ਸਹੂਲਤ ਦੀ ਕੀਮਤ-ਸਾਡੀ ਥਾਲ਼ੀ ਵਿੱਚ ਕੀ?
ਪੰਜਾਬੀ ਪਰਵਾਜ਼ ਬਿਊਰੋ
ਆਧੁਨਿਕ ਜੀਵਨ-ਸ਼ੈਲੀ ਵਿੱਚ ਪੈਕੇਟਬੰਦ ਅਤੇ ਤਿਆਰ-ਮਿਲਣ ਵਾਲਾ ਖਾਣਾ ਆਮ ਹੋ ਗਿਆ ਹੈ। ਤੇਜ਼ ਰਫ਼ਤਾਰ ਜ਼ਿੰਦਗੀ, ਸਮੇਂ ਦੀ ਕਮੀ ਅਤੇ ਬਾਜ਼ਾਰ ਵਿੱਚ ਹਰ ਸਮੇਂ ਉਪਲਬਧ ਖਾਣ-ਪੀਣ ਦੀਆਂ ਚੀਜ਼ਾਂ ਨੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਕਾਫ਼ੀ ਬਦਲ ਦਿੱਤਾ ਹੈ। ਪਰ ਹੁਣ ਵਿਗਿਆਨਕ ਅਧਿਐਨ ਇਹ ਚੇਤਾਵਨੀ ਦੇ ਰਹੇ ਹਨ ਕਿ ਇਹ ਸਹੂਲਤ ਸਾਡੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ।
ਫਰਾਂਸ ਦੇ ਵਿਗਿਆਨੀਆਂ ਵੱਲੋਂ ਕੀਤੇ ਗਏ ਇੱਕ ਨਵੇਂ ਅੰਤਰਰਾਸ਼ਟਰੀ ਅਧਿਐਨ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੈਕੇਟਬੰਦ ਖਾਣੇ ਵਿੱਚ ਵਰਤੇ ਜਾਣ ਵਾਲੇ ਪ੍ਰਿਜ਼ਰਵੇਟਿਵਜ਼ ਦਾ ਵਧੇਰੇ ਸੇਵਨ ਟਾਈਪ-2 ਡਾਇਬਟੀਜ਼ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਵਧਾ ਸਕਦਾ ਹੈ। ਇਹ ਅਧਿਐਨ ਪ੍ਰਸਿੱਧ ਵਿਗਿਆਨਕ ਜਰਨਲ ਨੇਚਰ ਕਮਿਊਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਕੀ ਕਹਿੰਦਾ ਹੈ ਅਧਿਐਨ?
ਇਸ ਅਧਿਐਨ ਵਿੱਚ ਫਰਾਂਸ ਦੇ ਇੱਕ ਲੱਖ ਤੋਂ ਵੱਧ ਬਾਲਗਾਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਸਾਰੇ ਲੋਕ 2009 ਤੋਂ 2023 ਤੱਕ ਚੱਲੇ ਨਿਊਟ੍ਰੀਨੈੱਟ-ਸਾਂਤੇ ਅਧਿਐਨ ਦਾ ਹਿੱਸਾ ਸਨ। ਇਨ੍ਹਾਂ ਲੋਕਾਂ ਤੋਂ ਸਾਲਾਂ ਤੱਕ ਉਨ੍ਹਾਂ ਦੇ ਭੋਜਨ, ਜੀਵਨ-ਸ਼ੈਲੀ, ਸਰੀਰਕ ਸਰਗਰਮੀ ਅਤੇ ਸਿਹਤ ਨਾਲ ਜੁੜੀ ਨਿਯਮਿਤ ਜਾਣਕਾਰੀ ਇਕੱਠੀ ਕੀਤੀ ਗਈ।
ਖ਼ਾਸ ਗੱਲ ਇਹ ਰਹੀ ਕਿ ਭਾਗੀਦਾਰਾਂ ਵੱਲੋਂ ਖਾਧੇ ਗਏ ਪੈਕੇਟਬੰਦ ਉਤਪਾਦਾਂ ਦੇ ਨਾਮ ਅਤੇ ਬ੍ਰਾਂਡ ਤੱਕ ਦਰਜ ਕੀਤੇ ਗਏ। ਇਸ ਤੋਂ ਬਾਅਦ ਵਿਗਿਆਨੀਆਂ ਨੇ ਇਹ ਜਾਣਿਆ ਕਿ ਲੋਕ ਅਸਲ ਵਿੱਚ ਕਿੰਨੀ ਮਾਤਰਾ ਵਿੱਚ ਪ੍ਰਿਜ਼ਰਵੇਟਿਵ ਖਾ ਰਹੇ ਹਨ।
ਪ੍ਰਿਜ਼ਰਵੇਟਿਵ ਕੀ ਹੁੰਦੇ ਹਨ?
ਪ੍ਰਿਜ਼ਰਵੇਟਿਵ ਉਹ ਰਸਾਇਣ ਹੁੰਦੇ ਹਨ, ਜੋ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਂਦੇ ਹਨ। ਅੱਜ ਦੁਨੀਆ ਭਰ ਵਿੱਚ ਵਿਕਣ ਵਾਲੇ ਬਹੁਤੇ ਪੈਕੇਟਬੰਦ ਭੋਜਨ ਵਿੱਚ ਇਹ ਰਸਾਇਣ ਵਰਤੇ ਜਾਂਦੇ ਹਨ। 2024 ਦੇ ਓਪਨ ਫੂਡ ਫੈਕਟਸ ਵਰਲਡ ਡਾਟਾਬੇਸ ਮੁਤਾਬਕ ਲਗਭਗ 35 ਲੱਖ ਖਾਣ-ਪੀਣ ਦੇ ਉਤਪਾਦਾਂ ਵਿੱਚੋਂ ਕਰੀਬ 7 ਲੱਖ ਤੋਂ ਵੱਧ ਉਤਪਾਦਾਂ ਵਿੱਚ ਘੱਟੋ-ਘੱਟ ਇੱਕ ਪ੍ਰਿਜ਼ਰਵੇਟਿਵ ਮੌਜੂਦ ਸੀ।
ਵਿਗਿਆਨੀਆਂ ਨੇ ਇਨ੍ਹਾਂ ਪ੍ਰਿਜ਼ਰਵੇਟਿਵਜ਼ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਰਸਾਇਣ ਸ਼ਾਮਲ ਹਨ, ਜੋ ਬੈਕਟੀਰੀਆ ਅਤੇ ਫੰਗਸ ਨੂੰ ਰੋਕਦੇ ਹਨ। ਦੂਜੀ ਸ਼੍ਰੇਣੀ ਵਿੱਚ ਐਂਟੀਓਕਸੀਡੈਂਟ ਪ੍ਰਿਜ਼ਰਵੇਟਿਵ ਆਉਂਦੇ ਹਨ, ਜੋ ਭੋਜਨ ਨੂੰ ਆਕਸੀਜਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।
ਹੈਰਾਨ ਕਰਨ ਵਾਲੇ ਨਤੀਜੇ
ਅਧਿਐਨ ਦੌਰਾਨ ਭੋਜਨ ਵਿੱਚ ਕੁੱਲ 58 ਕਿਸਮਾਂ ਦੇ ਪ੍ਰਿਜ਼ਰਵੇਟਿਵ ਪਾਏ ਗਏ। ਇਨ੍ਹਾਂ ਵਿੱਚੋਂ 17 ਐਸੇ ਪ੍ਰਿਜ਼ਰਵੇਟਿਵ ਚੁਣੇ ਗਏ, ਜੋ ਘੱਟੋ-ਘੱਟ 10 ਫ਼ੀਸਦੀ ਲੋਕ ਨਿਯਮਿਤ ਤੌਰ ’ਤੇ ਖਾ ਰਹੇ ਸਨ।
ਨਤੀਜੇ ਕਾਫ਼ੀ ਚਿੰਤਾਜਨਕ ਸਨ। ਇਨ੍ਹਾਂ 17 ਵਿੱਚੋਂ 12 ਪ੍ਰਿਜ਼ਰਵੇਟਿਵ ਐਸੇ ਸਨ, ਜਿਨ੍ਹਾਂ ਦੇ ਵਧੇਰੇ ਸੇਵਨ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧਦਾ ਪਾਇਆ ਗਿਆ। ਇਨ੍ਹਾਂ ਵਿੱਚ ਪੋਟਾਸ਼ੀਅਮ ਸੋਰਬੇਟ, ਸੋਡੀਅਮ ਨਾਈਟ੍ਰਾਈਟ, ਕੈਲਸ਼ੀਅਮ ਪ੍ਰੋਪੀਓਨੇਟ, ਐਸੀਟਿਕ ਐਸਿਡ ਅਤੇ ਸੋਡੀਅਮ ਐਸੀਟੇਟ ਵਰਗੇ ਆਮ ਰਸਾਇਣ ਸ਼ਾਮਲ ਹਨ।
ਇਸ ਤੋਂ ਇਲਾਵਾ ਕੁਝ ਐਂਟੀਓਕਸੀਡੈਂਟ ਐਡਿਟਿਵਜ਼, ਜਿਵੇਂ ਸੋਡੀਅਮ ਐਸਕੋਰਬੇਟ, ਸਾਈਟ੍ਰਿਕ ਐਸਿਡ ਅਤੇ ਫਾਸਫੋਰਿਕ ਐਸਿਡ ਵੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ।
ਕਿੰਨਾ ਵਧਦਾ ਹੈ ਖ਼ਤਰਾ?
ਲਗਭਗ 14 ਸਾਲਾਂ ਦੀ ਨਿਗਰਾਨੀ ਦੌਰਾਨ 1,131 ਲੋਕਾਂ ਵਿੱਚ ਟਾਈਪ-2 ਡਾਇਬਟੀਜ਼ ਦੀ ਪਛਾਣ ਹੋਈ। ਅਧਿਐਨ ਮੁਤਾਬਕ ਜਿਹੜੇ ਲੋਕ ਬਹੁਤ ਵੱਧ ਮਾਤਰਾ ਵਿੱਚ ਪ੍ਰਿਜ਼ਰਵੇਟਿਵ ਖਾ ਰਹੇ ਸਨ, ਉਨ੍ਹਾਂ ਵਿੱਚ ਡਾਇਬਟੀਜ਼ ਦਾ ਖ਼ਤਰਾ 47 ਤੋਂ 49 ਫ਼ੀਸਦੀ ਤੱਕ ਵੱਧ ਗਿਆ। ਐਂਟੀਓਕਸੀਡੈਂਟ ਐਡਿਟਿਵਜ਼ ਦੇ ਮਾਮਲੇ ਵਿੱਚ ਵੀ ਲਗਭਗ 40 ਫ਼ੀਸਦੀ ਵਧੇਰਾ ਖ਼ਤਰਾ ਦੇਖਿਆ ਗਿਆ।
ਸਿਰਫ਼ ਡਾਇਬਟੀਜ਼ ਹੀ ਨਹੀਂ
ਇਸੇ ਕੜੀ ਵਿੱਚ ਫਰਾਂਸ ਤੋਂ ਆਈ ਇੱਕ ਹੋਰ ਵਿਗਿਆਨਕ ਰਿਪੋਰਟ ਨੇ ਇਹ ਵੀ ਦਰਸਾਇਆ ਹੈ ਕਿ ਉਦਯੋਗਿਕ ਤੌਰ ’ਤੇ ਤਿਆਰ ਕੀਤੇ ਖਾਣੇ ਵਿੱਚ ਮੌਜੂਦ ਪ੍ਰਿਜ਼ਰਵੇਟਿਵਜ਼ ਦਾ ਵਧੇਰਾ ਸੇਵਨ ਕੈਂਸਰ ਦੇ ਖ਼ਤਰੇ ਨੂੰ ਵੀ ਵਧਾ ਸਕਦਾ ਹੈ। ਇਹ ਅਧਿਐਨ ਪ੍ਰਸਿੱਧ ਮੈਡੀਕਲ ਜਰਨਲ ਦ ਬੀ.ਐੱਮ.ਜੇ. ਵਿੱਚ ਛਪਿਆ ਹੈ।
ਕੀ ਕਰਨਾ ਚਾਹੀਦਾ ਹੈ?
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਖੁਰਾਕ ਉਦਯੋਗ ਵਿੱਚ ਵਰਤੇ ਜਾਣ ਵਾਲੇ ਐਡਿਟਿਵਜ਼ ਅਤੇ ਪ੍ਰਿਜ਼ਰਵੇਟਿਵਜ਼ ਬਾਰੇ ਨੀਤੀਆਂ ਦੀ ਦੁਬਾਰਾ ਸਮੀਖਿਆ ਹੋਣੀ ਚਾਹੀਦੀ ਹੈ। ਨਾਲ ਹੀ ਲੋਕਾਂ ਨੂੰ ਤਾਜ਼ਾ, ਘੱਟ ਪ੍ਰੋਸੈਸ ਕੀਤਾ ਅਤੇ ਕੁਦਰਤੀ ਭੋਜਨ ਅਪਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਪੈਕੇਟਬੰਦ, ਡੱਬਾਬੰਦ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਖਾਣੇ ਤੋਂ ਸੰਭਵ ਹੋ ਸਕੇ ਤੱਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਖਾਣੇ ਦੇ ਪੈਕੇਟ ’ਤੇ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨਾ ਅਤੇ ਪ੍ਰਿਜ਼ਰਵੇਟਿਵਜ਼ ਦੀ ਮੌਜੂਦਗੀ ਦੀ ਜਾਂਚ ਕਰਨੀ ਅਜਿਹੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ।
ਨਤੀਜਾ: ਇਹ ਅਧਿਐਨ ਇੱਕ ਵਾਰ ਫਿਰ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੀ ਥਾਲੀ ਵਿੱਚ ਕੀ ਆ ਰਿਹਾ ਹੈ, ਇਹ ਸਿੱਧਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਹੈ। ਸਵਾਦ ਅਤੇ ਸਹੂਲਤ ਦੇ ਚੱਕਰ ਵਿੱਚ ਜੇ ਅਸੀਂ ਲਗਾਤਾਰ ਰਸਾਇਣਾਂ ਨਾਲ ਭਰਿਆ ਖਾਣਾ ਖਾਂਦੇ ਰਹੇ ਤਾਂ ਇਸ ਦੀ ਕੀਮਤ ਸਾਨੂੰ ਡਾਇਬਟੀਜ਼ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਰੂਪ ਵਿੱਚ ਚੁਕਾਉਣੀ ਪੈ ਸਕਦੀ ਹੈ। ਅਜਿਹੇ ਵਿੱਚ ਤਾਜ਼ਾ, ਸਧਾਰਣ ਅਤੇ ਕੁਦਰਤੀ ਭੋਜਨ ਹੀ ਸਿਹਤਮੰਦ ਜੀਵਨ ਦਾ ਸਭ ਤੋਂ ਸੁਰੱਖਿਅਤ ਰਸਤਾ ਹੈ।
