬਣਨ/ਚੁਣਨ ਨੂੰ ਲੈ ਕੇ ਪਿਛਲੇ ਦਿਨਾਂ ਦੌਰਾਨ ਦਬਵੀਂ ਸੁਰ ਵਿੱਚ ਗੱਲਬਾਤ ਹੋ ਰਹੀ ਹੈ। ਜਿਨ੍ਹਾਂ ਵੱਡੇ ਪਰਿਵਾਰਾਂ/ਰਿਸ਼ਤੇਦਾਰਾਂ ਦੀ ਅੰਗਲੀ-ਸੰਗਲੀ ਆਪਸ ਵਿੱਚ ਜੁੜੀ ਹੋਈ ਹੈ, ਉਨ੍ਹਾਂ ਦਾ ਅਸਰ ਵੀ ਇਨ੍ਹਾਂ ਚੋਣਾਂ ਵਿੱਚ ਬੜਾ ਕੁਝ ਸਪਸ਼ਟ ਕਰ ਦੇਵੇਗਾ। ਇੱਕ ਪਹਿਲੂ ਇਹ ਵੀ ਹੈ ਕਿ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਵੀ ਬੜੇ ਕਿੱਸੇ ਹਨ- ਪਹਿਲੀਆਂ ਕਮੇਟੀਆਂ ਦੇ ਗੋਚਰੇ ਉਹ ਕਿਸ ਕਿਸ ਸਥਿਤੀ ਤੋਂ ਗੁਜ਼ਰੇ, ਉਹ ਇਸ ਦੇ ਨਜ਼ਾਰੇ ਭਲੀਭਾਂਤ ਦੇਖ ਚੁਕੇ ਹਨ; ਕਿਉਂਕਿ ਵੱਡੀ ਜ਼ਿੰਮੇਵਾਰੀ ਦੀ ਸਥਿਤੀ ਦੇ ਨਾਲ ਨਾਲ ਪਿੱਠ `ਤੇ ਖੜ੍ਹੀ ਧਿਰ ਅਤੇ ਸਮਰਥਕਾਂ ਦਾ ਦਬਾਅ ਝੱਲਣ ਦਾ ਵਰਤਾਰਾ ਵੀ ਪੇਸ਼ ਹੋ ਜਾਂਦਾ ਹੈ।
ਖ਼ੈਰ! ਪ੍ਰਧਾਨ ਕੋਈ ਵੀ ਬਣੇ ਪਰ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਛਾਵੇਂ ਤੋਂ ਮੁਕਤ ਹੋਵੇ, ਕਿਸੇ ਅਖੌਤੀ ਸੰਪਰਦਾ ਦਾ ਸ਼ਰਧਾਲੂ ਸੇਵਕ ਤਾਂ ਉੱਕਾ ਹੀ ਨਾ ਹੋਵੇ!! ਅਤੇ ਨਾ ਹੀ ਵਿਚਾਰਧਾਰਕ ਸਹਿਹੋਂਦ ਦੀ ਸਥਿਤੀ ਵਿੱਚ ਵਿਰੋਧੀ ਧਿਰ ਦੀ ਹੋਂਦ ਮੰਨਣ ਤੋਂ ਇਨਕਾਰੀ ਹੋਵੇ!!! ਹਾਂ, ਗੁਰਮਤਿ ਦਾ ਅਨੁਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦਾ ਮੁਦੱਈ ਜ਼ਰੂਰ ਹੋਵੇ। ਜੇ ਗੁਰੂ ਘਰਾਂ ਦੀ ਪ੍ਰਬੰਧਕੀ ਕਮੇਟੀ ਗੁਰਮਤਿ ਵਿਰੋਧੀ ਵਿਚਾਰਾਂ ਵਾਲੀ ਅਤੇ ਕੱਟੜ ਬਿਰਤੀ ਵਾਲੀ ਹੋ ਜਾਵੇ ਜਾਂ ਚੁਣੀ ਜਾਣ ਲੱਗ ਪਵੇ ਤਾਂ ਗੁਰਮਤਿ ਵਿਚਾਰ ਦਾ ਘੱਟ ਤੇ ਮਨਮਤਿ ਦਾ ਬੋਲਬਾਲਾ ਵੱਧ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਂਜ ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਪੈਲਾਟਾਈਨ ਨਾਲ ਜੁੜੀ ਸੰਗਤ ਕਿਸੇ ਇੱਕ ਖਾਸ ਵਿਚਾਰਧਾਰਾ ਦੀ ਮੁਦੱਈ ਉੱਕਾ ਹੀ ਨਹੀਂ ਹੈ। ਇਸ ਲਈ ਜ਼ਾਹਰਾ ਤੌਰ `ਤੇ ਸੰਗਤ ਨੂੰ ਵੀ ਪੱਖਪਾਤ ਤੋਂ ਨਿਰਲੇਪ ਪ੍ਰਬੰਧਕ ਕਮੇਟੀ ਚੁਣਨ ਲਈ ਤਰੱਦਦ ਕਰਨਾ ਚਾਹੀਦਾ ਹੈ! ਨਹੀਂ ਤਾਂ ਧਿਰ ਪੱਧਰੀ ਵਿਚਾਰਧਾਰਕ ਪਾੜੇ ਗੁਰਦੁਆਰਾ ਸਿਆਸਤ ਵਿੱਚ ਸੰਗਤੀ ਪਾੜੇ ਦੇ ਉਭਾਰ ਦਾ ਕਾਰਨ ਬਣਨ ਤੋਂ ਸਿਰ ਨਹੀਂ ਛੰਡਿਆ ਜਾ ਸਕਦਾ।
ਉਂਜ ਆਮ ਤੌਰ `ਤੇ ਗੁਰਦੁਆਰਾ ਸਿਆਸਤ ਨੂੰ ਲੈ ਕੇ ਬਹੁਤੀਆਂ ਥਾਵਾਂ `ਤੇ ਇਹ ਗੱਲ ਸਪਸ਼ਟ ਹੈ ਕਿ ਪ੍ਰਬੰਧਕੀ ਧਿਰਾਂ ਦੇ ਪਿੱਛੇ ਖੜ੍ਹੀਆਂ ਧਿਰਾਂ ਦੀ ਵਿਚਾਰਧਾਰਾ ਸਿੱਧੇ-ਅਸਿੱਧੇ ਰੂਪ ਵਿੱਚ ਅਸਰ-ਅੰਦਾਜ਼ ਹੁੰਦੀ ਰਹੀ ਹੈ। ਮਨਮਰਜੀਆਂ ਦਾ ਬੋਲਬਾਲਾ ਵੀ ਹੋ ਜਾਂਦਾ ਰਿਹਾ ਹੈ ਅਤੇ ਵਿਰੋਧੀ ਧਿਰ ਨੂੰ ਟਿੱਚ ਜਾਨਣ ਦਾ ਰਵੱਈਆ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਭਰ ਆਉਂਦਾ ਰਿਹਾ ਹੈ। ਦਿਲਚਸਪ ਤਾਂ ਇਹ ਵੀ ਹੈ ਕਿ ਵੱਖ-ਵੱਖ ਸੰਸਥਾਵਾਂ ਵਿਚਲੀਆਂ ਵੱਖ-ਵੱਖ ਵਿਚਾਰਾਂ ਵਾਲੀਆਂ ਧਿਰਾਂ ਦੀ ਗੁਰਦੁਆਰਾ ਸਿਆਸਤ ਵਿੱਚ ਵਿਰੋਧਾਭਾਸੀ ਸ਼ਮੂਲੀਅਤ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਗੁਰਦੁਆਰਾ ਸਿਆਸਤ ਵਿੱਚ ਭਾਈਚਾਰੇ ਦੀਆਂ ਸਾਂਝੀਆਂ ਧਿਰਾਂ ਦੇ ਨਾਲ ਵਿਰੋਧੀ ਧਿਰਾਂ ਦੀ ਬੇਸ਼ੱਕ ਅਹਿਮੀਅਤ ਹੈ, ਪਰ ਜੇ ਵਿਰੋਧਾਭਾਸ ਸਕਾਰਾਤਮਕ ਲਹਿਜੇ ਦਾ ਹੋਵੇ ਤਾਂ ਭਾਈਚਾਰੇ ਦੀ ਬਿਹਤਰੀ ਵਿੱਚ ਖਾਸ ਭੂਮਿਕਾ ਅਦਾ ਕਰ ਸਕਦਾ ਹੈ।
ਖ਼ੈਰ! ਆਪਾਂ ਗੁਰਦੁਆਰਾ ਪੈਲਾਟਾਈਨ ਦੀ ਅਗਾਮੀ ਸੰਭਾਵੀ ਪ੍ਰਬੰਧਕੀ ਕਮੇਟੀ ਵੱਲ ਆਉਂਦੇ ਹਾਂ; ਦੇਖੋ ਹੁਣ ਕਿਹਦੇ-ਕਿਹਦੇ ਨਾਂ ਦੀ ਧੰਨ ਧੰਨ ਹੁੰਦੀ ਐ!! ਜੇ ਚੋਣ ਹੁੰਦੀ ਹੈ ਤਾਂ ਕਿਸ-ਕਿਸ ਧਿਰ ਦੇ ਕਿਹੜੇ-ਕਿਹੜੇ ‘ਸੇਵਕ’ ਪ੍ਰਬੰਧਕ ਕਮੇਟੀ ਲਈ ਨਾਮਜ਼ਦ ਹੋਣਗੇ ਜਾਂ ਕਿਹੜੇ-ਕਿਹੜੇ, ਕਿਸ-ਕਿਸ ਦੇ ਹੱਕ ਜਾਂ ਵਿਰੋਧ ਵਿੱਚ ਦਾਅ ਖੇਡਣਗੇ; ਇਹ ਜਿਉਂ-ਜਿਉਂ 2026 ਦੀ ਵਿਸਾਖੀ ਦਾ ਸਮਾਂ ਨਜ਼ਦੀਕ ਆਉਂਦਾ ਜਾਵੇਗਾ, ਤਿਉਂ-ਤਿਉਂ ਤਸਵੀਰ ਸਾਫ ਹੁੰਦੀ ਜਾਵੇਗੀ; ਪਰ ਦਿਲਚਸਪ ਇਹ ਹੈ ਕਿ ਇਸ ਸਬੰਧੀ ਗੁਰਦੁਆਰਾ ਮਾਹੌਲ ਵਿੱਚ ਸਰਗਰਮੀ ਹੁਣੇ ਤੋਂ ਸ਼ੁਰੂ ਹੋ ਗਈ ਹੈ। ਸੰਗਤ ਵਿੱਚ ਕੁਝ ਐਸੇ ਮੈਂਬਰ ਵੀ ਹਨ, ਜੋ ਗੁਰਦੁਆਰਾ ਹਦੂਦ ਅੰਦਰ ਸਭ ਕੁਝ ਠੀਕ ਹੁੰਦਾ ਤਾਂ ਦੇਖਣਾ ਚਾਹੁੰਦੇ ਹਨ, ਪਰ ਆਪ ਮੂਹਰੇ ਹੋ ਕੇ ਗੁਰਦੁਆਰਾ ਸਿਆਸਤ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ; ਕਿਉਂਕਿ ਭਾਈਚਾਰਕ ਤੌਰ `ਤੇ ਵਿਚਰਦਿਆਂ ਉਹ ਧਿਰ ਬਣਨ ਨੂੰ ਤਵੱਜੋ ਨਹੀਂ ਦਿੰਦੇ।
ਖ਼ੈਰ! ਮੇਰੀ ਯਾਦ ਦੇ ਝਰੋਖੇ ਵਿੱਚ ਪੰਜਾਬੀ ਦੀ ਇੱਕ ਪੁਰਾਣੀ ਫਿਲਮ ਦਾ ਸੀਨ ਘੁੰਮ ਰਿਹਾ ਹੈ; ਪਰ ਧੁੰਦਲਾ-ਧੁੰਦਲਾ ਜਿਹਾ। ਸ਼ਾਇਦ ਕੁਝ ਸੱਜਣਾਂ ਨੂੰ ਯਾਦ ਆ ਵੀ ਜਾਵੇ। ਫਿਲਮ ਦੇ ਸੀਨ ਮੁਤਾਬਿਕ ਗੱਲ ਸ਼ਾਇਦ ਇਉਂ ਬਣੀ ਕਿ ਗੁਆਂਢ `ਚ ਰਹਿੰਦੇ ਸ਼ਰਾਰਤੀ ਜਾਂ ਵੈਲੀ ਕਿਸਮ ਦੇ ਬੰਦਿਆਂ ਨੇ ਜੁਗਾੜ ਲਾ ਕੇ ਗੁਆਂਢੀਆਂ ਦੀ ਬੱਕਰੀ ਚੋਰੀ ਕਰ ਲਈ। ਇੰਨੇ ਨੂੰ, ਜਿਨ੍ਹਾਂ ਦੀ ਬੱਕਰੀ ਗੁਆਚੀ ਸੀ, ਉਹ ਲੱਭਦੇ ਲੱਭਦੇ ਉਸੇ ਘਰ ਦੇ ਬਾਰ ਮੂਹਰੇ ਆ ਖੜੇ। ਉਨ੍ਹਾਂ ਨੂੰ ਖਬਰ ਨਾ ਹੋ ਜਾਣ ਦਾ ਸੋਚ ਕੇ ਨਿਗ੍ਹਾ ਰੱਖ ਰਹੇ ਬੰਦੇ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, “ਜਿਨ੍ਹਾਂ ਦੀ ਚੁੱਕੀ ਬੱਕਰੀ, ਉਹ ਆਣ ਖੜੇ ਦੁਆਰ; ਦੱਬ ਕੇ ਢੱਕਣ ਲਾ ਲਿਓ, ਭਾਫ ਨਾ ਨਿਕਲੇ ਬਾਹਰ!” …ਕਿਉਂਕਿ ਭਾਫ ਸਾਰਾ ਭੇਤ ਖੋਲ੍ਹ ਦਿੰਦੀ ਹੈ ਕਿ ਕੁਝ ਨਾ ਕੁਝ ਤਾਂ ਰਿੱਝ ਹੋ ਰਿਹਾ ਹੈ! ਸਿਆਣਿਆਂ ਨੇ ਕਿਹਾ ਹੈ, “ਢਕੀ ਰਿੱਝੇ, ਕੋਈ ਨਾ ਬੁੱਝੇ।” ਪਰ ਭਾਫ ਜਦੋਂ ਢਕੀ ਤੋਂ ਵੀ ਨਿਕਲਣੀ ਸ਼ੁਰੂ ਹੋ ਜਾਵੇ ਤਾਂ ਦੇਖਣ ਵਾਲੇ ਦੀ ਇਹ ਜਾਨਣ ਲਈ ਉਤਸੁਕਤਾ ਵਧ ਜਾਂਦੀ ਹੈ ਕਿ ਅੰਦਰ ਕੀ ਰਿੱਝਦਾ ਹੈ! ਬਸ ਅਜਿਹੀਆਂ ਹੀ ਕਿਆਸਅਰਾਈਆਂ ਦੀਆਂ ਭਾਫਾਂ- ਸਿਆਸਤ, ਸਮਾਜ ਤੇ ਧਰਮ ਨਾਲ ਜੁੜੀਆਂ ਸ਼ਿਕਾਗੋ ਦੀਆਂ ਸਫਾਂ ਵਿੱਚ ਉਡ ਰਹੀਆਂ ਹਨ।
ਇੱਕ ਗੱਲ ਹੋਰ! ਪਿੱਛੇ ਜਿਹੇ ਕਿਸੇ ਸੱਜਣ ਨੇ ਇਹ ਗੱਲ ਸਰਸਰੀ ਮੂੰਹੋਂ ਕੱਢ ਦਿੱਤੀ ਕਿ ਗੁਰਦੁਆਰਾ ਪੈਲਾਟਾਈਨ ਨਾਲ ਕਾਫੀ ਸੰਗਤ ਜੁੜ ਗਈ ਹੈ, ਵਿਸ਼ੇਸ਼ ਦਿਨ-ਦਿਹਾਰ `ਤੇ ਗੁਰਦੁਆਰਾ ਭਰਿਆ ਹੁੰਦਾ ਹੈ। ਖਾਸ ਸਮਾਗਮਾਂ ਮੌਕੇ ਗੁਰਦੁਆਰੇ ਦੇ ਅਹਾਤੇ ਵਿੱਚ ਗੱਡੀ ਪਾਰਕ ਕਰਨ ਨੂੰ ਥਾਂ ਨਹੀਂ ਲੱਭਦੀ। (ਉਂਜ ਇਹ ਨੌਬਤ ਖਾਸ ਦਿਨ-ਦਿਹਾਰ `ਤੇ ਹੀ ਆਉਂਦੀ ਹੈ।) ਖ਼ੈਰ! ਸਵਾਲ ਵਰਗੀ ਉਸ ਸੱਜਣ ਦੀ ਸਲਾਹ ਸੀ ਕਿ ਇਸ ਗੁਰਦੁਆਰੇ ਦੀ ਇੱਕ ਬ੍ਰਾਂਚ ਹੋਰ ਖੋਲ੍ਹ ਲਈ ਜਾਵੇ ਤਾਂ ਠੀਕ ਨਹੀਂ ਰਹੂ? ਕਿਉਂਕਿ ਜਿਹੜੀ ਸੰਗਤ ਦੂਰੋਂ ਆਉਂਦੀ ਹੈ, ਉਨ੍ਹਾਂ ਨੂੰ ਸੌਖ ਹੋ ਜਾਵੇਗੀ। ਵਿਚਾਰ ਤਾਂ ਚੱਜ ਦਾ ਹੈ, ਪਰ ਮਸਲਾ ਪ੍ਰਬੰਧ ਸਾਂਭਣ ਵਾਲੀ ਧਿਰ `ਤੇ ਆ ਕੇ ਪੇਚੀਦਗੀ ਵਾਲਾ ਬਣ ਜਾਣਾ ਹੈ। ਇਸ ਨਾਲ ਸ਼ਾਇਦ ਇਹ ਸਮੱਸਿਆ ਹੋਰ ਦਰਪੇਸ਼ ਹੋ ਜਾਵੇ ਕਿ ਇੱਕ ਧਿਰ ਜਾਂ ਕੋਈ ਨਵੀਂ ਧਿਰ ਦਾ ਉਭਾਰ ਹੋ ਸਕਦਾ ਹੈ। ਅਸਲ ਵਿੱਚ ਧਿਰਾਂ ਵਿੱਚ ਵੰਡੇ ਕੁਝ ਗੁਰਦੁਆਰੇ ਤਾਂ ਪਹਿਲਾਂ ਹੀ ਵਿਚਾਰਧਾਰਕ ਤੌਰ `ਤੇ ਵੱਖ-ਵੱਖ ਹਨ ਅਤੇ ਇਹ ਪਾੜਾ ਹੋਰ ਵੀ ਡੂੰਘਾ ਹੋ ਜਾਣ ਦੇ ਖਦਸ਼ੇ ਤੋਂ ਕਤੱਈ ਇਨਕਾਰ ਨਹੀਂ ਕੀਤਾ ਜਾ ਸਕਦਾ।
