*ਸਰਬੱਤ ਖਾਲਸਾ ਸੰਸਥਾ ਦਾ ਵਿਧੀ ਵਿਧਾਨ ਘੜਨ ਬਾਰੇ ਸਹਿਮਤੀ
*ਨੌਜਵਾਨਾਂ ਦੇ ਹਵਾਲੇ ਕੀਤੀ ਜਾਵੇਗੀ ਸਿੱਖ ਸੰਘਰਸ਼ ਦੀ ਵਾਗਡੋਰ
ਜਸਵੀਰ ਸਿੰਘ ਸ਼ੀਰੀ
ਲੰਘੀ 26 ਜਨਵਰੀ ਨੂੰ ਚਾਰ ਰੈਡੀਕਲ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਜਨਵਰੀ 1986 ਵਿੱਚ ਆਯੋਜਤ ਕੀਤੇ ਗਏ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਦੀ ਯਾਦ ਵਿੱਚ ਕਾਨਫਰੰਸ ਆਯੋਜਤ ਕੀਤੀ ਗਈ। ਇਸ ਕਾਨਫਰੰਸ ਵਿੱਚ ਮੁੱਖ ਤੌਰ ‘ਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਪੰਚ ਪ੍ਰਧਾਨੀ ਜਥਾ, ਅਕਾਲੀ ਦਲ ਅੰਮ੍ਰਿਤਸਰ ਨੇ ਹਿੱਸਾ ਲਿਆ। ਇਨ੍ਹਾਂ ਸਿੱਖ ਜਥੇਬੰਦੀਆਂ ਵੱਲੋਂ ਇਹ ਕਾਨਫਰੰਸ ਗੁਰਦੁਆਰਾ ਸੰਤੋਖਸਰ ਅੰਮ੍ਰਿਤਸਰ ਦੇ ਨੇੜੇ ਆਯੋਜਤ ਕੀਤੀ ਗਈ।
ਚਾਰੋਂ ਜਥੇਬੰਦੀਆਂ ਦੇ ਸੀਨੀਅਰ ਪੰਥਕ ਲੀਡਰਾਂ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ ਗਿਆ ਅਤੇ 26 ਜਨਵਰੀ 1986 ਨੂੰ ਆਯੋਜਤ ਕੀਤੇ ਗਏ ਸਰਬੱਤ ਖਾਲਸਾ ਦੇ ਮਹੱਤਵ ਤੇ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ। ਗੁਰਦੁਆਰਾ ਸੰਤੋਖਸਰ ਵਿਖੇ ਹੋਈ ਕਾਨਫਰੰਸ ਤੋਂ ਬਾਅਦ ਇਕੱਤਰ ਹੋਏ ਆਗੂਆਂ ਅਤੇ ਵਰਕਰਾਂ ਨੇ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਭਾਈ ਭੁਪਿੰਦਰ ਸਿੰਘ ਮੌਜੂਦ ਸਨ।
ਪਿੱਛੋਂ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਵੱਲੋਂ ਇੱਕ ਸਾਂਝਾ ਐਲਾਨਨਾਮਾ ਪੜ੍ਹ ਕੇ ਸੁਣਾਇਆ ਗਿਆ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਵੱਲੋਂ ਇਹ ਸਾਂਝਾ ਐਲਾਨਨਾਮਾ ਪੜ੍ਹਿਆ ਗਿਆ। ਉਨ੍ਹਾਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ 26 ਜਨਵਰੀ 1986 ਨੂੰ ਆਯੋਜਤ ਕੀਤੇ ਗਏ ਸਰਬੱਤ ਖਾਲਸੇ ਦੀ ਇਤਿਹਾਸਕ ਦੇਣ ਅਤੇ ਭਵਿੱਖ ਦੇ ਸਿੱਖ ਸੰਘਰਸ਼ ਲਈ ਇਸ ਦੇ ਮਹੱਤਵ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਇਕੱਠੇ ਹੋਏ ਸਿੰਘਾਂ ਨੇ ਦੋ ਮਤੇ ਪਾਸ ਕੀਤੇ। ਪਹਿਲੇ ਮਤੇ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਬੱਤ ਖਾਲਸਾ ਬੁਲਾਉਣ ਲਈ ਇਸ ਦਾ ਬਾਕਾਇਦਾ ਵਿਧੀ ਵਿਧਾਨ ਘੜਿਆ ਜਾਵੇਗਾ। ਇਕੱਠ ਨੇ ਐਲਾਨ ਕੀਤਾ ਕਿ ਵਿਸ਼ਵ ਭਰ ਵਿੱਚ ਪੰਥਕ ਜਥੇਬੰਦੀਆਂ/ਸੰਸਥਾਵਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਸਰਬੱਤ ਖਾਲਸਾ ਜਿਹੀ ਸੰਸਥਾ ਦੇ ਨਿਯਮ, ਅਸੂਲ ਅਤੇ ਇਸ ਦੀ ਅਜੋਕੇ ਸਮੇਂ ਲਈ ਢੁਕਵੀਂ ਕਾਰਜਵਿਧੀ ਦਾ ਐਲਾਨ ਕੀਤਾ ਜਾਵੇਗਾ। ਇਸ ਵਿੱਚ ਇਕੱਤਰਤਾ, ਸ਼ਮੂਲੀਅਤ, ਵਿਚਾਰ-ਵਟਾਂਦਰਾ, ਸੰਸਥਾਗਤ ਸੇਫਗਾਰਡਸ, ਪੱਧਰ ਤੇ ਪਾਰਦਰਸ਼ਤਾ ਆਦਿ ਬਾਰੇ ਅਤੇ ਇਸ ਨੂੰ ਲਾਗੂ ਕਰਨ ਦੀ ਵਿਧੀ ਆਦਿ ਰੇਖਾਂਕਿਤ ਕੀਤੀ ਜਾਵੇਗੀ। ਇਹ ਸਾਰਾ ਕੁਝ ਖਾਲਸੇ ਦੀ ਵਿਰਾਸਤ ਦੀ ਰੋਸ਼ਨੀ ਅਤੇ ਅਸੂਲਾਂ ਅਧੀਨ ਉਲੀਕਿਆ ਜਾਵੇਗਾ।
ਪੰਥਕ ਇਕੱਤਰਤਾ ਵੱਲੋਂ ਐਲਾਨ ਕੀਤਾ ਗਿਆ ਕਿ 29 ਅਪ੍ਰੈਲ 2026 ਨੂੰ ਖਾਲਿਸਤਾਨ ਦੇ ਐਲਾਨਨਾਮੇ ਬਾਰੇ ਇੱਕ ਸਾਂਝਾ ਨੀਤੀ ਦਸਤਾਵੇਜ਼ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੋਟ ਕੀਤਾ ਕਿ 29 ਅਪ੍ਰੈਲ 1986 ਨੂੰ ਜਾਰੀ ਕੀਤਾ ਗਿਆ ਖਾਲਿਸਤਾਨ ਦਾ ਐਲਾਨਨਾਮਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ। ਇਨ੍ਹਾਂ ਜਥੇਬੰਦੀਆਂ ਨੇ ਇਸ ਪੱਖ ਉਤੇ ਵੀ ਸਰਬਸੰਮਤੀ ਨਾਲ ਰਾਏ ਬਣਾਈ ਕਿ ਇਸ ਤੋਂ ਬਾਅਦ 29 ਅਪ੍ਰੈਲ 1986 ਦੇ ਸਰਬੱਤ ਖਾਲਸਾ ਦੀ ਯਾਦ ਹਰ ਆਏ ਸਾਲ ਮਨਾਈ ਜਾਇਆ ਕਰੇਗੀ। ਇਕੱਤਰ ਹੋਈਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਨਾਲ ਇੱਕ ਸਿੱਧਾ ਸੁਨੇਹਾ ਜਾਵੇਗਾ ਕਿ ਸਿੱਖ ਏਥੇ ਆਪਣਾ ਖੁਦਮੁਖਤਾਰ ਖਿੱਤਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਰਾਜ ਨਿਯਮਤ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੀ ਜਾਰੀ ਰੂਪ ਹੋਏਗਾ। ਆਗੂਆਂ ਨੇ ਕਿਹਾ ਕਿ ਇਸ ਸੰਦਰਭ ਵਿੱਚ ਪਿਛਲੇ ਚਾਰ ਦਹਾਕਿਆਂ ਦੇ ਸੰਘਰਸਸ਼ੀਲ ਤਜ਼ਰਬੇ ਦੇ ਆਧਾਰ ‘ਤੇ ਮੌਜੂਦਾ ਅੰਤਰਰਾਸ਼ਟਰੀ ਸਥਿਤੀਆਂ ਅਤੇ ਪੰਥਕ ਹਾਲਤਾਂ ਦੇ ਮੱਦੇਨਜ਼ਰ ਸਿੱਖ ਰੈਡੀਕਲ ਗਰੁੱਪਾਂ ਨੂੰ ਇੱਕ ਮੰਚ ‘ਤੇ ਲਿਆਂਦਾ ਜਾਵੇਗਾ ਤੇ ਸਿੱਖ ਰਾਜ ਦੀ ਪ੍ਰਾਪਤੀ ਲਈ ਭਵਿੱਖੀ ਸਰਗਰਮੀਆਂ ਦਾ ਨੀਤੀ ਖਾਕਾ ਤਿਆਰ ਕੀਤਾ ਜਾਵੇਗਾ। ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਮੌਜੂਦਾ ਸਿੱਖ ਲੀਡਰਸ਼ਿੱਪ ਆਜ਼ਾਦ ਅਤੇ ਖੁਦਮੁਖਤਾਰ ਸਿੱਖ ਰਾਜ ਦੀ ਕਾਇਮੀ ਲਈ ਪ੍ਰਤੀਬੱਧ ਹੈ।
ਇਸ ਤੋਂ ਇਲਾਵਾ ਸਿੱਖ ਫਲਸਫੇ ਦੇ ਆਧਾਰ ‘ਤੇ ਸਿੱਖ ਰਾਜ ਦੇ ਢਾਂਚੇ ਨੂੰ ਵੀ ਰੇਖਾਂਕਿਤ ਕਰਨ ਦਾ ਯਤਨ ਕੀਤਾ ਜਾਵੇਗਾ, ਜਿਸ ਵਿੱਚ ਗੁਰਮਤਿ ਰਵਾਇਤਾਂ, ਅਸੂਲ ਅਤੇ ਖਾਲਸਾ ਪੰਥ ਦੀ ਆਨ-ਸ਼ਾਨ (ਡਿਗਨਿਟੀ) ਕਾਇਮ ਰਹਿ ਸਕੇ ਤੇ ਹਰ ਬਸ਼ਰ ਨੂੰ ਇਨਸਾਫ ਪ੍ਰਾਪਤ ਹੋਵੇ। ਇੱਥੇ ਇਹ ਪੱਖ ਵੀ ਸਾਫ ਕੀਤਾ ਗਿਆ ਕਿ ਭਵਿੱਖ ਦੇ ਸੰਘਰਸ਼ ਲਈ ਲੀਡਰਸ਼ਿਪ ਪ੍ਰਤੀਬੱਧ ਸਿੱਖ ਨੌਜਵਾਨਾਂ ਦੇ ਹਵਾਲੇ ਕੀਤੀ ਜਾਵੇਗੀ ਤਾਂ ਕਿ ਸਿੱਖ ਸੰਘਰਸ਼ ਸਹੀ ਹੱਥਾਂ ਅਤੇ ਦਿਸ਼ਾ ਵਿੱਚ ਜਾਰੀ ਰੱਖਿਆ ਜਾ ਸਕੇ। ਜਥੇਬੰਦੀਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਐਲਾਨਨਾਮੇ ਵਿੱਚ ਕਿਹਾ ਗਿਆ ਹੈ, “ਇਹ ਸਭਾ ਪੰਜਾਬ ਦੀ ਇੱਕ ਪ੍ਰਭੂਤਾ ਸੰਪਨ ਰਾਜ ਦੀ ਸਿਆਸੀ ਮੰਜ਼ਿਲ ਲਈ ਆਪਣੀ ਵਚਨਬੱਧਤਾ ਦਰਸਾਉਂਦੀ ਹੈ, ਜਿਸ ਨੂੰ ਮੌਜੂਦਾ ਸਮੇਂ ਵਿੱਚ ਖਾਲਿਸਤਾਨ ਕਿਹਾ ਜਾਂਦਾ ਹੈ- ਇੱਕ ਐਸਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਾਵ ਗੁਰਮਤਿ ਦੇ ਆਸ਼ੇ ਅਸੂਲਾਂ ਉੱਤੇ ਆਧਾਰਤ ਹੋਵੇ ਜੋ ਇਨਸਾਫ, ਸਵੈਮਾਣ, ਅੰਤਰਆਤਮਾ ਦੀ ਆਜ਼ਾਦੀ ਦੇਵੇ ਅਤੇ ਸਭਨਾ ਦਾ ਭਲਾ ਕਰੇ; ਜੋ ਅਸੂਲ ਆਧਾਰਤ ਸਿੱਖ ਰਾਜ ਦੇ ਰਾਜਪ੍ਰਬੰਧ ਨਾਲ ਮੇਲ ਖਾਂਦਾ ਹੋਵੇ।”
ਪੰਥਕ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਗਏ ਇਸ ਸਾਂਝੇ ਐਲਾਨਨਾਮੇ ‘ਤੇ ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ, ਪੰਚ ਪ੍ਰਧਾਨੀ ਜਥਾ ਦੇ ਭਾਈ ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਭਾਈ ਭੁਪਿੰਦਰ ਸਿੰਘ ਦੇ ਦਸਤਖਤ ਹਨ।
