ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਦਰਸ ਦਿੰਦੇ ਹੋਏ ਫ਼ੁਰਮਾਇਆ ਕਿ ਜ਼ਿੰਦਗੀ ਵਿੱਚ ਕੋਈ ਮੰਚ ਵਿਅਕਤੀ ਲਈ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਪ੍ਰਗਟਾਵਾ ਕਰਨ ਲਈ ਢੁਕਵਾਂ ਹੈ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਅਕਸਰ ਲੋਕ ਦੂਸਰਿਆਂ ਦੀਆਂ ਗੱਲਾਂ ਵਿੱਚ ਆ ਕੇ ਗਲਤ ਜਗ੍ਹਾ ਉੱਤੇ ਉਹ ਸਭ ਕੁਝ ਕਹਿਣ ਦੀ ਅਹਿਮਕਾਨਾ ਕੋਸ਼ਿਸ਼ ਕਰਦੇ ਹਨ, ਜਿੱਥੇ ਕਿ ਉਨ੍ਹਾਂ ਦੀ ਖਾਮੋਸ਼ੀ ਉਨ੍ਹਾਂ ਦੇ ਬੋਲਾਂ ਤੋਂ ਵਧੇਰੇ ਪੁਰਅਸਰ ਅਤੇ ਸਾਰਥਕ ਸਾਬਿਤ ਹੋ ਸਕਦੀ ਹੈ।
ਬੇਮੁਹਾਰੀਆਂ ਭਾਵਨਾਵਾਂ ਦੇ ਉਲਾਰ ਵਿੱਚ ਗਲਤ ਜਗ੍ਹਾ ਉੱਤੇ ਕਿਸੇ ਮਨੁੱਖ ਦੁਆਰਾ ਗਲਤ ਵਿਚਾਰਾਂ ਦਾ ਪ੍ਰਗਟਾਵਾ ਉਸ ਵਿਅਕਤੀ ਬਾਰੇ ਨਕਾਰਾਤਮਕ ਬਿਰਤਾਂਤ ਸਿਰਜਣ ਦੇ ਨਾਲ-ਨਾਲ ਉਸ ਬਾਰੇ ਕਿਸੇ ਵੱਲੋਂ ਸਥਾਪਤ ਕੀਤੀ ਗਈ ਨਕਾਰਾਤਮਕ ਰਾਏ ਜਾਂ ਧਾਰਨਾ ਨੂੰ ਪਹਿਲਾਂ ਨਾਲੋਂ ਹੋਰ ਵਧੇਰੇ ਪਰਪੱਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਲਿਹਾਜ਼ਾ ਕਿੱਥੇ ਬੋਲਣ ਨਾਲ ਤੁਸੀਂ ਸੁਰਖੁਰੂ ਹੁੰਦੇ ਹੋ ਅਤੇ ਕਿੱਥੇ ਚੁੱਪ ਰਹਿ ਕੇ ਤੁਹਾਡਾ ਗੁਜ਼ਾਰਾ ਚਲ ਸਕਦਾ ਹੈ, ਇਸ ਬਾਰੇ ਮਨੁੱਖ ਨੂੰ ਸੁਚੇਤ ਪੱਧਰ ਉੱਪਰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਜਦੋਂ ਮਸਲਾ ਸਵੈਮਾਣ ਜਾਂ ਤੁਹਾਡੇ ਬੁਨਿਆਦੀ ਹਿੱਤਾਂ ਦੀ ਰਾਖੀ ਦਾ ਹੋਵੇ ਤਾਂ ਨਿਸਚਿਤ ਤੌਰ ਉੱਪਰ ਵਿਅਕਤੀ ਦਾ ਉਤੇਜਿਤ ਹੋਣਾ ਜਾਇਜ਼ ਠਹਿਰਾਇਆ ਜਾ ਸਕਦਾ ਹੈ, ਲੇਕਿਨ ਸਧਾਰਨ ਪੱਧਰ ਉਤੇ ਹਲਕੇ-ਫੁਲਕੇ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਵੇਲੇ ਹਰ ਸ਼ਖਸ ਨੂੰ ਆਪਣੀ ਗੁਫ਼ਤਗੂ ਵਿੱਚ ਨਫਾਸਤ ਰੱਖਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਅੱਖਰਾਂ, ਅਲਫ਼ਾਜਾਂ ਅਤੇ ਵਾਕਾਂ ਦੇ ਉਚਾਰਨ ਵੇਲੇ ਵਰਤੀ ਗਈ ਬੇਧਿਆਨੀ ਜਾਂ ਬੇਸਮਝੀ, ਅਣਉਚਿਤ ਲਹਿਜ਼ਾ ਅਤੇ ਤੁਹਾਡੀ ਸੁਰ ਦਰਅਸਲ ਤੁਹਾਨੂੰ ਮਿਲੇ ਸੰਸਕਾਰਾਂ ਅਤੇ ਤੁਹਾਡੀ ਤਹਿਜ਼ੀਬ ਦੀ ਤਰਜਮਾਨੀ ਕਰਦੀ ਹੈ। ਆਮ ਤੌਰ ਉੱਪਰ ਮਨੁੱਖ ਬੋਲਣਾ ਤਾਂ ਆਪਣੇ ਜਨਮ ਬਾਅਦ ਦੋ ਤਿੰਨ ਸਾਲਾਂ ਵਿੱਚ ਸਿੱਖ ਜਾਂਦਾ ਹੈ, ਪਰ ਕਿੱਥੇ ਕੀ ਬੋਲਣਾ ਹੈ, ਇਸ ਨੂੰ ਸਿੱਖਦੇ-ਸਿੱਖਦੇ ਮਨੁੱਖ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ।
ਮੁਰਸ਼ਦ ਨੇ ਫ਼ੁਰਮਾਇਆ ਕਿ ਰੋਜ਼ਮੱਰ੍ਹਾ ਦੇ ਜੀਵਨ ਵਿੱਚ ਵੱਖ-ਵੱਖ ਪ੍ਰਸਥਿਤੀਆਂ, ਹਾਲਾਤ, ਮੌਕੇ ਅਸਲ ਵਿੱਚ ਉਹ ਕਸੌਟੀਆਂ ਹੁੰਦੀਆਂ ਹਨ, ਜੋ ਤੁਹਾਡੇ ਗੁਫ਼ਤਗੂ ਦੇ ਹੁਨਰ ਦਾ ਇਮਤਿਹਾਨ ਲੈਣ ਦੇ ਨਾਲ-ਨਾਲ ਤੁਹਾਡੇ ਸਬਰ, ਜਰਫ, ਇਲਮ ਅਤੇ ਤਜ਼ਰਬੇ ਨੂੰ ਪਰਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਤਵਾਰੀਖ਼ ਇਸ ਗੱਲ ਦੀ ਗਵਾਹ ਹੈ ਕਿ ਉਹ ਜੰਗਾਂ, ਜਿਨ੍ਹਾਂ ਨੇ ਕਈ ਮੁਲਕਾਂ ਨੂੰ ਤਬਾਹ ਕਰ ਦਿੱਤਾ, ਦਰਅਸਲ ਉਨ੍ਹਾਂ ਦੀ ਸ਼ੁਰੂਆਤ ਵਿੱਚ ਉਨ੍ਹਾਂ ਜੰਗਾਂ ਲਈ ਜ਼ਿੰਮੇਵਾਰ ਲੋਕਾਂ ਦੇ ਗੈਰ ਜਿੰਮੇਵਾਰਾਨਾ ਬੋਲਾਂ ਨੇ ਬਲਦੀ ਉੱਤੇ ਤੇਲ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਲੋਕ ਤਲਵਾਰ ਦਾ ਫੱਟ ਤਾਂ ਸਹਿ ਲੈਂਦੇ ਹਨ, ਪਰ ਕਿਸੇ ਦੀ ਤਲਖ਼ ਕਲਾਮੀ ਨੂੰ ਸਹਿਣ ਨਹੀਂ ਕਰਦੇ। ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਆਪਣੀ ਬੋਲਚਾਲ ਵਿੱਚ ਅਨੇਕਾਂ ਵਾਰ ਅਜਿਹੇ ਲਹਿਜ਼ੇ ਵਿੱਚ ਅਜਿਹੇ ਸ਼ਬਦਾਂ ਤੇ ਵਾਕਾਂ ਦਾ ਉਚਾਰਨ ਬਿਨਾ ਸੋਚੇ ਸਮਝੇ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਲੋਕਾਂ ਨਾਲ ਰਿਸ਼ਤਿਆਂ ਵਿੱਚ ਦੂਰੀਆਂ ਅਤੇ ਕੁੜੱਤਣ ਪੈਦਾ ਹੁੰਦੀ ਹੈ। ਮੁਰਸ਼ਦ ਨੇ ਫ਼ੁਰਮਾਇਆ ਕਿ ਯਾਦ ਰੱਖੋ ਕਿ ਮਨੁੱਖੀ ਰਿਸ਼ਤੇ ਕੋਮਲ ਅਹਿਸਾਸਾਂ ਦੀਆਂ ਤੰਦਾਂ ਨਾਲ ਬੱਝੇ ਹੁੰਦੇ ਹਨ। ਕੁਰੱਖਤ ਅਤੇ ਦਿਲ ਚੀਰਵੇਂ ਬੋਲ ਸੱਭਿਅਕ ਸਮਾਜ ਵਿੱਚ ਕਦੇ ਵੀ ਪ੍ਰਵਾਨਤ ਨਹੀਂ ਹੁੰਦੇ ਹਨ।
ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਤੁਸੀਂ ਆਪਣੇ ਬੋਲਾਂ ਨਾਲ ਸਥਾਈ ਰੂਪ ਵਿੱਚ ਕਿਸੇ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਵੀ ਸਕਦੇ ਹੋ ਅਤੇ ਆਪਣੇ ਬੋਲਾਂ ਨਾਲ ਕਿਸੇ ਦੀਆਂ ਨਜ਼ਰਾਂ ਤੋਂ ਸਦਾ ਲਈ ਡਿੱਗ ਵੀ ਸਕਦੇ ਹੋ। ਤੈਸ਼ ਵਿੱਚ ਆ ਕੇ ਬੋਲੇ ਬੋਲਾਂ ਦੀ ਅਕਸਰ ਇਨਸਾਨ ਨੂੰ ਦੇਰ-ਸਵੇਰ ਕੀਮਤ ਚੁਕਾਉਣੀ ਪੈਂਦੀ ਹੈ। ਇਨਸਾਨ ਆਪਣੇ ਅੰਦਾਜ਼-ਏ-ਗੁਫ਼ਤਗੂ ਦੇ ਜ਼ਰੀਏ ਵੱਡੀ ਤੋਂ ਵੱਡੀ ਗੁੰਝਲਦਾਰ ਸਮੱਸਿਆ ਦਾ ਹੱਲ ਬੜੀ ਆਸਾਨੀ ਨਾਲ ਕੱਢ ਸਕਦਾ ਹੈ। ਕਿਸੇ ਵਰਤਾਰੇ ਬਾਰੇ ਮਨੁੱਖ ਦਾ ਅੰਦਾਜ਼-ਏ-ਬਿਆਨ ਲੋਕਾਂ ਵਿੱਚ ਸਹਿਜ ਪੈਦਾ ਕਰਨ ਦੀ ਸਲਾਹੀਅਤ ਵੀ ਰੱਖਣ ਦੇ ਨਾਲ-ਨਾਲ ਲੋਕਾਂ ਵਿੱਚ ਬੇਲੋੜੀ ਉਕਸਾਹਟ, ਅਨਿਸ਼ਚਿਤਤਾ ਅਤੇ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਮੁਰਸ਼ਦ ਨੇ ਇਸ ਗੱਲ ਦੀ ਤਲਕੀਨ ਯਾਨੀ ਹਦਾਇਤ ਕੀਤੀ ਕਿ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਵਿਚਾਰਾਂ ਰਾਹੀਂ ਲੋਕਾਂ ਵਿੱਚ ਸਹਿਜ ਪੈਦਾ ਹੋਵੇ, ਜਿਊਣ ਦੀ ਉਮੰਗ ਅੰਗੜਾਈ ਲਵੇ ਅਤੇ ਕਿਸੇ ਮਹਿਫ਼ਿਲ ਵਿੱਚੋਂ ਤੁਹਾਡੇ ਜਾਣ ਤੋਂ ਬਾਅਦ ਲੋਕ ਵੀ ਤੁਹਾਨੂੰ ਸਕਾਰਾਤਮਕ ਸੰਦਰਭ ਵਿੱਚ ਯਾਦ ਕਰਨ। ਮਿੱਠੇ, ਦਿਲ ਟੁੰਬਵੇਂ ਅਤੇ ਆਪਣੇਪਣ ਨਾਲ ਲਬਰੇਜ਼ ਬੋਲਚਾਲ ਤੁਹਾਨੂੰ ਲੋਕਾਂ ਦੇ ਨਜ਼ਦੀਕ ਲੈ ਜਾਂਦੀ ਹੈ। ਤੁਸੀਂ ਆਪਣੇ ਸਕਾਰਾਤਮਕ ਨੁਕਤਾ-ਏ-ਨਿਗਾਹ ਨਾਲ ਪਰੀਪੂਰਨ ਬੋਲਣ-ਚਾਲਣ ਦੀ ਕਲਾ ਰਾਹੀਂ ਵਿਵਾਦਾਂ ਵਿੱਚ ਘਿਰਨ ਤੋਂ ਆਪਣਾ ਬਚਾਅ ਕਰ ਸਕਦੇ ਹੋ।
ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਜ਼ਿੰਦਗੀ ਵਿੱਚ ਦਰਅਸਲ ਤੁਸੀਂ ਆਪਣੇ ਸ਼ਬਦਾਂ ਦਾ ਖੱਟਿਆ ਹੀ ਖਾਂਦੇ ਹੋ। ਸਹੀ ਸਮੇਂ ਤੇ ਸਹੀ ਸਥਾਨ ਉੱਤੇ ਉਪਯੁਕਤ ਸ਼ਬਦਾਂ ਅਤੇ ਸ਼ਬਦਾਂ ਦੇ ਉਚਾਰਨ ਵਿੱਚ ਵਰਤਿਆ ਗਿਆ ਸਹਿਜ ਤੁਹਾਡੇ ਵਿਅਕਤੀਤੱਵ ਨੂੰ ਉਭਾਰਨ ਵਿੱਚ ਅਹਿਮ ਭੂਮਿਕਾ ਵੀ ਨਿਭਾਉਂਦਾ ਹੈ। ਤੁਹਾਡੇ ਵਲੋਂ ਵਰਤੇ ਗਏ ਸ਼ਬਦ ਦੂਸਰਿਆਂ ਦੀਆਂ ਸਿਮਰਤੀਆਂ ਅਤੇ ਦਿਲੋਂ-ਦਿਮਾਗ ਉਤੇ ਗਹਿਰੀ ਛਾਪ ਛੱਡਦੇ ਹਨ, ਲਿਹਾਜ਼ਾ ਆਪਣੇ ਲਹਿਜ਼ੇ, ਸ਼ਬਦਾਂ ਅਤੇ ਵਾਕਾਂ ਨੂੰ ਕਦੇ ਵੀ ਮਰਿਆਦਾਵਾਂ ਭੰਗ ਕਰਨ ਦੀ ਇਜਾਜ਼ਤ ਨਾ ਦਿਉ। ਤੁਹਾਡੇ ਬੋਲਾਂ ਵਿੱਚ ਸੰਜੀਦਗੀ, ਸੰਜਮ ਅਤੇ ਸ਼ਿਸ਼ਟਾਚਾਰ ਦੇ ਗੁਣ ਸਮੋਏ ਹੋਣੇ ਚਾਹੀਦੇ ਹਨ। ਮਨੁੱਖ ਨੂੰ ਇਸ ਗੱਲ ਦਾ ਬੜੀ ਬਾਰੀਕੀ ਨਾਲ ਅਹਿਸਾਸ ਹੋਣਾ ਚਾਹੀਦਾ ਹੈ ਕਿ ਸ਼ਬਦਾਂ ਦੀ ਖੇਡ ਹਮੇਸ਼ਾ ਪਰਸਪਰ ਸਤਿਕਾਰ ਦੀ ਭਾਵਨਾ ਨਾਲ ਖੇਡੀ ਜਾਣੀ ਚਾਹੀਦੀ ਹੈ। ਆਪਣੇ ਖ਼ਿਆਲਾਂ ਦੇ ਪ੍ਰਗਟਾਵੇ ਵੇਲੇ ਮਨੁੱਖ ਨੂੰ ਕਦੇ ਵੀ ਵਿਵੇਕ ਨਹੀਂ ਖੋਹਣਾ ਚਾਹੀਦਾ ਹੈ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਵਿਹਾਰਿਕ ਸੰਸਾਰ ਵਿੱਚ ਵਿਅਕਤੀ ਨੂੰ ਉਸ ਦੇ ਵਿਹਾਰ ਅਤੇ ਉਸ ਦੇ ਬੋਲਾਂ ਦੇ ਤਰਾਜੂ ਵਿੱਚ ਤੋਲਿਆ ਜਾਂਦਾ ਹੈ।
ਮੁਰਸ਼ਦ ਨੇ ਫ਼ੁਰਮਾਇਆ ਕਿ ਇਹ ਵੀ ਯਾਦ ਰਹੇ! ਸ਼ਬਦ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਵੀ ਹਨ ਅਤੇ ਤੋੜਦੇ ਵੀ ਹਨ। ਸੱਭਿਅਕ ਸਮਾਜ ਦੀ ਨੀਂਹ ਇਸ ਗੱਲ ਉਤੇ ਵੀ ਨਿਰਭਰ ਕਰਦੀ ਹੈ ਕਿ ਮਨੁੱਖ ਸ਼ਬਦਾਂ ਨੂੰ ਤੀਰਾਂ ਦੇ ਤੌਰ `ਤੇ ਇਸਤੇਮਾਲ ਕਰਦਾ ਹੈ ਜਾਂ ਫਿਰ ਸ਼ਬਦਾਂ ਨੂੰ ਮਲ੍ਹਮ ਦੇ ਤੌਰ `ਤੇ ਵਰਤਦਾ ਹੈ। ਇਹ ਇੱਕ ਅਟੱਲ ਸਚਾਈ ਹੈ ਕਿ “ਪਹਿਲਾਂ ਸੋਚੋ, ਫਿਰ ਬੋਲੋ”, ਹਰ ਯੁੱਗ ਵਿੱਚ ਇੱਕ ਪੱਥ ਪ੍ਰਦਰਸ਼ਕ ਦੇ ਤੌਰ `ਤੇ ਸੁਨਿਹਰੀ ਅਸੂਲ ਮੰਨਿਆ ਜਾਂਦਾ ਰਹੇਗਾ।
—
(*ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਯਮੁਨਾ ਨਗਰ, ਹਰਿਆਣਾ)
