ਦਾਵੋਸ ਕਾਨਫਰੰਸ
*ਜ਼ੇਲੰਸਕੀ ਨੂੰ ਮੁਲਕਾਂ ਦੀ ਖੇਤਰੀ ਅਖੰਡਤਾ ਦੀ ਚਿੰਤਾ
ਪੰਜਾਬੀ ਪਰਵਾਜ਼ ਬਿਊਰੋ
ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿੱਚ ਦੁਨੀਆਂ ਦੇ ਕੁਝ ਅਮੀਰਾਂ, ਚੀਫ ਐਗਜ਼ੈਕਟਿਵ ਅਫਸਰਾਂ ਅਤੇ ਰਾਜਨੀਤਿਕ ਆਗੂਆਂ ਦੀ ਹਾਲ ਹੀ ਵਿੱਚ ਹੋਈ ਕਾਨਫਰੰਸ ਵਿੱਚ ਕੁਝ ਦਿਲਚਸਪ ਚਰਚਾਵਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੜ੍ਹਕ ਮਾਰੀ ਕਿ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਮਦੂਰੋ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਕਮਾਂਡੋਆਂ ਨੇ ਇੱਕ ਗੁਪਤ ਕਿਸਮ ਦੇ ‘ਸੋਨਿਕ’ ਹਥਿਆਰ ਦੀ ਵਰਤੋਂ ਕੀਤੀ; ਉਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਆਦਰਸ਼ਵਾਦ ਦੀ ਲੇਸ ਵਾਲੀ ਪ੍ਰੈਕਟੀਕਲ ਪਹੁੰਚ ਬਾਰੇ ਭਾਸ਼ਨ ਲਈ ਰੱਜ ਕੇ ਪ੍ਰਸ਼ੰਸਾ ਖੱਟੀ।
ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਯੂਕਰੇਨ ਜੰਗ, ਟਰੰਪ ਵੱਲੋਂ ਗਰੀਨਲੈਂਡ ‘ਤੇ ਕਬਜ਼ੇ ਦੀ ਅਮਰੀਕੀ ਧਮਕੀ ਅਤੇ ਹੋਰ ਆਰਥਕ ਸਿਆਸੀ ਮਸਲਿਆਂ ‘ਤੇ ਚਰਚਾ ਹੋਈ। ਨਵੀਂ ਆ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਕਨੀਕ ਅਤੇ ਬਲੌਕ ਚੇਨ ਟੈਕਨੌਲੋਜੀ ਬਾਰੇ ਵੀ ਮਹੱਤਵਪੂਰਣ ਚਰਚਾਵਾਂ ਹੋਈਆਂ। ਇੱਥੇ ਰੂਸੀ ਪ੍ਰਤੀਨਿਧ ਨਾਲ ਗੱਲਬਾਤ ਲਈ ਪੁੱਜੇ ਯੂਕਰੇਨ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਜ਼ੇਲੰਸਕੀ ਨੇ ਕਿਹਾ ਕਿ ਖੇਤਰੀ ਅਖੰਡਤਾ ਦੇ ਮਸਲੇ ਹਾਲੇ ਵੀ ਅਣਹੱਲ ਹੋਏ ਪਏ ਹਨ।
ਇੰਝ ਬੀਤੀ 23 ਜਨਵਰੀ ਨੂੰ ਖਤਮ ਹੋਈ ਦਾਵੋਸ ਕਾਨਫਰੰਸ ਵਿੱਚ ਮੁੱਖ ਤੌਰ ‘ਤੇ ਮੁਲਕਾਂ ਦੇ ਆਪਸੀ ਝਗੜਿਆਂ, ਟੈਰਿਫ ਵਾਰ, ਵਧ ਰਹੇ ਕਰਜ਼ਿਆਂ, ਝੂਠੇ ਪ੍ਰਾਪੇਗੰਡੇ, ਦੇਸ਼ਾਂ ਵਿਚਕਾਰ ਡਿਗਦੇ ਵਿਸ਼ਵਾਸ, ਏ.ਆਈ. ਦੀ ਦੁਰਵਰਤੋਂ ਅਤੇ ਆਰਥਿਕ ਮੰਦੇ ਕਾਰਨ ਪੈਦਾ ਹੋ ਰਹੀ ਨਿਰਾਸ਼ਾ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਇਸ ਕਾਨਫਰੰਸ ਵਿੱਚ ਭਾਰਤ ਦੇ ਆਰਥਿਕ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧਤ ਇੱਕ ਵੱਡੇ ਵਫਦ ਨੇ ਹਿੱਸਾ ਲਿਆ। ਭਾਰਤੀ ਪ੍ਰਤੀਨਿਧਾਂ ਨੇ ਦੁਨੀਆਂ ਭਰ ਦੇ ਮੁਲਕਾਂ ਨੂੰ ਆਪਣੇ ਦੇਸ਼ ਨਾਲ ਵੱਡੇ ਵਪਾਰਕ ਕਾਰੋਬਾਰ ਲਈ ਸੱਦਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਨਫਰੰਸ ਦੌਰਾਨ ਚਾਰਟਰ ਆਫ ‘ਬੋਰਡ ਆਫ ਪੀਸ’ ‘ਤੇ ਦਸਤਖਤ ਕੀਤੇ। ਇਸ ਸਾਂਤੀ ਮਿਸ਼ਨ ਦਾ ਟਰੰਪ ਆਪ ਆਜੀਵਨ ਮੁਖੀ ਹੋਏਗਾ। ਇਹ ਬੋਰਡ ਸ਼ੁਰੂ ਤਾਂ ਗਾਜ਼ਾ ਵਿੱਚ ਅਮਨ ਅਮਾਨ ਕਾਇਮ ਕਰਨ ਲਈ ਕੀਤਾ ਗਿਆ ਸੀ, ਪਰ ਇਸ ਦੇ ਚਾਰਟਰ ਵਿੱਚ ਫਲਿਸਤੀਨ ਦਾ ਕੋਈ ਜ਼ਿਕਰ ਨਹੀਂ ਹੈ। ਅਰਜਨਟੀਨਾ ਅਤੇ ਹੰਗਰੀ ਸਮੇਤ 19 ਮੁਲਕਾਂ ਦੇ ਮੁਖੀਆਂ ਨੇ ਇਸ ਐਲਾਨਨਾਮੇ ‘ਤੇ ਦਸਤਖਤ ਕੀਤੇ। ਇਸ ਦਾ ਮੈਂਬਰ ਬਣਨ ਲਈ ਹਰ ਇੱਕ ਨੂੰ 1 ਬਿਲੀਅਨ ਡਾਲਰ ਦੇਣੇ ਹੋਣਗੇ। ਟਰੰਪ ਅਸਲ ਵਿੱਚ ਇਸ ਨੂੰ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਦੇ ਸਮਾਨੰਤਰ ਖੜ੍ਹਾ ਕਰਨ ਦਾ ਯਤਨ ਕਰ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਕਾਨਫਰੰਸ ਵਿੱਚ ਦਿੱਤੇ ਗਏ ਭਾਸ਼ਨ ਨੇ ਸਭ ਤੋਂ ਜ਼ਿਆਦਾ ਵਾਹ-ਵਾਹ ਖੱਟੀ। ਉਨ੍ਹਾਂ ਕਿਹਾ ਕਿ ਕਾਨੂੰਨ ਆਧਾਰਤ ਸੰਸਾਰ ਦਾ ਪੁਰਾਣਾ ਚਲਨ ਖਤਮ ਹੋ ਗਿਆ ਹੈ। ਮੁਲਕਾਂ ਦੀ ਮੌਜੂਦਾ ਆਪੋ-ਧਾਪੀ ਵਿੱਚ ਅਸੀਂ ਤੁਰ ਗਏ ਸੰਸਾਰ ਪ੍ਰਬੰਧ ਦੇ ਮਰਸੀਏ ਪੜ੍ਹਨ ਵਿੱਚ ਸਮਾਂ ਜ਼ਾਇਆ ਨਹੀਂ ਸਕਦੇ। ਸਾਨੂੰ ਨਵੀਂ ਦੁਨੀਆਂ ਵਿੱਚ ਦੇਸ਼ਾਂ ਦੀ ਆਜ਼ਾਦੀ (ਸਾਵਰਨਿਟੀ) ਦੀ ਰਾਖੀ ਲਈ ਨਵੇਂ ਨਿਯਮ ਬਣਾਉਣ ਲਈ ਯਤਨ ਕਰਨੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਰਗੇ ਮੱਧਲੀ ਸ਼ਕਤੀ ਰੱਖਣ ਵਾਲੇ ਮੁਲਕ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਸਾਰੀ ਚਰਚਾ ਸੁਪਰ ਪਾਵਰਾਂ ਦੁਆਲੇ ਘੁੰਮਦੀ ਹੈ, ਜਦਕਿ ‘ਮੱਧਲੀ ਤਾਕਤ’ ਰੱਖਣ ਵਾਲੇ ਕੈਨੇਡਾ ਵਰਗੇ ਮੁਲਕ ਵੀ ਸ਼ਕਤੀਹੀਣ ਨਹੀਂ ਹਨ। ਇਨ੍ਹਾਂ ਕੋਲ ਇਮਾਨਦਾਰੀ ਦੀ ਸ਼ਕਤੀ ਹੈ। ਇਨ੍ਹਾਂ ਮੁਲਕਾਂ ਨੂੰ ਇੱਕ ਮੇਜ਼ ‘ਤੇ ਜੁੜਨਾ ਚਾਹੀਦਾ ਹੈ, ਨਹੀਂ ਤਾਂ ਇਹ ਮੁਕਾਬਲਤਨ ਘੱਟ ਸ਼ਕਤੀ ਵਾਲੇ ਮੁਲਕ ਕਿਸੇ ਨਾ ਕਿਸੇ ਸੁਪਰ ਪਾਵਰ ਦਾ ਖਾਜਾ (ਮੀਨੂ) ਬਣ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੁਲਕਾਂ ਵਿਚਕਾਰ ਦੀਵਾਰਾਂ ਖੜ੍ਹੀਆਂ ਕਰਨ ਦਾ ਸਮਾਂ ਨਹੀਂ ਹੈ; ਸਗੋਂ ਮੇਲ-ਜੋਲ ਅਤੇ ਆਪਸੀ ਵਿਸ਼ਵਾਸ ਵਧਾਉਣ ਦੀ ਲੋੜ ਹੈ।
ਮੁੱਢ ਵਿੱਚ ਭਾਵੇਂ ਇਸ ਕਾਨਫਰੰਸ ਨੂੰ ਯੂਕਰੇਨ ਅਤੇ ਰੂਸ ਵਿਚਕਾਰ ਪਿਛਲੇ ਚਾਰ ਸਾਲ ਤੋਂ ਚੱਲ ਰਹੀ ਜੰਗ ਨੇ ਘੇਰੀ ਰੱਖਿਆ, ਪਰ ਬਾਅਦ ਵਿੱਚ ਹੋਰ ਮਸਲਿਆਂ ‘ਤੇ ਵੀ ਗੱਲ ਖੁਲ੍ਹਣ ਲੱਗੀ। ਟਰੰਪ ਨੇ ਗਰੀਨਲੈਂਡ ‘ਤੇ ਕਬਜੇ ਦੀ ਗੱਲ ਇੱਥੇ ਵੀ ਜਾਰੀ ਰੱਖੀ, ਪਰ ਸ਼ਾਂਤਮਈ ਢੰਗ ਨਾਲ ਗਰੀਨਲੈਂਡ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ- ਅਖੇ! ਨਹੀਂ ਤਾਂ ਰੂਸ-ਚੀਨ ਇਸ ਨੂੰ ਨਿਗਲ ਜਾਣਗੇ। ਉੱਤਰੀ ਧਰੁਵ ਦੇ ਨੇੜੇ ਗਰੀਨਲੈਂਡ ਛੋਟੀ ਜਿਹੀ ਆਬਾਦੀ ਵਾਲਾ ਵੱਡਾ, ਬਰਫੀਲਾ ਮੁਲਕ ਹੈ, ਕੈਨੇਡਾ ਨਾਲ ਜਿਸ ਦੀ ਸਰਹੱਦ ਲਗਦੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਹਿ ਚੁੱਕੇ ਹਨ। ਗਰੀਨਲੈਂਡ ਅਮਰੀਕਾ ਨੂੰ ਸੌਂਪਣ ਦੇ ਚਰਚੇ ਕਾਰਨ ਪੈਦਾ ਹੋਈ ਅਨਿਸ਼ਚਤਤਾ ਨੇ ਸਾਰੀ ਦੁਨੀਆਂ ਦੀ ਆਰਥਿਕ ਮੰਡੀ ਮੰਦੇ ਵਿੱਚ ਧੱਕ ਦਿੱਤੀ। ਸੈਨਸੈਕਸ ਧੜੱਮ ਕਰਕੇ ਡਿੱਗੇ। ਯੂਰਪ ਦੇ ਮੁਲਕਾਂ ਦੇ ਨੁਮਾਇੰਦੇ ਟਰੰਪ ਦੀ ਗਰੀਨਲੈਂਡ ਵਾਲੀ ਬੋਲਬਾਣੀ ਤੋਂ ਖਾਸੇ ਨਾਰਾਜ਼ ਨਜ਼ਰ ਆਏ।
ਦਾਵੋਸ ਸੰਮੇਲਨ ਤੋਂ ਪਹਿਲੀ ਸ਼ਾਮ ਟਰੰਪ ਨੇ ਇੱਕ ਹੋਰ ਬੰਬ ਸੁੱਟਿਆ ਕਿ ਜਿਹੜੇ ਯੂਰਪੀਨ ਮੁਲਕ ਅਮਰੀਕਾ ਦੇ ਗਰੀਨਲੈਂਡ ‘ਤੇ ਦਾਅਵੇ ਦਾ ਵਿਰੋਧ ਕਰਨਗੇ, ਉਨ੍ਹਾਂ ਦੀ ਅਮਰੀਕਾ ਵੱਲ ਐਕਸਪੋਰਟ ‘ਤੇ ‘ਟੈਰਿਫ’ ਲਗਾਇਆ ਜਾਵੇਗਾ। ਮੱਧ ਏਸ਼ੀਆ ਦੇ ਮੁਲਕਾਂ ਦਾ ਪਹਿਲਾਂ ਹੀ ਟਰੰਪ ਵਾਲੇ ਅਮਰੀਕਾ ਤੋਂ ਵਿਸ਼ਵਾਸ ਹਿੱਲਿਆ ਹੋਇਆ ਹੈ। ਹੁਣ ਯੂਰਪੀਅਨ ਮੁਲਕ ਵੀ ਟਰੰਪ ਤੋਂ ਨਾਰਾਜ਼ ਹਨ। ਯੂਰਪੀਅਨ ਮੁਲਕਾਂ ਦੇ ਬਹੁਤੇ ਉੱਚ ਅਧਿਕਾਰੀ ਸਮਝਦੇ ਹਨ ਕਿ ਟਰੰਪ ਦੀ ਪਹੁੰਚ ਹਮਲਾਵਰ ਅਤੇ ਭੱਦੀ ਹੈ। ਇਸ ਕਾਨਫਰੰਸ ਦੀ ਵੱਖੀ ‘ਤੇ ਰੂਸ ਦੇ ਰਾਸ਼ਟਰਪਤੀ ਦੇ ਪ੍ਰਤੀਨਿਧ ਦਮਿਤਰੇਵ, ਅਮਰੀਕੀ ਪ੍ਰਤੀਨਿਧ ਅਤੇ ਜ਼ੇਲੰਸਕੀ ਵਿਚਾਲੇ ਜੰਗ ਰੋਕਣ ਲਈ ਗੱਲਬਾਤ ਹੋਈ ਵੀ ਦੱਸੀ ਜਾਂਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਟੀਫਨ ਵਿਟਕੋਫ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਨ। ਉਸ ਨੂੰ ਗਾਜ਼ਾ ਪੀਸ ਬੋਰਡ ਵਿੱਚ ਸ਼ਾਮਲ ਹੋਣ ਦੀ ਦਾਅਵਤ ਵੀ ਦਿੱਤੀ ਗਈ ਹੈ। ਅਮਰੀਕਾ ਅਸਲ ਵਿੱਚ ਰੂਸ ਨੂੰ ਇਰਾਨ ਤੋਂ ਪਾਸੇ ਖਿੱਚਣ ਦਾ ਯਤਨ ਕਰ ਰਿਹਾ ਹੈ; ਜਦਕਿ ਇਰਾਨ ਦੀ ਘੇਰਾਬੰਦੀ ਲਗਾਤਾਰ ਤੰਗ ਕੀਤੀ ਜਾ ਰਹੀ ਹੈ। ਅਮਰੀਕਾ ਇਰਾਨ ‘ਤੇ ਹਮਲਾ ਕਰੇਗਾ ਜਾਂ ਨਹੀਂ, ਇਹ ਚਰਚਾ ਵੀ ਇੱਥੇ ਲਗਾਤਾਰ ਚੱਲਦੀ ਰਹੀ।
ਇਸ ਮਸਲੇ ਨੂੰ ਲੈ ਕੇ ਟਰੰਪ ਦਾ ਅਨਿਸ਼ਚਿਤ ਕਿਸਮ ਦਾ ਸੁਭਾਅ ਵਾਰ-ਵਾਰ ਚਰਚਾ ਦਾ ਵਿਸ਼ਾ ਬਣਦਾ ਰਿਹਾ। ਯੂਰਪੀਅਨ ਮੁਲਕਾਂ ਨਾਲ ਸੰਬੰਧਤ ਕੰਪਨੀਆਂ ਦੇ ਬਹੁਤੇ ਮੁਖੀਆਂ ਦਾ ਮਨ ਅਮਰੀਕਾ ਤੋਂ ਮੁੜਿਆ ਨਜ਼ਰ ਆਇਆ। ਕੈਨੇਡਾ ਦੇ ਵਿੱਤ ਮੰਤਰੀ ਫਰੈਨਕੋ ਫਲਿੱਪ ਨੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਚੀਫ ਐਗਜ਼ੈਕਟਿਵ ਅਫਸਰ ਸਥਿਰਤਾ, ਭਰੋਸੇਯੋਗਤਾ ਅਤੇ ਕਾਨੂੰਨ ਦਾ ਰਾਜ ਚਾਹੁੰਦੇ ਹਨ। ਇਸ ਸਾਰੇ ਕੁਝ ਦੀ ਹੀ ਅੱਜ-ਕੱਲ੍ਹ ਤੋਟ ਵਿਖਾਈ ਦੇ ਰਹੀ ਹੈ। ਜੇ.ਪੀ. ਮੌਰਗਨ ਦੇ ਚੀਫ ਐਗਜੈLਕਟਿਵ ਅਫਸਰ ਜੈਮੀ ਡਾਇਮਨ ਨੇ ਚਿਤਾਵਨੀ ਦਿੱਤੀ ਕਿ ਕਰੈਡਿਟ ਕਾਰਡ ਦੀਆਂ ਵਿਆਜ਼ ਦਰਾਂ ਵਧਾਉਣ ਨਾਲ ਆਰਥਿਕ ਅਫਰਾ-ਤਫਰੀ ਫੈਲ ਸਕਦੀ ਹੈ। ਇਸ ਤੋਂ ਇਲਾਵਾ ਕਰਿਪਟੋ ਕਰੰਸੀ ਬਾਰੇ ਕੰਪਨੀਆਂ ਚਲਾਉਣ ਵਾਲੇ ਮੁਖੀਆਂ ਨੇ ‘ਸਟੇਬਲਕੋਇਨ’ ਦੀ ਗੱਲ ਕੀਤੀ ਅਤੇ ਕਿਹਾ ਕਿ ਬਲੌਕ ਚੇਨ ਟੈਕਨੌਲੋਜੀ ਰਵਾਇਤੀ ਕਰੰਸੀਆਂ ਦਾ ਅੱਗਾ ਮਾਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਸੰਸਾਰ ਦੀਆਂ ਕੁਝ ਬੈਂਕਾਂ ਕਰਿਪਟੋ ਕਰੰਸੀ ਦਾ ਤਜ਼ਰਬਾ ਕਰ ਰਹੀਆਂ ਹਨ ਅਤੇ ਬਹੁਤੀਆਂ ਹਾਲੇ ਇਸ ਤੋਂ ਦੂਰੀ ਬਣਾ ਕੇ ਰੱਖ ਰਹੀਆਂ ਹਨ। ਟੈਸਲਾ ਦੇ ਮੁਖੀ/ਮਾਲਕ ਐਲਨ ਮਸਕ ਨੇ ਇਸ ਦੌਰਾਨ ਕਿਹਾ ਕਿ ਅਮਰੀਕਾ ਦੀਆਂ ਕੁੱਲ ਊਰਜਾ ਲੋੜਾਂ ਸੋਲਰ ਊਰਜਾ ਪੂਰੀਆਂ ਕਰ ਸਕਦੀ ਹੈ। ਬਿਜ਼ਨਸ ਲੀਡਰਾਂ ਨੇ ਦਲੀਲ ਦਿੱਤੀ ਕਿ ਏ.ਆਈ. ਦੀ ਆਮਦ ਬਹੁਤ ਸਾਰੀਆਂ ਨੌਕਰੀਆਂ ਨੂੰ ਖਤਮ ਕਰੇਗੀ, ਪਰ ਇਸ ਦੇ ਨਾਲ ਹੀ ਨਵੀਆਂ ਨੌਕਰੀਆਂ ਪੈਦਾ ਹੋ ਜਾਣਗੀਆਂ। ਦੂਜੇ ਪਾਸੇ ਯੂਨੀਅਨ ਲੀਡਰਾਂ ਦਾ ਆਖਣਾ ਹੈ ਕਿ ਏ.ਆਈ. ਲੋਕਾਂ ਦੀਆਂ ਨੌਕਰੀਆਂ ਹੜੱਪ ਜਾਵੇਗਾ।
ਯੂਰਪ ਅਤੇ ਅਮਰੀਕਾ ਸਮੇਤ ਦੁਨੀਆਂ ਦੇ ਵੱਡੇ ਮੁਲਕਾਂ ਵੱਲੋਂ ਆਪਣੀ ਸੁਰੱਖਿਆ ‘ਤੇ ਖਰਚ ਵਧਾਉਣ ਦੇ ਅਕੀਦਿਆਂ ਕਾਰਨ ਕਈ ਕਾਰਪੋਰੇਟਾਂ ਦੇ ਮੁਖੀ ਖੁਸ਼ ਨਜ਼ਰ ਆਏ। ਰੂਸੀ ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਮਿਲੀਆਂ ਹਨ ਕਿ ਪੂਤਿਨ ਦੀਆਂ ਖੁਫੀਆ ਏਜੰਸੀਆਂ ਇਹ ਪਤਾ ਲਗਾਉਣ ਦੇ ਸਿਰ ਤੋੜ ਯਤਨ ਕਰ ਰਹੀਆਂ ਹਨ ਕਿ ਅਮਰੀਕੀ ਕਮਾਂਡੋਆਂ ਵੱਲੋਂ ਮਦੂਰੋ ਨੂੰ ਚੁੱਕਣ ਵੇਲੇ ਕਿਸ ਭੇਦ-ਭਰੇ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਵੇਂ ਇਸ ਨੂੰ ਬਹੁਤ ਤੇਜ਼ ਆਵਾਜ਼ ਦਾ (ਸੋਨਿਕ) ਹਥਿਆਰ ਦੱਸਿਆ ਹੈ, ਜਿਸ ਨਾਲ ਮਨੁੱਖ ਦਾ ਤਨ-ਮਨ ਕੰਮ ਕਰਨਾ ਬੰਦ ਕਰ ਦਿੰਦਾ ਹੈ। ਯਾਦ ਰਹੇ, ਵੈਨੇਜ਼ੂਏਲਾ ਵਾਲੀ ਕਾਰਵਾਈ ਵਿੱਚ 82 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ।
