ਪੰਜਾਬੀ ਜਿੱਥੇ ਵੀ ਗਏ, ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਯੂਰਪੀ ਦੇਸ ਆਈਸਲੈਂਡ ਵਿੱਚ ਵੱਸਦੇ ਪੰਜਾਬੀ ਬੇਸ਼ੱਕ ਘੱਟ ਗਿਣਤੀ ਵਿੱਚ ਹਨ, ਪਰ ਉਹ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹਨ। ਉਂਜ ਉੱਥੋਂ ਦੇ ਕਾਨੂੰਨੀ ਦਾਇਰੇ ਮੁਤਾਬਕ ਉਨ੍ਹਾਂ ਨੂੰ ਆਪਣੇ ਨਾਂ ਸਥਾਨਕ ਭਾਸ਼ਾ ਮੁਤਾਬਕ ਤਬਦੀਲ ਕਰਨਾ ਪੈਂਦਾ ਹੈ। ਜ਼ਿਆਦਾਤਰ ਪੰਜਾਬੀ ਪਰਿਵਾਰ ਆਈਸਲੈਂਡ ਦੀ ਰਾਜਧਾਨੀ ਰੇਕਜੈਵਿਕ ਵਿਖੇ ਹੀ ਵੱਸਦੇ ਹਨ ਤੇ ਜ਼ਿਆਦਾਤਰ ਸੂਚਨਾ ਤਕਨਾਲੋਜੀ, ਯੋਗਾ ਅਤੇ ਪ੍ਰਾਹੁਣਾਚਾਰੀ ਆਦਿ ਨਾਲ ਜੁੜੇ ਕਾਰਜਾਂ ਵਿੱਚ ਸਰਗਰਮ ਹਨ। ਪੇਸ਼ ਹੈ, ਇਸ ਬਾਰੇ ਸੰਖੇਪ ਜ਼ਿਕਰ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਯੂਰਪੀ ਮਹਾਂਦੀਪ ਵਿੱਚ ਸ਼ਾਮਿਲ ਆਈਸਲੈਂਡ ਕਈ ਪੱਖਾਂ ਤੋਂ ਇੱਕ ਮਹੱਤਵਪੂਰਨ ਦੇਸ਼ ਹੈ। ਇਹ ਆਇਰਲੈਂਡ ਤੋਂ ਥੋੜ੍ਹਾ ਛੋਟਾ ਹੈ ਤੇ ਇਥੇ ਜਵਾਲਾਮੁਖੀਆਂ ਅਤੇ ਗਲੇਸ਼ੀਅਰਾਂ ਦਾ ਕਾਫੀ ਬੋਲਬਾਲਾ ਹੈ। ਇਸ ਦੇਸ਼ ਦਾ 97.33 ਫ਼ੀਸਦੀ ਹਿੱਸਾ ਜ਼ਮੀਨੀ ਹੈ, ਜਦੋਂ ਕਿ 2.67 ਫ਼ੀਸਦੀ ਹਿੱਸਾ ਪਾਣੀ ਹੈ। ਇਹ ਅਸਲ ਵਿੱਚ ਗ੍ਰੀਨਲੈਂਡ ਅਤੇ ਨਾਰਵੇ ਦੇ ਵਿਚਕਾਰ ਸਥਿਤ ਹੈ। ਇਸਦਾ ਕੁੱਲ ਖੇਤਰਫ਼ਲ 39,769 ਵਰਗ ਮੀਲ ਤੇ ਇੱਥੋਂ ਦੀ ਕੁੱਲ ਆਬਾਦੀ ਚਾਰ ਲੱਖ ਦੇ ਕਰੀਬ ਹੈ; ਜਦੋਂ ਕਿ ਇਸਦੀ ਰਾਜਧਾਨੀ ਦਾ ਨਾਂ ਰੈਕਜੈਵਿਕ ਹੈ। ਆਈਸਲੈਂਡ ਦੁਨੀਆਂ ਦਾ ਇੱਕ ਅਜਿਹਾ ਮੁਲਕ ਹੈ, ਜੋ ਆਪਣੀ ਕੁਦਰਤੀ ਖ਼ੂਬਸੂਰਤੀ, ਅਮੀਰ ਸੱਭਿਆਚਾਰ, ਪ੍ਰਤਿਭਾਵਾਨ ਫ਼ਨਕਾਰਾਂ ਅਤੇ ਸ਼ਾਨਦਾਰ ਖਿਡਾਰੀਆਂ ਲਈ ਜਾਣਿਆ ਜਾਂਦਾ ਹੈ। ਇਸਨੂੰ ਬਹੁਤ ਹੱਦ ਤੱਕ ਦੁਨੀਆਂ ਦਾ ਇੱਕ ਸ਼ਾਂਤ ਅਤੇ ਜੁਰਮ ਰਹਿਤ ਮੁਲਕ ਕਿਹਾ ਜਾ ਸਕਦਾ ਹੈ, ਕਿਉਂਕਿ ਇੱਥੇ ਅਸ਼ਾਂਤੀ ਅਤੇ ਜੁਰਮ ਨਾਲ ਸਬੰਧਿਤ ਘਟਨਾਵਾਂ ਨਾਮਾਤਰ ਹੀ ਵਾਪਰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਮੁਲਕ ਕੋਲ ਕੋਈ ਫ਼ੌਜ ਨਹੀਂ ਹੈ ਤੇ ਇੱਥੋਂ ਦੇ ਪੁਲਿਸਕਰਮੀ ਆਪਣੇ ਕੋਲ ਬੰਦੂਕ ਨਹੀਂ ਰੱਖਦੇ ਹਨ। ਇਹ ਇੱਕ ਮਜਬੂਤ ਅਰਥ-ਵਿਵਸਥਾ ਵਾਲਾ ਅਮੀਰ ਮੁਲਕ ਹੈ। ਇੱਥੇ ਸੈਰ-ਸਪਾਟਾ, ਮੱਛੀ ਪਾਲਣ ਅਤੇ ਮੁੜਵਰਤੋ ਯੋਗ ਊਰਜਾ ਨਾਲ ਸਬੰਧਿਤ ਖੇਤਰ ਆਦਿ ਤੱਤ ਇਸ ਮੁਲਕ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ, ਜਿਸ ਕਰਕੇ ਇੱਥੋਂ ਦੀ ਜੀ.ਡੀ.ਪੀ, ਪ੍ਰਤੀ ਵਿਅਕਤੀ ਆਮਦਨ ਅਤੇ ਮਨੁੱਖੀ ਵਿਕਾਸ ਸੂਚਕ ਅੰਕ ਦੀਆਂ ਦਰਾਂ ਕਾਫ਼ੀ ਉੱਚੀਆਂ ਹਨ। ਇਹ ਮੁਲਕ ਸੰਨ 1944 ਵਿੱਚ ਡੈਨਮਾਰਕ ਤੋਂ ਆਜ਼ਾਦੀ ਹਾਸਿਲ ਕਰਕੇ ਇੱਕ ਗਣਤੰਤਰ ਬਣਿਆ ਸੀ।
ਆਈਸਲੈਂਡ ਵਿੱਚ ਵੱਸਦੇ ਭਾਰਤੀਆਂ ਦੀ ਜੇ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤੀਆਂ ਦੀ ਗਿਣਤੀ ਇੱਥੇ ਬਹੁਤ ਘੱਟ ਹੈ, ਪਰ ਹੌਲ਼ੀ-ਹੌਲ਼ੀ ਇਸ ਵਿੱਚ ਵਾਧਾ ਹੋ ਰਿਹਾ ਹੈ। ਇੱਥੇ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਸੂਚਨਾ-ਤਕਨਾਲੋਜੀ, ਹੈਲਥ ਕੇਅਰ, ਪ੍ਰਾਹੁਣਚਾਰੀ ਅਤੇ ਵਿੱਦਿਆ ਦੇ ਖੇਤਰ ਨਾਲ ਸਬੰਧਿਤ ਹਨ। ਇੱਥੇ ਰਹਿ ਰਹੇ ਭਾਰਤੀ ਲੋਕ ਦੀਵਾਲੀ ਅਤੇ ਹੋਲੀ ਸਣੇ ਵੱਖ-ਵੱਖ ਤਿਉਹਾਰ ਪੂਰੇ ਪ੍ਰੇਮ ਅਤੇ ਸ਼ਰਧਾ ਭਾਵਨਾ ਸਹਿਤ ਮਨਾਉਂਦੇ ਹਨ। ਇੱਥੇ ਪੱਕੇ ਹੋਣ ਦੀਆਂ ਦੋ ਮੁੱਖ ਸ਼ਰਤਾਂ ਹਨ। ਪਹਿਲੀ ਸ਼ਰਤ ਹੈ ਕਿ ਚਾਰ ਸਾਲ ਤੱਕ ਇੱਥੇ ਰਹਿਣਾ ਜ਼ਰੂਰੀ ਹੈ ਅਤੇ ਦੂਜੀ ਸ਼ਰਤ ਹੈ ਕਿ ਸਥਾਨਕ ਭਾਸ਼ਾ ਬੋਲਣ, ਲਿਖਣ ਤੇ ਸਮਝਣ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। ਸਾਲ 2006 ਤੋਂ ਇੱਥੇ ਭਾਰਤੀ ਦੂਤਾਵਾਸ ਵੀ ਸਥਿਤ ਹੈ।
ਸਾਲ 2025 ਦੇ ਪ੍ਰਾਪਤ ਅੰਕੜਿਆਂ ਅਨੁਸਾਰ ਆਈਸਲੈਂਡ ਵਿਖੇ ਵੱਸਣ ਵਾਲੇ ਪੰਜਾਬੀਆਂ ਦੀ ਗਿਣਤੀ ਕੇਵਲ ਸੌ ਕੁ ਦੇ ਆਸ-ਪਾਸ ਹੈ ਤੇ ਭਾਵੇਂ ਇੱਥੇ ਕੋਈ ਵੀ ਸਥਾਈ ਗੁਰਦੁਆਰਾ ਸਾਹਿਬ ਮੌਜੂਦ ਨਹੀਂ ਹੈ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਤੇ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂ ਸਿੱਖ ਇੱਥੇ ਕਿਸੇ ਸ਼ਰਧਾਲੂ ਦੇ ਘਰ ਅੰਦਰ ਜਾਂ ਕਿਸੇ ਯੋਗਾ ਕੇਂਦਰ ਅੰਦਰ ਅਸਥਾਈ ਤੌਰ ’ਤੇ ਬਣਾਏ ਗਏ ਗੁਰਦੁਆਰਾ ਸਾਹਿਬ ਵਿੱਚ ਸ਼ਰਧਾ ਤੇ ਮਰਿਆਦਾ ਅਨੁਸਾਰ ਪਾਠ-ਕੀਰਤਨ ਜ਼ਰੂਰ ਕਰਦੇ ਹਨ। ਇੱਥੇ ਅਖੰਡ ਪਾਠ ਸਾਹਿਬ ਰੱਖਣ, ਭੋਗ ਪਾਉਣ ਅਤੇ ਲੰਗਰ ਵਰਤਾਉਣ ਆਦਿ ਜਿਹੇ ਧਾਰਮਿਕ ਕਰਮ ਸ਼ਰਧਾਲੂਆਂ ਵੱਲੋਂ ਪੂਰੇ ਅਕੀਦੇ ਸਹਿਤ ਕੀਤੇ ਜਾਂਦੇ ਹਨ। ਨਾਨਕ ਨਾਮ ਲੇਵਾ ਪ੍ਰੇਮੀਆਂ ਅੰਦਰ ਇਹ ਖਿੱਚ ਹੈ ਕਿ ਛੇਤੀ ਤੋਂ ਛੇਤੀ ਆਈਸਲੈਂਡ ਵਿਖੇ ਇੱਕ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਵੇ ਤੇ ਇਸ ਸਬੰਧ ਵਿਚ ਨਿਰੰਤਰ ਵਿਚਾਰਾਂ ਚਲਦੀਆਂ ਰਹਿੰਦੀਆਂ ਹਨ। ਉਂਜ ਇੱਥੇ ਜ਼ਿਕਰਯੋਗ ਹੈ ਕਿ ਸੰਨ 2013 ਵਿੱਚ ਆਈਸਲੈਂਡ ਵਿਖੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਹੋਇਆ ਸੀ ਤੇ 5 ਅਗਸਤ 2013 ਨੂੰ ਪੂਰਨ ਗੁਰ ਮਰਿਆਦਾ ਸਹਿਤ ਇਥੇ ਉਨ੍ਹਾਂ ਦਾ ਪ੍ਰਕਾਸ਼ ਕੀਤਾ ਗਿਆ ਸੀ। 12 ਅਗਸਤ 2013 ਨੂੰ ਇਸ ਮੁਲਕ ਦੀ ਧਰਤੀ ’ਤੇ ਪਹਿਲੀ ਵਾਰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਕਿੰਨੀ ਦਿਲਚਸਪ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨ ਆਈਸਲੈਂਡ ਵਿਖੇ ਪੁਆਉਣ ਵਾਲੀ ਸਿੱਖ ਹਸਤੀ ਦਾ ਨਾਂ ਗੁਰਸੂਰਜ ਕੌਰ ਸੀ ਤੇ ਉਹ ਆਈਸਲੈਂਡ ਦੀ ਨਾਗਰਿਕ ਸੀ। ਉਹ ਦਰਅਸਲ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਧਰਮ ਤਬਦੀਲ ਕਰਨ ਉਪਰੰਤ ਸਿੱਖ ਬਣੀ ਸੀ। ਇਹ ਪੂਰੀ ਤਰ੍ਹਾਂ ਸੱਚ ਹੈ ਕਿ ਇਸ ਮੁਲਕ ਦੇ ਕਾਨੂੰਨ ਤਹਿਤ ਇੱਥੇ ਸ੍ਰੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਦੇ ਯਤਨ ਕਰਨਾ ਬੜਾ ਹੀ ਕਠਿਨ ਅਤੇ ਚੁਣੌਤੀਪੂਰਨ ਕਾਜ ਹੈ, ਪਰ ਸੰਗਤਾਂ ਨੂੰ ਪੂਰਨ ਭਰੋਸਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਆਪ ਸਹਾਈ ਹੋ ਕੇ ਸਭ ਰੁਕਾਵਟਾਂ ਦੂਰ ਕਰਨਗੇ ਅਤੇ ਸਭ ਚੁਣੌਤੀਆਂ ਪਾਰ ਕਰ ਕੇ ਇੱਥੇ ਇੱਕ ਦਿਨ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਜ਼ਰੂਰ ਹੋਵੇਗਾ।
ਆਈਸਲੈਂਡ ਵਿਖੇ ਪੰਜਾਬੀਆਂ ਵੱਲੋਂ ਆਪਣੀ ਸੰਖਿਆ ਅਤੇ ਤਾਕਤ ਵਧਾਉਣ ਦੇ ਯਤਨ ਨਿਰੰਤਰ ਕੀਤੇ ਜਾ ਰਹੇ ਹਨ। ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਵੱਸਦੇ ਤੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਬਹੁਤ ਸਾਰੇ ਪੰਜਾਬੀ ਲੋਕ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਤਿਉਹਾਰਾਂ ਤੇ ਗੁਰਪੁਰਬਾਂ ਮੌਕੇ ਨਿਰਧਾਰਿਤ ਥਾਵਾਂ ’ਤੇ ਇਕੱਤਰ ਹੋ ਜਾਂਦੇ ਹਨ ਅਤੇ ਸਥਾਨਕ ਵਾਸੀਆਂ ਨੂੰ ਕੀਰਤਨ ਤੇ ਲੰਗਰ ਰਾਹੀਂ ਆਪਣੀ ਪੰਜਾਬੀਅਤ ਦੀ ਝਲਕ ਵੀ ਵਿਖ਼ਾਉਂਦੇ ਹਨ। ਇਸੇ ਕਰਕੇ ਕੁਝ ਸਥਾਨਕ ਨਾਗਰਿਕਾਂ ਨੇ ਸਿੱਖ ਧਰਮ ਅਪਨਾਉਣ ਅਤੇ ਪੰਜਾਬੀ ਸਿੱਖ ਕੇ ਪਾਠ ਤੇ ਕੀਰਤਨ ਕਰਨ ਵਿੱਚ ਰੁਚੀ ਵਿਖਾਈ ਹੈ। ਪੰਜਾਬੀਆਂ ਨੇ ਇੱਥੋਂ ਦੇ ਸੱਭਿਆਚਾਰ ਅਤੇ ਲੋਕਾਂ ਨਾਲ ਸਾਂਝ ਪਾ ਕੇ ਆਪਣਾ ਦਾਇਰਾ ਵੱਡਾ ਕਰਨ ਅਤੇ ਪੰਜਾਬੀ ਬੋਲੀ ਤੇ ਸੱਭਿਆਚਾਰ ਤੋਂ ਸਥਾਨਕ ਨਾਗਰਿਕਾਂ ਨੂੰ ਜਾਣੂ ਕਰਵਾਉਣ ਦੀ ਮੁਹਿੰਮ ਪੂਰੀ ਸ਼ਿੱਦਤ ਨਾਲ ਚਲਾਈ ਹੋਈ ਹੈ। ਕੁਝ ਇੱਕ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਜਾਂ ਸਿੱਖ ਜਥੇਬੰਦੀਆਂ ਵੀ ਇਸ ਮੁਹਿੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਸੰਸਾਰ ਦੇ ਦੂਜੇ ਖਿੱਤਿਆਂ ਵਿੱਚ ਜਾ ਕੇ ਵੱਸਣ ਵਾਲੇ ਪੰਜਾਬੀਆਂ ਵਾਂਗ ਇੱਥੇ ਆ ਕੇ ਵੱਸਣ ਵਾਲੇ ਪੰਜਾਬੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਹਨ। ਸਭ ਤੋਂ ਵੱਡੀ ਸਮੱਸਿਆ ਇੱਥੇ ਨਾਂਵਾਂ ਨੂੰ ਲੈ ਕੇ ਹੈ। ਇੱਥੋਂ ਦਾ ਕਾਨੂੰਨ ਗ਼ੈਰ-ਆਈਸਲੈਂਡੀ ਨਾਂਵਾਂ ਨੂੰ ਮਾਨਤਾ ਨਹੀਂ ਦਿੰਦਾ ਹੈ, ਜਿਸ ਕਰਕੇ ਇੱਥੇ ਵੱਸਦੇ ਪੰਜਾਬੀਆਂ ਨੂੰ ਆਪਣੇ ਨਾਂਵਾਂ ਵਿਚ ਪਰਿਵਰਤਨ ਕਰਨੇ ਪੈ ਰਹੇ ਹਨ ਜਿਵੇਂ ਕਿ ‘ਮਨਜੀਤ ਸਿੰਘ’ ਨੂੰ ਬਦਲ ਕੇ ਸਥਾਨਕ ਅਤੇ ਕਾਨੂੰਨੀ ਲੋੜ ਅਨੁਸਾਰ ‘ਐਰੀ ਸਿੰਘ’ ਕਰ ਦਿੱਤਾ ਗਿਆ ਹੈ, ਕਿਉਂਕਿ ਸਥਾਨਕ ਕਾਨੂੰਨ ਅਨੁਸਾਰ ਹਰੇਕ ਨਾਗਰਿਕ ਦੇ ਨਾਂ ਦਾ ਪਹਿਲਾ ਹਿੱਸਾ ਸਥਾਨਕ ਭਾਸ਼ਾ ਵਿੱਚ ਹੀ ਹੋਣਾ ਚਾਹੀਦਾ ਹੈ। ਸਥਾਨਕ ਭਾਸ਼ਾ ਸਿੱਖਣ ਦੇ ਬਾਵਜੂਦ ਜ਼ਿਆਦਾਤਰ ਪੰਜਾਬੀ ਜਾਂ ਭਾਰਤੀ ਲੋਕ ਇੱਥੇ ਆਪਣੀ ਮਾਂ ਬੋਲੀ ’ਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ ਤੇ ਸਥਾਨਕ ਨਾਗਰਿਕਾਂ ਨੂੰ ਪੰਜਾਬੀ, ਹਿੰਦੀ ਜਾਂ ਤਾਮਿਲ ਭਾਸ਼ਾਵਾਂ ਦੇ ਸ਼ਬਦ ਸਿਖਾਉਣ ਵਿੱਚ ਸਫ਼ਲ ਹੋ ਚੁੱਕੇ ਹਨ। ਇਸ ਕਰਕੇ ਪੰਜਾਬੀਆਂ ਜਾਂ ਭਾਰਤੀਆਂ ਦੀ ਵੱਸੋਂ ਵਾਲੇ ਖੇਤਰਾਂ ਵਿੱਚ ਇੱਕ ਤੋਂ ਵੱਧ ਸੱਭਿਆਚਾਰਾਂ ਅਤੇ ਬੋਲੀਆਂ ਦਾ ਮਿਸ਼ਰਣ ਵੇਖਣ ਨੂੰ ਮਿਲ ਰਿਹਾ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਜ਼ਿਆਦਾਤਰ ਪੰਜਾਬੀ ਪਰਿਵਾਰ ਆਈਸਲੈਂਡ ਦੀ ਰਾਜਧਾਨੀ ਰੇਕਜੈਵਿਕ ਵਿਖੇ ਹੀ ਵੱਸਦੇ ਹਨ ਤੇ ਜ਼ਿਆਦਾਤਰ ਸੂਚਨਾ ਤਕਨਾਲੋਜੀ, ਯੋਗਾ ਅਤੇ ਪ੍ਰਾਹੁਣਾਚਾਰੀ ਆਦਿ ਨਾਲ ਜੁੜੇ ਕਾਰਜਾਂ ਵਿੱਚ ਸਰਗਰਮ ਹਨ। ਇੱਥੇ ਵੱਸਦਾ ਹਰੇਕ ਪੰਜਾਬੀ ਸ਼ਖ਼ਸ, ਇੱਥੇ ਨਵੇਂ ਆਉਣ ਵਾਲੇ ਪੰਜਾਬੀ ਜਾਂ ਭਾਰਤੀ ਦੀ ਭਰਪੂਰ ਮਦਦ ਕਰਦਾ ਹੈ। ਸੋ ਇਸ ਤਰ੍ਹਾਂ ਇੱਥੇ ਵੱਸਦੇ ਸਮੂਹ ਪੰਜਾਬੀ ਲੋਕ ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣਾ ਵਿਰਸਾ ਅਤੇ ਆਪਣੇ ਧਾਰਮਿਕ ਅਕੀਦੇ ਬਚਾਉਣ ਲਈ ਪੂਰੀ ਤਰ੍ਹਾਂ ਤਤਪਰ ਹਨ ਤੇ ਆਈਸਲੈਂਡ ਦੇ ਸਮਾਜ ਰੂਪੀ ਫ਼ੁਲਕਾਰੀ ਵਿੱਚ ਆਪਣੇ ਦੱਖਣ-ਏਸ਼ੀਆਈ ਸੱਭਿਆਚਾਰ ਰੂਪੀ ਧਾਗੇ ਨੂੰ ਬੁਣਨ ਲਈ ਪੂਰੇ ਸਮਰਪਣ ਸਹਿਤ ਯਤਨਸ਼ੀਲ ਹਨ। ਉੱਘੇ ਸਿੱਖ ਪ੍ਰਚਾਰਕ ਯੋਗੀ ਹਰਭਜਨ ਸਿੰਘ ਦੇ ਯਤਨਾਂ ਸਦਕਾ ਕੁਝ ਸਥਾਨਕ ਨਾਗਰਿਕਾਂ ਨੇ ਸਿੱਖ ਧਰਮ ਅਪਣਾਇਆ ਵੀ ਹੈ ਤੇ ਅਕੀਦੇ ਨਾਲ ਨਿਭਾਅ ਵੀ ਰਹੇ ਹਨ।
ਰਾਜਧਾਨੀ ਰੈਕਜੈਵਿਕ
ਰੈਕਜੈਵਿਕ ਦੇਸ਼ ਦੇ ਦੱਖਣ-ਪੱਛਮ ਵਿੱਚ ਫਾਕਸਾਫਲੋਈ ਖਾੜੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ। ਰੈਕਜੈਵਿਕ ਸ਼ਾਇਦ ਅਣਜਾਣ ਯੂਰਪੀਅਨ ਰਾਜਧਾਨੀਆਂ ਵਿੱਚੋਂ ਇੱਕ ਹੈ। ਅੱਜ ਇਹ ਬਿਨਾਂ ਸ਼ੱਕ ਆਈਸਲੈਂਡ ਦਾ ਆਰਥਿਕ, ਸੱਭਿਆਚਾਰਕ ਅਤੇ ਸਰਕਾਰੀ ਕੇਂਦਰ ਹੈ, ਪਰ ਸ਼ੁਰੂਆਤ ਕਦੇ ਵੀ ਆਸਾਨ ਨਹੀਂ ਹੁੰਦੀ। ਰੈਕਜੈਵਿਕ ਖੁਸ਼ਹਾਲ ਸਮੇਂ, ਸੰਕਟ ਦੇ ਸਮੇਂ ਅਤੇ ਵਿਦੇਸ਼ੀ ਦਬਦਬੇ ਵਿੱਚੋਂ ਲੰਘਿਆ। ਹਾਲਾਂਕਿ, ਇਸ ਵਿੱਚ ਉਨ੍ਹਾਂ ਲੋਕਾਂ ਨੂੰ ਪੇਸ਼ਕਸ਼ ਕਰਨ ਲਈ ਬਹੁਤ ਕੁਝ ਹੈ, ਜੋ ਇਸਨੂੰ ਖੋਜਣ ਦੀ ਹਿੰਮਤ ਕਰਦੇ ਹਨ। ਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ, ਇਹ ਦੁਨੀਆ ਦੀ ਸਭ ਤੋਂ ਉੱਤਰੀ ਰਾਜਧਾਨੀ ਅਤੇ ਆਈਸਲੈਂਡ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਆਈਸਲੈਂਡ ਦੀ ਲਗਭਗ 60% ਆਬਾਦੀ ਰਾਜਧਾਨੀ ਵਿੱਚ ਜਾਂ ਇਸਦੇ ਨੇੜੇ ਰਹਿੰਦੀ ਹੈ। ਆਕਾਰ ਵਿੱਚ ਛੋਟਾ ਹੋਣ ਦੇ ਬਾਵਜੂਦ ਇਹ ਸਾਹਸ, ਮਨੋਰੰਜਨ ਅਤੇ ਰੈਸਟੋਰੈਂਟ ਪੇਸ਼ਕਸ਼ਾਂ ਵਿੱਚ ਵੱਡਾ ਹੈ। ਆਈਸਲੈਂਡਿਕ ਵਿੱਚ ਰੈਕਜੈਵਿਕ ਦਾ ਅਰਥ ਹੈ- ‘ਸਿਗਰਟਨੋਸ਼ੀ ਵਾਲੀ ਖਾੜੀ।’ ਅਤੇ ਇਸਦਾ ਨਾਮ ਭੂ-ਤਾਪ ਊਰਜਾ ਦੇ ਕਾਰਨ ਜ਼ਮੀਨ ਤੋਂ ਨਿਕਲਣ ਵਾਲੇ ਭਾਫ਼ਾਂ ਦੇ ਕਾਰਨ ਪਿਆ ਹੈ।
ਅਜਿਹਾ ਲਗਦਾ ਹੈ ਕਿ ਇਸ ਖੇਤਰ ਵਿੱਚ ਹੀ ਨਾਰਵੇ ਤੋਂ ਵਾਈਕਿੰਗਜ਼ ਦੀ ਪਹਿਲੀ ਬਸਤੀ 870 ਦੇ ਆਸਪਾਸ ਸਥਾਪਿਤ ਕੀਤੀ ਗਈ ਸੀ। 18ਵੀਂ ਸਦੀ ਤੋਂ ਸ਼ੁਰੂ ਹੋ ਕੇ, ਟਾਪੂ ਦਾ ਉਦਯੋਗਿਕ ਵਿਕਾਸ ਸ਼ੁਰੂ ਹੋਇਆ। ਡੈਨਮਾਰਕ ਨੇ ਇਸਨੂੰ ਮੁੱਖ ਤੌਰ `ਤੇ ਕਪਾਹ ਉਦਯੋਗ ਦੇ ਸਥਾਨ ਵਜੋਂ ਵਰਤਿਆ। 1786 ਵਿੱਚ ਸ਼ਹਿਰ ਨੂੰ ਨਗਰਪਾਲਿਕਾ ਦਾ ਦਰਜਾ ਦਿੱਤਾ ਗਿਆ ਸੀ। 1843 ਵਿੱਚ ਇਹ ਸੰਸਦ ਦੀ ਸੀਟ ਬਣ ਗਿਆ ਅਤੇ 1918 ਵਿੱਚ ਇਹ ਆਈਸਲੈਂਡ ਦੀ ਰਾਜਧਾਨੀ ਬਣ ਗਿਆ। ਅੰਤ ਵਿੱਚ 1944 ਵਿੱਚ ਆਈਸਲੈਂਡ ਨੂੰ ਡੈਨਮਾਰਕ ਤੋਂ ਪੂਰਨ ਆਜ਼ਾਦੀ ਮਿਲੀ।
