ਸੰਸਾਰ ਭਰ ’ਚ ਮੈਡੀਕਲ ਮਾਫ਼ੀਆ ਦਾ ਮਕੜ-ਜਾਲ

ਵਿਚਾਰ-ਵਟਾਂਦਰਾ

*ਦਵਾਈ ਮਨੁੱਖ ਲਈ ਹੈ ਜਾਂ ਮਨੁੱਖ ਦਵਾਈ ਲਈ?
ਸੁਸ਼ੀਲ ਦੁਸਾਂਝ
ਅੱਜ ਦਾ ਸੰਸਾਰ ਦਵਾਈਆਂ ਅਤੇ ਹਸਪਤਾਲਾਂ ਤੋਂ ਬਿਨਾ ਸੋਚਿਆ ਨਹੀਂ ਜਾ ਸਕਦਾ; ਪਰ ਇਸੇ ਸਿਹਤ ਪ੍ਰਣਾਲੀ ਦੇ ਅੰਦਰ ਇੱਕ ਅਜਿਹਾ ਜਾਲ ਵੀ ਤਿਆਰ ਹੋ ਚੁੱਕਾ ਹੈ, ਜਿਸਨੂੰ ਆਮ ਲੋਕ “ਦਵਾਈ ਮਾਫ਼ੀਆ” ਜਾਂ “ਮੈਡੀਕਲ ਮਾਫ਼ੀਆ” ਕਹਿੰਦੇ ਹਨ। ਇਹ ਕੋਈ ਇੱਕ ਕੰਪਨੀ ਜਾਂ ਇੱਕ ਦੇਸ਼ ਦੀ ਗੱਲ ਨਹੀਂ, ਸਗੋਂ ਸੰਸਾਰ ਭਰ ਵਿੱਚ ਫੈਲੀ ਉਸ ਪ੍ਰਣਾਲੀ ਦੀ ਗੱਲ ਹੈ, ਜਿੱਥੇ ਬਿਮਾਰੀ ਇਲਾਜ ਨਹੀਂ, ਸਗੋਂ ਵਪਾਰ ਬਣ ਜਾਂਦੀ ਹੈ।

ਵੱਡੀਆਂ ਦੇਸੀ ਤੇ ਵਿਦੇਸ਼ੀ ਦਵਾਈ ਕੰਪਨੀਆਂ ਉਹ ਧਿਰਾਂ ਹਨ, ਜਿਨ੍ਹਾਂ ਕੋਲ ਲੋਹੇ ਨੂੰ ਵੀ ਸੋਨਾ ਕਹਿ ਕੇ ਵੇਚਣ ਦੀ ਕਲਾ ਹੈ। ਇਹ ਲੋਕ ਦਵਾਈਆਂ ਨਹੀਂ, ਸੁਪਨੇ ਵੇਚਦੇ ਹਨ-ਲੰਬੀ ਉਮਰ ਦੇ, ਦਰਦ ਰਹਿਤ ਜ਼ਿੰਦਗੀ ਦੇ ਅਤੇ ਡਰ ਤੋਂ ਮੁਕਤੀ ਦੇ; ਪਰ ਅਕਸਰ ਇਹ ਸੁਪਨੇ ਆਮ ਬੰਦੇ ਦੇ ਖੂਨ ਦਾ ਆਖ਼ਰੀ ਕਤਰਾ ਤੱਕ ਨਿਚੋੜ ਲੈਂਦੇ ਹਨ।

ਬਿਮਾਰੀ ਦਾ ਵਪਾਰ
ਆਧੁਨਿਕ ਦਵਾਈ ਉਦਯੋਗ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਲਾਜ ਦੀ ਥਾਂ ਬਿਮਾਰੀ ਨੂੰ ਲੰਮਾ ਚਲਾਇਆ ਜਾਂਦਾ ਹੈ। ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਡਿਪ੍ਰੈਸ਼ਨ- ਇਹ ਸਾਰੀਆਂ ਬਿਮਾਰੀਆਂ ਅਜਿਹੀਆਂ ਬਣ ਗਈਆਂ ਹਨ, ਜਿਨ੍ਹਾਂ ਦਾ “ਪੱਕਾ ਇਲਾਜ” ਨਹੀਂ, ਸਗੋਂ “ਲਾਈਫਟਾਈਮ ਦਵਾਈ” ਹੈ।
ਇਹ ਸਵਾਲ ਅਕਸਰ ਉੱਠਦਾ ਹੈ ਕਿ ਜੇ ਵਿਗਿਆਨ ਚੰਦ ’ਤੇ ਪਹੁੰਚ ਸਕਦਾ ਹੈ, ਤਾਂ ਕੀ ਦਹਾਕਿਆਂ ਤੋਂ ਚੱਲ ਰਹੀਆਂ ਬਿਮਾਰੀਆਂ ਦਾ ਇਲਾਜ ਅਸੰਭਵ ਹੈ? ਜਾਂ ਫਿਰ ਇਲਾਜ ਲੱਭਣਾ ਹੀ ਮੈਡੀਕਲ ਮਾਫ਼ੀਆ ਦੇ ਮਨਸੂਬਿਆਂ ਦੇ ਖਿਲਾਫ਼ ਜਾਂਦਾ ਹੈ?

ਦਵਾਈਆਂ ਦੀ ਕੀਮਤ: ਅਸਲ ਲਾਗਤ ਅਤੇ ਲੁਕੀ ਕੀਮਤ
ਆਮ ਬੰਦੇ ਨੂੰ ਅਕਸਰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਜਿਹੜੀ ਦਵਾਈ ਖਰੀਦ ਰਿਹਾ ਹੈ, ਉਸ ਦੀ ਅਸਲ ਲਾਗਤ ਕੀ ਹੈ। ਕਈ ਦਵਾਈਆਂ ਦੀ ਤਿਆਰੀ ਲਾਗਤ 1–2 ਰੁਪਏ ਹੁੰਦੀ ਹੈ, ਪਰ ਉਸੇ ਦਵਾਈ ਦਾ ਪੈਕਟ 40–50 ਰੁਪਏ ਜਾਂ ਉਸ ਤੋਂ ਵੀ ਵੱਧ ਭਾਅ ’ਤੇ ਵੇਚਿਆ ਜਾਂਦਾ ਹੈ।
ਇਸ ਵੱਡੇ ਅੰਤਰ ਦੀ ਨਾ ਤਾਂ ਮਰੀਜ਼ ਨੂੰ ਸਹੀ ਜਾਣਕਾਰੀ ਮਿਲਦੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਪੂਰੀ ਪਾਰਦਰਸ਼ਤਾ ਦਿਖਾਈ ਜਾਂਦੀ ਹੈ। ਕਈ ਮੌਕਿਆਂ ’ਤੇ ਡਾਕਟਰ, ਦਵਾਈ ਕੰਪਨੀ ਅਤੇ ਮੈਡੀਕਲ ਸਟੋਰ ਇੱਕੋ ਲੜੀ ਦੀ ਕੜੀ ਬਣ ਜਾਂਦੇ ਹਨ, ਜਿਸਦਾ ਸਾਰਾ ਭਾਰ ਆਖ਼ਿਰਕਾਰ ਆਮ ਮਰੀਜ਼ ਨੂੰ ਝੱਲਣਾ ਪੈਂਦਾ ਹੈ।

ਕੋਵਿਡ ਮਹਾਮਾਰੀ: ਡਰ, ਦਵਾਈ ਅਤੇ ਦਬਾਅ
ਕੋਵਿਡ-19 ਮਹਾਮਾਰੀ ਨੇ ਤਾਂ ਇਸ ਪੂਰੇ ਸਿਸਟਮ ਨੂੰ ਬੇਨਕਾਬ ਕਰ ਦਿੱਤਾ। ਡਰ ਦਾ ਮਾਹੌਲ, ਲਾਕਡਾਊਨ, ਹਸਪਤਾਲਾਂ ਦੀ ਕਮੀ ਅਤੇ ਮੌਤਾਂ ਦੇ ਅੰਕੜਿਆਂ ਨੇ ਲੋਕਾਂ ਨੂੰ ਮਨੋਵਿਗਿਆਨਕ ਤੌਰ ’ਤੇ ਬੰਧਕ ਬਣਾ ਲਿਆ।
ਇਸੇ ਡਰ ਦੇ ਮਾਹੌਲ ਵਿੱਚ ਵੈਕਸੀਨ ਨੂੰ ਇੱਕ “ਇਕੱਲਾ ਰਾਹ” ਬਣਾਕੇ ਪੇਸ਼ ਕੀਤਾ ਗਿਆ। ਸਵਾਲ ਪੁੱਛਣ ਵਾਲਿਆਂ ਨੂੰ “ਵਿਗਿਆਨ ਵਿਰੋਧੀ” ਕਰਾਰ ਦੇ ਕੇ ਚੁੱਪ ਕਰਵਾ ਦਿੱਤਾ ਗਿਆ। ਇਸ ਦੌਰਾਨ ਇਹ ਸੱਚ ਵੀ ਸਾਹਮਣੇ ਆਇਆ ਕਿ ਵੱਡੀਆਂ ਦਵਾਈ ਕੰਪਨੀਆਂ ਨੇ ਕੁਝ ਸਾਲਾਂ ਵਿੱਚ ਹੀ ਹਜ਼ਾਰਾਂ ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ।
ਇਹ ਵੀ ਗੌਰਤਲਬ ਹੈ ਕਿ ਜਿੱਥੇ ਅਮੀਰ ਦੇਸ਼ਾਂ ਨੇ ਲੋੜ ਤੋਂ ਵੱਧ ਵੈਕਸੀਨ ਇਕੱਠੀ ਕਰ ਲਈ, ਉੱਥੇ ਗਰੀਬ ਦੇਸ਼ ਲੰਮੇ ਸਮੇਂ ਤੱਕ ਪਹਿਲੀ ਖੁਰਾਕ ਲਈ ਵੀ ਤਰਸਦੇ ਰਹੇ। ਇਹ ਸਿਹਤ ਦਾ ਸੰਕਟ ਸੀ ਜਾਂ ਮਨਾਫ਼ੇ ਦੀ ਦੌੜ; ਇਸ ਸਵਾਲ ਦਾ ਅੱਜ ਵੀ ਕੋਈ ਜੁਆਬ ਦੇਣ ਲਈ ਤਿਆਰ ਨਹੀਂ।

ਵੈਕਸੀਨ ਦੇ ਨਾਂ ’ਤੇ ਬੇਵਕੂਫ਼ੀ?
ਕੋਵਿਡ ਵੈਕਸੀਨਾਂ ਬਾਰੇ ਕਈ ਦੋਸ਼ ਲੱਗੇ, ਜਿਵੇਂ- ਲੰਬੇ ਸਮੇਂ ਦੇ ਪ੍ਰਭਾਵਾਂ ’ਤੇ ਪੂਰੀ ਖੋਜ ਦੀ ਕਮੀ; ਦਵਾਈ ਕੰਪਨੀਆਂ ਨੂੰ ਕਾਨੂੰਨੀ ਛੋਟ ਅਤੇ ਸਾਈਡ ਇਫੈਕਟਾਂ ’ਤੇ ਖੁੱਲ੍ਹੀ ਚਰਚਾ ਦੀ ਅਣਹੋਂਦ। ਭਾਵੇਂ ਵੈਕਸੀਨਾਂ ਨਾਲ ਕਈ ਜ਼ਿੰਦਗੀਆਂ ਬਚੀਆਂ, ਪਰ ਇਹ ਵੀ ਸੱਚ ਹੈ ਕਿ ਪੂਰੀ ਜਾਣਕਾਰੀ ਅਤੇ ਪਾਰਦਰਸ਼ਤਾ ਦੀ ਘਾਟ ਨੇ ਲੋਕਾਂ ਦੇ ਮਨ ਵਿੱਚ ਸ਼ੱਕ ਪੈਦਾ ਕੀਤਾ। ਡਰ ਅਤੇ ਅਗਿਆਨਤਾ ਹੀ ਮੈਡੀਕਲ ਮਾਫ਼ੀਆ ਦੀ ਸਭ ਤੋਂ ਵੱਡੀ ਤਾਕਤ ਹੈ।

ਭਾਰਤ ਦੇ ਹਵਾਲੇ ਨਾਲ ਸਥਿਤੀ
ਭਾਰਤ ਨੂੰ “ਦੁਨੀਆ ਦੀ ਫਾਰਮੇਸੀ” ਕਿਹਾ ਜਾਂਦਾ ਹੈ। ਇੱਥੇ ਬਣਦੀਆਂ ਜੈਨੇਰਿਕ ਦਵਾਈਆਂ ਕਈ ਵਿਕਸਿਤ ਦੇਸ਼ਾਂ ਨਾਲੋਂ ਕਾਫ਼ੀ ਸਸਤੀਆਂ ਹਨ; ਪਰ ਇਸਦੇ ਬਾਵਜੂਦ ਦੇਸ਼ ਦੇ ਅੰਦਰ ਮੈਡੀਕਲ ਮਾਫ਼ੀਆ ਦੀ ਪਕੜ ਬੇਹੱਦ ਮਜਬੂਤ ਹੈ। ਨਿੱਜੀ ਹਸਪਤਾਲਾਂ ਵਿੱਚ ਬਿਨਾਂ ਲੋੜ ਮਹਿੰਗੇ ਟੈਸਟ, ਫ਼ਜ਼ੂਲ ਸਰਜਰੀਆਂ ਅਤੇ ਲੰਬੇ ਦਵਾਈ ਕੋਰਸ ਆਮ ਗੱਲ ਬਣ ਚੁੱਕੇ ਹਨ। ਕੋਵਿਡ ਦੌਰਾਨ ਆਕਸੀਜਨ, ਬੈਡ ਅਤੇ ਇੰਜੈਕਸ਼ਨਾਂ ਦੀ ਕਾਲਾਬਾਜ਼ਾਰੀ ਨੇ ਸਾਬਤ ਕਰ ਦਿੱਤਾ ਸੀ ਕਿ ਮੌਤ ਦੇ ਸਾਹਮਣੇ ਵੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਤੱਥ, ਅੰਕੜੇ ਅਤੇ ਦਸਤਾਵੇਜ਼ੀ ਹਕੀਕਤ
ਵਿਸ਼ਵ ਪੱਧਰ ’ਤੇ ਫਾਰਮਾ ਉਦਯੋਗ ਦੀ ਕੁੱਲ ਕੀਮਤ 2023 ਤੱਕ ਕਰੀਬ 1.5 ਟ੍ਰਿਲੀਅਨ ਡਾਲਰ ਮੰਨੀ ਗਈ ਹੈ। ਸਿਰਫ਼ ਕੋਵਿਡ-19 ਦੇ ਦੋ ਸਾਲਾਂ (2020–2022) ਦੌਰਾਨ ਕੁਝ ਵੱਡੀਆਂ ਦਵਾਈ ਕੰਪਨੀਆਂ ਨੇ 100 ਅਰਬ ਡਾਲਰ ਤੋਂ ਵੱਧ ਮੁਨਾਫ਼ਾ ਕਮਾਇਆ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਹਰ ਸਾਲ ਕਰੀਬ 10 ਕਰੋੜ ਲੋਕ ਸਿਹਤ ਖਰਚਿਆਂ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਧੱਕੇ ਜਾਂਦੇ ਹਨ।
ਭਾਰਤ ਵਿੱਚ ਨੈਸ਼ਨਲ ਹੈਲਥ ਅਕਾਊਂਟਸ ਦੇ ਅਨੁਸਾਰ ਕੁੱਲ ਸਿਹਤ ਖਰਚ ਦਾ ਲਗਭਗ 47 ਫੀਸਦੀ ਲੋਕਾਂ ਨੂੰ ਆਪਣੀ ਜੇਬ ਤੋਂ ਦੇਣਾ ਪੈਂਦਾ ਹੈ। ਦਵਾਈਆਂ ਦੇ ਬ੍ਰਾਂਡਿਡ ਅਤੇ ਜੈਨੇਰਿਕ ਰੂਪਾਂ ਵਿੱਚ 10 ਤੋਂ 20 ਗੁਣਾ ਤੱਕ ਕੀਮਤੀ ਦਾ ਫਰਕ ਵੀ ਦਰਜ ਕੀਤਾ ਗਿਆ ਹੈ।

ਮੈਡੀਕਲ ਮਾਫ਼ੀਆ ਦੇ ਮਨਸੂਬੇ
ਮੈਡੀਕਲ ਮਾਫ਼ੀਆ ਦੇ ਮਨਸੂਬੇ ਸਪਸ਼ਟ ਹਨ- ਬਿਮਾਰੀਆਂ ਨੂੰ ਵਪਾਰ ਬਣਾਉਣਾ ਅਤੇ ਦਵਾਈਆਂ ਦੀ ਕੀਮਤ ’ਤੇ ਪੂਰਾ ਕਬਜ਼ਾ। ਡਾਕਟਰਾਂ ਤੇ ਹਸਪਤਾਲਾਂ ਨੂੰ ਆਪਣੇ ਨੈੱਟਵਰਕ ਵਿੱਚ ਰੱਖਣਾ ਅਤੇ ਸਰਕਾਰਾਂ ’ਤੇ ਦਬਾਅ ਬਣਾ ਕੇ ਕਾਨੂੰਨ ਆਪਣੇ ਹੱਕ ਵਿੱਚ ਕਰਵਾਉਣਾ। ਆਮ ਲੋਕਾਂ ਨੂੰ ਜਾਣਕਾਰੀ ਤੋਂ ਦੂਰ ਰੱਖਣਾ।

ਆਮ ਬੰਦੇ ਦੀ ਜ਼ਿੰਮੇਵਾਰੀ
ਇਸ ਜਾਲ ਤੋਂ ਬਚਣ ਲਈ ਸਿਰਫ਼ ਸਿਸਟਮ ਨੂੰ ਦੋਸ਼ ਦੇਣਾ ਕਾਫ਼ੀ ਨਹੀਂ। ਆਮ ਬੰਦੇ ਨੂੰ ਵੀ ਦਵਾਈ ਬਾਰੇ ਸਵਾਲ ਪੁੱਛਣੇ, ਜੈਨੇਰਿਕ ਦਵਾਈਆਂ ਦੀ ਮੰਗ ਕਰਨੀ, ਬਿਨਾ ਲੋੜ ਟੈਸਟਾਂ ਤੋਂ ਇਨਕਾਰ ਕਰਨਾ ਅਤੇ ਸਿਹਤ ਸੰਬੰਧੀ ਜਾਣਕਾਰੀ ਖੁਦ ਸਮਝਣੀ ਪਵੇਗੀ।
ਮੈਡੀਕਲ ਵਿਗਿਆਨ ਮਨੁੱਖਤਾ ਲਈ ਵਰਦਾਨ ਹੈ, ਪਰ ਜਦੋਂ ਇਹ ਮਨਾਫ਼ੇ ਦੀ ਮਸ਼ੀਨ ਬਣ ਜਾਵੇ, ਤਾਂ ਇਹੀ ਵਰਦਾਨ ਸਰਾਪ ਬਣ ਸਕਦਾ ਹੈ। ਸੰਸਾਰ ਨੂੰ ਬਚਾਉਣ ਵਾਲੀ ਦਵਾਈ ਵੀ ਗਲਤ ਹੱਥਾਂ ਵਿੱਚ ਪੈ ਕੇ, ਬੰਧਕ ਬਣਾਉਣ ਦਾ ਸਾਧਨ ਬਣ ਸਕਦੀ ਹੈ।
ਸਵਾਲ ਇਹ ਨਹੀਂ ਕਿ ਦਵਾਈਆਂ ਚਾਹੀਦੀਆਂ ਹਨ ਜਾਂ ਨਹੀਂ- ਸਵਾਲ ਇਹ ਹੈ ਕਿ ਦਵਾਈ ਮਨੁੱਖ ਲਈ ਹੈ ਜਾਂ ਮਨੁੱਖ ਦਵਾਈ ਲਈ?

Leave a Reply

Your email address will not be published. Required fields are marked *